ਸੰਪਾਦਕੀ: ਕਿਸਾਨ ਹਮਾਇਤੀ ਮੀਆਂ ਖ਼ਲੀਫ਼ਾ ਵਿਰੁੱਧ ਓਹ ਲੋਕ, ਜਿਹੜੇ ਖ਼ੁਦ ਨੇ ਭਗੌੜੇ/-ਗੁਰਪ੍ਰੀਤ


12125

ਹਾਕਮ ਤੋਂ ਨਾ ਡਰਨ ਵਾਲੀ ਕਿਸਾਨ ਦੇ ਹੱਕ ਵਿੱਚ ਖੜਨ ਵਾਲੀ ਮੀਆਂ ਖ਼ਲੀਫ਼ਾ

27 ਸਾਲਾ ਮੀਆਂ ਖ਼ਲੀਫ਼ਾ ਕੁੱਝ ਮਹੀਨੇ ਪੋਰਨ ਇੰਡਸਟਰੀ ਵਿੱਚ ਕੱਟ ਕੇ, ਬੇਸ਼ੱਕ ਆਪਣੇ ਆਪ ਨੂੰ ਬੇਰੁਜ਼ਗਾਰ ਮਹਿਸੂਸ ਕਰ ਰਹੀ ਹੈ। ਪਰ ਉਹਦੇ ਦੁਆਰਾ ਚੁੱਕੇ ਗਏ ਕਦਮਾਂ ਨੂੰ ਦੁਨੀਆ ਦੇ ਕਈ ਲੋਕ ਸਲਾਮ ਕਰਦੇ ਹਨ। ਕਹਿੰਦੇ ਹਨ ਕਿ ਮੀਆਂ ਖ਼ਲੀਫ਼ਾ ਨੇ ਹੁਣ ਤੱਕ ਅਨੇਕਾਂ ਹੀ ਸਮਾਜ ਸੇਵੀ ਕਾਰਜ ਕੀਤੇ ਹਨ, ਜਿਨ੍ਹਾਂ ਦੀ ਸ਼ਲਾਘਾ ਹੁੰਦੀ ਰਹਿੰਦੀ ਹੈ। ਜੇਕਰ ਤਾਜ਼ਾ ਘਟਨਾ ਕ੍ਰਮ ਦੀ ਗੱਲ ਕਰੀਏ ਤਾਂ, ਕਿਸਾਨਾਂ ਦੀ ਹਮਾਇਤ ਵਿੱਚ ਮੀਆਂ ਖ਼ਲੀਫ਼ਾ ਆ ਚੁੱਕੀ ਹੈ। ਮੀਆਂ ਖ਼ਲੀਫ਼ਾ ਦੇ ਵਿਰੁੱਧ ਉਹ ਲੋਕ ਪ੍ਰਦਰਸ਼ਨ ਦੇ ਵਿੱਚ ਜੁੱਟ ਚੁੱਕੇ ਹਨ, ਜਿਹੜੇ ਖ਼ੁਦ ਭਗੌੜੇ ਹਨ। ਭਗੌੜਿਆਂ ਤੋਂ ਭਾਵ ਕਿ, ਓਹ ਲੋਕ ਮੀਆਂ ਦੇ ਵਿਰੁੱਧ ਬੋਲ ਰਹੇ ਹਨ, ਜਿਨ੍ਹਾਂ ਨੂੰ ਖ਼ੁਦ ਆਪਣੇ ਬਾਰੇ ਹੀ ਨਹੀਂ ਪਤਾ ਅਤੇ ਉਹ ਆਪਣੀ ਜ਼ਿੰਦਗੀ ਤੋਂ ਹੀ ਭਗੌੜੇ ਹੋਏ ਬੈਠੇ ਹਨ। ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਮੀਆਂ ਖ਼ਲੀਫ਼ਾ, ਰਿਹਾਨਾ, ਗ੍ਰੇਟਾ ਥਨਬਰਗ ਤੋਂ ਇਲਾਵਾ ਮੀਨਾ ਹੈਰਿਸ ਦੇ ਵਿਰੁੱਧ ਤਿੱਖੀ ਸ਼ਬਦਾਵਲੀ ਬੋਲਣ ਅਤੇ ਇਨ੍ਹਾਂ ਮਹਾਨ ਹਸਤੀਆਂ ਦੀਆਂ ਤਸਵੀਰਾਂ ਸਾੜਨ ਵਾਲਿਆਂ ਦੇ ਵਿੱਚ ਸਭ ਤੋਂ ਅੱਗੇ ਇੱਕ ਸਮੂਹ ਜੋ ਆਪਣੇ ਆਪ ਨੂੰ ਯੂਨਾਈਟਿਡ ਹਿੰਦੂ ਫ਼ਰੰਟ ਕਹਿੰਦਾ ਹੈ, ਜੋ ਇਹ ਨਾਅਰਾ ਲਗਾਉਂਦੇ ਹੋਇਆ ਸੁਣਿਆ ਜਾ ਸਕਦਾ ਹੈ ਕਿ ”ਦੇਸ਼ ਦੇ ਗੱਦਾਰੋਂ ਕੋ ਗੋਲੀ ਮਾਰੋ…. ਕੋ..!”

ਵੈਸੇ, ਜਿਨ੍ਹਾਂ ਵਿਦੇਸ਼ੀ ਹਸਤੀਆਂ ਦੀਆਂ ਤਸਵੀਰਾਂ ਸਾੜ ਕੇ, ਯੂਨਾਈਟਿਡ ਹਿੰਦੂ ਫ਼ਰੰਟ ਵਿਰੋਧ ਕਰਦਿਆਂ ਹੋਇਆ ਇਹ ਨਾਅਰਾ ਲਗਾ ਰਿਹਾ ਹੈ ਕਿ, ”ਦੇਸ਼ ਦੇ ਗੱਦਾਰੋਂ ਕੋ ਗੋਲੀ ਮਾਰੋ…. ਕੋ..!”, ਉਨ੍ਹਾਂ ਨੂੰ ਇਹ ਗੱਲ ਦਾ ਗਿਆਨ ਹੀ ਨਹੀਂ ਕਿ, ਜਿਨ੍ਹਾਂ ਹਸਤੀਆਂ ਦਾ ਉਹ ਵਿਰੋਧ ਕਰ ਰਹੇ ਹਨ, ਉਹ ਕਿੱਥੋਂ ਦੀਆਂ ਰਹਿਣ ਵਾਲੀਆਂ ਹਨ? ਦੱਸਦੇ ਚੱਲੀਏ ਕਿ, ਲੋਕ ਮੁੱਦਿਆਂ ਤੋਂ ਭਟਕਿਆਂ ਇਹ ਫ਼ਰੰਟ ਹਮੇਸ਼ਾ ਹੀ ਐਵੇਂ ਰੌਲਾ ਪਾਉਂਦਾ ਰਹਿੰਦਾ ਹੈ ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਫ਼ਰੰਟ ਆਰਐਸਐਸ ਅਤੇ ਭਾਜਪਾ ਦੇ ਅਧੀਨ ਕੰਮ ਕਰਦਾ ਹੈ। ਇਸ ਗੱਲ ਤੋਂ ਸਾਫ਼ ਹੋ ਜਾਂਦਾ ਹੈ ਕਿ ਯੂਨਾਈਟਿਡ ਹਿੰਦੂ ਫ਼ਰੰਟ, ਜਿਸ ਦੀ ਸ਼ਹਿ ‘ਤੇ ਅਜਿਹਾ ਕੁੱਝ ਕਰ ਰਿਹਾ ਹੈ। ਇਸ ਵੇਲੇ ਮੀਆਂ ਖ਼ਲੀਫ਼ਾ ਦੇ ਵਿਰੁੱਧ ਬੋਲਣਾ, ਆਪਣੇ ਆਪ ਨੂੰ ਗਲ ਸਿਆਪਾ ਪਵਾਉਣ ਵਾਲਾ ਕੰਮ ਭਗਤ ਲੋਕ ਕਰ ਰਹੇ ਹਨ। ਵੈਸੇ, ਭਗਤਾਂ ਦਾ ਕੀ ਐ, ਇਹ ਤਾਂ ਐਵੇਂ ਹੀ ਜਣੇ ਖਣੇ ਮੁੱਦੇ ‘ਤੇ ਝੰਡਾ ਚੁੱਕ ਖਲੋਂਦੇ ਨੇ। ਮੀਆਂ ਖ਼ਲੀਫ਼ਾ ਦੇ ਚਰਿੱਤਰ ‘ਤੇ ਉਂਗਲੀ ਚੁੱਕਣ ਤੋਂ ਪਹਿਲੋਂ ‘ਭਗਤੋ ਜਣੋ’ ਆਪਣੇ ਅੰਦਰ ਵੀ ਝਾਤੀ ਮਾਰ ਲਿਆ ਜੇ…! ਜਿਹੜੀ ਗੰਦਗੀ ਤੁਹਾਡੇ ਦਿਮਾਗ਼ ਵਿੱਚ ਇਸ ਵੇਲੇ ਭਰੀ ਪਈ ਹੈ, ਉਹ ਮੀਆਂ ਖ਼ਲੀਫ਼ਾ ਵਰਗੀਆਂ ਕੁੜੀਆਂ ਨੇ ਕਦੇ ਦੀ ਪਰਾਂ ਸੁੱਟ ਕੇ ਮਾਰੀ ਹੋਈ ਹੈ।

ਤਿੰਨ ਚਾਰ ਮਹੀਨੇ ਮੀਆਂ ਨੇ ਪੋਰਨ ਇੰਡਸਟਰੀ ਦੇ ਵਿੱਚ ਕੰਮ ਕੀਤਾ। 2015 ਦੇ ਵਿੱਚ ਉਸ ਨੇ ਪੋਰਨ ਇੰਡਸਟਰੀ ਛੱਡ ਦਿੱਤੀ। ਪਿਛਲੇ ਸਮੇਂ ਵਿੱਚ ਅੰਤਰਰਾਸ਼ਟਰੀ ਮੀਡੀਆ ਅਦਾਰੇ ਨੇ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਮੀਆਂ ਦੇ ਬੇਰੁਜ਼ਗਾਰ ਹੋਣ ਦੇ ਬਾਰੇ ਦੱਸਿਆ ਸੀ ਅਤੇ ਕਿਹਾ ਸੀ ਕਿ ਮੀਆਂ ਕੋਲ ਖਾਣਾ ਖਾਣ ਲਈ ਵੀ ਪੂਰੇ ਪੈਸੇ ਨਹੀਂ ਹਨ। ਮੀਡੀਆ ਰਿਪੋਰਟ ਦੇ ਮੁਤਾਬਿਕ ਹੁਣ ਮੀਆਂ ਨੇ ਕੋਈ ਆਪਣਾ ਬਿਜ਼ਨੈੱਸ ਸ਼ੁਰੂ ਕਰਿਆ ਹੋਇਆ ਹੈ। ਖ਼ੈਰ, ਮੀਆਂ ਖ਼ਲੀਫ਼ਾ ਕੌਣ ਹੈ, ਇਹਦੇ ਬਾਰੇ ਵਿੱਚ ਤਾਂ ਜ਼ਿਆਦਾ ਡਿਟੇਲ ਵਿੱਚ ਜਾਣ ਦੀ ਜ਼ਰੂਰਤ ਨਹੀਂ, ਕਿਉਂਕਿ ਜਿਸ ਦੇ ਹੱਥ ਵਿੱਚ ਮੋਬਾਈਲ ਫ਼ੋਨ ਹੈ, ਉਹਨੂੰ ਸਭ ਪਤਾ ਹੈ ਕਿ ਮੀਆਂ ਕੌਣ ਹੈ? ਮੀਆਂ ਦੇ ਜੀਵਨ ਬਾਰੇ ਅਸੀਂ ਅੱਜ ਗੱਲ ਨਹੀਂ ਕਰਾਂਗੇ, ਸਗੋਂ ਉਹਦੇ ਦੁਆਰਾ ਦਿੱਤੇ ਜਾ ਰਹੇ ਕਿਸਾਨਾਂ ਨੂੰ ਸਮਰਥਨ ਸਬੰਧੀ ਅਸੀਂ ਅੱਜ ਗੱਲ ਕਰਾਂਗੇ। ਕਿਸਾਨਾਂ ਦਾ ਪ੍ਰਦਰਸ਼ਨ ਪਿਛਲੇ ਕੋਈ ਸਵਾ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਜਾਰੀ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੰਗ ਹੈ ਕਿ ਦੇਸ਼ ਉਜਾੜੂ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਰੱਦ ਕਰੇ, ਪਰ ਮੋਦੀ ਸਰਕਾਰ ਕਿਸਾਨਾਂ ਦੀ ਇਹ ਮੰਗ ਮੰਨਣ ਲਈ ਤਿਆਰ ਨਹੀਂ, ਜਿਸ ਦੇ ਕਾਰਨ ਕਿਸਾਨਾਂ ਦੇ ਵਿੱਚ ਕਾਫ਼ੀ ਜ਼ਿਆਦਾ ਰੋਹ ਵਧਦਾ ਜਾ ਰਿਹਾ ਹੈ।

ਮੀਆਂ ਖ਼ਲੀਫ਼ਾ ਪਿਛਲੇ ਦਿਨੀਂ ਹੀ ਕਿਸਾਨਾਂ ਦੇ ਹੱਕ ਵਿੱਚ ਉੱਤਰੀ ਸੀ ਅਤੇ ਉਨ੍ਹਾਂ ਨੇ ਟਵੀਟ ਜ਼ਰੀਏ ਕਿਸਾਨਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ। ਮੀਆਂ ਤੋਂ ਪਹਿਲੋਂ ਪੌਪ ਸਟਾਰ ਰਿਹਾਨਾ, ਵਾਤਾਵਰਨ ਐਕਟੀਵਿਟਸ ਗ੍ਰੇਟਾ ਥਨਬਰਗ, ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਅਤੇ ਹੋਰ ਵਿਦੇਸ਼ੀ ਹਸਤੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਹਾਂਅ ਦਾ ਨਾਅਰਾ ਮਾਰਿਆ ਸੀ। ਕਿਸਾਨਾਂ ਦੇ ਹੱਕ ਵਿੱਚ ਜਦੋਂ ਤੋਂ ਇਹ ਵਿਦੇਸ਼ੀ ਹਸਤੀਆਂ ਆਈਆਂ ਹਨ ਤਾਂ, ਭਾਰਤੀ ਬਾਲੀਵੁੱਡ ਸਤਾਰੇ ਵੀ ਉੱਠ ਖੜ੍ਹੇ ਹਨ ਅਤੇ ਕਿਸਾਨਾਂ ਦੀ ਬਿਜਾਏ, ਮੋਦੀ ਸਰਕਾਰ ਦਾ ਸਾਥ ਦਿੰਦੇ ਹੋਏ ਵਿਦੇਸ਼ੀ ਹਸਤੀਆਂ ਦੇ ਖ਼ਿਲਾਫ਼ ਹੀ ਟਵੀਟ ਕਰਨ ਦੇ ਵਿੱਚ ਰੁੱਝ ਗਏ ਹਨ। ਭਾਜਪਾ ਭਗਤਣੀ ਕੰਗਣਾ ਲਗਾਤਾਰ ਕਿਸਾਨਾਂ ਦੇ ਵਿਰੁੱਧ ਟਵੀਟ ਕਰ ਰਹੀ ਹੈ, ਪਰ ਕੰਗਣਾ ਨੂੰ ਮੂੰਹ ਤੋੜਵਾਂ ਜਵਾਬ ਬਹੁਤ ਸਾਰੇ ਸਾਡੇ ਕਿਸਾਨ ਹਮਾਇਤੀ ਸਿਤਾਰੇ ਦੇ ਰਹੇ ਹਨ। ਇਨ੍ਹਾਂ ਸਿਤਾਰਿਆਂ ਦੇ ਵਿੱਚ ਸਭ ਤੋਂ ਮੂਹਰਲੇ ਬੰਨੇ ਦਲਜੀਤ ਦੁਸਾਂਝ ਅਤੇ ਪ੍ਰਿੰਯਕਾ ਚੋਪੜਾ ਹਨ, ਜਿਨ੍ਹਾਂ ਨੇ ਸਭ ਤੋਂ ਪਹਿਲੋਂ ਕਿਸਾਨਾਂ ਦੇ ਹੱਕ ਵਿੱਚ ਖੜਦਿਆਂ ਹੋਇਆ ਅਨੇਕਾਂ ਟਵੀਟ ਕੀਤੇ ਸਨ ਅਤੇ ਕਿਸਾਨ ਮੋਰਚੇ ਦੀ ਜ਼ਬਰਦਸਤ ਹਮਾਇਤ ਵੀ ਕੀਤੀ ਸੀ।

ਵੈਸੇ, ਸਾਡੇ ਮੁਲਕ ਦੇ ਅੰਦਰ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਖ਼ਿਲਾਫ਼ ਰੋਹ ਵਧਦਾ ਜਾ ਰਿਹਾ ਹੈ ਅਤੇ ਇਸ ਰੋਹ ਦੇ ਵਿੱਚ ਭਾਜਪਾਈ ਸਭ ਤੋਂ ਅੱਗੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਿਦੇਸ਼ੀ ਹਸਤੀਆਂ ਦੇ ਕਿਸਾਨਾਂ ਦੇ ਹੱਕ ਵਿੱਚ ਆਏ ਟਵੀਟ ‘ਤੇ ਬੋਲ ਰਹੇ ਹਨ, ਜਦੋਂਕਿ ਕਿਸਾਨੀ ਮੁੱਦਿਆਂ ‘ਤੇ ਮੋਦੀ ‘ਮੂੰਹ’ ਬੰਦ ਕਰਕੇ ਤਮਾਸ਼ਾ ਵੇਖ ਰਹੇ ਹਨ। ਜਾਣਕਾਰੀ ਲਈ ਦੱਸ ਦਈਏ ਕਿ ਇੱਕ ਸਮੂਹ ਜੋ ਆਪਣੇ ਆਪ ਨੂੰ ਯੂਨਾਈਟਿਡ ਹਿੰਦੂ ਫਰੰਟ ਕਹਿੰਦਾ ਹੈ, ਉਸਨੇ 4 ਫਰਵਰੀ ਨੂੰ ਦਿੱਲੀ ਵਿੱਚ ਇੱਕ ਮੁਜ਼ਾਹਰਾ ਕੀਤਾ, ਜਿੱਥੇ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਰਿਹਾਨਾ, ਗ੍ਰੇਟਾ ਤੋਂ ਇਲਾਵਾ ਮੀਆਂ ਖ਼ਲੀਫ਼ਾ ਦੀਆਂ ਤਸਵੀਰਾਂ ਸਾੜੀਆਂ। ਵੇਖਿਆ ਜਾਵੇ ਤਾਂ, ਇਸ ਵੇਲੇ ਜਿਹੜਾ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਕਦਮ ਰੱਖਦਾ ਹੈ, ਉਹਨੂੰ ਭਾਜਪਾਈ ਅਤੇ ਇਨ੍ਹਾਂ ਦੇ ਭਗਤ ਦੇਸ਼ ਵਿਰੋਧੀ, ਅੱਤਵਾਦੀ ਅਤੇ ਵੱਖਵਾਦੀ ਸਾਬਤ ਕਰ ਹੀ ਦਿੰਦੇ ਹਨ। ਜਿਸ ਹਿਸਾਬ ਦੇ ਨਾਲ ਮੀਆਂ ਖ਼ਲੀਫ਼ਾ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਖੜਦੇ ਹੋਏ ਟਵੀਟ ਕਰ ਰਹੀ ਹੈ, ਉਹਦੇ ਤੋਂ ਸਾਫ਼ ਹੋ ਜਾਂਦਾ ਹੈ ਕਿ ਉਹ ਮੋਦੀ ਸਰਕਾਰ ਤੋਂ ਡਰਨ ਵਾਲੀ ਨਹੀਂ।

ਹਾਕਮ ਤੋਂ ਨਾ ਡਰਨ ਵਾਲੀ ਕਿਸਾਨ ਦੇ ਹੱਕ ਵਿੱਚ ਖੜਨ ਵਾਲੀ ਮੀਆਂ ਖ਼ਲੀਫ਼ਾ ਦੀ ਪ੍ਰਸ਼ੰਸਾ ਇਸ ਵੇਲੇ ਕਿਸਾਨ ਕਰ ਰਹੇ ਹਨ ਅਤੇ ਉਹ ਮੀਆਂ ਖ਼ਲੀਫ਼ਾ ਦੇ ਨਾਲ ਨਾਲ ਰਿਹਾਨਾ, ਗ੍ਰੇਟਾ ਥਨਬਰਗ, ਮੀਨਾ ਹੈਰਿਸ ਵਰਗੀਆਂ ਕੁੜੀਆਂ ਦਾ ਧੰਨਵਾਦ ਕਰ ਰਹੇ ਹਨ। ਦੱਸਣਾ ਬਣਦਾ ਹੈ, ਕਿ ਵਿਦੇਸ਼ੀ ਮਸ਼ਹੂਰ ਹਸਤੀਆਂ ਲਗਾਤਾਰ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕਰ ਰਹੀਆਂ ਹਨ। ਭਾਰਤ ਵਿੱਚ ਹੁਣ ਮੀਆਂ ਖ਼ਲੀਫ਼ਾ ਅਤੇ ਰਿਹਾਨਾ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪ੍ਰਦਰਸ਼ਨਕਾਰੀ ਮੀਆਂ ਖ਼ਲੀਫ਼ਾ ਨੂੰ ਉਸਦੇ ਪੋਰਨ ਅਤੀਤ ਲਈ ਨਿਸ਼ਾਨਾ ਬਣਾ ਰਹੇ ਹਨ। ਮੀਆਂ ਨੇ ਇਸ ‘ਤੇ ਲੋਕਾਂ ਖ਼ਿਲਾਫ਼ ਆਪਣੀ ਨਾਰਾਜ਼ਗੀ ਜਾਹਰ ਕੀਤੀ ਹੈ। ਦੱਸ ਦਈਏ ਕਿ ਮੀਆਂ ਦੇ ਖ਼ਿਲਾਫ਼ ਉਹ ਹੀ ਲੋਕ ਬੋਲ ਰਹੇ ਹਨ, ਜਿਹੜੇ ਲੋਕ ਕਿਸਾਨ ਵਿਰੋਧੀ ਹਨ। ਕਿਸਾਨ ਵਿਰੋਧੀ ਕੌਣ ਹੈ, ਅਸੀਂ ਸਭ ਜਾਣਦੇ ਹਾਂ। ਭਾਜਪਾ ਸਭ ਤੋਂ ਵੱਧ ਕਿਸਾਨ ਵਿਰੋਧੀ ਪਾਰਟੀ ਇਸ ਵਕਤ ਬਣੀ ਪਈ ਹੈ, ਜੋ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ। ਮੀਆਂ ਵਰਗੀਆਂ ਕੁੜੀਆਂ ਜਦੋਂ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ ਤਾਂ, ਭਾਜਪਾਈ ਉਨ੍ਹਾਂ ਦਾ ਵੀ ਵਿਰੋਧ ਕਰ ਰਹੇ ਹਨ।

ਹੁਣ ਤੱਕ ਅਨੇਕਾਂ ਹੀ ਹਮਲੇ ਕਿਸਾਨਾਂ ‘ਤੇ ਹੋ ਚੁੱਕੇ ਹਨ ਅਤੇ 26 ਜਨਵਰੀ ਵਾਲੇ ਮਾਮਲੇ ਵਿੱਚ ਕਿਸਾਨਾਂ ‘ਤੇ ਨਿੱਤ ਨਵੀਆਂ ਕਾਰਵਾਈਆਂ ਸਰਕਾਰ ਦੁਆਰਾ ਪਾਈਆਂ ਜਾ ਰਹੀਆਂ ਹਨ। ਕਿਸਾਨ ਮੋਰਚੇ ਨੂੰ ਤਾਰਪੀਡੋ ਕਰਨ ਲਈ ਨਿੱਤ ਨਵੀਂ ਕੋਸ਼ਿਸ਼ ਚੱਲ ਰਹੀ ਹੈ, ਜਿਸਨੂੰ ਕਿਸਾਨ ਫ਼ੇਲ੍ਹ ਕਰ ਰਹੇ ਹਨ। ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਇਸ ਵੇਲੇ ਕਿਸਾਨਾਂ ਦੀ ਹਮਾਇਤ ਵਿੱਚ ਉੱਤਰ ਆਏ ਹਨ, ਕਿਉਂਕਿ ਕਿਸਾਨ ਆਪਣਾ ਹੱਕ ਮੰਗ ਰਹੇ ਹਨ, ਜੋ ਸਰਕਾਰ ਦੇ ਨਹੀਂ ਰਹੀ। ਸਰਕਾਰ ਕਿਸਾਨਾਂ ‘ਤੇ ਧੱਕੇ ਦੇ ਨਾਲ ਕਾਲੇ ਕਾਨੂੰਨ ਥੋਪ ਰਹੀ ਹੈ, ਜਿਸ ਦਾ ਕਿਸਾਨ ਵਿਰੋਧ ਕਰ ਰਹੇ ਹਨ। ਬਜ਼ੁਰਗ ਮਾਵਾਂ ਅਤੇ ਬਜ਼ੁਰਗ ਬਾਪੂਆਂ ਦੀਆਂ ਫ਼ੋਟੋਆਂ ਇਸ ਵੇਲੇ ਵਿਦੇਸ਼ੀ ਹਸਤੀਆਂ ਵਾਇਰਲ ਕਰਕੇ ਇਨਸਾਫ਼ ਦੀ ਮੰਗ ਕਰ ਰਹੀਆਂ ਹਨ ਅਤੇ ਕਿਸਾਨ ਮੋਰਚੇ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨੀ ਮੋਰਚੇ ਨੂੰ ਲੈ ਕੇ ਲਗਾਤਾਰ ਟਵੀਟ ਮੀਨਾ ਹੈਰਿਸ, ਵਾਤਾਵਰਣ ਕਾਰਕੁਨ ਗ੍ਰੇਟਾ ਥੰਨਬਰਗ, ਅਮਰੀਕੀ ਪੌਪ ਸਟਾਰ ਰਿਹਾਨਾ ਅਤੇ ਸਾਬਕਾ ਪੋਰਨ ਸਟਾਰ ਮੀਆਂ ਖ਼ਲੀਫ਼ਾ ਤੋਂ ਇਲਾਵਾ ਹੋਰ ਕਈ ਵਿਦੇਸ਼ੀ ਹਸਤੀਆਂ ਕਰ ਰਹੀਆਂ ਹਨ।

ਜਾਣਕਾਰੀ ਦੇ ਮੁਤਾਬਿਕ, ਜਦੋਂ ਲੇਬਨਾਨੀ-ਅਮਰੀਕੀ ਸਾਬਕਾ ਪੋਰਨ-ਸਟਾਰ ਮੀਆਂ ਖ਼ਲੀਫ਼ਾ ਨੇ ਭਾਰਤ ਵਿੱਚ ਕਿਸਾਨੀ ਵਿਰੋਧ ਪ੍ਰਦਰਸ਼ਨ ਦੇ ਹੱਕ ਵਿੱਚ ਟਵੀਟ ਕੀਤਾ, ਜਿਸ ਤੋਂ ਬਾਅਦ ਲੋਕਾਂ ਨੇ ਉਸ ਦਾ ਸਖ਼ਤ ਵਿਰੋਧ ਕੀਤਾ। ਇਸ ਤੋਂ ਬਾਅਦ ਮੀਆਂ ਖ਼ਲੀਫ਼ਾ ਨੇ ਲੰਘੇ ਸ਼ੁੱਕਰਵਾਰ ਨੂੰ ਇਸ ਸਬੰਧ ਵਿੱਚ ਦੁਬਾਰਾ ਟਵੀਟ ਕੀਤਾ ਅਤੇ ਕਿਹਾ ਕਿ ਉਹ ਆਪਣੇ ਪੱਖ ਤੋਂ ਨਹੀਂ ਝੁਕੇਗੀ। ਮਤਲਬ ਕਿ, ਖ਼ਲੀਫ਼ਾ ਦਾ ਸਾਫ਼ ਸ਼ਬਦਾਂ ਵਿੱਚ ਇਹ ਹੀ ਕਹਿਣਾ ਹੈ ਕਿ ਉਹ ਕਿਸਾਨ ਦੇ ਹੱਕ ਵਿੱਚ ਖੜ੍ਹੀ ਹੋਈ ਹੈ ਅਤੇ ਖੜ੍ਹੀ ਰਹੇਗੀ। ਮੀਆਂ ਖ਼ਲੀਫ਼ਾ ਨੇ ਟਵਿੱਟਰ ‘ਤੇ ਆਪਣੇ ਅਤੇ ਗ੍ਰੇਟਾ ਥੰਨਬਰਗ ਖ਼ਿਲਾਫ਼ ਹੋਏ ਵਿਰੋਧ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿੱਚ, ਪ੍ਰਦਰਸ਼ਨਕਾਰੀ ਤਖ਼ਤੀਆਂ ਫੜ੍ਹ ਕੇ ਵਿਰੋਧ ਕਰ ਰਹੇ ਹਨ ਅਤੇ ਤਖ਼ਤੀਆਂ ‘ਤੇ ਲਿਖਿਆ ਹੋਇਆ ਹੈ ਕਿ ”ਮੀਆਂ ਖ਼ਲੀਫ਼ਾ ਨੂੰ ਹੋਸ਼ ਆ ਗਈ।” ਇਸ ਲਾਈਨ ਦੇ ਜਰੀਏ, ਉਨ੍ਹਾਂ ਦੇ ਪੋਰਨ ਅਤੀਤ ‘ਤੇ ਵਿਅੰਗ ਕੀਤਾ ਗਿਆ ਹੈ। ਮੀਆਂ ਨੇ ਆਪਣੇ ਟਵੀਟ ਵਿੱਚ ਲਿਖਿਆ, ”ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ, ਕਿ ਮੈਂ ਸੱਚਮੁੱਚ ਸੁਚੇਤ ਹਾਂ ਅਤੇ ਤੁਹਾਡੀ ਚਿੰਤਾਂ ਲਈ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ, ਭਾਵੇਂ ਇਹ ਬੇਲੋੜਾ ਵੀ ਹੋਵੇ। ਮੈਂ ਫਿਰ ਵੀ ਕਿਸਾਨਾਂ ਦੇ ਨਾਲ ਖੜ੍ਹੀ ਹਾਂ।”

ਲੰਘੇ ਹਫ਼ਤੇ ਦੇ ਸ਼ੁਰੂ ਵਿੱਚ, ਮੀਆਂ ਖ਼ਲੀਫ਼ਾ ਨੇ ਟਵੀਟ ਕੀਤਾ ਸੀ ਕਿ, ”ਕੀ ਇਹ ਕਿਸ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ? ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਦੇ ਆਸਪਾਸ ਇੰਟਰਨੈਟ ਕੱਟ ਦਿੱਤਾ ਗਿਆ ਹੈ।” ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ, ਮੀਨਾ ਹੈਰਿਸ ਅਤੇ ਗ੍ਰੇਟਾ ਥੰਨਬਰਗ ਨੇ ਵੀ ਪਹਿਲਾਂ ਕਿਸਾਨਾਂ ਦੇ ਸਮਰਥਨ ਵਿੱਚ ਟਵੀਟ ਕੀਤਾ ਸੀ। ਮੀਆਂ ਖ਼ਲੀਫ਼ਾ ਦੇ ਵਿਰੁੱਧ ਬੋਲਣ ਵਾਲਿਆਂ ਨੂੰ ਵੈਸੇ, ਇਸ ਵੇਲੇ ਜਰ੍ਹਾਂ ਕੁ ਉਹਦੀ ਵਿੱਕੀਪੀਡੀਆ ਪ੍ਰੋਫ਼ਾਈਲ ‘ਤੇ ਝਾਤ ਮਾਰ ਲੈਣੀ ਚਾਹੀਦੀ ਹੈ, ਕਿ ਮੀਆਂ ਖ਼ਲੀਫ਼ਾ ਹੁਣ ਕੀ ਕਰ ਰਹੀ ਹੈ? ਵੈਸੇ, ਕਿਸਾਨ ਹਮਾਇਤੀ ਮੀਆਂ ਖ਼ਲੀਫ਼ਾ ਵਿਰੁੱਧ ਓਹ ਲੋਕ, ਜਿਹੜੇ ਖ਼ੁਦ ਨੇ ਭਗੌੜੇ ਅਤੇ ਉਨ੍ਹਾਂ ਨੂੰ ਆਪਣੇ ਆਪ ਬਾਰੇ ਹੀ ਪਤਾ ਨਹੀਂ। ਧਰਮ ਦੇ ਠੇਕੇਦਾਰ ਇਸ ਵੇਲੇ ਮੀਆਂ ਦੇ ਵਿਰੁੱਧ ਬੋਲ ਰਹੇ ਹਨ, ਜਦੋਂਕਿ, ਅਸਲ ਵਿੱਚ ਇਹ ਧਰਮ ਦੇ ਠੇਕੇਦਾਰ ਹੀ ਸਭ ਤੋਂ ਵੱਧ ਔਰਤਾਂ ਦਾ ਸ਼ੋਸ਼ਣ ਕਰਦੇ ਰਹਿੰਦੇ ਹਨ ਅਤੇ ਇਹ ਕਈ ਕੇਸਾਂ ਵਿੱਚ ਭਗੌੜੇ ਵੀ ਹਨ। ਖ਼ੈਰ

ਗੁਰਪ੍ਰੀਤ

Post a Comment

0 Comments