ਖ਼ਬਰ, ਪਿਛਲੇ ਦਿਨੀਂ ਅਮਰੀਕਾ ਤੋਂ ਆਈ! ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੀਆਂ ਗ਼ਲਤੀਆਂ ਨੂੰ ਸਵੀਕਾਰ ਕਰਿਆ। ਮੀਡੀਆ ਸਾਹਮਣੇ ਪੇਸ਼ ਹੋ ਕੇ ਦੱਸਿਆ ਵੀ ਕਿ, ਉਹਨੇ ਕਿਹੜੀਆਂ ਕਿਹੜੀਆਂ ਗ਼ਲਤੀਆਂ ਕੀਤੀਆਂ? ਅਮਰੀਕਾ ਪੂਰੀ ਦੁਨੀਆ ਵਿੱਚ ਬਦਨਾਮ ਕਿਉਂ ਹੋ ਰਿਹਾ ਹੈ, ਉਹਦੇ ਬਾਰੇ ਵਿੱਚ ਵੀ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ। ਮੁੱਕਦੀ ਗੱਲ ਕਿ, ਆਪਣੇ ਇੱਕ ਛੋਟੇ ਜਿਹੇ ਪ੍ਰੋਗਰਾਮ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਆਪਣੀਆਂ ਗ਼ਲਤੀਆਂ ਵੀ ਸਵੀਕਾਰੀਆਂ ਅਤੇ ਇਹ ਵੀ ਮੰਨਿਆ ਕਿ, ਅਮਰੀਕਾ ਦੁਨੀਆ ਭਰ ਵਿੱਚ ਇਸ ਵੇਲੇ ਬਦਨਾਮ ਕਿਉਂ ਹੋ ਰਿਹਾ? ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਜੋ ਕੁੱਝ ਕੀਤਾ, ਉਹ ਇੱਕ ਸੱਚੇ ਅਤੇ ਇਮਾਨਦਾਰ ਸਿਆਸਤਦਾਨ ਦੀ ਨਿਸ਼ਾਨੀ ਹੈ। ਜੇਕਰ ਸਾਡੇ ਵੀ ਸਿਆਸੀ ਲੀਡਰ ਬਾਈਡਨ ਦੀ ਤਰ੍ਹਾਂ ਆਪਣੀਆਂ ਗ਼ਲਤੀਆਂ ਅਤੇ ਮੁਲਕ ਦੀ ਹੋ ਰਹੀ ਬਦਨਾਮੀ ਬਾਰੇ ਚਿੰਤਤ ਹੋਣ ਤਾਂ, ਦੁਨੀਆ ਸਾਰੀ ਸੁਖੀ ਸੁਖੀ ਜਿਉਂ ਸਕਦੀ ਹੈ। ਅਸਲ ਦੇ ਵਿੱਚ ਅਵਾਮ ਕਦੇ ਵੀ ਕੁੜੱਤਣ ਪੁਣਾ ਨਹੀਂ ਰੱਖਦੀ, ਇਹ ਕੁੜੱਤਣ ਤਾਂ ਲੀਡਰਾਂ ਦੀ ਸੋਚ ਅਤੇ ਉਨ੍ਹਾਂ ਦੀ ਕੁਰਸੀ ਵਿਚਲੀ ਭੁੱਖ ਕਾਰਨ ਹੁੰਦੀ ਹੈ। ਆਪਣੀ ਗ਼ਲਤੀਆਂ ‘ਤੇ ਪਰਦਾ ਪਾਉਣ ਲਈ ਕਈ ਸਿਆਸੀ ਲੀਡਰ ਡਰਾਮੇ ਕਰਦੇ ਹਨ, ਰੋਂਦੇ ਹਨ, ਆਪਣੇ ਆਪ ਨੂੰ ਫ਼ਕੀਰ ਦੱਸਦੇ ਹਨ ਅਤੇ ਚੌਕੀਦਾਰ ਅਤੇ ਚਾਹ ਵਾਲਾ ਆਪਣੇ ਆਪ ਨੂੰ ਕਹਿ ਕੇ ਮੁਲਕ ਦੇ ਲੋਕਾਂ ਕੋਲੋਂ ਵੋਟਾਂ ਬਟੋਰਦੇ ਹਨ।

ਆਪਣੀ ਅੰਦਰਲੀ ਡਰਪੋਕ ਹਾਲਤ ਬਿਆਨ ਕਰਕੇ, ਲੀਡਰ ਵੋਟਾਂ ਬਟੋਰ ਕੇ ਸੱਤਾ ਤਾਂ ਹਥਿਆ ਲੈਂਦੇ ਹਨ, ਪਰ ਭੋਲੀ ਭਾਲੀ ਜਨਤਾ ਨੂੰ ਉਦੋਂ ਪਤਾ ਲੱਗਦੈ, ਜਦੋਂ ਉਹ ਲੀਡਰ ਉਨ੍ਹਾਂ ਦੀ ਲੁੱਟ ਕਰਦਾ ਹੈ। ਮੁਲਕ ਦਾ ਉਜਾੜਾ ਹੋਣਾ ਚੰਗੀ ਗੱਲ ਨਹੀਂ ਅਤੇ ਮੁਲਕ ਦਾ ਜਦੋਂ ਉਜਾੜਾ ਹੋਣ ਲੱਗ ਪਵੇ ਤਾਂ, ਸਮਝ ਲੈਣਾ ਚਾਹੀਦਾ ਹੈ ਕਿ, ਸਾਡੇ ਮੁਲਕ ਦਾ ਨਕਸ਼ਾ ਖ਼ਤਮ ਹੋਈ ਜਾ ਰਿਹਾ। ਬੇਸ਼ੱਕ ਸਰਹੱਦਾਂ ਸਾਡੇ ਸਿਆਸਤਦਾਨਾਂ ਅਤੇ ਸਿਸਟਮ ਨੇ ਬਣਾਈਆਂ ਹਨ, ਪਰ ਗੁਆਂਢ ਵਿੱਚ ਵੱਸਦੇ ਦੂਜੇ ਮੁਲਕਾਂ ਦੇ ਲੋਕ ਵੀ ਆਪਣੇ ਮੁਲਕ ਦੇ ਸਿਸਟਮ ਅਤੇ ਸਿਆਸਤਦਾਨਾਂ ਤੋਂ ਤੰਗ ਹਨ। ਦੂਜੇ ਮੁਲਕ ਦੀ ਅਵਾਮ ਵੀ ਚਾਹੁੰਦੀ ਹੈ ਕਿ ਸਾਰੇ ਮਿਲ ਜੁੱਲ ਕੇ ਰਹਿਣ, ਪਰ..! ਗੜਬੜ ਕਿੱਥੇ ਹੋ ਰਹੀ ਹੈ? ਲੀਡਰਾਂ ਦੀ ਸੋਚ ਵਿੱਚ! ਲੀਡਰਾਂ ਦੀ ਸੋਚ ਏਨੀ ਜ਼ਿਆਦਾ ਮਾੜੀ ਹੋ ਚੁੱਕੀ ਹੈ ਕਿ, ਉਹ ਆਪਣੀ ਕਮੀ ਜਾਂ ਫਿਰ ਆਪਣੀਆਂ ਗ਼ਲਤੀਆਂ ਦੱਸਣ ਦੀ ਬਿਜਾਏ, ਦੂਜੇ ਨੂੰ ਭੰਡਦੇ ਰਹਿੰਦੇ ਹਨ। ਮਿਸਾਲ ਦੇ ਤੌਰ ‘ਤੇ, ਉਨ੍ਹਾਂ ਮੁਲਕਾਂ ਦੇ ਸਿਆਸਤਦਾਨ ਆਪਣੀਆਂ ਗ਼ਲਤੀਆਂ ਨੂੰ ਛੁਪਾਉਂਦੇ ਹਨ, ਜਿਸ ਮੁਲਕ ਵਿੱਚ ਅੰਧ ਵਿਸ਼ਵਾਸ, ਭੁੱਖਮਰੀ ਅਤੇ ਗ਼ਰੀਬੀ ਤੋਂ ਇਲਾਵਾ ਬੇਰੁਜ਼ਗਾਰੀ ਲਗਾਮੋਂ ਬਾਹਰੀ ਹੋਈ ਪਈ ਹੈ। ਸਾਡਾ ਮੁਲਕ ਵੀ ਉਨ੍ਹਾਂ ਮੁਲਕਾਂ ਵਿੱਚੋਂ ਇੱਕ ਹੈ, ਜਿੱਥੇ ਅੰਧ ਵਿਸ਼ਵਾਸ ਦਾ ਬੋਲਬਾਲਾ ਤਾਂ ਹੈ ਹੀ, ਨਾਲ ਹੀ ਗ਼ਰੀਬੀ ਭੁੱਖਮਰੀ ਅਤੇ ਬੇਰੁਜ਼ਗਾਰੀ ਦਾ ਤਾਂ ਕਹਿਣਾ ਹੀ ਕੀ?

ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ‘ਤੇ ਹਮੇਸ਼ਾ ਹੀ ਦੋਸ਼ ਲੱਗਦੇ ਆਏ ਹਨ ਕਿ ਉਹ ਲਗਾਤਾਰ ਝੂਠ ਬੋਲ ਰਹੇ ਹਨ। ਕਿਉਂਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲੋਂ ‘ਪੀ ਐੱਮ’ ਦੇ ਬੋਲ ਕੁੱਝ ਹੋਰ ਸਨ, ਪਰ ਸੱਤਾ ਬਟੋਰਨ ਮਗਰੋਂ ਉਹਦੇ ਬੋਲ ਬਦਲ ਗਏ ਹਨ। ਬੋਲਾਂ ਵਿੱਚ ਆਏ ਵਿਗਾੜ ਤੋਂ ਹਿਸਾਬ ਲਗਾਇਆ ਜਾ ਸਕਦਾ ਹੈ, ਕਿ ਉਹਦੀ ਮੁੱਠੀ ਵਿੱਚ ਮੀਡੀਆ ਹੈ, ਸਿਸਟਮ ਹੈ ਅਤੇ ਅਦਾਲਤ ਹੈ। ਜਿਸਦੀ ਮੁੱਠੀ ਵਿੱਚ ਸਿਸਟਮ ਅਤੇ ਸਿਸਟਮ ਨੂੰ ਚਲਾਉਣ ਵਾਲੇ ‘ਬਾਬੂ’ ਹੋਣਗੇ, ਉਹ ਚਾਹੇ ਝੂਠ ਬੋਲੇ ਜਾਂ ਫਿਰ ਸੱਚ, ਉਹਨੂੰ ਇਸ ਤਰ੍ਹਾਂ ਵਿਖਾਇਆ ਜਾਵੇਗਾ, ਜਿਵੇਂ ‘ਓਹ’ ਬਾਹਲ਼ਾ ਹੀ ਭਗਤ ਹੋਵੇ। ਸੱਤਾ ਹਾਸਲ ਕਰਨ ਤੋਂ ਪਹਿਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਪ੍ਰਤੀ ਸਾਲ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ, ਮੁਲਕ ਦੇ ਹਰ ਨਾਗਰਿਕ ਦੇ ਖਾਤੇ ਵਿੱਚ 15/20 ਲੱਖ ਰੁਪਏ ਪਾਏ ਜਾਣਗੇ ਅਤੇ ਇਹਦੇ ਤੋਂ ਇਲਾਵਾ ਮੁਲਕ ਦੇ ਅੰਦਰ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇਗਾ ਅਤੇ ਕਾਂਗਰਸ ਦੁਆਰਾ ਲਿਆਂਦੀਆਂ ਗਈਆਂ ਲੋਕ ਮਾਰੂ ਨੀਤੀਆਂ ਨੂੰ ਖ਼ਤਮ ਕਰਕੇ, ਲੋਕ ਹਿੱਤ ਨੀਤੀਆਂ ਬਣਾਈਆਂ ਜਾਣਗੀਆਂ।

ਸੱਤਾ ਵਿੱਚ ਆਉਣ ਤੋਂ ਪਹਿਲਾਂ ਤਾਂ ਵਾਅਦੇ ਇੰਝ ਅਵਾਮ ਦੇ ਨਾਲ ਪੀ ਐੱਮ ਨੇ ਕੀਤੇ ਸਨ, ਜਿਵੇਂ ਅਵਾਮ ਨੂੰ ਵਰਤਾਉਣ ਵਾਲਾ ਮਾਲ ‘ਚੋਰੀ’ ਦਾ ਹੋਵੇ, ਪਰ ਸੱਤਾ ਹਾਸਲ ਕਰਦਿਆਂ ਹੀ ਉਕਤ ਵਾਅਦਿਆਂ ਨੂੰ ਵਿਸਾਰ ਕੇ, ਆਪਣੇ ਹੀ ਤਿਆਰ ਕੀਤੇ ਫ਼ੈਸਲੇ ਜਨਤਾ ‘ਤੇ ਮੜ ਦਿੱਤੇ ਗਏ, ਜਿਸ ਕਾਰਨ ਅਵਾਮ ਲੰਘੇ 7 ਵਰ੍ਹਿਆਂ ਤੋਂ ਸੜਕਾਂ ‘ਤੇ ਹੈ। ਪੀ ਐੱਮ ਉਕਤ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ, ਜਿਹੜੇ ਵਾਅਦੇ 2014 ਵੇਲੇ ਕੀਤੇ ਸਨ, ਪਰ ਇਹਦੇ ਬਾਰੇ ਪੀ ਐੱਮ ਦਾ ਹੁਣ ਤੱਕ ਕੋਈ ਬਿਆਨ ਨਹੀਂ ਹੈ, ਕਿ ਉਹਨਾਂ ਨੇ ਅਵਾਮ ਨੂੰ ਗੁਮਰਾਹ ਕੀਤਾ ਅਤੇ ਵਾਅਦੇ ਪੂਰੇ ਨਾ ਹੋਣ ‘ਤੇ ਉਹ (ਪ੍ਰਧਾਨ ਮੰਤਰੀ ਮੋਦੀ) ਗ਼ਲਤੀ ਮੰਨਦੇ ਹਨ। ਅਮਰੀਕਾ ਵਿੱਚ ਜਦੋਂ ਡੋਨਾਲਡ ਟਰੰਪ ਰਾਸ਼ਟਰਪਤੀ ਸੀ ਤਾਂ, ਉਸ ਵੇਲੇ ਅਮਰੀਕੀ ਮੀਡੀਆ ਨੇ ਟਰੰਪ ਦੇ ਝੂਠਾਂ ਨੂੰ ਫੜਿਆ ਸੀ ਅਤੇ ਇੱਕ ਮੀਡੀਆ ਅਦਾਰੇ ਨੇ ਟਰੰਪ ਦੇ ਸੈਂਕੜੇ ਝੂਠਾਂ ਨੂੰ ਉਜਾਗਰ ਕਰਕੇ, ਪ੍ਰਮੁੱਖਤਾ ਦੇ ਨਾਲ ਪ੍ਰਕਾਸ਼ਿਤ ਕੀਤਾ ਸੀ। ਟਰੰਪ ਦੇ ਝੂਠਾਂ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਈ ਸੀ ਅਤੇ ਇਸੇ ਕਾਰਨ ਹੀ ਉਹ ਇਸ ਵਾਰ ਸੱਤਾ ਦੀ ਕੁਰਸੀ ‘ਤੇ ਦੁਬਾਰਾ ਨਹੀਂ ਬੈਠ ਸਕੇ। ਟਰੰਪ ਦਾ ਕਿਸੇ ਸਮੇਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਰ ਹੁੰਦਾ ਸੀ। ਟਰੰਪ ਤੇ ਮੋਦੀ ਦੀ ਯਾਰੀ ਦੀ ਚਰਚਾ ਭਾਰਤੀ ਮੀਡੀਆ ਖ਼ੂਬ ਕਰਦਾ ਹੁੰਦਾ ਸੀ, ਪਰ ਟਰੰਪ ਦੇ ਸੱਤਾ ਤੋਂ ਲਹਿ ਜਾਣ ਮਗਰੋਂ ਭਾਰਤੀ ਮੀਡੀਆ ਨੇ ਟਰੰਪ ਨੂੰ ਵਿਖਾਇਆ ਤੱਕ ਨਹੀਂ।

ਇੱਕ ਖ਼ਬਰ ਦੇ ਮੁਤਾਬਿਕ, ਜਿਸ ਤਰ੍ਹਾਂ ਟਰੰਪ ਦੇ ਝੂਠ ਫੜੇ ਗਏ, ਉਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਮੋਦੀ ਦੇ ਵੀ ਝੂਠ ਫੜੇ ਜਾਣ ਦੀਆਂ ਖ਼ਬਰਾਂ ਗੂਗਲ ‘ਤੇ ਪਈਆਂ ਹਨ, ਜਿਨ੍ਹਾਂ ਨੂੰ ਸਹਿਜੇ ਹੀ ਵੇਖਿਆ ਜਾ ਸਕਦੈ। ਆਪਣੀਆਂ ਗ਼ਲਤੀਆਂ ‘ਤੇ ਪਰਦਾ ਪਾਉਣ ਲਈ ਹਿੰਦੂ-ਮੁਸਲਿਮ ਦੀ ਰਾਜਨੀਤੀ ਹੁਕਮਰਾਨ ਛੇੜ ਦਿੰਦਾ ਹੈ ਅਤੇ ਸਰਹੱਦਾਂ ‘ਤੇ ਮਰਦੇ ਫ਼ੌਜੀਆਂ ਦਾ ਬਦਲਾ ਲੈਣ ਲਈ ਦੁਸ਼ਮਣ ਨੂੰ ਲਲਕਾਰਾ ਮਾਰ ਦਿੰਦੈ। ਪਰ ਸਵਾਲ ਇਹ ਹੈ ਕਿ ਆਪਣੀ ਗ਼ਲਤੀ ਜਾਂ ਫਿਰ ਮੁਲਕ ਦੇ ਉਜਾੜੇ ਪ੍ਰਤੀ ਹੁਕਮਰਾਨ ਚਿੰਤਤ ਕਿਉਂ ਨਹੀਂ? ਇਸ ਵੇਲੇ ਮੁਲਕ ਦੀ ਰਾਜਧਾਨੀ ਦੀਆਂ ਸਰਹੱਦਾਂ ‘ਤੇ ਅੰਨਦਾਤਾ ਸੰਘਰਸ਼ ਕਰ ਰਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਹੀ ਦਿਨਾਂ ਦੇ ਅੰਦਰ ਸਾਲ 2019-2020 ਦੇ ਦੌਰਾਨ ਦਿੱਲੀ ਦੇ ਸ਼ਾਹੀਨ ਬਾਗ਼ ਵਿਖੇ ਮੁਸਲਿਮ ਸਮਾਜ ਦੇ ਨਾਲ ਹੋਰਨਾਂ ਭਾਈਚਾਰਿਆਂ ਨੇ ਮਿਲ ਕੇ ਮੁਲਕ ਨੂੰ ਧਰਮ ਦੇ ਨਾਂਅ ‘ਤੇ ਵੰਡਣ ਵਾਲੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਸ਼ੁਰੂ ਹੋਇਆ ਸੀ। ਮੁਸਲਿਮ ਸਮਾਜ ਦੇ ਨਾਲ ਹੋਰਨਾਂ ਭਾਈਚਾਰਿਆਂ ਦੇ ਸੰਘਰਸ਼ ਨੂੰ ਹੁਕਮਰਾਨਾਂ ਨੇ ਪਹਿਲੋਂ ਤਾਂ ਆਪਣੀ ‘ਭਾੜੇ ਦੀ ਭੀੜ’ ਬੁਲਾ ਕੇ, ਗੋਲੀਆਂ ਚਲਵਾ ਦਿੱਤੀਆਂ ਅਤੇ ਹੁਕਮਰਾਨ ਦੇ ਮੰਤਰੀਆਂ ਨੇ ਦੰਗੇ ਭੜਕਾਉਣ ਵਰਗੇ ਬਿਆਨ ਦੇ ਦਿੱਤੇ, ਮਗਰੋਂ ਜਦੋਂ ਦਿੱਲੀ ਖ਼ੂਨ ਦੇ ਨਾਲ ਲਾਲੋ ਲਾਲ ਹੋ ਗਈ ਤਾਂ, ਦੋਸ਼ ਸਾਰਾ ਦਾ ਸਾਰਾ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਮੜ੍ਹ ਦਿੱਤਾ ਗਿਆ।

ਮੁਲਕ ਅੰਦਰ ਏਨੀ ਵੱਡੀ ਵਾਰਦਾਤ ਵਾਪਰ ਗਈ, ਅਵਾਮ ਆਪਣੇ ਹੱਕਾਂ ਲਈ ਸੜਕਾਂ ‘ਤੇ ਆ ਗਈ, ਪਰ ਫਿਰ ਵੀ ਹੁਕਮਰਾਨ ਨੇ ਮੁਲਕ ਦੀ ਅਵਾਮ ਤੋਂ ਮੁਆਫ਼ੀ ਨਹੀਂ ਮੰਗੀ ਅਤੇ ਨਾ ਹੀ ਮੀਡੀਆ ਸਾਹਮਣੇ ਆਪਣੀ ਗ਼ਲਤੀ ਕਬੂਲੀ। 2019 ਤੋਂ ਲੈ ਕੇ ਹੁਣ ਤੱਕ ਕਸ਼ਮੀਰ ਦੇ ਕਿਹੋ ਜਿਹੇ ਹਾਲਾਤ ਹਨ, ਉਨ੍ਹਾਂ ਬਾਰੇ ਅਸੀਂ ਸਭ ਜਾਣਦੇ ਹਾਂ, ਪਰ ਕਸ਼ਮੀਰੀਆਂ ‘ਤੇ ਹਰ ਪ੍ਰਕਾਰ ਦੀਆਂ ਪਾਬੰਦੀਆਂ ਮੜ੍ਹ ਕੇ, ਉਨ੍ਹਾਂ ਦੀ ਆਜ਼ਾਦੀ ਕਿਉਂ ਖੋਹੀ ਗਈ, ਇਹ ਗੱਲ ਵੀ ਹੁਕਮਰਾਨ ਨੇ ਨਹੀਂ ਮੰਨੀ। ਕਿਸਾਨ ਅੰਦੋਲਨ ਅੱਜ ਪੂਰੀ ਦੁਨੀਆ ਵਿੱਚ ਫੈਲ ਚੁੱਕਿਆ। ਵਿਸ਼ਵ ਪੱਧਰ ‘ਤੇ ਲੋਕਾਂ ਦੁਆਰਾ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਹੋਇਆ ਭਾਰਤ ਦੇ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਹੁਕਮਰਾਨ ‘ਈਨ ਮੰਨਣ’ ਨੂੰ ਤਿਆਰ ਨਹੀਂ। 26 ਜਨਵਰੀ ਨੂੰ ਦਿੱਲੀ ਦੇ ਅੰਦਰ ਹਿੰਸਾ ਕਿਸ ਨੇ ਕਰਵਾਈ ਅਤੇ ਕਿਸ ਦੀ ਸ਼ਹਿ ‘ਤੇ ਹੋਈ, ਅਸੀਂ ਸਭ ਜਾਣਦੇ ਹਾਂ, ਪਰ ਇਹਦੇ ਬਾਰੇ ਵੀ ਮੁਲਕ ਦੇ ਹੁਕਮਰਾਨ ਨੇ ਆਪਣੀ ਗ਼ਲਤੀ ਨਹੀਂ ਮੰਨੀ।

ਮੁਲਕ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨੇ ਭਰੀ ਸਭਾ ਵਿੱਚ ਅੰਦੋਲਨਜੀਵੀ ਅਤੇ ਪਰਜੀਵੀ ਕਿਹਾ, ਕਿਸਾਨਾਂ ਨੇ ਇਸ ਦੀ ਆਲੋਚਨਾ ਕੀਤੀ ਅਤੇ ਮੁਆਫ਼ੀ ਮੰਗਣ ਲਈ ਪ੍ਰਧਾਨ ਮੰਤਰੀ ਨੂੰ ਆਖਿਆ, ਪਰ ਫਿਰ ਵੀ ਪੀ ਐੱਮ ਨੇ ਮੁਆਫ਼ੀ ਨਹੀਂ ਮੰਗੀ ਅਤੇ ਨਾ ਹੀ ਆਪਣੀ ਗ਼ਲਤੀ ਮੰਨੀ। ਪਿਛਲੇ ਦਿਨੀਂ ਬੰਗਲਾਦੇਸ਼ ਦੇ ਦੌਰੇ ‘ਤੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵੇਲੇ ਕਿਹਾ ਕਿ, ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਉਹ ਜੇਲ੍ਹ ਵੀ ਗਿਆ, ਜਦੋਂਕਿ ਮੋਦੀ ਇੱਥੇ ਕੋਰਾ ਝੂਠ ਬੋਲਦਾ ਨਜ਼ਰੀ ਆਇਆ, ਕਿਉਂਕਿ ਜੇਕਰ ਮੋਦੀ ਭਾਰਤ ਵਿੱਚ ਸੀ ਤਾਂ, ਭਾਰਤ ਬੰਗਲਾਦੇਸ਼ ਬਣਨ ਦੀ ਹਮਾਇਤ ਕਰ ਰਿਹਾ ਸੀ ਅਤੇ ਪਾਕਿਸਤਾਨ ਕੋਲੋਂ ਬੰਗਲਾਦੇਸ਼ ਆਜ਼ਾਦ ਕਰਵਾਉਣ ਲਈ ਭਾਰਤ ਸੰਘਰਸ਼ ਕਰ ਰਿਹਾ ਸੀ, ਕੀ ਮੋਦੀ ਨੂੰ ਪਾਕਿਸਤਾਨ ਨੇ ਜੇਲ੍ਹ ਵਿੱਚ ਭੇਜਿਆ ਸੀ? ਇਸ ਬਾਰੇ ਵੀ ਪੀ ਐੱਮ ਦੀ ਕਾਫ਼ੀ ਜ਼ਿਆਦਾ ਆਲੋਚਨਾ ਹੋ ਚੁੱਕੀ ਹੈ, ਪਰ ਮੁਆਫ਼ੀ ਜਾਂ ਫਿਰ ਗ਼ਲਤੀ ਇੱਥੇ ਵੀ ਨਹੀਂ ਮੰਨੀ।

ਹੁਣ ਸਵਾਲ ਇਹ ਹੈ ਕਿ ਅਜਿਹੇ ਪ੍ਰਧਾਨ ਮੰਤਰੀ ਦੀ ਸਾਡੀ ਅਵਾਮ ਨੂੰ ਜ਼ਰੂਰਤ ਹੈ, ਜੋ ਆਪਣੀਆਂ ਗ਼ਲਤੀਆਂ ਦੀ ਵੀ ਮੁਆਫ਼ੀ ਨਹੀਂ ਮੰਗਦਾ? ਖ਼ੈਰ, ਭਾਰਤੀ ਸਿਸਟਮ ਅਤੇ ਭਾਰਤ ਦੀ ਸਰਕਾਰ ਕੋਲੋਂ ਇਕੱਲੇ ਭਾਰਤੀ ਹੀ ਨਹੀਂ, ਬਲਕਿ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਰਗੇ ਮੁਲਕ ਵੀ ਪ੍ਰੇਸ਼ਾਨ ਹਨ, ਕਿਉਂਕਿ ਭਾਰਤ ਵਿੱਚ ਲੋਕ ਪੱਖੀ ਮੀਡੀਆ ਦਾ ਘਾਣ ਹੋ ਰਿਹਾ ਹੈ, ਭਾਰਤੀ ਲੋਕਾਂ ਕੋਲੋਂ ਉਨ੍ਹਾਂ ਦੀ ਆਜ਼ਾਦੀ ਖੋਹੀ ਜਾ ਰਹੀ ਹੈ ਅਤੇ ਸੰਘਰਸ਼ੀ ਲੋਕਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਿਹਾ ਜਾ ਰਿਹਾ ਹੈ। ਭਾਰਤ ਦੇ ਨਾਲ ਨਾਲ ਜੇਕਰ ਅਸੀਂ ਹੁਣ ਅਮਰੀਕਾ ਦੀ ਗੱਲ ਕਰ ਲਈਏ ਤਾਂ ਅਮਰੀਕੀ ਰਾਸ਼ਟਰਪਤੀ ਬਾਈਡਨ ਖ਼ੁਦ ਵੀ ਇਸ ਨਾਲ ਚਿੰਤਤ ਦਿਖਾਈ ਦੇ ਰਹੇ ਹਨ, ਕਿ ਉਨ੍ਹਾਂ ਦੇ ਦੇਸ਼ ਵਿੱਚ ਦੰਗੇ ਕਿਉਂ ਵੱਧ ਰਹੇ ਹਨ? ਬਾਈਡਨ ਆਪਣੀ ਗ਼ਲਤੀ ਮੰਨਿਆ ਹੈ ਕਿ ਇਨ੍ਹਾਂ ਦੰਗਿਆਂ ਦੇ ਕਾਰਨ ਅਮਰੀਕਾ ਨੂੰ ਪੂਰੀ ਦੁਨੀਆ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਪਰ ਅਮਰੀਕਾ ਤੋਂ ਦੂਜੇ ਪਾਸੇ ਜੇਕਰ ਸਾਡੇ ਮੁਲਕ ‘ਤੇ ਨਿਗਾਹ ਮਾਰ ਲਈਏ ਤਾਂ ਮੌਜੂਦਾ ਹੁਕਮਰਾਨ ਮੁਲਕ ਦੇ ਅੰਦਰ ਦੰਗੇ ਕਰਵਾ ਕੇ ਖ਼ੁਸ਼ ਹਨ ਅਤੇ ਮੁਲਕ ਇੱਕ ਪਾਸੇ, ਇੱਕ ਕੌਮ ਫ਼ਿਰਕੇ ਨੂੰ ਸੌਂਪਣ ਦੀ ਤਿਆਰੀ ਵਿੱਚ ਹਨ।

ਗੁਰਪ੍ਰੀਤ