ਪੰਜਾਬ ਨੈੱਟਵਰਕ, ਅੰਮ੍ਰਿਤਸਰ
ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ‘ਤੇ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਆਪਣੀਆਂ ਮੰਗਾਂ ਦਾ ਮੰਗ ਪੱਤਰ ਭੇਜਿਆ ਗਿਆ, ਜਿਸ ਨੂੰ ਹਲਕਾ ਵਿਧਾਇਕ ਦੇ ਪੀ.ਏ. ਵੱਲੋਂ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਮਾਣ ਭੱਤਾ ਵਰਕਰਜ਼ ਸਾਂਝੇ ਮੋਰਚੇ ਦੀਆਂ ਆਗੂ ਮਮਤਾ ਸ਼ਰਮਾ ਅਤੇ ਸਰਬਜੀਤ ਕੌਰ ਛੱਜਲਵੱਡੀ ਨੇ ਕਿਹਾ ਕਿ ਕਿ ਪੰਜਾਬ ਅੰਦਰ ਕੰਮ ਕਰ ਰਹੀਆਂ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਦੌਰਾਨ ਬਹੁਤ ਨਿਗੂਣੀਆਂ ਤਨਖਾਹਾਂ ‘ਤੇ ਗੁਜਾਰਾ ਕਰਦੀਆਂ ਆ ਰਹੀਆਂ ਹਨ। ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਵਿੱਚ ਹੁੰਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਣ ਭੱਤਾ ਵਰਕਰਾਂ ਦਾ ਮਾਣ-ਭੱਤਾ ਦੁਗਣਾ ਕਰਨ ਦੀ ਗਰੰਟੀ ਦਿੱਤੀ ਗਈ ਸੀ।
ਪਰ ਅਫਸੋਸ ਕਿ ਪਿਛਲੇ ਦੋ ਸਾਲਾਂ ਦੌਰਾਨ ਭਗਵੰਤ ਮਾਨ ਸਰਕਾਰ ਵੱਲੋਂ ਇਹਨਾ ਦੇ ਕਥਿਤ ਅਪਮਾਨ ਭੱਤੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮਾਣ ਭੱਤਾ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 4 ਫਰਵਰੀ ਨੂੰ ਹਜ਼ਾਰਾਂ ਵਰਕਰਾਂ ਵੱਲੋਂ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਜਾਵੇਗਾ।
ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਮਾਣਭੱਤਾ ਵਰਕਰਾਂ (ਆਸ਼ਾ, ਮਿਡ-ਡੇ-ਮੀਲ ਅਤੇ ਆਂਗਨਵਾੜੀ) ਨੂੰ ਛੇਵੇਂ ਤਨਖਾਹ ਕਮਿਸ਼ਨ ਦੀ ਹੇਠਲੀ ਸਲੈਬ ਅਨੁਸਾਰ 18 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇ ਅਤੇ ਆਸ਼ਾ ਫੈਸਿਲੀਟੇਟਰਾਂ ਲਈ ਇਸ ਤੋਂ ਅਗਲੀ ਸਲੈਬ ਫਿਕਸ ਕੀਤੀ ਜਾਵੇ।
ਮਾਣ ਭੱਤਾ ਵਰਕਰਾਂ ਦੀ ਤਨਖਾਹ ਵਿੱਚ ਪ੍ਰਤੀ ਸਾਲ 20% ਦਾ ਲਾਜ਼ਮੀ ਵਾਧਾ ਤਹਿ ਕੀਤਾ ਜਾਵੇ, ਸਮੂਹ ਮਾਣ ਭੱਤਾ ਵਰਕਰਾਂ ਦਾ ਈ.ਪੀ.ਐਫ. ਅਤੇ ਈ.ਐਸ.ਆਈ. ਕੱਟਿਆ ਜਾਵੇ, ਵਰਕਰਾਂ ਦਾ 5 ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ ਅਤੇ ਮੌਤ ਉਪਰੰਤ ਪਰਿਵਾਰ ਦੇ ਇੱਕ ਮੈਂਬਰ ਨੂੰ ਤਰਸ ਆਧਾਰਿਤ ਨੌਕਰੀ ਦਿੱਤੀ ਜਾਵੇ, ਵੱਖ ਵੱਖ ਕਾਰਨ (ਬਹਾਨੇ) ਘੜ ਕੇ ਨੌਂਕਰੀ ਤੋਂ ਫਾਰਗ ਕੀਤੀਆਂ ਵਰਕਰਾਂ ਨੂੰ ਬਹਾਲ ਕੀਤਾ ਜਾਵੇ ਅਤੇ ਮਾਣ ਭੱਤਾ ਵਰਕਰਾਂ ਨੂੰ ਵਿਭਾਗਾਂ ਵਿੱਚ ਪੱਕਾ ਕਰਨ ਦੀ ਨੀਤੀ ਬਣਾਈ ਜਾਵੇ।
ਇਸ ਮੌਕੇ ਹਰਜਿੰਦਰ ਕੌਰ ਗਹਿਰੀ, ਗੁਰਵੰਤ ਕੌਰ ਲੋਪੋਕੇ, ਸੁਖਜਿੰਦਰ ਕੌਰ ਛੱਜਲਵੱਡੀ, ਰਾਜਵਿੰਦਰ ਕੌਰ ਜੇਠੂਵਾਲ, ਕੰਵਲਜੀਤ ਕੌਰ ਲਸ਼ਕਰੀ ਨੰਗਲ ਅਤੇ ਪਰਮਜੀਤ ਕੌਰ ਲਹਿਰਕਾ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਅਜੀਤਪਾਲ ਸਿੰਘ ਖੱਬੇ ਰਾਜਪੂਤਾਂ, ਗੁਰਬਿੰਦਰ ਸਿੰਘ ਖਹਿਰਾ, ਹਰਿੰਦਰ ਐਮਾਂ ਅਤੇ ਰਾਜੇਸ਼ ਪ੍ਰਾਸ਼ਰ ਆਦਿ ਆਗੂ ਵੀ ਹਾਜਰ ਸਨ।
0 Comments