503

ਕਹਿੰਦੇ ਨੇ ਮੂੰਹ ਬਾਹਲ਼ਾ ਅੱਡੀਏ ਤਾਂ ਮੱਖੀਆਂ ਹੀ ਪੈਂਦੀਆਂ ਨੇ, ਪਤਾ ਨਹੀਂ ਸਾਡੇ ਭਾਰਤੀਆਂ ਦੇ ਮੂੰਹ ਵਿੱਚ ਮੱਖੀਆਂ ਹੀ ਮਾਰ ਮਾਰ ਕੇ ਦੇਸ਼ ਦਾ ਸਭ ਤੋਂ ਵੱਡਾ ਜ਼ੁਮਲੇਬਾਜ਼ ਪਾਈ ਜਾ ਰਿਹੈ। ਜ਼ੁਮਲੇਬਾਜ਼ ਨੇ ਛੱਡੀ ਤਾਂ ਛੁਰਲੀ ਕਾਲਾ ਧਨ ਭਾਰਤ ਲਿਆਉਣ ਦੀ ਸੀ, ਪਰ ਇਹ ਕਾਲਾ ਧਨ ਤਾਂ ਕਹਿੰਦੇ ਨੇ ਆ ਹੀ ਗਿਆ ਐ। ਹੁਣ ਤਾਂ ਜੇਬਾਂ ਨਵੀਆਂ ਸਵਾ ਲਓ, ਜਿੱਥੇ ਪੈਸੇ ਪਾਉਣੇ ਨੇ, ਫਿਰ ਨਾ ਕਿਹਾ ਜੇ ਮੋਦੀ ਨੂੰ, ਕਿ ਪੈਸਾ ਨਹੀਂ ਮਿਲਿਆ। ਆਉਣਾ ਏ ਅਤੇ ਚਲਾ ਜਾਣਾ ਏ ਪੈਸਾ..! ਕਿਉਂਕਿ ਮੋਦੀ ਜੀ ਦਾ ਡਿਜੀਟਲ ਇੰਡੀਆ ਬਾਹਲ਼ਾ ਤੇਜ਼ ਚੱਲਦੈ। ਹੱਕੇ ਬੱਕੇ ਨਾ ਰਹਿ ਜਾਇਉ ਜੇ ਕਿਤੇ, ਕਿਉਂਕਿ ਅਸੀਂ ਗੱਲਾਂ ਸੋਲ਼ਾਂ ਆਨੇ ਸੱਚੀਆਂ ਕਰਦੇ ਆਂ। ਜ਼ੁਮਲੇਬਾਜ਼ ਦੀ ਛੁਰਲੀ ਵਿੱਚ ਏਨੀ ਤਾਕਤ ਐ, ਕਿ ਉਹ ਫ਼ੂਕ ਮਾਰ ਕੇ, ਚੀਨ ਨੂੰ ਸਵਾਹ ਕਰ ਸਕਦੈ ਅਤੇ ਜਾਦੂ ਛੱਡ ਕੇ ਪਾਕਿਸਤਾਨ ਦਾ ਨਕਸ਼ੇ ਵਿੱਚੋਂ ਨਾਂਅ ਖ਼ਤਮ ਕਰ ਸਕਦੈ। ਹੋਰ ਸੁਣੋ, ਜੇਕਰ ਬਾਹਲ਼ੀ ਤਿੜ ਫਿੜ ਕੀਤੀ ਤਾਂ, ਸਿੱਧਾ ”ਕਾਲਾ ਕਾਨੂੰਨ” ਜੜ੍ਹ ਕੇ ਜੇਲ੍ਹਾਂ ਵਿੱਚ ਬੰਦ ਕਰ ਸਕਦੈ.., ਵੱਡੇ ਆਏ ਕਾਲਾ ਧਨ ਵਿੱਚੋਂ ਹਿੱਸਾ ਲੈਣ ਆਲ਼ੇ..! ਮੋਦੀ ਜੀ ਤਾਂ ਆਪਣੇ ਕਾਰਪੋਰੇਟ ਮਿੱਤਰਾਂ ਦੀਆਂ ਜੇਬਾਂ ਕਾਲੇ ਧਨ ਨਾਲ ਭਰਨਗੇ, ਤੁਸੀਂ ਤਾਂ ਲੇਟ ਹੋ ਗਏ ਭਾਈ… ਬੋਝੇ ਸਵਾਹ ਕੇ ਰੱਖੋ ਤੁਹਾਨੂੰ ਪਹਿਲੋਂ ਕਿਹਾ ਸੀ..!

ਕੁੱਝ ਨਹੀਂ ਬਣ ਸਕਦਾ ਸਾਡੇ ਭਾਰਤੀਆਂ ਦਾ, ਭੋਰਾ ਆਖੇ ਨਹੀਂ ਲੱਗਦੇ ਦੇਸ਼ ਦੇ ਪ੍ਰਧਾਨ ਸੇਵਕ ਦੇ। ਭਲਾ ਜੇਕਰ ਤੁਹਾਨੂੰ 15 ਲੱਖ ਮਿਲਣੇ ਹੀ ਹਨ ਤਾਂ, ਬੋਝੇ ਸਵਾਉਣ ਵਿੱਚ ਕੀ ਟਾਕੀ ਘੱਟਦੀ ਏ..! ਸੂਟ ਬੂਟ ਪਾ ਕੇ ਲੋਕਾਂ ਨੂੰ ਘੁੰਮਣਾ ਆਉਂਦਾ ਏ, ਪਰ ਮੋਦੀ ਜੀ ਆਲਾ ਕਾਲਾ ਧਨ ਪਵਾਉਣ ਲਈ ਇੱਕ ਜੇਬ ਨਹੀਂ ਲਵਾ ਸਕਦੇ ਕੁੜਤੇ ਨੂੰ..! ਜਾਵੋ ਦਫ਼ਾ ਹੋਵੋ, ਵੱਡੇ ਆਏ ਨੇ 15 ਲੱਖ ਵਿੱਚੋਂ ਹਿੱਸਾ ਮੰਗਣ ਆਲ਼ੇ..! ਖ਼ੁਸ਼ ਹੋਵੋ ਪਤੰਦਰੋ, ਖ਼ੁਸ਼ ਹੋਵੋ..ਤੁਹਾਨੂੰ ਕਾਲਾ ਨਹੀਂ ਚਿੱਟਾ ਮਿਲ ਰਿਹੈ, ਉਹ ਵੀ ਮੁੱਲ ਅਤੇ ਬਾਰਡਰ ਪਾਰੋਂ। ਜ਼ੁਮਲੇਬਾਜ਼ੀ ਕਰਦਿਆਂ ਕਰਦਿਆਂ ਮੋਦੀ ਜੀ ਨੇ 7 ਸਾਲ ਟਪਾ ਦਿੱਤੇ, ਪਰ ਇਹਦੇ ਵਿੱਚ ਮੋਦੀ ਜੀ ਦਾ ਕਸੂਰ ਨਹੀਂ ਐ..! ਇਹ ਕਸੂਰ ਤਾਂ ਭਾਰਤੀਆਂ ਦਾ ਐ, ਜਿਨ੍ਹਾਂ ਨੇ ਜੇਬਾਂ ਨਹੀਂ ਸਵਾਈਆਂ ਸਨ, ਪੈਸੇ ਪਾਉਣ ਲਈ। ਖ਼ੈਰ, 70 ਸਾਲ ਕਾਂਗਰਸੀਆਂ ਸੁਣਿਆ ਨੇ, 70 ਸਾਲ ਕਾਂਗਰਸੀਆਂ ਨੇ ਕੁੱਟਿਆ ਐ ਵਿਚਾਰੇ ਭਾਰਤੀਆਂ ਨੂੰ, ਲੁੱਟਿਆ ਵੀ ਐ ਭਾਰਤੀਆਂ ਨੂੰ…ਸਾਡੀ ਸਰਕਾਰ ਬਣੀ ਤਾਂ, ਸਾਰੇ ਕਾਂਗਰਸੀ ਸੂਤ ਕਰ ਦੇਣੇ ਨੇ। ਦੇਸ਼ ਦੇ ਅੰਦਰ ਅਜਿਹੀ ਸਰਕਾਰ ਲਿਆਂਵੇਗੇ ਕਿ ਦੁਨੀਆ ਵੇਖੂ ਸਾਡੇ ਕੰਮਾਂ ਨੂੰ। ਦੁਨੀਆ ਵੇਖੇਗੀ ਸਾਡੀਆਂ ਖੋਜਾਂ ਨੂੰ, ਅਸੀਂ ਤਾਂ ਓਹ ਕਰਾਂਗੇ, ਜਿਹੜਾ ਕੋਈ ਨਾ ਕਰ ਸਕਿਆ, ਅਸੀਂ ਵੱਖਰੇ ਹਾਂ, ਕਾਲਾ ਧਨ ਵਿਦੇਸ਼ਾਂ ਤੋਂ ਲਿਆ ਕੇ, 15-15 ਲੱਖ ਭਾਰਤੀਆਂ ਦੇ ਖਾਤਿਆਂ ਵਿੱਚ ਪਾਉਣ ਵਾਲੇ।

ਇਹ ਗੱਲਾਂ ਭਲਾ ਕੌਣ ਕਹਿ ਸਕਦੈ, ਬੁੱਝੋ… ਤੁਸੀਂ ਭਾਰਤੀ ਕਦੇ ਨਹੀਂ ਬੁੱਝ ਸਕਦੇ ਇਹ ਗੱਲਾਂ। ਇਹ ਗੱਲਾਂ ਤਾਂ ਉਹ ਭੱਦਰ ਪੁਰਸ਼ ਹੀ ਕਹਿ ਸਕਦੈ, ਜਿਹੜਾ ਦਿੱਲੀ ਦੇ ਤਖ਼ਤ ‘ਤੇ ਬਹਿ ਕੇ, ਰੋਜ਼ ਜ਼ੁਮਲੇਬਾਜ਼ੀ, ਝੂਠ ਫ਼ਰੇਬ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਦਾ ਰਹਿੰਦੈ। ਜੀ ਹਾਂ, ਭੁੱਲਿਓ ਨਾ ਇੱਕ ਵਾਰੀ ਦੱਸ ਰਿਹਾ ਮੈਂ, ਉਹਦਾ ਨਾਂਅ। ਉਹਦਾ ਨਾਂਅ ਐ, ਸ਼੍ਰੀ ਸ਼੍ਰੀ ਨਰਿੰਦਰ ਮੋਦੀ ਜੀ। ਕਾਂਗਰਸੀਆਂ ਨੇ ਦੇਸ਼ ਨੂੰ ਲੁੱਟਿਆ, ਜਨਤਾ ਨੂੰ ਕੁੱਟਿਆ, ਪਰ ਸਾਡਾ ਰਾਜ ਆਉਣ ‘ਤੇ ਨਾ ਤਾਂ ਕਿਸੇ ਨੂੰ ਲੁੱਟਿਆ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਕੁੱਟਿਆ ਜਾਵੇਗਾ। ਸਗੋਂ, ਭਾਰਤੀ ਲੋਕਾਂ ਦੀਆਂ ਜੇਬਾਂ ਭਰੀਆਂ ਜਾਣਗੀਆਂ, ਉਹ ਵੀ ਕਾਲੇ ਧਨ ਨੂੰ ਚਿੱਟਾ ਕਰਕੇ..! ਇਹ ਗੱਲਾਂ 2014 ਦੀਆਂ ਲੋਕ ਸਭਾ ਚੋਣਾਂ ਦੇ ਵੇਲੇ ਨਰਿੰਦਰ ਮੋਦੀ ਨੇ ਕਹੀਆਂ ਸਨ। ਮੋਦੀ ਨੂੰ ਅੱਜ ਜੇਕਰ ਇਹ ਗੱਲਾਂ ਯਾਦ ਕਰਵਾ ਦਿੱਤੀਆਂ ਜਾਣ ਤਾਂ ਉਸ ਨੂੰ ਉੱਪਰ ਵਾਲੀਆਂ ਦੋ ਗੱਲਾਂ ਤਾਂ ਯਾਦ ਰਹਿ ਜਾਣਗੀਆਂ, ਕਿ ਕਾਂਗਰਸੀਆਂ ਨੇ ਦੇਸ਼ ਨੂੰ ਲੁੱਟਿਆ, ਜਨਤਾ ਨੂੰ ਕੁੱਟਿਆ, ਪਰ ਮੋਦੀ ਰਾਜ ਦੇ ਵਿੱਚ ਕੀ ਕੁੱਝ ਹੋ ਰਿਹਾ ਹੈ, ਇਹਦੇ ਬਾਰੇ ਮੋਦੀ ਜਰਾਂ ਜਿੰਨਾਂ ਵੀ ਕੁਸਕੇਗਾ ਨਹੀਂ। ਕਿਉਂਕਿ, ਜਿਹੜੀਆਂ ਗੱਲਾਂ ਭਾਰਤੀ ਮੋਦੀ ਜੀ ਨੂੰ ਯਾਦ ਕਰਵਾਉਣਾ ਚਾਹੁੰਦੇ ਨੇ, ਉਹ ਗੱਲਾਂ ਦੇਸ਼ ਵਿਰੋਧੀ ਹਨ, ਇਸ ਲਈ ਇਹ ਗੱਲਾਂ ਤੁਸੀਂ ਨਹੀਂ ਕਰ ਸਕਦੇ ਭਾਰਤੀਓ।

ਖ਼ੈਰ, ਵਿਅੰਗਮਈ ਗੱਲਾਂ ਛੱਡਦੇ ਹਾਂ, ਅਗਲੀ ਗੱਲ ਕਰਦੇ ਆ, ਸੱਤਾ ਵਿੱਚ ਆਉਣ ਤੋਂ ਪਹਿਲੋਂ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੇਸ਼ ਦੀ ਸੱਤਾ ਵਿੱਚ ਆ ਜਾਂਦੀ ਹੈ ਤਾਂ ਸਭ ਤੋਂ ਪਹਿਲੋਂ ਭਾਰਤ ਦੇ ਅੰਦਰ ਪ੍ਰਤੀ ਸਾਲ 2 ਕਰੋੜ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ, ਇਸ ਮਗਰੋਂ ਦੇਸ਼ ਦੇ ਅੰਦਰ ਕਾਲਾ ਧਨ ਝੱਟ ਪੱਟ ਵਾਪਸ ਲਿਆਂਦਾ ਜਾਵੇਗਾ ਅਤੇ ਵਿਦੇਸ਼ਾਂ ਤੋਂ ਭਾਰਤ ਲਿਆਂਦਾ ਗਿਆ, ਕਾਲਾ ਧਨ ਹਰ ਭਾਰਤ ਵਾਸੀ ਦੇ ਖਾਤੇ ਵਿੱਚ 15-15 ਲੱਖ ਕਰਕੇ ਪਾਇਆ ਜਾਵੇਗਾ। ਇਹ 15-15 ਲੱਖ ਉਸ ਭਾਰਤੀ ਦੇ ਖਾਤੇ ਵਿੱਚ ਹੀ ਜਾਵੇਗਾ, ਜਿਹੜਾ ਅੱਖਾਂ ‘ਤੇ ਪੱਟੀ ਬੰਨ੍ਹ ਕੇ ਮੋਦੀ ਜੀ ਦਾ ਭਾਸ਼ਣ ਸੁਣਦਾ ਹੋਵੇਗਾ। ਅੱਗੇ ਵਧੋ, ਗੱਲ ਸੁਣੋ ਵੱਡੇ ਭਾਰਤ ਵਾਸੀਓ.. ਵਾਅਦਾ ਤਾਂ ਕਾਲਾ ਧਨ ਲਿਆਉਣ ਦਾ ਮੋਦੀ ਜੀ ਨੇ ਕੀਤਾ ਸੀ, ਪਰ ਇੱਥੇ ਤਾਂ ਹੁਣ ਭਾਰਤ ਦੇ ਅੰਦਰੋਂ ਕਾਲਾ ਧਨ ਆਪ ਹੀ ਬਾਹਰ ਜਾਈ ਜਾ ਰਿਹਾ, ਉਹ ਵੀ ਗੁਜਰਾਤੀ ਲੈ ਕੇ ਵਿਦੇਸ਼ਾਂ ਨੂੰ ਭੱਜ ਰਹੇ ਹਨ। ਕਾਲੇ ਧਨ ਦੇ ਮੁੱਦੇ ‘ਤੇ ਲਗਾਤਾਰ ਮੋਦੀ ਸਰਕਾਰ ਘਿਰਦੀ ਹੋਈ ਨਜ਼ਰੀ ਆ ਰਹੀ ਹੈ। ਪਰ ਸਾਨੂੰ ਕੀ ਐ, ਅਸੀਂ ਤਾਂ 15 ਲੱਖ ਹੀ ਲੈਣਾ, ਦੇ ਦਿਓ ਮੋਦੀ ਜੀ..!

ਭਾਰਤ ਦੇ ਅੰਦਰ ਇਸ ਵੇਲੇ ਏਨੀ ਜ਼ਿਆਦਾ ਅਥਾਹ ਗ਼ਰੀਬੀ ਛਾਈ ਪਈ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਦੇਸ਼ ਦੀ ਅਰਥ ਵਿਵਸਥਾ ਦਾ ਬੇੜਾ ਗ਼ਰਕ ਹੋਇਆ ਪਿਆ ਹੈ, ਪਰ ਦੇਸ਼ ਦਾ ਚੌਕੀਦਾਰ 8400 ਕਰੋੜ ਰੁਪਏ ਦਾ ਜਹਾਜ਼ ਲੈ ਕੇ ਵਿਦੇਸ਼ੀ ਉਡਾਰੀਆਂ ਮਾਰਨ ਬਾਰੇ ਸੋਚੀ ਜਾ ਰਿਹਾ ਹੈ। ਵੈਸੇ ਤਾਂ, ਦੇਸ਼ ਦਾ ਹਰ ਵਰਗ ਹੀ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਫਸਿਆ ਪਿਆ ਹੈ ਅਤੇ ਸਮੇਂ ਦੀ ਸਰਕਾਰ ਨੂੰ ਕੋਸ ਰਿਹਾ ਹੈ। ਪਰ ਕੀਤਾ ਕੀ ਜਾਵੇ, ਇਹ ਕਿਸੇ ਦੇ ਧਿਆਨ ਵਿੱਚ ਹੀ ਨਹੀਂ ਹੈ? ਭਾਰਤ ਦੇ ਅੰਦਰ ਜਦੋਂ ਤੋਂ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੇ ਅੰਦਰ ਅਜਿਹੇ ਪੁੱਠੇ ਸਿੱਧੇ ਕੰਮ ਹੋਏ ਹਨ, ਜਿਨ੍ਹਾਂ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਵਿਦੇਸ਼ੀ ਬੈਂਕਾਂ ਦੇ ਅੰਦਰ ਜਿੰਨ੍ਹਾਂ ਵੀ ਕਾਲਾ ਧਨ ਜਮ੍ਹਾਂ ਹੈ, ਸਾਡੀ ਸਰਕਾਰ ਆ ਲੈਣ ਦਿਓ, ਸਾਰਾ ਕਾਲਾ ਧਨ ਵਾਪਸ ਭਾਰਤ ਦੇਸ਼ ਦੇ ਅੰਦਰ ਲੈ ਆਉਣਾ ਹੈ। ਮੋਦੀ ਜੀ ਨੇ ਸੱਚ ਕਰ ਵਿਖਾਇਆ ਆਪਣਾ ਵਾਅਦਾ। ਹੁਣ ਤੱਕ ਦੇਸ਼ ਭਰ ਦੇ ਅੰਦਰ 8460 ਕਰੋੜ ਰੁਪਏ ਦਾ ਕਾਲਾ ਧਨ ਜ਼ਬਤ ਕੀਤਾ ਗਿਆ ਹੈ ਅਤੇ ਉਸ ‘ਤੇ 1290 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। ਇਹ ਜਾਣਕਾਰੀ ਕਿਸੇ ਹੋਰ ਨੇ ਨਹੀਂ, ਬਲਕਿ ਹਰ ਸਮੇਂ ਸੁਰਖ਼ੀਆਂ ਵਿੱਚ ਰਹਿਣ ਵਾਲੇ ਅਤੇ ਮੁਸਲਮਾਨਾਂ ਦੇ ਵਿਰੁੱਧ ਸਖ਼ਤ ਟਿੱਪਣੀਆਂ ਕਰਨ ਵਿੱਚ ਮਾਹਿਰ ਭਾਜਪਾ ਦੇ ਸੀਨੀਅਰ ਆਗੂ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ ਹੈ।

ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਲੋਕ-ਸਭਾ ਵਿੱਚ ਦੱਸਿਆ ਕਿ 14300 ਕਰੋੜ ਰੁਪਏ ਤੋਂ ਵੱਧ ਦੇ ਅਨ-ਐਲਾਨੇ ਵਿਦੇਸ਼ ਜਾਇਦਾਦ ਅਤੇ ਆਮਦਨ ਨਾਲ ਜੁੜੇ 475 ਮਾਮਲਿਆਂ ਵਿੱਚ ਇਨਕਮ ਟੈਕਸ ਵਿਭਾਗ ਨੇ ਨੋਟਿਸ ਜਾਰੀ ਕੀਤੇ ਹਨ। ਠਾਕੁਰ ਨੇ ਕਿਹਾ ਕਿ 8460 ਕਰੋੜ ਰੁਪਏ ਦਾ ਕਾਲਾ ਧਨ ਜ਼ਬਤ ਕੀਤਾ ਗਿਆ ਹੈ ਅਤੇ ਉਸ ‘ਤੇ 1290 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ। ਇੱਕ ਰਕਮ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪਨਾਮਾ ਪੇਪਰ ਲੀਕ ਮਾਮਲੇ ਨਾਲ ਜੁੜੀ ਜਾਂਚ ਵਿੱਚ ਹੁਣ ਤੱਕ 1700 ਕਰੋੜ ਰੁਪਏ ਦੇ ਅਨ-ਐਲਾਨੇ ਵਿਦੇਸ਼ ਨਿਵੇਸ਼ ਦਾ ਪਤਾ ਲੱਗਾ ਹੈ। ਕਾਲੇ ਧਨ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਸਰਕਾਰ ਨੇ ਇੱਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦਾ ਗਠਨ ਕੀਤਾ ਹੈ। ਇਸ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਸੁਪਰੀਮ ਕੋਰਟ ਦੇ ਦੋ ਸਾਬਕਾ ਜੱਜ ਹਨ। ਸਰਕਾਰ ਨੇ ਸਾਰਕ ਦੇਸ਼ਾਂ ਨਾਲ ਵੀ ਕਈ ਹੋਰ ਦੇਸ਼ਾਂ ਨਾਲ ਟੈਕਸ ਸਬੰਧੀ ਸੂਚਨਾਵਾਂ ਦੀ ਅਦਲਾ-ਬਦਲੀ ਲਈ ਸਮਝੌਤੇ ਕੀਤੇ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੀ ਦਿੱਤੀ ਜਾਣਕਾਰੀ ਜੇਕਰ ਸੱਚ ਮੰਨ ਲਈ ਜਾਵੇ ਤਾਂ, ਸਰਕਾਰ ਨੂੰ ਇੱਕ ਸਵਾਲ ਹੈ ਕਿ ਦੱਸਿਆ ਜਾਵੇ ਕਿ, 8460 ਕਰੋੜ ਰੁਪਏ ਦਾ ਕਾਲਾ ਧਨ ਜੋ ਜ਼ਬਤ ਕੀਤਾ ਗਿਆ ਹੈ ਅਤੇ ਉਸ ‘ਤੇ 1290 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ, ਉਹ ਕਿੱਥੇ ਹੈ?

ਭਾਜਪਾ ਨੇ ਵਾਅਦਾ ਤਾਂ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲਾ ਧਨ ਭਾਰਤ ਲਿਆ ਕੇ ਹਰ ਭਾਰਤੀ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣ ਦਾ ਕੀਤਾ ਸੀ, ਉਕਤ 15-15 ਲੱਖ ਰੁਪਏ ਕਦੋਂ ਸਾਡੇ ਭਾਰਤੀਆਂ ਦੇ ਖਾਤਿਆਂ ਵਿੱਚ ਆਏਗਾ? ਕਾਲਾ ਧਨ ਲੈ ਕੇ ਕੋਈ ਹੋਰ ਨਹੀਂ, ਬਲਕਿ ਨੀਰਵ ਮੋਦੀ, ਵਿਜੈ ਮਾਲਿਆ, ਲਲਿਤ ਮੋਦੀ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਚਾਰ ਪੰਜ ਹੋਰ ਸੱਜੇ ਖੱਬੇ ਹਨ, ਜਿਨ੍ਹਾਂ ਨੂੰ ਅਸੀਂ ਸਾਰੇ ਜਾਣਦੇ ਹੀ ਹਾਂ। ਭਾਜਪਾਈ ਦੋਸ਼ ਲਗਾਉਂਦੇ ਰਹਿੰਦੇ ਹਨ ਕਿ, ਕਾਂਗਰਸ ਦੇ ਰਾਜ ਵੇਲੇ ਕਾਲਾ ਧਨ ਵਿਦੇਸ਼ਾਂ ਦੇ ਅੰਦਰ ਜਮ੍ਹਾਂ ਹੋਇਆ, ਪਰ ਭਾਜਪਾ ਦੇ ਰਾਜ ਵਿੱਚ ਕਿੰਨਾ ਕਾਲਾ ਧਨ ਵਾਪਸ ਆਇਆ, ਇਹ ਕੋਈ ਨਹੀਂ ਦੱਸ ਸਕਿਆ। ਜ਼ੁਮਲੇਬਾਜ਼ੀ ਜਿਹੜੀ 2014 ਵੇਲੇ ਕੀਤੀ ਸੀ, ਉਹਦਾ ਅਸਰ ਹਾਲੇ ਵੀ ਭਾਰਤੀਆਂ ਦੇ ਸਿਰਾਂ ‘ਤੇ ਹੈ। ਸਮਝ ਹੀ ਨਹੀਂ ਆ ਰਹੀ ਕਿ ਕਿੱਥੋਂ ਕੰਮ ਸ਼ੁਰੂ ਕੀਤਾ ਜਾਵੇ ਅਤੇ ਕਿੱਥੇ ਕੰਮ ਬੰਦ ਕੀਤਾ ਜਾਵੇ। ਹਰ ਪਾਸੇ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਦਾ ਬੋਲਬਾਲਾ ਹੈ । ਵੈਸੇ, ਜਿਹੋ ਜਿਹੀ ਛੁਰਲੀ ਜ਼ੁਮਲੇਬਾਜ਼ ਨੇ ਇਲੈਕਸ਼ਨਾਂ ਵੇਲੇ ਛੱਡੀ ਸੀ, ਉਹੋ ਜਿਹੀ ਛੁਰਲੀ ਹੁਣ ਲੋਕ ਫੜ੍ਹ ਕੇ ਗੰਗਾ ਵਿੱਚ ਵਹਾ ਦੇਣਗੇ, ਕਿਉਂਕਿ ਸਮਝਦਾਰ ਅਤੇ ਸਿਆਣੇ ਭਾਰਤੀ ਹੁਣ ਜਾਗ ਚੁੱਕੇ ਨੇ।

ਕੱਲ੍ਹ ਦੀ ਗੱਲ ਸੁਣ ਲਓ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਾਸ ਮਾਡਲ ਨਾਲ ਜਨਤਕ ਖੇਤਰ ਅਦਾਰਿਆਂ ਦੀ ਗਿਣਤੀ ਘੱਟ ਜਾਵੇਗੀ ਅਤੇ ਇਸ ਨਾਲ ਦੇਸ਼ ਨੂੰ ਨੁਕਸਾਨ ਹੋਵੇਗਾ। ਕਾਂਗਰਸੀ ਨੇਤਾ ਨੇ ਟਵੀਟ ਕੀਤਾ, ਮੋਦੀ ਦਾ ਵਿਕਾਸ-ਜਨਤਕ ਖੇਤਰ ਦੇ ਅਦਾਰੇ ਘੱਟ ਕੇ 10ਵੇਂ ਹਿੱਸੇ ਤੱਕ ਰਹਿ ਜਾਣਗੇ। ਦੇਸ਼ ਦਾ ਨੁਕਸਾਨ, ਮਿੱਤਰਾਂ ਦਾ ਫ਼ਾਇਦਾ। ਇਸ ਵਿਕਾਸ ਵਿੱਚ ਦੇਸ਼ ਨੂੰ ਕਾਫ਼ੀ ਭੁਗਤਣਾ ਪਿਆ ਹੈ ਅਤੇ ਪ੍ਰਧਾਨ ਮੰਤਰੀ ਦੇ ਤਿੰਨ-ਚਾਰ ਮਿੱਤਰਾਂ ਨੂੰ ਫ਼ਾਇਦਾ ਹੋਇਆ ਹੈ। ਦੱਸਣਾ ਬਣਦਾ ਹੈ ਕਿ ਕਾਂਗਰਸੀ ਸੰਸਦ ਮੈਂਬਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਹਰ ਮੋਰਚੇ ‘ਤੇ ਅਲੋਚਨਾ ਕਰਦੇ ਰਹੇ ਹਨ। ਭਾਵੇਂ ਉਹ ਬਜਟ ਦਾ ਮਾਮਲਾ ਹੋਵੇ ਜਾਂ ਕਿਸਾਨਾਂ ਨਾਲ ਜੁੜਿਆ ਮੁੱਦਾ ਅਤੇ ਭਾਰਤ-ਚੀਨ ਵਿਚਾਲੇ ਤਣਾਅ, ਰਾਹੁਲ ਲਗਾਤਾਰ ਸਰਕਾਰ ਨੂੰ ਸਵਾਲ ਕਰਦੇ ਰਹੇ ਹਨ। ਪਰ, ਮਿੱਤਰੋ ‘ਆਪ ਕੋ ਨਹੀਂ ਮਾਲੂਮ, ਯੇਹ ਕਾਂਗਰਸ ਵਾਲੇ ਦੇਸ਼ ਧਰੋਹੀ ਹੈਂ, ਦੇਸ਼ ਵਿਰੋਧੀ ਹੈਂ, ਇੰਨਹੇ ਦੇਸ਼ ਸੇ ਨਿਕਾਲ ਦੇਣਾ ਚਾਹੀਏ’। ਭਗਤ ਖ਼ੁਸ਼, ਜ਼ੁਮਲੇਬਾਜ਼ ਵੀ 8400 ਕਰੋੜ ਦੇ ਜਹਾਜ਼ ਵਿੱਚ ਹਵਾਈ ਸੈਰਾਂ ਲਈ ਤਿਆਰ ਅਤੇ ਤੁਸੀਂ ਭਾਰਤੀਓ ਰਹਿ ਗਏ ਨਾ ਖ਼ਾਲੀ ਦੇ ਖ਼ਾਲੀ, ਭੱਜ ਗਿਆ ਅਗਲਾ ਕਾਲਾ ਧਨ ਲੈ ਕੇ..!

ਗੁਰਪ੍ਰੀਤ