ਅਸਮਾਨੀ ਬਿਜਲੀ ਨੇ ਢਾਹਿਆ ਗ਼ਰੀਬ ਦਾ ਕੋਠਾ

ਸੁਨਾਮ ਊਧਮ ਸਿੰਘ ਵਾਲਾ:- ਅੱਜ ਸਵੇਰੇ ਸਵਖਤੇ ਹੀ ਅਸਮਾਨੀ ਬਿਜਲੀ ਡਿੱਗਣ ਕਾਰਨ ਨੇੜਲੇ ਪਿੰਡ ਬਖਸ਼ੀਵਾਲਾ ਦੇ ਦਲਿਤ ਭਾਈਚਾਰੇ ਦੇ ਇਕ ਪਰਿਵਾਰ ਦਾ ਮਕਾਨ ਅਤੇ ਘਰ ਦਾ ਸਮਾਨ ਸੜਕੇ ਸੁਆਹ ਹੋ ਗਿਆ।ਜਾਣਕਾਰੀ ਦਿੰਦਿਆਂ ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾ.ਹਰਦੇਵ ਸਿੰਘ ਬਖਸ਼ੀਵਾਲਾ ਅਤੇ ਪਿੰਡ ਦੇ ਸਰਪੰਚ ਮਿੱਠੂ ਸਿੰਘ ਵਾਲੀਆ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਤਿੰਨ ਸਾਢੇ ਤਿੰਨ ਵਜੇ ਜਦੋਂ ਬਖਸ਼ੀਵਾਲਾ ਦੇ ਮੁਖਤਿਆਰ ਸਿੰਘ ਦਾ ਪਰਿਵਾਰ ਪਿੰਡ 'ਚ ਹੀ ਇਕ ਧਾਰਮਿਕ ਸਥਾਨ 'ਤੇ ਚੱਲ ਰਹੇ ਭੰਡਾਰੇ 'ਚ ਸੇਵਾ ਕਰਨ ਗਏ ਹੋਏ ਸਨ ਕਿ ਉਸ ਸਮੇਂ ਹੋ ਰਹੀ ਹਲਕੀ ਜਿਹੀ ਬਰਸਾਤ ਦੌਰਾਨ ਅਚਾਨਕ ਅਸਮਾਨੀ ਬਿਜਲੀ ਇਸ ਪਰਿਵਾਰ ਦੇ ਘਰ ਦੀ ਛੱਤ 'ਤੇ ਆ ਡਿੱਗੀ।ਜਿਸ ਕਾਰਨ ਘਰ ਨੂੰ ਅੱਗ ਲੱਗ ਗਈ।ਅਸਮਾਨੀ ਬਿਜਲੀ ਡਿੱਗਣ ਸਮੇਂ ਮੁਖ਼ਤਿਆਰ ਸਿੰਘ ਦੇ ਪਰਿਵਾਰ ਦੇ ਘਰ ਤੋਂ ਬਾਹਰ ਗਏ ਹੋਣ ਕਾਰਨ ਭਾਵੇਂ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਅੱਗ ਨਾਲ ਉਸ ਦਾ ਘਰ ਅਤੇ ਸਮਾਨ ਸੜਕੇ ਸੁਆਹ ਹੋ ਗਿਆ।ਉਕਤ ਆਗੂਆਂ ਨੇ ਅਚਾਨਕ ਬੇਘਰ ਹੋਏ ਇਸ ਦਲਿਤ ਭਾਈਚਾਰੇ ਦੇ ਪਰਿਵਾਰ ਲਈ ਸਰਕਾਰ ਤੋਂ ਮਾਲੀ ਸਹਾਇਤਾ ਦੀ ਮੰਗ ਕੀਤੀ।

Post a Comment

0 Comments