ਕੀ ਅਪਰਾਧੀ ਬਣਾਉਣ ਦੀ ਵੀ ਪੁਲਸ ਪ੍ਰਸ਼ਾਸਨ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜੇ ਨਹੀਂ ਤਾਂ ਇਹ ਕੀ ਏ?/- ਬਾਬਾ ਹਰਸਾ ਸਿੰਘ

ਭਾਰਤ ਬਹੁ ਭਾਸ਼ਾ, ਸਰਵ ਧਰਮ, ਰੰਗ, ਨਸਲ ਦੇ ਆਧਾਰਤ ਬਹੁ ਭਾਸ਼ਾਈ ਦੇਸ਼ ਹੈ। ਰੰਗ ਨਸਲ ,ਘੱਟ ਗਿਣਤੀ ,ਬਹੁ ਗਿਣਤੀ ਦੇ ਆਧਾਰ ਤੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ । ਕਿਸੇ ਵੀ ਕਮਜ਼ੋਰ ਦੱਬੇ ਕੁਚਲੇ ਘੱਟ ਗਿਣਤੀ ,ਗ਼ਰੀਬ ਜਾਂ ਕਿਸੇ ਵੀ ਬੇਸਹਾਰਾ ਆਦਮੀ ਨੂੰ, ਲੋਕਤੰਤਰ ਆਧਾਰਤ ਗ੍ਰਹਿ ਵਿਭਾਗ (ਪੁਲਸ ਪ੍ਰਸ਼ਾਸਨ )ਤੇ ਸਭ ਤੂੰ ਵੱਧ ਉਮੀਦ ਹੁੰਦੀ ਹੈ ਕਿ, ਕਿਸੇ ਵੀ ਖੇਤਰ ਵਿੱਚ ਅਨਿਆਂ ਹੁੰਦਾ ਹੈ ਤਾਂ ਪ੍ਰਸ਼ਾਸਨ 'ਆਟੇ ਵਿਚ ਵਾਲ 'ਕੱਢਣ ਦਾ ਕੰਮ ਕਰਦਾ ਹੈ । ਪ੍ਰਸ਼ਾਸਨ ਯਾਨੀ ਹੋਮ ਗਾਰਡ ਦੇ ਜਵਾਨ ਤੋਂ ਲੈ ਕੇ ਸੀਨੀਅਰ ਸੁਪਰਡੈਂਟ ਆਫ ਪੁਲੀਸ( ਐੱਸਐੱਸਪੀ )ਤੱਕ ਨਿਆਂ ਦੇ ਮੱਦੇਨਜ਼ਰ ਉਮੀਦ ਦੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ । ਜਿੱਥੇ 60 ਤੋਂ 70 ਪਰਸੈਂਟ ਉਮੀਦ ਅਨੁਸਾਰ ਨਿਆਂ ਮਿਲਦੇ ਵੀ ਹਨ ।ਉੱਥੇ 30 ਤੋਂ 40 ਪਰਸੈਂਟ ਕੇਸਾਂ ਵਿੱਚ ਗ੍ਰਹਿਵਿਭਾਗ ਵੀ ਦਾਗੀ ਹੁੰਦਾ ਸਾਬਤ ਹੋਇਆ । ਜਿਸ ਕਾਰਨ ਕਈ ਵਾਰ ਡੀਜੀਪੀ ਦੇ ਅਹੁਦੇ ਨੂੰ ਵੀ ਅਦਾਲਤੀ ਜ਼ਮਾਨਤ ਦਾ ਸਹਾਰਾ ਲੈਣਾ ਪੈਂਦਾ ਹੈ, ਜਿਵੇ ਕਿ ਸੁਮੇਧ ਸੈਣੀ।

ਜੇਕਰ ਇਨ੍ਹਾਂ 30-40 ਪ੍ਰਸੈਂਟ ਕੇਸਾਂ ਵੱਲ ਗਹੁ ਨਾਲ ਵਿਚਾਰਿਆ ਜਾਵੇ ਤਾਂ ,ਪ੍ਰਸ਼ਾਸਨ ਦੀ ਥੋੜ੍ਹੀ ਅਣਗਹਿਲੀ ਆਮ ਆਦਮੀ ਤੋ ਅਪਰਾਧੀ ਨੂੰ ਜਨਮ ਦਿੰਦੀ ਹੈ ।ਕਿਉਂਕਿ ਕਾਨੂੰਨ ਦੀਆਂ ਕੁਝ ਧਾਰਾਵਾਂ ਐਸੀਆਂ ਹੁੰਦੀਆਂ ਹਨ । ਜਿਹੜੀਆਂ ਸਾਧਾਰਨ ਆਦਮੀ ਦੀ ਆਤਮਾ ਨੂੰ ਐਸਾ ਝੰਜੋੜਦੀਆਂ ਹਨ ਕਿ ,ਆਦਮੀ ਦਾ ਅੰਦਰਲਾ ਅਤੀਤ ਭਾਵ ਉਸ ਨੂੰ ਚੈਨ ਨਾਲ ਨਹੀਂ ਬੈਠਣ ਦਿੰਦਾ ਕਿ ਮੈਂ ਕੀ ਸੀ ਅਤੇ ਮੈਨੂੰ ਕੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ? ਪਰ ਪ੍ਰਸ਼ਾਸਨ ਦੀ ਮਾੜੀ ਜਿਹੀ ਗ਼ਲਤੀ ਜਾਂ ਅਣਗਹਿਲੀ ਅਪਰਾਧੀ ਨੂੰ ਐਸਾ ਜਨਮ ਦੇਂਦੀ ਹੈ ,ਜਿਸ ਨੂੰ ਆਪਣੀ ਨਾਰਮਲ ਜ਼ਿੰਦਗੀ ਵਿਚ ਵਾਪਸ ਆਉਣਾ ਔਖਾ ਹੋ ਜਾਂਦਾ ਹੈ ।ਅਜਿਹੀ ਹੀ ਘਟਨਾ ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਕਾਮਲਵਾਲਾ ਵਿੱਚ ਵੇਖਣ ਨੂੰ ਮਿਲੀ । ਆਦਮੀ ਦਾ ਨਾਮ ਬਖਸ਼ੀਸ਼ ਸਿੰਘ ਪਿੰਡ ਕਾਮਲਵਾਲਾ ਚਾਰ ਬੱਚਿਆਂ ਦਾ ਬਾਪ ਸੱਠ ਸਾਲਾ ਬਖਸ਼ੀਸ਼ ਸਿੰਘ ਕਿਸੇ ਕਾਰਨ ਜ਼ਿੰਦਗੀ ਵਿਚ ਘਾਟੇ ਦਾ ਸ਼ਿਕਾਰ ਹੋ ਗਿਆ। ਪੈਸੇ ਖਰਚ ਕੀਤੇ, ਪ੍ਰੰਤੂ ਠੱਗੀ ਹੋਣ ਕਰਕੇ ਬਖਸ਼ੀਸ਼ ਸਿੰਘ ਦੇ ਪੈਸੇ ਡੁੱਬ ਗਏ । ਡੁੱਬਣ ਵਾਲੇ ਪੈਸਿਆ ਵਿਚੋਂ ਬਖਸ਼ੀਸ਼ ਸਿੰਘ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਬੇਟੇ ਦੇ ਸਹੁਰਿਆਂ ਤੋਂ ਵੀ ਲਏ ਸਨ। ਰਿਸ਼ਤਿਆਂ ਦਾ ਨਿੱਘ ਓਨੀ ਦੇਰੀ ਰਹਿੰਦਾ, ਜਿੰਨਾ ਚਿਰ ਵਿਸ਼ਵਾਸ ਹੋਵੇ ।ਵਿਸ਼ਵਾਸ ਖੁਸਣ ਬਾਅਦ ਤੂੰ ਕੌਣ ਤੇ ਮੈੈਂ ਕੌਣ ।

ਪ੍ਰੰਤੂ ਮੈਂ ਕਈ ਥਾਵਾ ਤੇ ਪ੍ਰਸਾਸ਼ਨ ਅਧਿਕਾਰੀ ਇਸ ਤਰ੍ਹਾਂ ਦੇ ਵੀ ਵੇਖੇ, ਰਿਸ਼ਤਾ ਟੁੱਟਣ ਦੀ ਕਗਾਰ ਤੇ ਹੁੰਦਾ ਹੈ। ਆਲਾ ਅਧਿਕਾਰੀ ਦੋਹਾਂ ਧਿਰਾਂ ਨੂੰ ਕੁਝ ਸਮਾਂ ਦਿੰਦਾ ਹੈ ।ਇਸ ਸਮੇਂ ਦੌਰਾਨ ਕਈ ਵਾਰ ਮੋਹ ਪਿਆਰ ਵਾਲੀਆਂ ਗੱਲਾਂ ਜਨਮ ਲੈਂਦੀਆਂ ਹਨ । ਰਿਸ਼ਤਾ ਟੁੱਟਣ ਤੋਂ ਬਚ ਜਾਂਦਾ ਹੈ । ਇਕ ਪ੍ਰਸ਼ਾਸਨ ਦਾ ਰੂਪ ਇਹ ਵੀ ਹੈ । ਪ੍ਰੰਤੂ ਮੌਜੂਦਾ ਹਾਲਾਤ ਇਹ ਹਨ ਕਿ, ਬਖਸ਼ੀਸ਼ ਸਿੰਘ ਆਪਣੇ ਬੇਟੇ ਦੇ ਸਾਲੇ ਤੋਂ ਉਧਾਰੇ ਲਏ ਕੁਝ ਪੈਸੇ ਵਾਪਸ ਨਾ ਕਰ ਸਕਿਆ। ਰਹਿ ਗਏ ਪੈਸਿਆਂ ਦੀ ਰੰਜਿਸ਼ ਕਾਰਨ ਜਿੱਥੇ ਬਖਸ਼ੀਸ਼ ਸਿੰਘ ਦਾ ਫ਼ੌਜੀ ਬੇਟਾ ਬਾਪ ਨਾਲੋਂ ਟੁੱਟ ਕੇ ਸਹੁਰਿਆਂ ਨਾਲ ਜਾ ਖੜ੍ਹਿਆ । ਉਥੇ ਸਾਲੇ ਤੇ ਜੀਜੇ ਨੇ ਗੰਢ ਤੁਪ ਕਰ ਕੇ ਕਿਸੇ ਅਗਿਆਤ ਔਰਤ ਤੋਂ ਥਾਣਾ ਗੁਰੂ ਹਰਸਹਾਏ ਵਿੱਚ ਬਿਆਨ ਦਿਵਾਇਆ ਕਿ, ਬਖਸ਼ੀਸ਼ ਸਿੰਘ ਦੇ ਛੋਟੇ ਬੇਟੇ ਨੇ ਮੇਰੇ ਨਾਲ ਬਲਾਤਕਾਰ ਕੀਤਾ । ਜੇਕਰ ਇਸ ਕੇਸ ਵਿੱਚ ਪ੍ਰਸ਼ਾਸਨਿਕ ਭੂਮਿਕਾ ਨੂੰ ਗਹੁ ਨਾਲ ਵੇਖਿਆ ਜਾਵੇ ਤਾ ਦਰਖਾਸਤ ਨੰਬਰ 112 ਮਿਤੀ 18 ਜੂਨ 2020 ਬਲਾਤਕਾਰ ਦੀ ਧਾਰਾ ਦੇ ਆਧਾਰ ਤੇ ਕੇਸ ਦਰਜ ਕੀਤਾ ਗਿਆ। ਜਿਸ ਵਿੱਚ ਲਿਖਿਆ ਕਿ ਕਾਰ ਵਿੱਚ ਦੋ ਜਣੇ ਸਵਾਰ ਹੋ ਕੇ ਸਡ਼ਕ ਤੇ ਖਡ਼੍ਹੀ ਮਹਿਲਾ ਨੂੰ ਲਿਫਟ ਦਿੰਦੇ ਹਨ ਤੇ ਫਿਰ ਬਖਸ਼ੀਸ ਸਿੰਘ ਦਾ ਛੋਟਾ ਲੜਕਾ ਲਿਫਟ ਲੈਣ ਵਾਲੀ ਮਹਿਲਾ ਨਾਲ ਬਲਾਤਕਾਰ ਕਰਦਾ ਹੈ ।ਹਨ੍ਹੇਰ ਸਾਈਂ ਦਾ ਕੀ ਇਹ ਪ੍ਰਸ਼ਾਸਨ ਦੀ ਭੂਮਿਕਾ ਹੈ ?

ਪ੍ਰਸ਼ਾਸਨ ਨੇ ਇਨਵੈਸਟੀਗੇਸ਼ਨ ਕੀ ਕੀਤਾ । ਔਰਤ ਦਾ ਕੋਈ ਥਹੁ ਪਤਾ ਕੀਤਾ । ਭਰੋਸੇਯੋਗ ਸੂਤਰਾਂ ਅਨੁਸਾਰ ਸਾਰਾ ਕੁਝ ਬਖਸ਼ੀਸ਼ ਸਿੰਘ ਦੇ ਪੈਸਿਆਂ ਕਾਰਨ ਹੋਇਆ । ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਔਰਤ ਪਹਿਲਾਂ ਬਖਸ਼ੀਸ਼ ਸਿੰਘ ਤੇ ਉਸ ਦੇ ਬੇਟੇ ਬਾਰੇ ਜਾਣਦੀ ਸੀ, ਜੇ ਨਹੀਂ ਤਾ ਲਿਫਟ ਦੇਣ ਵਾਲਿਆਂ ਬਾਰੇ ਕਿਵੇਂ ਪਤਾ ਲੱਗਾ ਕੇ ਉਹ ਕਾਮਲ ਵਾਲੇ ਦੇ ਵਾਸੀ ਹਨ ।ਬਲਾਤਕਾਰ ਪੀੜਤ ਨੂੰ ਕਿਵੇਂ ਪਤਾ ਕਿ ਇਨ੍ਹਾਂ ਲੋਕਾਂ ਦੇ ਨਾਮ ਕੀ ਹਨ ।ਹੈਰਾਨੀ ਦੀ ਗੱਲ ਇਹ ਹੈ ਕਿ ਕੀ ਕੋਈ ਅਪਰਾਧੀ, ਅਪਰਾਧ ਕਰਨ ਤੋਂ ਪਹਿਲਾਂ ਆਪਣਾ ਐਡਰੈੱਸ ਦੱਸਦਾ ਹੁੰਦਾ ਹੈ? ਜੂਨ 2020 ਉਸ ਵਕਤ ਕੋਰੋਨਾ ਕਾਲ ਚਰਮ ਸੀਮਾ ਤੇ ਸੀ । ਪ੍ਰਸ਼ਾਸਨ, ਦੇਸ਼ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਆਪਣੀ ਅੱਡੀ ਚੋਟੀ ਦੀ ਕੋਸ਼ਿਸ਼ ਕਰ ਰਿਹਾ ਸੀ।ਜਗ੍ਹਾ ਜਗ੍ਹਾ ਤੇ ਨਾਕੇ ਲੱਗੇ ਸਨ।ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਹਰ ਦੱਸ ਕਿਲੋਮੀਟਰ ਤੇ ਸੜਕ ਤੇ ਜਾਣ ਵਾਲੇ ਵਹੀਕਲ ਨੂੰ ਰੋਕ ਕੇ ਪੁੱਛਿਆ ਜਾਂਦਾ ਸੀ ।ਜਦ ਕੇ ਕਾਮਲਵਾਲਾ ਗੁਰੂਹਰਸਹਾਏ ਤੋਂ ਤਕਰੀਬਨ 70 ਕਿਲੋਮੀਟਰ ਦੀ ਦੂਰੀ ਤੇ ਹੈ ।ਫਿਰ ਵੀ, ਬਲਾਤਕਾਰ ਤੋਂ ਬਾਅਦ ਪੀਡ਼ਤ ਅੌਰਤ ਕਾਰ ਵਿਚੋਂ ਕਿੱਥੇ ਉਤਾਰੀ ਗਈ ?

ਕਾਰ ਵਿਚੋਂ ਉਤਾਰਨ ਮਗਰੋਂ ਕਿਸ ਬੰਦੇ ਨੂੰ ਮਿਲੀ । ਜਿਸਨੂੰ ਉਸ ਨੇ ਹੱਡਬੀਤੀ ਦੱਸੀ ਹੋਵੇਗੀ । ਜਿਸ ਨੇ ਹਸਪਤਾਲ ਪਹੁੰਚਾਇਆ ਹੋਵੇਗਾ । ਕਿਸ ਡਾਕਟਰ ਨੇ ਮੈਡੀਕਲ ਕੀਤਾ । ਘਰ ਤੋਂ ਬੇਘਰ ਹੋਏ ਬਖਸ਼ੀਸ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ਪ੍ਰਸ਼ਾਸਨ ਮੇਰੀ ਸੁਣਵਾਈ ਨਹੀਂ ਕਰ ਰਿਹਾ ।ਮੇਰੇ ਜਿਸ ਬੇਟੇ ਤੇ ਪਰਚਾ ਕਰਵਾਇਆ ਗਿਆ ਹੈ ,ਉਸ ਦਾ ਪਰਚਾ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਸ਼ਾਦੀ ਹੋਈ ਹੈ । ਬਖਸ਼ੀਸ਼ ਸਿੰਘ ਦੇ ਦੱਸਣ ਮੁਤਾਬਕ ਕੁੱਝ ਕੁ ਦਿਨ ਪਹਿਲਾਂ ,ਤਿੰਨ ਪੁਲੀਸ ਮੁਲਾਜ਼ਮ ਘਰ ਸਵਿਫਟ ਕਾਰ ਤੇ ਆਏ, ਜਿਨ੍ਹਾਂ ਵਿੱਚੋਂ ਇੱਕ ਦੇ ਮੋਢੇ ਤੇ ਦੋ ਸਟਾਰ ਅਤੇ ਦੋ ਦੇ ਮੋਢੇ ਤੇ ਇਕ ਸਟਾਰ ਸੀ । ਘਰ ਆਏ ਤਾਂ ਇਨ੍ਹਾਂ ਨੇ ਪੰਜ ਹਜ਼ਾਰ ਰੁਪਏ ਵੀ ਲਏ । ਇਹ ਰੁਪਏ ਪੰਜ ਸੌ, ਦੋ ਸੌ ਅਤੇ ਸੌ ਦੇ ਨੋਟਾਂ ਵਿੱਚ ਸਨ । ਪਹਿਲਾਂ ਕਹਿਣ ਲੱਗੇ ਕਿ ਅਸੀਂ ਸ਼ਰਨਜੀਤ ਸਿੰਘ ਨੂੰ ਨਹੀ ਲਿਜਾਵਾਂਗੇ । ਸਾਨੂੰ ਪੈਸੇ ਦੇ ਦਿਓ । ਪੈਸੇ ਲੈਣ ਮਗਰੋਂ ਕਹਿਣ ਲੱਗੇ ਕਿ ਮੋਬਾਇਲ ਵਿਚ ਲੁਕੇਸ਼ਨ ਆਉਣ ਕਰਕੇ ਅਸੀਂ ਇਸ ਨੂੰ ਛੱਡ ਕੇ ਨਹੀਂ ਜਾ ਸਕਦੇ ।

ਇਹ ਮੁਲਾਜ਼ਮ ਪੈਸੇ ਵੀ ਲੈ ਗਏ ਤੇ ਲੜਕੇ ਨੂੰ ਵੀ ਨਾਲ ਲੈ ਗਏ । ਜਦੋ ਜਿਦ ਕੀਤੀ ਕੇ ਪੈਸੇ ਤੁਸੀਂ ਲੈ ਲਏ ਹੁਣ ਲੜਕਾ ਕਿਉ ਲਿਜਾ ਰਹੇ ਉ । ਤਕਰਾਰ ਹੋਣ ਤੇ ਬਖਸ਼ੀਸ਼ ਸਿੰਘ ਸਮੇਤ ਕਾਫੀ ਬੰਦਿਆਂ ਦਾ ਇੱਕ ਹੋਰ ਪਰਚਾ ਕਰ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਅਨੁਸਾਰ ਉਸ ਅੌਰਤ ਦਾ ਪਹਿਲਾ ਵੀ ਰਿਕਾਰਡ ਬਲੈਕ ਮੇਲਿੰਗ ਦਾ ਹੈ । ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਨਾਰਮਲ ਜ਼ਿੰਦਗੀ ਜਿਊਣ ਵਾਲੇ ਆਦਮੀ ਨੂੰ ਦੋ ਕੇਸਾਂ ਵਿਚ ਅਪਰਾਧੀ ਬਣਾ ਕੇ ਖੜ੍ਹਾ ਕਰਨਾ, ਕੀ ਪ੍ਰਸ਼ਾਸਨ ਦੀ ਇਹ ਭੂਮਿਕਾ ਕਿੱਥੋਂ ਤਕ ਜਾਇਜ਼ ਹੈ ?ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿੱਚੋਂ ਜਨਮੇ ਅਪਰਾਧੀ ਦਾ ਅਗਲਾ ਸਮਾਂ ਕਿਹੋ ਜਿਹਾ ਹੋਵੇਗਾ ।ਸਰਕਾਰਾਂ ਨੂੰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨੇਕ ਨੀਤੀ ਦਾ ਜਿੱਥੇ ਇਨਾਮ ਦੇਣਾ ਬਣਦਾ ਹੈ । ਉਥੇ ਕਾਨੂੰਨ ਦੀ ਗਲਤ ਵਰਤੋਂ ਕਰਦਿਆਂ ਕਿਸੇ ਦੀ ਜ਼ਿੰਦਗੀ ਨੂੰ ਗ਼ਲਤ ਦਿਸ਼ਾ ਦੇ ਦੇਣੀ ਵੀ ਕਿਸੇ ਅਪਰਾਧ ਤੋਂ ਘੱਟ ਨਹੀਂ । ਉਸ ਦੀ ਛਾਣਬੀਣ ਕਰਕੇ ਅਜਿਹੇ ਅਧਿਕਾਰੀਆਂ ਨੂੰ ਸਜ਼ਾ ਦਾ ਪ੍ਰਾਵਧਾਨ ਹੋਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।

ਬਾਬਾ ਹਰਸਾ ਸਿੰਘ
7087907513

ਇਹ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ ਅਤੇ ਜ਼ਰੂਰੀ ਨਹੀਂ ਕਿ ਅਦਾਰਾ ਇਨਾਂ ਵਿਚਾਰਾਂ ਨਾਲ ਸਹਿਮਤ ਹੀ ਹੋਵੇ। 

Post a Comment

0 Comments