ਸੰਪਾਦਕੀ: ਕੋਰੋਨਾ ਕਹਿਰ ‘ਚ ਤਬਲੀਗ਼ੀ ਜਮਾਤ ਨੇ ਜਿੱਤੇ ਲੋਕਾਂ ਦੇ ‘ਦਿਲ’/-ਗੁਰਪ੍ਰੀਤ

 ਬੇਸ਼ੱਕ ਸਿਹਤ ਮੰਤਰਾਲਾ ਅਤੇ ਭਾਰਤ ਸਰਕਾਰ ਦੇ ਮੁਤਾਬਿਕ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਹੈ ਅਤੇ ਇਸ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਬਹੁਤ ਜ਼ਿਆਦਾ ਲੋੜ ਹੈ। ਪਰ ਕੀ, ਇਹ ਸਾਵਧਾਨੀਆਂ ਸਾਰੇ ਲੋਕ ਵਰਤ ਰਹੇ ਹਨ? ਸਿਆਸੀ ਲੀਡਰ ਤਾਂ ਸਾਵਧਾਨੀਆਂ ਤੋਂ ਕੋਹਾਂ ਦੂਰ ਹਨ, ਜਦੋਂਕਿ ਅਵਾਮ ਸਾਵਧਾਨੀਆਂ ਵੀ ਵਰਤ ਰਹੀ ਹੈ ਅਤੇ ਮੌਤ ਦੇ ਮੂੰਹ ਵਿੱਚ ਵੀ ਜਾ ਰਹੀ ਹੈ। ਪਿਛਲੇ ਸਾਲ ਮਾਰਚ-2020 ਦੇ ਦੌਰਾਨ ਜਦੋਂ ਭਾਰਤ ਦੇ ਅੰਦਰ ਲਾਕਡਾਊਨ ਲਗਾਉਣ ਦੀ ਤਿਆਰੀ ਭਾਰਤ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ, ਮਾਰਚ ਮਹੀਨੇ ਦੇ ਦੂਜੇ ਹਫ਼ਤੇ ਹੀ ਦਿੱਲੀ ਬੈਠੇ ਸਮੂਹ ਮੀਡੀਆ ਹਾਊਸ ਦੇ ਵਿੱਚੋਂ ਤਬਲੀਗ਼ੀ ਜਮਾਤ, ਤਬਲੀਗ਼ੀ ਕੋਰੋਨਾ ਬੰਬ ਜਿਹੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਗਈਆਂ ਸਨ। ਦਰਅਸਲ, ਹਰ ਸਾਲ ਹੁੰਦੇ ਤਬਲੀਗ਼ੀ ਜਮਾਤ ਦਾ ਸਮਾਗਮ ਲੰਘੇ ਸਾਲ ਵੀ ਹੋਇਆ ਸੀ ਅਤੇ ਵਿਦੇਸ਼ਾਂ ਤੋਂ ਕਈ ਲੋਕ ਨਿਜ਼ਾਮੁਦੀਨ ਮਰਕਜ਼ ਵਿਖੇ ਰੁਕੇ ਸਨ। ਤਬਲੀਗ਼ੀ ਜਮਾਤ ਨੇ ਆਪਣਾ ਸਹਿਜੇ ਸੁਭਾ ਦੇ ਤਹਿਤ ਸਮਾਗਮ ਕੀਤਾ ਅਤੇ ਵਾਰੋ ਵਾਰੀ ਕਈ ਤਬਲੀਗ਼ੀ ਮਰਕਜ਼ ਵਿੱਚੋਂ ਬਾਹਰ ਚਲਦੇ ਗਏ। ਪਰ, ਇਸੇ ਦੌਰਾਨ ਹੀ ਸਰਕਾਰ ਨੇ ਇਹ ਫ਼ੈਸਲਾ ਲੈ ਲਿਆ ਕਿ, ਜਿਹੜੀ ਜਗ੍ਹਾ ‘ਤੇ ਭੀੜ ਹੈ, ਉਹਨੂੰ ਸੀਲ ਕੀਤਾ ਜਾਵੇ ਅਤੇ ਭੀੜ ਇਕੱਠੀ ਕਰਨ ਵਾਲਿਆਂ ‘ਤੇ ਪਰਚਾ ਦਰਜ ਕੀਤਾ ਜਾਵੇ।

ਤਬਲੀਗ਼ੀ ਜਮਾਤ ਦੇ ਦਰਜਨਾਂ ਹੀ ਲੋਕ ਜੋ ਨਿਜ਼ਾਮੁਦੀਨ ਮਰਕਜ਼ ਵਿਖੇ ਰੁਕੇ ਸਨ, ਉਨ੍ਹਾਂ ‘ਤੇ ਵੱਖੋ ਵੱਖ ਥਾਣਿਆਂ ਵਿੱਚ ਪਰਚੇ ਦਰਜ ਹੋ ਗਏ ਅਤੇ ਕਈਆਂ ‘ਤੇ ਤਾਂ ਦੇਸ਼ ਧਰੋਹੀ ਜਿਹੇ ਵੀ ਪਰਚੇ ਦਰਜ ਕੀਤੇ ਗਏ। ਤਬਲੀਗ਼ੀਆਂ ‘ਤੇ ਦੋਸ਼ ਇਹ ਲੱਗੇ ਕਿ, ਉਨ੍ਹਾਂ ਨੇ ਹੀ ਵਿਦੇਸ਼ਾਂ ਤੋਂ ਕੋਰੋਨਾ ਵਾਇਰਸ ਫੜ੍ਹ ਕੇ ਭਾਰਤ ਦੇ ਅੰਦਰ ਛੱਡਿਆ ਹੈ ਤਾਂ, ਹੀ ਕੋਰੋਨਾ ਫੈਲਿਆ ਹੈ। ਗੋਦੀ ਮੀਡੀਆ ਨੂੰ ਬੈਠੇ ਬਿਠਾਇਆ ਨੂੰ ਮਸਾਲਾ ਮਿਲ ਗਿਆ ਅਤੇ ਕਈ ਸੱਤਾਧਾਰੀ ਲੀਡਰ ਤਬਲੀਗ਼ੀ ਜਮਾਤ ਨੂੰ ਕੋਰੋਨਾ ਬਰੂਦ ਵੀ ਕਹਿਣ ਲੱਗ ਪਏ। ਗੋਦੀ ਮੀਡੀਆ ਹਾਊਸ ਦੇ ਅੰਦਰ ਡਿਬੇਟਾਂ ਸ਼ੁਰੂ ਹੋਈਆਂ ਅਤੇ ਇੱਕ ਤਰ੍ਹਾਂ ਨਾਲ ਤਬਲੀਗ਼ੀਆਂ ਨੂੰ ਹੀ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ੀ ਮੰਨ ਲਿਆ ਗਿਆ। ਜਦੋਂ ਇਹ ਮਾਮਲਾ ਅਦਾਲਤ ਵਿੱਚ ਪੁੱਜਿਆ ਤਾਂ, ਜੱਜ ਸਾਹਿਬ ਵੀ ਹੈਰਾਨ ਸਨ ਕਿ, ਤਬਲੀਗ਼ੀ ਕੋਰੋਨਾ ਕਿਵੇਂ ਫੈਲਾਅ ਸਕਦੇ ਹਨ? ਅਦਾਲਤਾਂ ਨੇ ਤਬਲੀਗ਼ੀ ਜਮਾਤ ‘ਤੇ ਦਰਜ ਹੋਏ ਮਾਮਲਿਆਂ ਨੂੰ ਵਾਚਿਆ ਅਤੇ ਮੌਜੂਦਾ ਸਰਕਾਰ ਨੂੰ ਫਟਕਾਰ ਲਗਾਈ ਕਿ, ਅਜਿਹੇ ਨਫ਼ਰਤ ਭਰੇ ਬਿਆਨ ਦੇ ਕੇ, ਤਬਲੀਗ਼ੀ ਜਮਾਤ ਨੂੰ ਬਦਨਾਮ ਨਾ ਕਰੋ ਅਤੇ ਉਨ੍ਹਾਂ ‘ਤੇ ਦਰਜ ਮੁਕੱਦਮੇ ਰੱਦ ਕਰੋ। ਪੁਲਿਸ ਅਤੇ ਸਰਕਾਰ ਨੂੰ ਉਸ ਵੇਲੇ ਸ਼ਰੇਆਮ ਹੀ ਅਦਾਲਤ ਕੋਲੋਂ ਮੂੰਹ ਦੀ ਖਾਣੀ ਪਈ, ਜਦੋਂ ਖ਼ੁਦ ਹੀ ਮਾਮਲੇ ਦਰਜ ਕੀਤੇ ਅਤੇ ਖ਼ੁਦ ਹੀ ਬਾਅਦ ਵਿੱਚ ਰੱਦ ਕਰਨੇ ਪਏ। ਇਸੇ ਤਰ੍ਹਾਂ ਤਕਰੀਬਨ ਹੀ ਸਾਰੇ ਤਬਲੀਗ਼ੀ ਜੋ ਗ੍ਰਿਫ਼ਤਾਰ ਕੀਤੇ ਗਏ ਸਨ, ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਖ਼ੈਰ, ਇਸ ਵੇਲੇ ਜੋ ਸਾਡੇ ਮੁਲਕ ਦੇ ਮੌਜੂਦਾ ਹਾਲਾਤ ਹਨ, ਉਨ੍ਹਾਂ ਨੂੰ ਵੇਖ ਕੇ ਤਰਸ ਵੀ ਆਉਂਦਾ ਹੈ ਅਤੇ ਮੌਜੂਦਾ ਹੁਕਮਰਾਨਾਂ ‘ਤੇ ਗ਼ੁੱਸਾ ਵੀ ਚੜਦਾ ਹੈ ਕਿ, ਉਹ ਸਾਡੇ ਕੋਲੋਂ ਸਿਰਫ਼ ਵੋਟਾਂ ਲੈਣੀਆਂ ਹੀ ਜਾਣਦੇ ਹਨ, ਸਾਡੀ ਸਿਹਤ ਦਾ ਖ਼ਿਆਲ ਕਿਉਂ ਨਹੀਂ ਰੱਖ ਰਹੇ? ਦੇਸ਼ ਦੇ ਅੰਦਰ ਇਸ ਵੇਲੇ ਆਕਸੀਜਨ ਦੀ ਭਾਰੀ ਮਾਤਰਾ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ, ਲਾਸ਼ਾਂ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸਰਕਾਰੀ ਦਾਅਵਿਆਂ ਦੇ ਮੁਤਾਬਿਕ, ਕੋਰੋਨਾ ਏਨਾ ਜ਼ਿਆਦਾ ਖ਼ਤਰਨਾਕ ਹੈ ਕਿ, ਉਹ ਵੈਟੀਲੇਂਟਰਾਂ ਨੂੰ ਵੀ ਪੁੱਟੀ ਜਾ ਰਿਹਾ ਹੈ ਅਤੇ ਕੋਰੋਨਾ ਮਰੀਜ਼ਾਂ ਦੀ ਜਾਨ ‘ਤੇ ਸਿੱਧਾ ਅਸਰ ਕਰ ਰਿਹਾ ਹੈ। ਜਦੋਂਕਿ ਅਸਲ ਸਚਾਈ ਇਹ ਹੈ ਕਿ ਕੋਰੋਨਾ ਦੇ ਹਊਏ ਨੇ ਜ਼ਿਆਦਾ ਲੋਕਾਂ ਦੀ ਸਿਹਤ ‘ਤੇ ਨੁਕਸਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਸਾਹ ਦੀ ਸਮੱਸਿਆ ਵੀ ਇਸੇ ਕਰਕੇ ਹੀ ਹੋ ਰਹੀ ਹੈ। ਪਿਛਲੇ ਸਾਲ ਦੇ ਕਰੀਬ 4-5 ਮਹੀਨੇ ਸਾਡੇ ਮੁਲਕ ਦੇ ਕੋਲ ਮੌਕਾ ਸੀ ਕਿ ਇਸ ਵਾਇਰਸ ਤੋਂ ਬਚਣ, ਪਰ ਸਰਕਾਰ ਨੇ ਕੋਈ ਪੁਖ਼ਤਾ ਕਦਮ ਚੁੱਕੇ ਹੀ ਨਹੀਂ। ਸਰਕਾਰ ਚੋਣਾਂ ਕਰਵਾਉਣ ਵਿੱਚ ਮਸਤ ਸੀ ਅਤੇ ਲੋਕ ਕੋਰੋਨਾ ਦੀ ਲਪੇਟ ਵਿੱਚ ਸਨ। ਕੋਰੋਨਾ ਹੈ ਜਾਂ ਨਹੀਂ, ਇਹਦੇ ਬਾਰੇ ਪੱਕਾ ਕੁੱਝ ਕਿਹਾ ਨਹੀਂ ਜਾ ਸਕਦਾ, ਪਰ ਕੋਰੋਨਾ ਵੱਡੇ ਲੀਡਰਾਂ ਨੂੰ ਕੁੱਝ ਨਹੀਂ ਕਹਿੰਦਾ, ਇਹ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ, ਕਿਉਂਕਿ ਕੋਰੋਨਾ ਜਦੋਂ ਭਾਰਤ ਦੇ ਵਿੱਚ ਪਿਛਲੇ ਦੋ ਮਹੀਨੇ ਪਹਿਲੋਂ ਜ਼ੋਰ ਫੜ੍ਹ ਰਿਹਾ ਸੀ ਤਾਂ, ਉਸ ਵੇਲੇ ਸਾਡੇ ਮੁਲਕ ਦੇ ਸਿਆਸਤਦਾਨ ਬੰਗਾਲ ਸਮੇਤ 5 ਸੂਬਿਆਂ ਵਿੱਚ ਹੋਈਆਂ ਚੋਣਾਂ ਦੇ ਦੌਰਾਨ ਰੈਲੀਆਂ ਵਿੱਚ ਮਸਰੂਫ਼ ਸਨ।

ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਇਸੇ ਵਿੱਚ ਹੀ ਮੌਜੂਦਾ ਕੇਂਦਰ ਸਰਕਾਰ ਦੇ ‘ਫ਼ੀਲੇ’ ਜਿਹੜੇ ਆਪਣੇ ਆਪ ਨੂੰ ਸੱਚੇ ਦੇਸ਼ ਭਗਤ ਦੱਸਦੇ ਹਨ, ਉਹ ਕੋਰੋਨਾ ਬਿਮਾਰੀ ਦੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਦੇ ਵਿੱਚ ਭੋਰਾ ਵੀ ਹੱਥ ਹਿਲਾਉਂਦੇ ਵਿਖਾਈ ਨਹੀਂ ਦੇ ਰਹੇ। ਜਦੋਂਕਿ ਆਪਣੇ ਮੁਰਸ਼ਦ ਦੀ ਭਗਤੀ ਕਰਨ ਦਾ ਚੇਤਾ ਇਨ੍ਹਾਂ ਨੂੰ ਹਰ ਵੇਲੇ ਰਹਿੰਦਾ ਹੈ। ਪੀ ਐੱਮ ਕੇਅਰ ਫ਼ੰਡ ਵਿੱਚ ਕਿੰਨੇ ਪੈਸੇ ਜਮ੍ਹਾ ਹੋਏ ਕੋਈ ਪਤਾ ਨਹੀਂ, ਪਰ ਭਾਰਤੀ ਜਨਤਾ ਨੂੰ ਹੁਕਮਰਾਨ ਮੂਰਖ ਕਿਸ ਤਰ੍ਹਾਂ ਅਤੇ ਕਿਵੇਂ ਬਣਾ ਰਹੇ ਹਨ, ਇਹਦੇ ਬਾਰੇ ਅਸੀਂ ਸਭ ਜਾਣ ਗਏ ਹਾਂ। ਮੁਲਕ ਨੂੰ ਕੋਰੋਨਾ ਤੋਂ ਬਚਾਉਣ ਦਾ ਦਾਅਵਾ ਕਰਨ ਵਾਲੇ ‘ਭੱਦਰ ਪੁਰਸ਼’ ਇਸ ਵੇਲੇ ਗੁਫ਼ਾ ਦੇ ਅੰਦਰ ਧੂਣੀ ਸੇਕ ਰਹੇ ਹਨ ਅਤੇ ਉਹ ਵੀ ਕੜਾਕੇ ਦੀ ਗਰਮੀ ਵਿੱਚ। ਮੁਰਸ਼ਦ ਅਤੇ ਉਹਦੇ ਫ਼ੀਲੇ ਇਸ ਵੇਲੇ ਚੌਕੜੀਆਂ ਮਾਰ ਕੇ ਭਗਤੀ ਵਿੱਚ ਲੀਨ ਹਨ, ਜਦੋਂਕਿ ਜਿਨ੍ਹਾਂ ਤਬਲੀਗ਼ੀਆਂ ਨੂੰ ਇਨ੍ਹਾਂ ਭਗਤਾਂ ਅਤੇ ਗੋਦੀ ਮੀਡੀਆ ਨੇ ਬਦਨਾਮ ਕੀਤਾ ਸੀ, ਉਹ ਇਸ ਵੇਲੇ ਮੈਦਾਨ ਵਿੱਚ ਡਟੇ ਹੋਏ ਹਨ ਅਤੇ ਲਗਾਤਾਰ ਕੋਰੋਨਾ ਵਾਇਰਸ ਕਾਰਨ ਮਰੇ ਲੋਕਾਂ ਦਾ ਅੰਤਿਮ ਸੰਸਕਾਰ ਕਰ ਰਹੇ ਹਨ। ਬੇਸ਼ੱਕ, ਮੁਸਲਿਮ ਸਮਾਜ ਮੁਰਦੇ ਨੂੰ ਦਫ਼ਨਾਉਂਦੇ ਹਨ, ਪਰ ਉਹ ਹਿੰਦੂ ਪ੍ਰੰਪਰਾ ਦੇ ਤਹਿਤ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਰਹੇ ਹਨ।

ਸੰਪਾਦਕੀ: ਕੋਰੋਨਾ ਕਹਿਰ 'ਚ ਤਬਲੀਗ਼ੀ ਜਮਾਤ ਨੇ ਜਿੱਤੇ ਲੋਕਾਂ ਦੇ 'ਦਿਲ'/-ਗੁਰਪ੍ਰੀਤ

ਆਪਣੇ ‘ਤੇ ਹੋਏ ਵੰਨ ਸੁਵੰਨੇ ਹਮਲਿਆਂ ਨੂੰ ਤਿਆਗ ਕੇ, ਆਪਣੇ ਅੰਦਰ ਮਨੁੱਖਤਾ ਨੂੰ ਜਗ੍ਹਾ ਕੇ ਤਬਲੀਗ਼ੀ ਜਮਾਤ ਇਸ ਵੇਲੇ ਭਾਰਤ ਦੇ ਅੰਦਰ ਫੈਲੀ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਕਰ ਰਹੇ ਹਨ। ਪਿਛਲੇ ਦਿਨੀਂ ਖ਼ਬਰ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਈ, ਜਿੱਥੋਂ ਇਹ ਪਤਾ ਲੱਗਿਆ ਕਿ, ਜਿਨ੍ਹਾਂ ਤਬਲੀਗ਼ੀ ਜਮਾਤ ਦੇ ਵਰਕਰਾਂ ਅਤੇ ਆਗੂਆਂ ਨੂੰ ਕੋਰੋਨਾ ਫੈਲਾਉਣ ਦੇ ਦੋਸ਼ਾਂ ਤਹਿਤ ਗੋਦੀ ਮੀਡੀਆ ਅਤੇ ਮੌਜੂਦਾ ਸੱਤਾਧਾਰੀਆਂ ਦੇ ਵੱਲੋਂ ਭੰਡਿਆਂ ਗਿਆ ਸੀ, ਉਹ ਲੋਕ ਭਾਰੀ ਵਿਰੋਧ ਦੇ ਬਾਵਜੂਦ ਵੀ ਆਪਣਾ ਪਲਾਜ਼ਮਾ ਦਾਨ ਕਰਦੇ ਇਸ ਵਕਤ ਵੇਖੇ ਜਾ ਸਕਦੇ ਹਨ। ਅਦਾਲਤਾਂ ਨੇ ਬੇਸ਼ੱਕ ਤਬਲੀਗ਼ੀ ਜਮਾਤ ਨੂੰ ਇਨਸਾਫ਼ ਦੇ ਦਿੱਤਾ ਹੈ, ਪਰ ਵਿਰੋਧੀਆਂ ਦੇ ਵੱਲੋਂ ਹਾਲੇ ਵੀ ਉਨ੍ਹਾਂ ਨੂੰ ਭੰਡਿਆ ਜਾ ਰਿਹਾ ਹੈ। ਦੱਸਦੇ ਚੱਲੀਏ ਕਿ, ਨਫ਼ਰਤ ਨੂੰ ਪਈ ਅਦਾਲਤ ਤੋਂ ਝਾੜ ਨੇ ਬੇਸ਼ੱਕ ਇਹ ਸਾਬਤ ਕਰ ਦਿੱਤਾ ਕਿ ਸਾਡੇ ਮੁਲਕ ਦੇ ਅੰਦਰ ਵੀ ਕਾਨੂੰਨ ਜਾਗਦਾ ਹੈ, ਪਰ ਇਸ ਦੇ ਦੂਜੇ ਪਾਸੇ ਸਿੱਖਾਂ ਅਤੇ ਮੁਸਲਮਾਨਾਂ ਦੁਆਰਾ ਕੀਤੀ ਜਾ ਰਹੀ ਕੋਰੋਨਾ ਕਹਿਰ ਦੇ ਦੌਰਾਨ ਪੀੜ੍ਹਤਾਂ ਦੀ ਮਦਦ ਨੂੰ ਵਿਦੇਸ਼ੀ ਮੀਡੀਆ ਖ਼ੂਬ ਵਿਖਾ ਰਿਹਾ ਹੈ। ਕੋਰੋਨਾ ਬਿਮਾਰੀ ਨਾਲ ਪੀੜ੍ਹਤ ਲੋਕਾਂ ਨੂੰ ਘਰੋਂ ਘਰੀਂ ਜਿੱਥੇ ਤਬਲੀਗ਼ੀ ਜਮਾਤ ਇਸ ਵਕਤ ਖਾਣਾ ਪਹੁੰਚਾ ਰਹੀ ਹੈ, ਉੱਥੇ ਹੀ ਕੋਰੋਨਾ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਨੂੰ ਸਮਾਜ ਅਤੇ ਧਰਮ ਦੀ ਪ੍ਰਵਾਹ ਕੀਤੇ ਬਿਨ੍ਹਾਂ ਅੰਤਿਮ ਸੰਸਕਾਰ ਵੀ ਕੀਤਾ ਜਾ ਰਿਹਾ ਹੈ।

ਜਾਣਕਾਰੀ ਮਿਲੀ ਹੈ, ਕਿ ਤਬਲੀਗ਼ੀ ਜਮਾਤ ਦੁਆਰਾ ਸਮਾਜ ਅਤੇ ਧਰਮ ਦੀ ਪ੍ਰਵਾਹ ਕੀਤੇ ਬਿਨ੍ਹਾਂ ਜੋ ਬੀੜਾ ਲਾਸ਼ਾਂ ਦੇ ਅੰਤਿਮ ਸੰਸਕਾਰ ਕਰਨ ਦਾ ਚੁੱਕਿਆ ਹੈ, ਉਹਦੇ ਸਬੰਧ ਵਿੱਚ ਤ੍ਰਿਪਤੀ ਯੂਨਾਈਟਿਡ ਮੁਸਲਿਮ ਐਸੋਸੀਏਸ਼ਨ ਦਾ ਸਭ ਤੋਂ ਵੱਡਾ ਯੋਗਦਾਨ ਹੈ, ਜਿਸ ਦੇ ਵੱਲੋਂ ਮੁਲਕ ਦੇ ਸਾਰੇ ਸੂਝਵਾਨ ਅਤੇ ਸਿਆਣੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੁੱਖ ਦੀ ਘੜੀ ਵਿੱਚ ਅੱਗੇ ਆਉਣ ਅਤੇ ਮਨੁੱਖ ਹੋਣ ਦਾ ਫ਼ਰਜ਼ ਨਿਭਾਉਣ। ਆਪਣੇ ਬਿਆਨ ਵਿੱਚ ਤਬਲੀਗ਼ੀ ਜਮਾਤ ਦੇ ਸਰਗਰਮ ਲੀਡਰ ਜੇ. ਐਮ. ਡੀ. ਗੌਸ ਕਹਿੰਦੇ ਹਨ ਕਿ ਅੱਜ ਤੋਂ ਠੀਕ ਇੱਕ ਸਾਲ ਪਹਿਲੋਂ ਜਿਹੜੇ ਲੋਕ ਸਾਨੂੰ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ੀ ਮੰਨ ਰਹੇ ਸਨ, ਅੱਜ ਉਹ ਹੀ ਲੋਕ ਸਾਡੀ ਕੋਸ਼ਿਸ਼ ਨੂੰ ਸਲਾਹ ਵੀ ਰਹੇ ਹਨ। ਅਸੀਂ ਅਤੇ ਸਾਡੀ ਸਮੂਹ ਤਬਲੀਗ਼ੀ ਜਮਾਤ ਹਮੇਸ਼ਾ ਹੀ ਮਨੁੱਖਤਾ ਦੇ ਭਲੇ ਲਈ ਅੱਗੇ ਆਏ ਹਾਂ ਅਤੇ ਜਿਹੜਾ ਦੋਸ਼ ਸਾਡੇ ਸਿਰ ਪਿਛਲੇ ਸਾਲ ਕੋਰੋਨਾ ਫੈਲਾਉਣ ਦਾ ਮੜਿਆ ਸੀ, ਉਹ ਕੋਰਾ ਝੂਠ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸੈਂਕੜੇ ਹੀ ਲਾਸ਼ਾਂ ਦੇ ਹੁਣ ਤੱਕ ਅੰਤਿਮ ਸੰਸਕਾਰ ਕਰ ਚੁੱਕੇ ਹਾਂ ਅਤੇ ਸਾਨੂੰ ਨਹੀਂ ਪਤਾ ਕਿ, ਕੌਣ ਕਿਹੜੀ ਜਾਤ ਅਤੇ ਧਰਮ ਦੇ ਨਾਲ ਸਬੰਧ ਰੱਖਣ ਵਾਲਾ ਹੈ, ਅਸੀਂ ਤਾਂ ਆਪਣਾ ਫ਼ਰਜ਼ ਅਦਾ ਕਰ ਰਹੇ ਹਾਂ। ਲੋਕ ਕੋਰੋਨਾ ਬਿਮਾਰੀ ਤੋਂ ਡਰ ਕੇ, ਆਪਣੇ ਸੰਘੀ ਸਾਥੀ ਜੋ ਕੋਰੋਨਾ ਕਾਰਨ ਮਰ ਗਏ ਹਨ, ਉਨ੍ਹਾਂ ਦੇ ਅੰਤਿਮ ਸੰਸਕਾਰ ਕਰਨ ਤੋਂ ਵੀ ਡਰ ਰਹੇ ਹਨ, ਜਦੋਂਕਿ ਅਸੀਂ ਸ਼ਮਸ਼ਾਨ-ਘਾਟਾਂ ਵਿੱਚ ਮ੍ਰਿਤਕ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਕੇ ਆਪਣਾ ਫ਼ਰਜ਼ ਅਦਾ ਕਰ ਰਹੇ ਹਾਂ।

ਅਗਾਂਹ ਵੀ ਸਾਡੀ ਕੋਸ਼ਿਸ਼ ਜਾਰੀ ਰਹੇਂਗੀ ਅਤੇ ਅਸੀਂ ਕੋਰੋਨਾ ਪੀੜ੍ਹਤਾਂ ਦੀ ਪਹਿਲੋਂ ਵੀ ਮਦਦ ਕਰਦੇ ਆਏ ਹਾਂ ਅਤੇ ਅੱਗੇ ਤੋਂ ਵੀ ਮਦਦ ਕਰਦੇ ਰਹਾਂਗੇ। ਗੌਸ ਦੱਸਦੇ ਹਨ ਕਿ, 60 ਮੈਂਬਰਾਂ ਨੂੰ ਤਿੰਨ ਟੀਮਾਂ ਵਿੱਚ ਵੰਡਿਆ ਗਿਆ ਹੈ, ਜੋ ਲਾਸ਼ਾਂ ਦੇ ਅੰਤਿਮ ਸੰਸਕਾਰ ਕਰਦੀਆਂ ਹਨ ਅਤੇ ਪਿਛਲੇ ਇੱਕ ਮਹੀਨੇ ਤੋਂ ਰੋਜ਼ਾਨਾ ਘੱਟੋ ਘੱਟ 15 ਲਾਸ਼ਾਂ ਦਾ ਉਹ ਅੰਤਿਮ ਸੰਸਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਧਾਰਮਿਕ ਪ੍ਰੰਪਰਾਵਾਂ ਦੇ ਆਧਾਰ ‘ਤੇ ਅੰਤਿਮ ਸਸਕਾਰ ਕਰਦੇ ਹਨ। ਗੌਸ ਕਹਿੰਦੇ ਹਨ ਕਿ, ‘ਜੇ ਪੀੜਤ ਹਿੰਦੂ ਹੈ, ਤਾਂ ਅਸੀਂ ਕੱਪੜੇ ਅਤੇ ਫੁੱਲਾਂ ਦੀ ਮਾਲਾ ਪਹਿਨਾਉਂਦੇ ਹਾਂ। ਜੇ ਉਹ ਈਸਾਈ ਹਨ, ਤਾਂ ਅਸੀਂ ਸਰੀਰ ਨੂੰ ਤਾਬੂਤ ਵਿਚ ਰੱਖਦੇ ਹਾਂ ਅਤੇ ਪ੍ਰਾਰਥਨਾ ਦਾ ਪ੍ਰਬੰਧ ਕਰਨ ਲਈ ਫਾਦਰ ਨੂੰ ਇੱਕ ਚਰਚ ਤੋਂ ਬੁਲਾਉਂਦੇ ਹਾਂ। ਜੇ ਪੀੜਤ ਮੁਸਲਮਾਨ ਹਨ, ਤਾਂ ਉਹ ਜਨਾਜ਼ੇ ਦਾ ਇੰਤਜ਼ਾਮ ਕਰਦੇ ਹਨ। ਹੁਣ ਤੱਕ ਉਹ 536 ਲੋਕਾਂ ਦਾ ਅੰਤਿਮ ਸੰਸਕਾਰ ਕਰ ਚੁੱਕੇ ਹਨ, ਜਦੋਂ ਕਿ ਇਨ੍ਹਾਂ ਵਿੱਚੋਂ 134 ਵਿਅਕਤੀਆਂ ਦਾ ਪਹਿਲੀ ਲਹਿਰ ਵਿੱਚ ਸੰਸਕਾਰ ਕੀਤਾ ਗਿਆ, ਜਦੋਂਕਿ 402 ਪੀੜਤਾਂ ਦਾ ਦੂਜੀ ਲਹਿਰ ਵਿੱਚ ਸਸਕਾਰ ਕੀਤਾ ਗਿਆ। ਤਬਲੀਗ਼ੀ ਜਮਾਤ ਨੇ ਜੋ ਬੀੜਾ ਚੁੱਕਿਆ ਹੈ, ਉਹਨੇ ਸਮਾਜ ਦੇ ਹੋਰਨਾਂ ਵਰਗਾਂ ਨੂੰ ਵੀ ਸੁਚੇਤ ਕੀਤਾ ਹੈ ਕਿ, ਔਖੀ ਘੜੀ ਵਿੱਚ ਕਿਸੇ ਦੀ ਮਦਦ ਇੰਝ ਕਰੀ-ਦੀ ਹੈ। ਹਾਂ! ਇੱਥੇ ਇਹ ਵੀ ਦੱਸ ਦਈਏ ਕਿ, ਜਿਹੜੇ ਲੋਕ ਤਬਲੀਗ਼ੀਆਂ ਨੂੰ ਪਿਛਲੇ ਵਰ੍ਹੇ ਭੰਡਦੇ ਸਨ ਕਿ, ਇਨ੍ਹਾਂ ਨੇ ਕੋਰੋਨਾ ਫੈਲਾਇਆ ਹੈ, ਉਨ੍ਹਾਂ ਲੋਕਾਂ ਦੇ ਮੂੰਹ ਤਬਲੀਗ਼ੀ ਜਮਾਤ ਦੀ ਸੇਵਾ ਨੇ ਬੰਦ ਕਰ ਦਿੱਤੇ ਹਨ ਅਤੇ ਇਸੇ ਵਿੱਚ ਹੁਣ ਸਾਫ਼ ਅਤੇ ਸਪੱਸ਼ਟ ਸ਼ਬਦਾਂ ਵਿੱਚ ਇਹ ਹੀ ਕਿਹਾ ਜਾ ਸਕਦਾ ਹੈ ਕਿ, ਕੋਰੋਨਾ ਕਹਿਰ ਵਿੱਚ ਨਫ਼ਰਤ ਦੀ ਹਾਰ ਹੋਈ ਹੈ, ਜਦੋਂਕਿ ਤਬਲੀਗ਼ੀ ਜਮਾਤ ਜਿੱਤੀ ਹੈ।

ਗੁਰਪ੍ਰੀਤ


Post a Comment

0 Comments