ਸੰਪਾਦਕੀ: ਭਾਰਤ ਵੇਚਣ ਤੁਰਿਆ ਫ਼ਕੀਰ ਚਾਹ ਵਾਲਾ/-ਗੁਰਪ੍ਰੀਤ

ਭਾਰਤ ਦੇਸ਼ 'ਤੇ ਬਹੁਤ ਜਲਦ ਅੰਗਰੇਜ਼ਾਂ ਦੇ ਵਾਂਗ ਕਾਰਪੋਰੇਟ ਘਰਾਣਿਆਂ ਦਾ ਰਾਜ ਹੋ ਜਾਵੇਗਾ, ਜੋ ਭਾਰਤੀਆਂ ਨੂੰ ਗ਼ੁਲਾਮ ਤਾਂ ਬਣਾਉਣਗੇ ਹੀ, ਨਾਲ ਹੀ ਭਾਰਤੀਆਂ ਦੀ ਖੁੱਲ੍ਹੇਆਮ ਲੁੱਟ ਵੀ ਕਰਨਗੇ। ਇਸ ਦਾ ਖ਼ੁਲਾਸਾ ਅਸੀਂ ਨਹੀਂ, ਬਲਕਿ ਦੇਸ਼ ਦੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ੁਦ ਕਰ ਰਹੇ ਹਨ। ਅੱਜ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਸੰਬੋਧਨ ਦੇ ਦੌਰਾਨ ਜੋ ਗੱਲਾਂ ਆਖੀਆਂ, ਉਨ੍ਹਾਂ ਨੂੰ ਜੇਕਰ ਸੱਚ ਮੰਨ ਕੇ ਭਵਿੱਖ ਦੇ ਵੱਲ ਨਿਗਾਹ ਮਾਰੀਏ ਤਾਂ, ਪਤਾ ਲੱਗ ਜਾਵੇਗਾ, ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ ਅਤੇ ਅੱਗੇ ਸਾਡਾ ਕੀ ਹੋਵੇਗਾ ? ਕੇਂਦਰੀ ਵਿੱਤ ਮੰਤਰੀ ਦਾ ਬਿਆਨ ਇਹ ਸੀ ਕਿ, ਹੁਣ ਸਮਾਂ ਆ ਗਿਆ ਹੈ, ਜਦੋਂ ਭਾਰਤ ਨੂੰ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਾਉਣ ਲਈ ਕਾਰਪੋਰੇਟ ਜਗਤ ਨੂੰ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ ਅਤੇ ਨਿਵੇਸ਼ ਕਰਨਾ ਚਾਹੀਦਾ ਹੈ। ਕੇਂਦਰੀ ਵਿੱਤ ਮੰਤਰੀ ਦੇ ਇਸ ਬਿਆਨ ਨੂੰ ਗਹਿਰਾਈ ਦੇ ਨਾਲ ਅਸੀਂ ਪਾਠਕਾਂ ਨੂੰ ਅੱਗੇ ਸਮਝਾਵਾਂਗੇ, ਪਰ ਇੱਥੇ ਸ਼ੁਰੂ ਵਿੱਚ ਹੀ ਅਸੀਂ ਦੱਸ ਦੇਈਏ ਕਿ, ਜੋ ਵਿੱਤ ਮੰਤਰੀ ਨੇ ਬਿਆਨ ਦਿੱਤਾ ਹੈ, ਉਹਦੇ ਤੋਂ ਸਾਫ਼ ਅਤੇ ਸਪੱਸ਼ਟ ਇਹ ਹੀ ਹੁੰਦਾ ਹੈ, ਕਿ ਭਾਰਤ ਦੇਸ਼ ਨੂੰ ਹੁਣ ਸਰਕਾਰ ਨਹੀਂ, ਬਲਕਿ ਕਾਰਪੋਰੇਟ ਜਗਤ ਚਲਾਵੇਗਾ। ਕਿਉਂਕਿ, ਜਿਹੜਾ ਵੀ ਦੇਸ਼ ਦੇ ਅੰਦਰ ਜ਼ਿਆਦਾ ਨਿਵੇਸ਼ ਕਰੇਗਾ, ਉਹਨੂੰ ਭਾਰਤ ਦਾ ਜ਼ਿਆਦਾ ਹਿੱਸਾ ਮਿਲ ਜਾਵੇਗਾ ਅਤੇ ਉਹ ਉਕਤ ਹਿੱਸੇ ਦਾ ਰਾਜਾ ਹੀ ਬਣ ਜਾਵੇਗਾ। ਮੁਲਕ ਵਿਕੇਗਾ ਚਾਹ ਦੇ ਭਾਅ, ਇਹ ਇਕੱਲੇ ਅਸੀਂ ਨਹੀਂ ਕਹਿੰਦੇ, ਬਲਕਿ ਇਹ ਤਾਂ ਸਾਰੇ ਬੁੱਧੀਜੀਵੀ ਹੀ ਕਹਿ ਰਹੇ ਹਨ। 

ਖ਼ੈਰ, ਚਾਹ ਵੇਚਣ ਦੇ ਧੰਦੇ ਤੋਂ ਸ਼ੁਰੂ ਹੋਈ ਧੰਦੇ ਦੀ ਗੱਲਬਾਤ, ਜਦੋਂ ਚੌਕੀਦਾਰ 'ਤੇ ਆਣ ਮੁੱਕੀ ਤਾਂ, ਪਤਾ ਚੱਲ ਗਿਆ ਸੀ ਕਿ ਹੁਣ ਦੇਸ਼ ਦੀ ਰਖਵਾਲੀ ਅਜਿਹੇ ਚੌਕੀਦਾਰ ਦੇ ਹੱਥ ਆ ਗਈ ਐ, ਜਿਹੜਾ ਖ਼ੁਦ ਤਾਂ ਚੋਰ ਹੈ ਹੀ, ਨਾਲ ਹੀ ਘਰ ਦਾ ਉਜਾੜਾ ਵੀ ਕਰਵਾਊਗਾ। ਖ਼ੈਰ, ਅਜਿਹਾ ਹੀ ਹੋਇਆ..! ਮੁਲਕ ਦੇ ਅੰਦਰ ਇਸ ਵੇਲੇ ਚਾਹੇ ਵਾਲਾ ਪ੍ਰਧਾਨ ਮੰਤਰੀ ਜਾਂ ਫਿਰ ਚੌਕੀਦਾਰ ਪ੍ਰਧਾਨ ਮੰਤਰੀ ਦਾ ਬਾਹਲ਼ਾ ਰੌਲਾ ਪੈ ਰਿਹੈ। ਪ੍ਰਧਾਨ ਮੰਤਰੀ ਨੂੰ ਕੋਈ ਚਾਹ ਵਾਲਾ ਆਖੇ, ਅਜਿਹਾ ਆਖਣਾ ਚੰਗਾ ਤਾਂ ਨਹੀਂ ਲੱਗਦਾ, ਪਰ ਜੇਕਰ ਪ੍ਰਧਾਨ ਮੰਤਰੀ ਹੀ ਵੋਟਾਂ ਬਟੋਰਨ ਦੇ ਲਈ ਆਪਣੇ ਨਾਂਅ ਨਾਲ ਚਾਹ ਵਾਲਾ ਲਗਾ ਲਵੇ ਤਾਂ, ਫਿਰ ਤਾਂ 'ਬਾਬਾ ਈ ਬਚਾ ਸਕਦੈ'। ਪਹਿਲੋਂ ਚਾਹ ਵਾਲਾ ਅਤੇ ਫਿਰ ਚੌਕੀਦਾਰ। 2019 ਦੀਆਂ ਲੋਕ ਸਭਾ ਚੋਣਾਂ ਵੇਲੇ ਇੱਕ ਤੋਂ ਇੱਕ ਵੱਧ ਕੇ, ਸਾਡੇ ਹੀ ਚੌਕੀਦਾਰ ਦੇ ਮੰਤਰੀਆਂ, ਸੰਸਦ ਮੈਂਬਰਾਂ ਨੇ ਆਪਣੇ ਨਾਂਅ ਨਾਲ ਚੌਕੀਦਾਰ ਤਾਂ ਲਗਾ ਲਿਆ, ਪਰ ਚੌਕੀਦਾਰੀ ਇਨ੍ਹਾਂ ਵਿੱਚੋਂ ਕਿਸੇ ਨੇ ਨਹੀਂ ਕੀਤੀ। ਫ਼ਕੀਰ ਹਾਂ ਯਾਰੋ ਮੈ ਤਾਂ... ਕੁੱਝ ਅਵਾਂ ਤਵਾਂ ਹੋਇਆ ਤਾਂ, ਝੋਲਾ ਚੁੱਕ ਕੇ ਤੁਰ ਪਵਾਂਗੇ! ਇਹ ਬੋਲ ਉਸੇ ਵੱਡੇ ਚੌਕੀਦਾਰ ਦੇ ਨੇ, ਜਿਸ ਦੇ ਰਾਜ ਵਿੱਚ ਏਨੇ ਜ਼ਿਆਦਾ ਠੱਗ, ਲੁਟੇਰੇ ਅਤੇ ਕਾਰਪੋਰੇਟ ਘਰਾਣੇ ਦੇਸ਼ ਦਾ ਪੈਸਾ ਲੈ ਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ।

ਚੌਕੀਦਾਰੀ ਛੱਡ ਕੇ ਠੱਗਾਂ, ਚੋਰਾਂ ਅਤੇ ਲੁਟੇਰਿਆਂ ਦੇ ਨਾਲ ਰਲ ਕੇ, ਮੁਲਕ ਨੂੰ ਵੇਚਣ ਤੁਰਿਆ ਦੇਸ਼ ਦਾ ਚੌਕੀਦਾਰ ਇਸ ਵੇਲੇ ਐਸੀ ਗੇਮ ਘੁੰਮਾ ਰਿਹਾ ਹੈ, ਜਿਸ ਨਾਲ ਮੁਲਕ ਤਾਂ ਉੱਜੜੇਗਾ ਹੀ, ਨਾਲ ਹੀ ਚੌਕੀਦਾਰ ਦੀ ਚਾਹ ਵੀ ਵਿਦੇਸ਼ੀ ਟੂਰ ਲਗਾ ਆਓ। ਵੈਸੇ, ਦੁਨੀਆ ਘੁੰਮਣ ਦੇ ਵਾਸਤੇ ਨਰਿੰਦਰ ਮੋਦੀ 2014 ਦੇ ਵਿੱਚ ਪ੍ਰਧਾਨ ਮੰਤਰੀ ਬਣਿਆ। ਕਿਉਂਕਿ ਮੋਦੀ ਨੇ ਭਾਰਤ ਦੇ ਅੰਦਰ ਘੱਟ ਅਤੇ ਵਿਦੇਸ਼ਾਂ ਦੇ ਅੰਦਰ ਜ਼ਿਆਦਾ ਦਿਨ ਗੁਜ਼ਾਰੇ। ਹੈਰਾਨੀ ਤਾਂ ਉਦੋਂ ਇਹ ਸੁਣ ਕੇ ਹੋਈ, ਜਦੋਂ ਵਿਦੇਸ਼ੀ ਟੂਰਾਂ ਦਾ ਖ਼ਰਚਾ ਵੀ ਜਨਤਾ ਸਿਰ ਪਾ ਦਿੱਤਾ। ਲੰਘੇ ਸਾਲ ਮਾਰਚ ਮਹੀਨੇ ਵਿੱਚ ਚੌਕੀਦਾਰ ਦੁਆਰਾ ਲਗਾਏ ਗਏ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਬੇਲੋੜੇ ਲਾਕਡਾਊਨ ਅਤੇ ਕਰਫ਼ਿਊ ਦੇ ਕਾਰਨ ਚੌਕੀਦਾਰ ਆਵਦੇ ਦੇਸ਼ ਦੇ ਅੰਦਰ ਹੀ ਸਾਲ ਭਰਾ ਗੁਜ਼ਾਰ ਗਿਆ। ਪਰ, ਹੁਣ ਜਦੋਂ ਲਾਕਡਾਊਨ ਅਤੇ ਕਰਫ਼ਿਊ ਦੀ ਖੁੱਲ੍ਹ ਮਿਲ ਚੁੱਕੀ ਹੈ ਤਾਂ, ਦੇਸ਼ ਦਾ ਪ੍ਰਧਾਨ ਮੰਤਰੀ, ਜਿਹਨੂੰ ਕਿ ਹਰ ਕੋਈ ਚੌਕੀਦਾਰ ਕਹਿੰਦੈ, ਹੁਣ ਉਹ ਚੌਕੀਦਾਰ ਭਾਰਤ ਦੇਸ਼ ਨੂੰ ਵੇਚਣ ਦੀ ਤਰਕੀਬ ਸੋਚ ਰਿਹਾ ਹੈ। ਵੈਸੇ, ਦੁਨੀਆ ਦਾ ਕੋਈ ਵੀ ਐਹੋ ਜਿਹਾ ਨੇਤਾ ਮੈਂ ਤਾਂ ਵੇਖਿਆ ਨਹੀਂ, ਜਿਹੜਾ ਆਵਦੀ ਫ਼ਕੀਰੀ ਵਿਖਾ ਕੇ, ਚਾਹ ਵੇਚਣ ਦਾ ਢੌਂਗ ਰਚਾ ਕੇ, ਝੂਠਾ ਚੌਕੀਦਾਰ ਬਣ ਕੇ ਜਾਂ ਫਿਰ ਚਾਰ ਜਮਾਤਾਂ ਪੜ੍ਹ ਕੇ ਸੱਤਾ 'ਤੇ ਬਿਰਾਜਮਾਨ ਹੋਵੇ। 

ਸਾਡੇ ਭਾਰਤ ਦੀ ਜਨਤਾ, ਏਨੀ ਕੁ ਮੂਰਖ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਮੂਰਖ ਜਨਤਾ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਆਪਣੇ ਆਪ ਨੂੰ ਚਾਹ ਵਾਲਾ ਅਤੇ ਚੌਕੀਦਾਰ ਆਖ ਕੇ, ਇੱਕ ਬੰਦਾ ਕਿਵੇਂ ਉਨ੍ਹਾਂ ਨੂੰ ਠੱਗੀ ਜਾ ਰਿਹਾ। ਕਦੇ 15 ਲੱਖ ਦਾ ਲਾਰਾ, ਕਦੇ ਕਾਲੇ ਧਨ ਦੀ ਵਾਪਸੀ ਅਤੇ ਕਦੇ 2 ਕਰੋੜ ਪ੍ਰਤੀ ਸਾਲ ਨੌਕਰੀਆਂ ਦਾ ਲਾਰਾ। ਅਜਿਹੇ ਕਿੰਨੇ ਲਾਰੇ ਹੀ ਮੋਦੀ ਨੇ ਲਗਾਏ ਭਾਰਤ ਦੀ ਜਨਤਾ ਨਾਲ, ਪਰ ਇਹ ਲਾਰੇ... ਸਿਰਫ਼ ਲਾਰੇ ਹੀ ਰਹੇ, ਲਾਰੇ ਇਸ ਤੋਂ ਅੱਗੇ ਨਾ ਵੱਧ ਸਕੇ। ਭਾਰਤ ਦੇਸ਼ ਦੀ ਦਸ਼ਾ ਇਸ ਵੇਲੇ ਏਨੀ ਕੁ ਜ਼ਿਆਦਾ ਖ਼ਰਾਬ ਹੋਈ ਪਈ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਮੋਦੀ ਭਗਤ ਅਤੇ ਗੋਦੀ ਮੀਡੀਆ ਇਸ ਦਾ ਦੋਸ਼ ਦਿਸ਼ਾ ਰਵੀ 'ਤੇ ਮੜ੍ਹ ਰਿਹਾ ਹੈ। ਜਦੋਂਕਿ, ਅਸਲ ਦੇ ਵਿੱਚ ਭਾਜਪਾ ਆਈ ਟੀ ਸੈੱਲ ਤੋਂ ਇਲਾਵਾ ਹਿੰਦੂਤਵੀ ਜਥੇਬੰਦੀਆਂ, ਖ਼ੁਦ ਦੇਸ਼ ਦੀ ਦਸ਼ਾ ਵਿਗਾੜ ਰਹੀਆਂ ਹਨ। ਦੇਸ਼ ਦੇ ਅੰਦਰ ਅਥਾਹ ਬੇਰੁਜ਼ਗਾਰੀ ਹੈ, ਪਰ ਇਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਦੇਸ਼ ਦੇ ਅੰਦਰ ਚਾਰ ਬੈਂਕਾਂ ਨੂੰ ਸਰਕਾਰ ਨੇ ਵੇਚਣ ਦੀ ਤਿਆਰੀ ਖਿੱਚ ਲਈ ਹੈ, ਜਿਸ ਦੇ ਨਾਲ ਮੁਲਕ ਦੇ ਅੰਦਰ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਵੇਗਾ। ਇਸ ਤੋਂ ਪਹਿਲੋਂ ਸਰਕਾਰੀ ਕੰਪਨੀਆਂ ਦਾ ਭੋਗ ਸਰਕਾਰ ਪਾ ਚੁੱਕੀ ਹੈ। ਤਾਜ਼ਾ ਜਾਣਕਾਰੀ ਇਹ ਹੈ ਕਿ ਸਰਕਾਰ ਚਾਹ ਦੇ ਭਾਅ, ਦੇਸ਼ ਵੇਚਣ ਦੀ ਤਿਆਰੀ ਕਰ ਰਹੀ ਹੈ। 

ਦਰਅਸਲ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲਖਨਉ ਵਿਚਲਾ ਚੌਧਰੀ ਚਰਨ ਸਿੰਘ ਹਵਾਈ ਅੱਡਾ ਤਾਂ ਅੰਡਾਨੀ ਗਰੁੱਪ ਨੂੰ 50 ਵਰ੍ਹਿਆਂ ਦੇ ਵਾਸਤੇ ਵੇਚ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸਰਕਾਰੀ ਬੀਮਾ ਕੰਪਨੀਆਂ ਤੋਂ ਇਲਾਵਾ ਕੋਲਾ ਖਾਨਾ, ਰੇਲਵੇ, ਦਰਜਨਾਂ ਸਰਕਾਰੀ ਵਿਭਾਗ, ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ, 50 ਦੇ ਕਰੀਬ ਸਰਕਾਰੀ ਕੰਪਨੀਆਂ, ਏਅਰਪੋਰਟ, ਬਿਜਲੀ ਸੈਕਟਰ, ਕਈ ਸੜਕਾਂ, ਕਈ ਵਿੱਦਿਅਕ ਅਦਾਰੇ ਅਤੇ ਕਈ ਸਿਹਤ ਕੇਂਦਰਾਂ ਨੂੰ ਵੇਚ ਦਿੱਤਾ ਹੋਇਆ ਹੈ। ਇਸੇ ਤਰ੍ਹਾਂ ਹੀ ਚਾਹ ਦੇ ਭਾਅ ਹੀ ਸਰਕਾਰ ਖੇਤੀ ਸੈਕਟਰ ਨੂੰ ਵੀ ਵੇਚਣਾ ਚਾਹੁੰਦੀ ਹੈ ਅਤੇ ਇਹਦੇ ਲਈ ਕਾਨੂੰਨ ਵੀ ਸਰਕਾਰ ਨੇ ਬਣਾ ਦਿੱਤੇ ਹੋਏ ਹਨ, ਪਰ ਇਨ੍ਹਾਂ ਕਾਨੂੰਨਾਂ ਦਾ ਕਿਸਾਨ ਦੱਬ ਕੇ ਵਿਰੋਧ ਕਰ ਰਹੇ ਨੇ। ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਲਗਾਤਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ, ਪਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਿਜਾਏ, ਇਨ੍ਹਾਂ ਕਾਨੂੰਨਾਂ ਦੇ ਵਿੱਚ ਸੋਧਾਂ ਕਰਨ ਲਈ ਤਿਆਰ ਹੋਈ ਬੈਠੀ ਹੈ। ਕਿਸਾਨਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਹ ਵੇਖਣ ਨੂੰ ਮਿਲ ਰਿਹਾ ਹੈ। ਇੱਕ ਖੇਤੀ ਸੈਕਟਰ ਹੀ ਸਰਕਾਰੀ ਰਹਿ ਗਿਆ ਸੀ, ਜਿਸ ਨੂੰ ਵੀ ਸਰਕਾਰ ਨੇ ਵੇਚਣ ਦੇ ਵਾਸਤੇ ਕਾਨੂੰਨ ਦੇ ਵਿੱਚ ਸੋਧਾਂ ਕਰ ਦਿੱਤੀਆਂ ਹਨ ਅਤੇ ਕਾਰਪੋਰੇਟਰਾਂ ਨੂੰ ਦੇਸ਼ ਦੇ ਕਿਸਾਨਾਂ ਦੀ ਖੁੱਲ੍ਹੇਆਮ ਲੁੱਟ ਕਰਨ ਦੀ ਇਜਾਜ਼ਤ ਦੇ ਦਿੱਤੀ ਹੋਈ ਹੈ। 

ਪਰ ਕਿਸਾਨ, ਅਜਿਹਾ ਬਿਲਕੁਲ ਨਹੀਂ ਹੋਣ ਦੇਣਗੇ। ਕਿਸਾਨਾਂ ਦਾ ਖੇਤੀ ਸੈਕਟਰ ਨੂੰ ਬਚਾਉਣ ਲਈ ਦਿਨ ਰਾਤ ਸੰਘਰਸ਼ ਜਾਰੀ ਹੈ। ਉੱਥੇ ਹੀ ਦੂਜੇ ਪਾਸੇ ਦੇਸ਼ ਵੇਚੂ ਚਾਹ ਵਾਲੇ ਨੇ ਨਵੀਂ ਸਕੀਮ ਘੜ ਮਾਰੀ ਹੈ। ਇਹ ਸਕੀਮ ਵੇਚਣ ਅਤੇ ਸੁਣਨ ਦੇ ਵਿੱਚ ਤਾਂ ਭਾਰਤ ਨੂੰ ਤਰੱਕੀ ਦੇ ਵੱਲ ਲਿਜਾਣ ਵਾਲੀ ਹੈ, ਪਰ ਜੇਕਰ ਇਸ ਸਕੀਮ ਨੂੰ ਸਮਝ ਲਿਆ ਜਾਵੇ ਤਾਂ, ਭਾਰਤ ਮੁੜ ਤੋਂ ਵਿਦੇਸ਼ੀ ਕੰਪਨੀਆਂ ਦਾ ਗ਼ੁਲਾਮ ਹੋ ਜਾਵੇਗਾ। ਇੱਕ ਇਤਿਹਾਸਕਾਰ ਨੇ ਲੰਘੇ ਸਮੇਂ ਵਿੱਚ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਭਾਰਤ 100 ਸਾਲਾਂ ਵਾਸਤੇ 'ਪਟੇ 'ਤੇ ਹੈ'। 100 ਸਾਲ ਬਾਅਦ ਭਾਰਤ ਫਿਰ ਤੋਂ ਗ਼ੁਲਾਮ ਹੋ ਜਾਵੇਗਾ, ਭਾਰਤ ਨੂੰ ਆਜ਼ਾਦੀ ਜੋ 1947 ਦੇ ਵਿੱਚ ਮਿਲੀ, ਉਹ ਅਧੂਰੀ ਆਜ਼ਾਦੀ ਸੀ ਅਤੇ ਅੰਗਰੇਜ਼ ਜੋ ਕੁੱਝ ਆਪਣੇ ਜ਼ਮਾਨੇ ਵਿੱਚ ਕਰਕੇ ਗਏ, ਉਹ ਨਾ ਸਿਰਫ਼ ਭਾਰਤ ਨੂੰ ਉਜਾੜਨ ਵਾਲਾ ਕੰਮ ਸੀ, ਸਗੋਂ ਭਾਰਤ ਨੂੰ ਤੋੜਨ ਵਾਲਾ ਕੰਮ ਵੀ ਸੀ। ਭਾਰਤ ਇਸ ਵੇਲੇ ਅਜਿਹੀ ਸਥਿਤੀ 'ਤੇ ਆਣ ਖੜ੍ਹਾ ਹੈ, ਜਿੱਥੋਂ ਹੁਣ ਇਹ ਹੀ ਲੱਗਦਾ ਹੈ ਕਿ ਸਾਡਾ ਉਜਾੜਾ ਹੀ ਹੋਵੇਗਾ। ਦਰਅਸਲ, ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਜਿਹੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਨੂੰ ਪੜ੍ਹਨ ਜਾਂ ਫਿਰ ਸੁਣਨ ਦੀ ਬਿਜਾਏ, ਸਮਝਣ ਦੀ ਲੋੜ ਹੈ। 

ਕੇਂਦਰੀ ਵਿੱਤ ਮੰਤਰੀ ਦੇ ਅਨੁਸਾਰ ਸਮਾਂ ਆ ਗਿਆ ਹੈ ਕਿ 'ਕਾਰਪੋਰੇਟ ਜਗਤ ਦੇਸ਼ ਵਿੱਚ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰੇ ਅਤੇ ਸਮਰੱਥਾ ਵਧਾਏ।' ਸਰਕਾਰ ਵੱਲੋਂ ਚੁੱਕੇ ਕਦਮਾਂ ਅਤੇ ਸਨਅਤ ਜਗਤ ਦੀ ਹਿੱਸੇਦਾਰੀ ਨਾਲ ਸਰਕਾਰ ਨੂੰ ਆਸ ਹੈ ਕਿ ਅਗਲੇ ਦਿਨਾਂ ਵਿੱਚ ਆਰਥਿਕਤਾ ਲੀਹ 'ਤੇ ਪੈ ਜਾਵੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਬੋਧਨ ਕਰਦਿਆਂ ਭਾਰਤ ਨੂੰ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਅਰਥਚਾਰੇ ਵਿੱਚੋਂ ਇੱਕ ਬਣਾਉਣ ਲਈ ਨਵੇਂ ਨਿਵੇਸ਼ਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਾਉਣ ਲਈ ਕਾਰਪੋਰੇਟ ਜਗਤ ਨੂੰ ਆਪਣੀ ਸਮਰੱਥਾ ਵਧਾਉਣੀ ਚਾਹੀਦੀ ਹੈ ਅਤੇ ਨਿਵੇਸ਼ ਕਰਨਾ ਚਾਹੀਦਾ ਹੈ। ਕੇਂਦਰੀ ਵਿੱਤ ਮੰਤਰੀ ਨੇ ਅੱਗੇ ਕਿਹਾ, 'ਸਾਨੂੰ ਸਮਰੱਥਾ ਵਧਾਉਣ ਦੀ ਲੋੜ ਹੈ, ਵਿਸਥਾਰ ਕਰਨ ਦੀ ਲੋੜ ਹੈ, ਸਾਨੂੰ ਬਹੁਤ ਸਾਰੇ ਅਜਿਹੇ ਉਤਪਾਦ ਤਿਆਰ ਕਰਨ ਦੀ ਜ਼ਰੂਰਤ ਹੈ, ਜੋ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹਨ।' ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਗਤੀਵਿਧੀਆਂ ਲੀਹੇ ਪਰਤਣ ਦੀ ਉਮੀਦ ਕੀਤੀ ਹੈ। ਉਨ੍ਹਾਂ ਕਿਹਾ ਕਿ, ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਅਤੇ ਉਦਯੋਗਾਂ ਦੀ ਭਾਗੀਦਾਰੀ ਨਾਲ, ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤੀ ਅਰਥ ਵਿਵਸਥਾ ਮੁੜ ਲੀਹ 'ਤੇ ਆਵੇਗੀ।    

ਜਿਸ ਹਿਸਾਬ ਦੇ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਹੈ ਕਿ 'ਕਾਰਪੋਰੇਟ ਜਗਤ ਦੇਸ਼ ਵਿੱਚ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰੇ ਅਤੇ ਸਮਰੱਥਾ ਵਧਾਏ।' ਇਸ ਤੋਂ ਤਾਂ ਸਿੱਧਾ ਹੀ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਦੇਸ਼ ਦੇ ਅੰਦਰ ਹੁਣ ਸਰਕਾਰ ਕੁੱਝ ਨਹੀਂ ਕਰੇਗੀ, ਬਲਕਿ ਕਾਰਪੋਰੇਟ ਘਰਾਣੇ ਸਰਕਾਰ ਨੂੰ ਥੱਲੇ ਲਗਾ ਕੇ, ਦੇਸ਼ ਨੂੰ ਚਲਾਉਣ ਅਤੇ ਦੇਸ਼ ਦਾ ਉਜਾੜਾ ਕਰਨਗੇ। ਵੇਖਿਆ ਜਾਵੇ ਤਾਂ, ਜੇਕਰ ਕਾਰਪੋਰੇਟ ਘਰਾਣੇ ਦੇਸ਼ ਦੇ ਅੰਦਰ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰਨਗੇ ਤਾਂ, ਉਹ ਦੇਸ਼ ਨੂੰ ਵੀ ਖਾਣਗੇ ਅਤੇ ਜੇਕਰ ਦੇਸ਼ ਨੂੰ ਖਾਣਗੇ ਤਾਂ, ਦੇਸ਼ ਦਾ ਉਜਾੜਾ ਵੀ ਕਰਨਗੇ। ਇਸ ਤੋਂ ਸਿੱਧਾ ਤਾਂ ਇਹ ਭਾਅ ਹੈ ਕਿ ਦੇਸ਼ ਹੁਣ ਕਾਰਪੋਰੇਟ ਜਗਤ ਚਲਾਵੇਗਾ। ਜੇਕਰ ਦੇਸ਼ ਕਾਰਪੋਰੇਟ ਜਗਤ ਚਲਾਵੇਗਾ ਤਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਅਸਤੀਫ਼ਾ ਦੇ ਕੇ, ਸਰਕਾਰ ਨੂੰ ਭੰਗ ਹੀ ਕਰ ਦੇਣਾ ਚਾਹੀਦਾ ਹੈ। ਕਿਉਂਕਿ ਦੇਸ਼ 'ਤੇ ਕਾਰਪੋਰੇਟ ਘਰਾਣੇ ਹੀ ਰਾਜ ਕਰਨਗੇ। ਦੇਸ਼ ਦੇ ਵਿਕਾਸ ਨੂੰ ਵਧਾਉਣ ਲਈ ਨਿਵੇਸ਼ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਨੇ ਹੁਣ ਤੱਕ ਅੱਧਾ ਦੇਸ਼ ਤਾਂ ਖ਼ਰੀਦ ਹੀ ਲਿਆ ਹੋਇਆ ਹੈ, ਬਾਕੀ ਜੋ ਰਹਿ ਗਿਆ ਹੈ, ਉਹਦੇ 'ਤੇ ਜਲਦੀ ਹੀ ਉਨ੍ਹਾਂ ਦਾ ਕਬਜ਼ਾ ਹੋ ਜਾਵੇਗਾ। ਫਿਰ ਚਾਹ ਵਾਲਾ ਕੀ ਕਰੂ? ਚੌਕੀਦਾਰਾ ਜਾਂ ਫਿਰ ਹੱਟੀ ਚਲਾਊ..! ਫ਼ੈਸਲਾ ਤਾਂ ਅਵਾਮ ਹੀ ਕਰੇਗੀ, ਕਿਉਂਕਿ ਅਵਾਮ ਦੇ ਪੈਸੇ ਨਾਲ ਮੁਲਕ ਚੱਲ ਰਿਹਾ, ਪਰ ਮੁਲਕ ਨੂੰ ਚਲਾਉਣ ਵਾਲਾ 8400 ਕਰੋੜ ਰੁਪਏ ਦਾ ਜਹਾਜ਼ ਖ਼ਰੀਦ ਕੇ, ਮੌਜਾਂ ਮਾਣ ਰਿਹੈ। 

ਗੁਰਪ੍ਰੀਤ

Post a Comment

0 Comments