ਸਿਆਣੇ ਕਹਿੰਦੇ ਨੇ, ਕਿ ਜਦੋਂ ਚੌਕੀਦਾਰ ਚੋਰਾਂ, ਠੱਗਾਂ ਅਤੇ ਲੁਟੇਰਿਆਂ ਦੇ ਨਾਲ ਰਲ ਕੇ, ਘਰ ਨੂੰ ਲੁੱਟੀ ਜਾਵੇ ਤਾਂ, ਇੱਕ ਦਿਨ ਘਰ ਦਾ ਭੱਠਾ ਬੈਠਣਾ ਸੰਭਵ ਹੋ ਹੀ ਜਾਂਦੈ। ਪਿਛਲੇ ਕੁੱਝ ਕੁ ਸਾਲਾਂ ਦੇ ਦੌਰਾਨ ਅਜਿਹਾ ਕੁੱਝ ਹੀ ਸਾਡੇ ਦੇਸ਼ ਦੇ ਅੰਦਰ ਹੋ ਰਿਹਾ ਹੈ। ਲਗਾਤਾਰ ਠੱਗ, ਚੋਰ ਅਤੇ ਲੁਟੇਰੇ ਭਾਰਤ ਦਾ ਕਰੋੜਾਂ ਰੁਪਇਆ ਲੈ ਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ, ਪਰ ਆਪਣੇ ਆਪ ਨੂੰ ਚੌਕੀਦਾਰ ਅਖਵਾਉਣ ਵਾਲਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਘੁੱਗੂ ਵੱਟ ਬਣ ਕੇ ਤਮਾਸ਼ਾ ਵੇਖੀ ਜਾ ਰਿਹੈ। ਆਪਣੇ ਨਾਂਅ ਦੇ ਨਾਲ ਚੌਕੀਦਾਰ ਸ਼ਬਦ ਲਗਾ ਕੇ, ਆਪਣੇ ਆਪ ਨੂੰ ਭੋਲਾ ਭਗਤ ਤਾਂ ਮੋਦੀ ਨੇ ਐਲਾਨ ਹੀ ਦਿੱਤਾ ਸੀ, ਪਰ ਸਾਡੀ ਜਨਤਾ ਹੁਣ ਸਭ ਜਾਣਦੀ ਐ, ਕਿ ਭਗਵੇ ਕੱਪੜਿਆਂ ਦੇ ਵਿੱਚ ਕਿਹੜਾ ਨਾਗ ਬੈਠਾ ਹੈ। ਦੇਸ਼ ਦੇ ਅੰਦਰੋਂ ਹੁਣ ਤੱਕ ਕਰੋੜਾਂ ਰੁਪਇਆ ਲੈ ਕੇ, ਵਿਜੈ ਮਾਲਿਆ, ਨੀਰਵ ਮੋਦੀ ਅਤੇ ਇੱਕ ਦੋ ਹੋਰ ਮੋਦੀ ਦੇ ਯਾਰ ਵਿਦੇਸ਼ਾਂ ਨੂੰ ਭੱਜ ਚੁੱਕੇ ਹਨ, ਇਸ ਤੋਂ ਇਲਾਵਾ ਹੈਰਾਨੀ ਜਨਕ ਗੱਲ ਇਹ ਹੈ ਕਿ ਅਨਿਲ ਅੰਬਾਨੀ ਵੀ ਹੁਣ ਭਾਰਤ ਦੇ ਅੰਦਰੋਂ ਕਰੋੜਾਂ ਰੁਪਇਆ ਲੈ ਕੇ ਭੱਜਣ ਦੀ ਤਾਕ ਵਿੱਚ ਹੈ। ਪਰ ਕੀ ਨਰਿੰਦਰ ਮੋਦੀ ਅਨਿਲ ਅੰਬਾਨੀ 'ਤੇ ਵਿਦੇਸ਼ ਭੱਜਣ ਤੋਂ ਪਹਿਲੋਂ ਕੋਈ ਕਾਰਵਾਈ ਕਰਵਾਏਗਾ?
ਖ਼ੈਰ, ਕਾਰਵਾਈ ਮੋਇਆ ਨੇ ਕਰਨੀ ਏ... ਸਭ ਕੁੱਝ ਤਾਂ ਏਥੇ ਵਿਕਾਓ ਹੋ ਚੁੱਕਿਆ...! ਮੀਡੀਆ ਤੋਂ ਲੈ ਕੇ ਫ਼ੈਸਲੇ ਸੁਣਾਉਣ ਵਾਲੀਆਂ ਕੋਰਟਾਂ ਤੱਕ ਸਭ ਕੁੱਝ ਪੈਸੇ ਦੇ ਨਾਲ ਮਿਲ ਰਿਹਾ ਹੈ। ਭਾਰਤ ਭਾਵੇਂ ਹੀ ਆਪਣੇ ਆਪ ਵਿੱਚ ਬਹੁਤ ਵੱਡਾ ਲੋਕਤੰਤਰਿਕ ਦੇਸ਼ ਹੈ, ਪਰ ਭਾਰਤ ਦੇ ਅੰਦਰ ਲੋਕਤੰਤਰ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਲੋਕਤੰਤਰ ਦਾ ਅਸਲ ਮਤਲਬ ਤਾਂ ਮੋਟੇ ਸ਼ਬਦਾਂ ਵਿੱਚ ਇਹ ਹੀ ਹੁੰਦਾ ਹੈ ਕਿ, ਲੋਕਤੰਤਰ ਜਾਂ ਜਮਹੂਰੀਅਤ (ਸ਼ਬਦੀ ਅਰਥ ਲੋਕਾਂ ਦਾ ਰਾਜ) ਸਰਕਾਰ ਦਾ ਰੂਪ ਹੈ, ਜਿਸ ਦੇ ਤਹਿਤ ਸਾਰੇ ਯੋਗ ਨਾਗਰਿਕ ਸਿੱਧੇ ਜਾਂ ਅਸਿੱਧੇ ਤੌਰ ਤੇ ਚੁਣੇ ਨੁਮਾਇੰਦਿਆਂ ਰਾਹੀਂ ਕਾਨੂੰਨ ਦੇ ਪ੍ਰਸਤਾਵ, ਵਿਕਾਸ, ਅਤੇ ਸਿਰਜਣਾ ਵਿੱਚ ਬਰਾਬਰ ਹਿੱਸਾ ਲੈਂਦੇ ਹੋਣ। ਪਰ, ਭਾਰਤ ਵਿੱਚ ਕੀ ਹੋ ਰਿਹਾ ਹੈ? ਸਾਡੇ ਦੇਸ਼ 'ਤੇ ਉਹ ਠੱਗ ਲੁਟੇਰੇ ਰਾਜ ਕਰ ਰਹੇ ਹਨ, ਜਿਨ੍ਹਾਂ 'ਤੇ ਅਣਗਿਣਤ ਹੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਜੋ ਲਗਾਤਾਰ ਦੇਸ਼ ਨੂੰ ਲੁੱਟਣ ਅਤੇ ਕੁੱਟਣ ਤੋਂ ਇਲਾਵਾ ਕੋਈ ਹੋਰ ਕੰਮ ਕਰ ਹੀ ਨਹੀਂ ਰਹੇ। ਲੰਘੇ ਸਾਲ ਦੇ ਜਨਵਰੀ ਮਹੀਨੇ ਵਿੱਚ ਆਈ ਕੋਰੋਨਾ ਮਹਾਂਮਾਰੀ ਨੂੰ ਜੇਕਰ ਲੋਕਤੰਤਰ ਦੇ ਹਿਸਾਬ ਦੇ ਨਾਲ ਵੇਖੀਏ ਤਾਂ, ਸਰਕਾਰ ਨੂੰ ਪੂਰਨ ਰੂਪ ਵਿੱਚ ਇਸ ਨੂੰ ਕੰਟਰੋਲ ਕਰਨ ਦਾ ਅਧਿਕਾਰ ਸੀ।
ਪਰ, ਸਰਕਾਰ ਨੇ ਕਾਨੂੰਨ ਨੂੰ ਛਿੱਕੇ ਟੰਗ ਕੇ, ਜਿੱਥੇ ਕੋਰੋਨਾ 'ਤੇ ਕਾਬੂ ਨਹੀਂ ਪਾਇਆ, ਉੱਥੇ ਹੀ ਅਨ-ਐਲਾਨੀ ਐਮਰਜੈਂਸੀ ਜਿਹਾ ਮਾਹੌਲ ਬਣਾ ਕੇ, ਦੇਸ਼ ਦੇ ਅੰਦਰ ਬੇਲੋੜੀ ਤਾਲਾਬੰਦੀ ਅਤੇ ਕਰਫ਼ਿਊ ਮੋਦੀ ਸਰਕਾਰ ਦੇ ਵੱਲੋਂ ਮਾਰਚ-2020 ਦੇ ਅਖੀਰਲੇ ਹਫ਼ਤੇ ਲਗਾ ਦਿੱਤਾ। ਕੋਰੋਨਾ ਦੇ ਭਾਰਤ ਆਉਣ ਤੋਂ ਕਰੀਬ ਪੌਣੇ 2 ਮਹੀਨੇ ਬਾਅਦ ਇੱਕ ਪਾਸੇ ਤਾਂ ਸਰਕਾਰ ਨੇ ਤਾਲਾਬੰਦੀ ਅਤੇ ਕਰਫ਼ਿਊ ਲਗਾਇਆ, ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਵੱਲੋਂ ਦੇਸ਼ ਨੂੰ ਕਾਰਪੋਰੇਟ ਜਗਤ ਦੇ ਹਵਾਲੇ ਕਰਨ ਦਾ ਬੀੜਾ ਵੀ ਚੁੱਕਣਾ ਸ਼ੁਰੂ ਕਰ ਦਿੱਤਾ। ਦੇਸ਼ ਦੇ ਅੰਦਰ ਮਾਰਚ-2020 ਦੇ ਦੂਜੇ ਹਫ਼ਤੇ ਸ਼ੁਰੂ ਕੀਤੀ ਤਾਲਾਬੰਦੀ ਦੇਸ਼ ਦੇ ਅੰਦਰ ਕਰੀਬ 6/7 ਮਹੀਨੇ ਲਗਾਤਾਰ ਜਾਰੀ ਰਹੀ। ਇਨ੍ਹਾਂ 6/7 ਮਹੀਨਿਆਂ ਦੇ ਦੌਰਾਨ ਸਭ ਤੋਂ ਵੱਧ ਨੁਕਸਾਨ ਆਮ ਤਬਕੇ ਨੂੰ ਪੁੱਜਿਆ। ਗ਼ਰੀਬ ਲੋਕ ਜਿਹੜੇ ਕਿ ਬਾਹਰਲੇ ਰਾਜਾਂ ਤੋਂ ਕੰਮ ਕਰਨ ਵਾਸਤੇ ਕਿਸੇ ਹੋਰ ਸੂਬੇ ਵਿੱਚ ਗਏ ਸਨ, ਉਨ੍ਹਾਂ 'ਤੇ ਸਭ ਤੋਂ ਵੱਧ ਮਾਰ ਪਈ। ਰੋਟੀ ਪਾਣੀ ਨੂੰ ਗ਼ਰੀਬ ਮਜ਼ਦੂਰ ਲੋਕ ਤਰਸਦੇ ਰਹੇ, ਪਰ ਦੇਸ਼ ਦਾ ਚੌਕੀਦਾਰ ਘੁਰਨੇ ਵਿੱਚ ਵੜ੍ਹ ਕੇ ਤਮਾਸ਼ਾ ਵੇਖਦਾ ਰਿਹਾ। ਭਾਰਤ ਦੇ ਅੰਦਰ ਉਨ੍ਹੇ ਲੋਕ ਕੋਰੋਨਾ ਵਾਇਰਸ ਦੇ ਨਾਲ ਤਾਲਾਬੰਦੀ ਦੇ ਦੌਰਾਨ ਨਹੀਂ ਮਰੇ ਹੋਣੇ, ਜਿੰਨੇ ਲੋਕ ਭੁੱਖ ਅਤੇ ਸੜਕ ਹਾਦਸਿਆਂ ਦੇ ਵਿੱਚ ਘਰ ਨੂੰ ਵਾਪਸ ਜਾਂਦੇ ਸਮੇਂ ਮਰ ਗਏ।
ਵਿਦੇਸ਼ਾਂ ਤੋਂ ਲੋਕਾਂ ਨੂੰ ਲਿਆਉਣ ਵਾਸਤੇ ਤਾਂ, ਮੋਦੀ ਸਰਕਾਰ ਨੇ ਵੰਦੇ ਭਾਰਤ ਮਿਸ਼ਨ ਚਲਾਇਆ ਸੀ, ਪਰ ਆਪਣੇ ਭਾਰਤ ਦੇਸ਼ ਦੇ ਅੰਦਰ ਸਰਕਾਰ ਦੇ ਵੱਲੋਂ ਬੰਦੇ ਮਾਰੂ ਮਿਸ਼ਨ ਚਲਾਇਆ ਸੀ। ਇੱਕ ਪਾਸੇ ਤਾਂ ਕੋਰੋਨਾ ਵਾਇਰਸ ਦੇ ਕਾਰਨ ਤਾਲਾਬੰਦੀ ਅਤੇ ਲੱਗੇ ਕਰਫ਼ਿਊ ਦੇ ਕਾਰਨ ਦੇਸ਼ ਨੂੰ ਵੱਡੇ ਪੱਧਰ 'ਤੇ ਆਰਥਿਕ ਨੁਕਸਾਨ ਝੱਲਣਾ ਪਿਆ ਅਤੇ ਕਈ ਛੋਟੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਵੀ ਬੰਦ ਕਰਨੀਆਂ ਪਈਆਂ, ਉੱਥੇ ਹੀ ਦੂਜੇ ਪਾਸੇ ਮੋਦੀ ਸਰਕਾਰ ਦੇ ਵੱਲੋਂ ਆਪਣੇ ਉਦਯੋਗਪਤੀ ਯਾਰਾਂ ਦਾ ਖਰਬਾਂ ਰੁਪਇਆ ਕਰਜ਼ ਮੁਆਫ਼ ਕਰ ਦਿੱਤਾ। ਦੇਸ਼ ਦੇ ਵੱਡੇ ਉਦਯੋਗਪਤੀ ਘਰਾਣਿਆਂ ਦਾ ਮੋਦੀ ਸਰਕਾਰ ਦੇ ਵੱਲੋਂ ਲੰਘੇ ਸਾਲ ਕੋਰੋਨਾ ਮਹਾਂਮਾਰੀ ਦੇ ਦੌਰਾਨ 23,78,76,0000000 ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ, ਜਦੋਂਕਿ ਗ਼ਰੀਬਾਂ ਦੇ ਵਾਸਤੇ ਮੋਦੀ ਆਨਾ ਵੀ ਨਾ ਮੁਆਫ਼ ਕਰ ਸਕੇ। ਲੋਕਾਂ ਨੂੰ ਕੋਰੋਨਾ ਲਾਕਡਾਊਨ ਦੇ ਦੌਰਾਨ ਵੀ ਕਰਜ਼ੇ ਦੀਆਂ ਕਿਸ਼ਤਾਂ ਭਰਨੀਆਂ ਪਈਆਂ, ਜਦੋਂਕਿ ਉਦਯੋਗਪਤੀਆਂ ਦਾ ਕਰਜ਼ ਮੁਆਫ਼ ਕਰਕੇ, ਮੋਦੀ ਨੇ ਆਪਣੀ ਫ਼ਕੀਰੀ ਦਾ ਸਾਫ਼ ਅਤੇ ਤਾਜ਼ਾ ਚਿਹਰਾ ਵਿਖਾ ਦਿੱਤਾ।
ਕੋਰੋਨਾ ਦੀ ਬੇਲੋੜੀ ਤਾਲਾਬੰਦੀ ਅਤੇ ਕਰਫ਼ਿਊ ਦੇ ਦੌਰਾਨ ਜਿੰਨਾ ਗ਼ਰੀਬਾਂ ਦੀ ਮਦਦ ਮੋਦੀ ਸਰਕਾਰ ਨੂੰ ਕਰਨੀ ਚਾਹੀਦੀ ਸੀ, ਉਨ੍ਹਾਂ ਦੀ ਮਦਦ ਤਾਂ ਸਰਕਾਰ ਨੇ ਕੀਤੀ ਨਹੀਂ, ਪਰ ਮੋਦੀ ਨੇ ਆਪਣੇ ਕਾਰਪੋਰੇਟ ਮਿੱਤਰ ਜ਼ਰੂਰ ਇਸ ਕੋਰੋਨਾ ਦੀ ਬੇਲੋੜੀ ਤਾਲਾਬੰਦੀ ਦੇ ਦੌਰਾਨ ਖ਼ੁਸ਼ ਕਰ ਲਏ। ਵੱਡੀ ਗੱਲ ਇਹ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਆਪਣੇ ਕਾਰਪੋਰੇਟ ਮਿੱਤਰਾਂ ਦਾ ਜਿੱਥੇ 23,78,76,0000000 ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ, ਉੱਥੇ ਹੀ ਮੋਦੀ ਸਰਕਾਰ ਕੋਰੋਨਾ ਮਹਾਂਮਾਰੀ ਦੇ ਨਾਲ ਲੜਨ ਲਈ ਲੋਕਾਂ ਕੋਲੋਂ ਪੈਸੇ ਮੰਗਦੀ ਨਜ਼ਰੀ ਆਈ ਅਤੇ ਪੀ ਐੱਮ ਕੇਅਰ ਫ਼ੰਡ ਵਿੱਚ ਭਾਰਤ ਵਾਸੀਆਂ ਨੂੰ ਪੈਸੇ ਜਮ੍ਹਾ ਕਰਵਾਉਣ ਦੇ ਲਈ ਅਪੀਲਾਂ ਕੀਤੀਆਂ ਗਈਆਂ। ਪੀ ਐੱਮ ਕੇਅਰ ਫ਼ੰਡ ਜੋ, ਕਿ ਆਰਟੀਆਈ ਐਕਟ ਦੇ ਅਧੀਨ ਹੀ ਨਹੀਂ ਆਉਂਦੀ, ਉਸ ਦੇ ਵਿੱਚ ਕਰੋੜਾਂ ਲੋਕਾਂ ਨੇ ਅਰਬਾਂ ਰੁਪਏ ਜਮ੍ਹਾ ਕਰਵਾਏ, ਜਿਨ੍ਹਾਂ ਦਾ ਹੁਣ ਤੱਕ ਕੋਈ ਥੌਹ ਪਤਾ ਨਹੀਂ ਚੱਲਿਆ, ਕਿ ਉਕਤ ਪੈਸੇ ਕਿੱਥੇ ਚਲੇ ਗਏ?
ਗ਼ਰੀਬਾਂ ਦੇ ਖਾਤਿਆਂ ਨੂੰ ਖ਼ਾਲੀ ਕਰਕੇ, ਮੋਦੀ ਨੇ ਜਿੱਥੇ ਕੋਵਿਡ ਮਹਾਂਮਾਰੀ ਦੇ ਦੌਰਾਨ ਭਾਰਤ ਵਾਸੀਆਂ ਨੂੰ ਮਾਰਨ ਦਾ ਕੰਮ ਕੀਤਾ ਅਤੇ ਇਸ ਦੇ ਨਾਲ ਹੀ ਸਰਕਾਰ ਨੇ ਆਪਣੇ ਵਿਕਾਸ ਦੀ ਅਸਲੀਅਤ ਵੀ ਵਿਖਾ ਦਿੱਤੀ। ਦਰਅਸਲ, ਵਿਰੋਧੀ ਧਿਰਾਂ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਇਹ ਮੰਗ ਰੱਖੀ ਸੀ ਕਿ, ਜਿਹੜੇ ਗ਼ਰੀਬ ਮਜ਼ਦੂਰ ਆਪਣੇ ਛੋਟੇ ਮੋਟੇ ਰੁਜ਼ਗਾਰ ਅਤੇ ਨੌਕਰੀ ਛੱਡਣ ਲਈ ਮਜਬੂਰ ਹੋ ਗਏ ਹਨ, ਉਨ੍ਹਾਂ ਵਾਸਤੇ ਮੋਦੀ ਸਰਕਾਰ ਫ਼ੰਡ ਜਾਰੀ ਕਰੇ ਅਤੇ ਗ਼ਰੀਬਾਂ ਦੇ ਖਾਤਿਆਂ ਵਿੱਚ ਘੱਟੋ ਘੱਟ 10-10 ਹਜ਼ਾਰ ਰੁਪਇਆ ਪਾਇਆ ਜਾਵੇ। ਵਿਰੋਧੀ ਧਿਰਾਂ ਦੇ ਇਸ ਪ੍ਰਸਤਾਵ ਦਾ ਨੋਬਲ ਪੁਰਸਕਾਰ ਜੇਤੂ ਅਭਿਜੀਤ ਬੈਨਰਜੀ ਨੇ ਵੀ ਸਮਰਥਨ ਕੀਤਾ ਸੀ। ਦਰਅਸਲ, ਜਿਹੜੇ ਵੇਲੇ ਕੋਰੋਨਾ ਦੀ ਬੇਲੋੜੀ ਤਾਲਾਬੰਦੀ ਹੋਈ, ਉਸੇ ਦੌਰਾਨ ਹੀ ਸਰਕਾਰ ਨੇ ਸਿੱਖਿਆ ਨੀਤੀ ਵਿੱਚ ਸੋਧ ਕੀਤੀ, ਕਿਰਤ ਕਾਨੂੰਨ ਦੇ ਵਿੱਚ ਸੋਧ ਕੀਤੀ, ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕਰਨ ਤੋਂ ਇਲਾਵਾ ਬਿਜਲੀ ਸੋਧ ਬਿੱਲ-2020, ਪ੍ਰਦੂਸ਼ਨ ਐਕਟ ਵਿੱਚ ਸੋਧ ਅਤੇ ਹੋਰ ਕਈ ਕਾਨੂੰਨਾਂ ਦੇ ਵਿੱਚ ਸੋਧ ਕਰਕੇ, ਭਾਰਤ ਦੀ ਜਨਤਾ ਨੂੰ ਲਤਾੜਨ ਦਾ ਕੰਮ ਮੋਦੀ ਸਰਕਾਰ ਨੇ ਕਰਿਆ।
ਉੱਥੇ ਹੀ ਸਰਕਾਰ ਨੇ ਕਰੀਬ 43 ਕੰਪਨੀਆਂ ਨੂੰ ਵੀ ਨਿੱਜੀ ਹੱਥਾਂ ਵਿੱਚ ਦਿੱਤਾ, ਜਿਨ੍ਹਾਂ ਦੇ ਵਿੱਚ ਲਖਨਊ ਦਾ ਚੌਧਰੀ ਚਰਨ ਸਿੰਘ ਏਅਰਪੋਰਟ ਵੀ ਸ਼ਾਮਲ ਹੈ, ਜੋ ਕਿ ਅੰਡਾਨੀ ਗਰੁੱਪ ਨੂੰ ਮੋਦੀ ਸਰਕਾਰ ਦੇ ਵੱਲੋਂ 50 ਸਾਲਾਂ ਵਾਸਤੇ ਦਿੱਤਾ ਗਿਆ। ਦੱਸਦੇ ਚੱਲੀਏ ਕਿ ਮੋਦੀ ਸਰਕਾਰ ਨੇ ਅਮੀਰਾਂ ਦਾ ਖਰਬਾਂ ਰੁਪਇਆ ਕਰਜ਼ ਮੁਆਫ਼ ਕਰਕੇ, ਭਾਰਤ ਵਾਸੀਆਂ ਦੇ ਨਾਲ ਧੋਖਾ ਕੀਤਾ, ਉੱਥੇ ਹੀ ਜੇਕਰ, ਮੋਦੀ ਸਰਕਾਰ ਸੱਚਮੁੱਚ ਭਾਰਤ ਦੇ ਗ਼ਰੀਬਾਂ ਦੀ ਹਮਦਰਦ ਹੁੰਦੀ ਤਾਂ, ਸਰਕਾਰ ਕਾਰਪੋਰੇਟ ਘਰਾਣਿਆਂ ਦਾ 23,78,76,0000000 ਰੁਪਏ ਦਾ ਕਰਜ਼ਾ ਮੁਆਫ਼ ਕਰਨ ਦੀ ਬਜਾਏ, ਗ਼ਰੀਬਾਂ ਦੀ ਮਦਦ ਕਰਦੀ।
ਵਿਰੋਧੀ ਧਿਰ ਦੇ ਇੱਕ ਨੇਤਾ ਨੇ ਹਿਸਾਬ ਲਗਾ ਕੇ ਦੱਸਿਆ, ਕਿ ਜੇਕਰ ਮੋਦੀ ਸਰਕਾਰ ਗ਼ਰੀਬਾਂ ਦੀ ਮਦਦ ਕਰਨਾ ਚਾਹੁੰਦੀ ਤਾਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਇਸ 23,78,76,0000000 ਰੁਪਏ ਦੀ ਰਾਸ਼ੀ ਦੇ ਨਾਲ 11 ਕਰੋੜ ਪਰਿਵਾਰਾਂ ਦਾ ਘਰ ਚੱਲ ਜਾਣਾ ਸੀ ਅਤੇ ਕੋਵਿਡ ਦੇ ਮੁਸ਼ਕਲ ਸਮੇਂ ਵਿੱਚ 20-20 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਹਨ। ਇਸੇ ਸਭ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਮੋਦੀ ਜੀ ਨੇ ਵਿਕਾਸ ਤਾਂ ਕੋਰੋਨਾ ਮਹਾਂਮਾਰੀ ਦੇ ਦੌਰਾਨ ਕਰਿਆ, ਪਰ ਅਮੀਰਾਂ ਦਾ..! ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ, ਕੀ ਭਾਰਤ ਦੇ ਸਾਰੇ ਲੋਕਾਂ ਦੇ ਖਾਤਿਆਂ ਵਿੱਚ ਮੋਦੀ ਜੀ ਵਾਲੇ 500/500 ਰੁਪਏ ਆਏ ਸਨ ਤਾਂ, ਉਨ੍ਹਾਂ ਵਿੱਚੋਂ ਕਿੰਨੇ ਪੈਸੇ ਲੋਕਾਂ ਨੇ ਪੀ ਐੱਮ ਕੇਅਰ ਫ਼ੰਡ ਦੇ ਵਿੱਚ ਹਿੱਸਾ ਪਾਇਆ? ਕੀ ਭਾਰਤ ਦੇ ਲੋਕਾਂ ਨੇ ਆਪਣੀ ਅਮੀਰੀ ਵਿਖਾਉਂਦੇ ਹੋਏ, ਮੋਦੀ ਜੀ ਵਾਲੇ 500/500 ਰੁਪਏ ਸਾਰੇ ਹੀ ਖ਼ਰਚ ਕਰ ਲਏ ਜਾਂ ਫਿਰ ਵਿਚਾਰੇ ਫ਼ਕੀਰ ਦੀ ਕੋਈ ਮਦਦ ਵੀ ਕਰੀ? ਚਲੋ ਛੱਡੋ....! ਜਿਹੜੇ ਦੇਸ਼ ਦੇ ਅੰਦਰ ਗ਼ਰੀਬਾਂ ਨੂੰ ਧੱਫੇ ਅਤੇ ਅਮੀਰਾਂ ਨੂੰ ਗੱਫੇ ਮਿਲਦੇ ਹੋਣ, ਉਸ ਦੇਸ਼ ਦੇ ਵਿਕਾਸ ਦੀ ਉਮੀਦ ਤਾਂ ''ਰੱਬ'' ਕੋਲੋਂ ਹੀ ਕਰੀ ਜਾ ਸਕਦੀ ਐ!!

0 Comments