ਡੋਨਾਲਡ ਟਰੰਪ ਦਾ ਹਾਰਨਾ, ਮੋਦੀ ਦੇ ਲਈ ਬਹੁਤ ਖ਼ਤਰਨਾਕ ਸੀ ਅਤੇ ਹੈ ਵੀ...! ਕਿਉਂਕਿ ਟਰੰਪ ਦੇ ਨਾਲ ਜੋ ਸਕੀਮਾਂ ਮੋਦੀ ਨੇ ਘੜੀਆਂ ਸਨ, ਉਹ ਸਿਰਫ਼ ਟਰੰਪ ਅਤੇ ਮੋਦੀ ਹੀ ਜਾਣਦੇ ਸਨ, ਇਸ ਤੋਂ ਇਲਾਵਾ ਕੋਈ ਹੋਰ ਨਹੀਂ। ਭਾਰਤ ਨੂੰ ਬਰਬਾਦ ਕਰਨ ਦੇ ਵਿੱਚ ਟਰੰਪ ਨੇ ਕਾਫ਼ੀ ਯੋਗਦਾਨ ਦਿੱਤਾ, ਪਰ ਬਹੁਤੇ ਭਾਰਤੀਆਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਇਸ ਵੇਲੇ ਭਾਰਤ ਭੋਰਾ ਕੁ ਬਚਿਆ ਹੋਇਆ ਹੈ। ਜਿਸ ਵੇਲੇ ਖੇਤੀ ਕਾਨੂੰਨਾਂ ਦਾ ਵਿਰੋਧ ਭਾਰਤ ਦੇ ਅੰਦਰ ਸ਼ੁਰੂ ਹੋਇਆ , ਉਸ ਵੇਲੇ ਹੀ ਭਾਰਤ ਚੀਨ ਸਰਹੱਦ 'ਤੇ ਜੰਗ ਵਰਗਾ ਮਾਹੌਲ ਬਣ ਗਿਆ। ਭਾਰਤ ਚੀਨ ਦੇ ਵਿਚਾਲੇ ਤਾਂ, ਹਾਲੇ ਰੌਲਾ ਮੁੱਕਿਆ ਨਹੀਂ ਸੀ ਕਿ, ਭਾਰਤ ਨੇਪਾਲ ਦਾ ਪੰਗਾ ਪੈ ਗਿਆ। ਭਾਰਤ ਨੇਪਾਲ ਦੇ ਨਾਲ ਹੀ ਭਾਰਤ ਦਾ ਪੇਚਾ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਪੈ ਗਿਆ। ਖੇਤੀ ਕਾਨੂੰਨਾਂ ਦਾ ਵਿਰੋਧ ਹੁੰਦਿਆਂ ਸਾਰ ਹੀ ਏਨਾ ਸਭ ਕੁੱਝ ਇੱਕੇ ਵਾਰੀ ਇੰਝ ਵਾਪਰ ਗਿਆ, ਜਿਵੇਂ ਸਭ ਕੁੱਝ ਪਹਿਲੋਂ ਹੀ 'ਬਟਨ' ਉੱਤੇ ਦਬਾ ਕੇ ਰੱਖਿਆ ਹੋਵੇ।
ਖ਼ੈਰ, 3 ਨਵੰਬਰ 2020 ਜਦੋਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਸਾਹਮਣੇ ਆਏ ਤਾਂ ਬਾਈਡੇਨ ਜਿੱਤ ਗਿਆ ਅਤੇ ਟਰੰਪ ਹਾਰ ਗਿਆ। ਇਨ੍ਹਾਂ ਨਤੀਜਿਆਂ ਤੋਂ ਤੁਰੰਤ ਬਾਅਦ ਹੀ ਗੋਦੀ ਮੀਡੀਆ ਦੀ ਬੋਲੀ ਬਦਲ ਗਈ ਅਤੇ ਗੋਦੀ ਮੀਡੀਆ ਮੋਦੀ ਦੇ ਨਾਲੋਂ ਟਰੰਪ ਯਾਰੀ ਤੋੜ ਕੇ ਬਾਈਡੇਨ ਦੇ ਨਾਲ ਯਾਰੀ ਵਿਖਾਉਣ ਲੱਗਿਆ। ਦਰਅਸਲ, ਭਾਰਤ-ਚੀਨ ਅਤੇ ਭਾਰਤ-ਪਾਕਿਸਤਾਨ ਦੇ ਦਰਮਿਆਨ ਜਦੋਂ ਵੀ ਕੋਈ ਮਾੜੀ ਮੋਟੀ ਸਰਹੱਦ 'ਤੇ ਹਿੱਲ ਜੁੱਲ ਹੋਈ ਜਾਂ ਫਿਰ ਗੋਲੀਬਾਰੀ ਦੀਆਂ ਘਟਨਾਵਾਂ ਸਰਹੱਦ 'ਤੇ ਵਾਪਰੀਆਂ ਹਨ ਤਾਂ, ਟਰੰਪ ਹਮੇਸ਼ਾ ਹੀ ਵਿਚੋਲਗੀ ਦੇ ਲਈ ਤਿਆਰ ਰਿਹਾ ਹੈ ਅਤੇ ਬਿਨਾਂ ਬੁਲਾਏ ਹੀ ਸਮਝੌਤੇ ਕਰਵਾਉਣ ਦੀਆਂ ਗੱਲਾਂ ਕਰਦਾ ਰਿਹਾ ਹੈ। ਟਰੰਪ ਦੀ ਯਾਰੀ ਮੋਦੀ ਨਾਲ ਸੀ ਅਤੇ ਮੋਦੀ ਦੁਸ਼ਮਣ ਸੀ ਭਾਰਤ ਦਾ ਅਤੇ ਮੋਦੀ ਹੁਣ ਵੀ ਭਾਰਤ ਦਾ ਹੀ ਦੁਸ਼ਮਣ ਹੈ। ਉਸ ਦਾ ਇੱਕ ਕਾਰਨ ਇਹ ਵੀ ਹੈ, ਕਿ ਮੋਦੀ ਭਾਰਤੀ ਲੋਕਾਂ ਦੀ ਬਜਾਏ, ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣਿਆ ਹੋਇਆ ਹੈ ਅਤੇ ਭਾਰਤ ਤੋਂ ਇਲਾਵਾ ਭਾਰਤ ਵਾਸੀਆਂ ਨੂੰ ਬਰਬਾਦ ਕਰਨ 'ਤੇ ਲੱਗਿਆ ਹੋਇਆ ਹੈ।
ਟਰੰਪ ਦੁਸ਼ਮਣ ਅਮਰੀਕਾ ਦਾ, ਮੋਦੀ ਦੁਸ਼ਮਣ ਭਾਰਤ ਦਾ..! ਦੋਵਾਂ ਦੀ ਯਾਰੀ ਇਸ ਪ੍ਰਕਾਰ ਜਿਵੇਂ ਇੱਕੋ ਜਮਾਤ ਵਿੱਚ ਪੜ੍ਹਦੇ ਜਮਾਤੀਆਂ ਦੀ ਹੁੰਦੀ ਐ। ਟਰੰਪ ਦਾ ਸਿੱਕਾ ਭਾਰਤ ਵਿੱਚ ਨਾ ਚੱਲਿਆ ਅਤੇ ਕਿਸਾਨਾਂ ਨੇ ਵੀ ਅਮਰੀਕੀ ਚੋਣਾਂ ਵੇਲੇ ਟਰੰਪ ਨੂੰ ਕਾਫ਼ੀ ਕੋਸਿਆ, ਉੱਥੇ ਹੀ ਗੋਦੀ ਮੀਡੀਆ ਦੀ ਵੀ ਕਿਸਾਨਾਂ ਨੇ ਬੋਲਤੀ ਬੰਦ ਕੀਤੀ। ਤਿੰਨ ਨਵੰਬਰ ਨੂੰ ਟਰੰਪ ਬੁਰੀ ਤਰ੍ਹਾਂ ਹਾਰ ਗਿਆ ਤਾਂ, ਅਗਲੀਆਂ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਨੂੰ ਵੀ ਆਪਣੀ ਹਾਰ ਵਿਖਾਈ ਦੇਣ ਲੱਗ ਪਈ। ਭਾਵੇਂ ਹੀ ਭਾਰਤ ਦੇ ਅੰਦਰ ਹਾਲੇ ਲੋਕ ਸਭਾ ਚੋਣਾਂ ਹੋਣ ਦੇ ਵਿੱਚ ਕਰੀਬ ਸਾਢੇ ਤਿੰਨ ਸਾਲ ਪਏ ਹਨ, ਪਰ ਹੁਣੇ ਤੋਂ ਹੀ ਜੋ ਅੰਦਾਜ਼ੇ ਲਗਾਏ ਜਾ ਰਹੇ ਹਨ, ਉਨ੍ਹਾਂ ਦੇ ਮੁਤਾਬਿਕ, ਜਿਹੜਾ ਹਾਲ ਹੁਣ ਟਰੰਪ ਦਾ ਅਮਰੀਕਾ ਵਿੱਚ ਹੋਇਆ ਹੈ, ਉਹੀ ਹਾਲ ਭਾਰਤ ਦੇ ਅੰਦਰ ਨਰਿੰਦਰ ਮੋਦੀ ਦਾ ਵੀ ਹੋਵੇਗਾ, ਜੇਕਰ ਇਹੋ ਜਿਹੇ ਹੀ ਤਾਨਾਸ਼ਾਹ ਤਰੀਕੇ ਨਰਿੰਦਰ ਮੋਦੀ ਵਰਤਦਾ ਰਿਹਾ।
ਦਰਅਸਲ, ਨਰਿੰਦਰ ਮੋਦੀ ਜਦੋਂ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ, ਉਦੋਂ ਤੋਂ ਐਨੇ ਜ਼ਿਆਦਾ ਕਾਲੇ ਕਾਨੂੰਨ ਪਾਸ ਕੀਤੇ ਹਨ, ਜਿਨ੍ਹਾਂ ਦਾ ਵਿਰੋਧ ਵੀ ਜੰਮ ਕੇ ਹੋਇਆ ਹੈ, ਪਰ ਫਿਰ ਵੀ ਮੋਦੀ ਆਪਣੀ ਤਾਨਾਸ਼ਾਹੀ ਦੇ ਨਾਲ ਉਕਤ ਕਾਲੇ ਕਾਨੂੰਨ ਲੋਕਾਂ 'ਤੇ ਲਾਗੂ ਕਰਵਾਉਂਦਾ ਰਿਹਾ ਹੈ। ਨੋਟਬੰਦੀ ਤੋਂ ਲੈ ਕੇ ਜੀਐਸਟੀ ਅਤੇ ਹੋਰ ਤਮਾਮ ਲੋਕ ਮਾਰੂ ਫ਼ੈਸਲੇ ਮੋਦੀ ਸਰਕਾਰ ਨੇ 2014 ਤੋਂ 2019 ਦੇ ਕਾਰਜਕਾਲ ਦੌਰਾਨ ਲਏ। 2019 ਦੀਆਂ ਚੋਣਾਂ ਵੇਲੇ ਮੋਦੀ ਦੂਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਅਤੇ ਫਿਰ ਮੋਦੀ ਨੇ ਉਹ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦੇ ਨਾਲ ਹਕੀਕਤ ਵਿੱਚ ਦੇਸ਼ ਬਰਬਾਦ ਹੋ ਸਕਦਾ ਹੈ। ਭਾਰਤ ਦੀਆਂ ਹੁਣ ਤੱਕ ਜਿੱਥੇ 50 ਦੇ ਕਰੀਬ ਸਰਕਾਰੀ ਕੰਪਨੀਆਂ ਵਿਕ ਚੁੱਕੀਆਂ ਹਨ ਅਤੇ ਅਣਗਿਣਤ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਹੋ ਚੁੱਕਿਆ ਹੈ, ਉੱਥੇ ਹੀ ਦੇਸ਼ ਦਾ ਆਰਥਿਕ ਪਹੀਆਂ ਗੇੜਨ ਵਾਲੇ ਖੇਤੀ ਸੈਕਟਰ ਨੂੰ ਵੀ ਨਰਿੰਦਰ ਮੋਦੀ ਸਰਕਾਰ ਨੇ ਹੁਣ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਹੈ, ਅਤੇ ਉਹਦੇ ਵਾਸਤੇ ਮੋਦੀ ਨੇ ਤਿੰਨ ਕਾਨੂੰਨ ਬਣਾ ਦਿੱਤੇ ਹਨ।
2019 ਦੀਆਂ ਚੋਣਾਂ ਜਿੱਤਦਿਆਂ ਹੀ, ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਅਤੇ 35-ਏ ਖ਼ਤਮ ਕਰਕੇ, ਕਸ਼ਮੀਰੀਆਂ ਕੋਲੋਂ ਉਨ੍ਹਾਂ ਦੇ ਅਧਿਕਾਰ ਖੋਹੇ, ਉਹਦੇ ਬਾਅਦ ਧਰਮ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਾ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ, ਰਹਿੰਦੀ ਖੂੰਹਦੀ ਕਸਰ ਕੋਰੋਨਾ ਵਾਇਰਸ ਦੌਰਾਨ ਲਗਾਈ ਗਈ ਬੇਲੋੜੀ ਤਾਲਾਬੰਦੀ ਅਤੇ ਕਰਫ਼ਿਊ ਨੇ ਕੱਢ ਦਿੱਤੀ। ਬੇਲੋੜੀ ਤਾਲਾਬੰਦੀ ਅਤੇ ਕਰਫ਼ਿਊ ਦੌਰਾਨ ਬਾਬਰੀ ਮਸਜਿਦ ਢਾਹ ਕੇ ਮੋਦੀ ਸਰਕਾਰ ਨੇ ਹਿੰਦੂ ਦੇ ਹੱਕ ਵਿੱਚ ਫ਼ੈਸਲਾ ਕਰਵਾਉਣ ਮਗਰੋਂ ਰਾਮ ਮੰਦਰ ਦਾ ਨੀਂਹ ਪੱਥਰ ਰਖਵਾਇਆ, ਸਿੱਖਿਆ ਨੀਤੀ ਵਿੱਚ ਸੋਧ ਕਰਕੇ, ਇਤਿਹਾਸ ਮਿਟਾ ਕੇ, ਮਿਥਿਹਾਸ ਨੂੰ ਮੂਹਰੇ ਲਿਆਉਣ ਦਾ ਜ਼ਿੰਮਾ ਹਾਕਮਾਂ ਨੇ ਚੁੱਕਿਆ। ਬਾਕੀ ਰਹਿੰਦੀ ਕਸਰ ਕਿਰਤ ਕਾਨੂੰਨ ਵਿੱਚ ਸੋਧ ਕਰਕੇ ਮੋਦੀ ਸਰਕਾਰ ਨੇ ਕੱਢ ਦਿੱਤੀ। ਜਦੋਂ ਕਿਰਤ ਕਾਨੂੰਨ ਦੇ ਵਿੱਚ ਸੋਧ ਕਰਕੇ ਵੀ ਮੋਦੀ ਦੇ ਕਾਲਜੇ ਠੰਢ ਨਾ ਪਈ ਤਾਂ, ਇਹਦੇ ਖੇਤੀ ਸੈਕਟਰ ਨੂੰ ਤਬਾਹ ਕਰਨ ਵਾਸਤੇ ਤਿੰਨ ਖੇਤੀ ਕਾਨੂੰਨ ਲਿਆਂਦੇ, ਜਿਨ੍ਹਾਂ ਦਾ ਜੁਲਾਈ 2020 ਤੋਂ ਲੈ ਕੇ ਹੁਣ ਤੱਕ ਵਿਰੋਧ ਹੋ ਰਿਹਾ ਹੈ ਅਤੇ ਲੱਗਦਾ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਹੁਣ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਸਰਕਾਰ ਰੱਦ ਨਹੀਂ ਕਰਦੀ।
ਵੈਸੇ, ਭਾਰਤ ਦੇ ਕਿਸਾਨਾਂ ਨੇ 2024 ਤੱਕ ਕਿਸਾਨ ਅੰਦੋਲਨ ਨੂੰ ਲੰਮਾ ਖਿੱਚਣ ਦੀ ਤਿਆਰੀ ਕਰ ਲਈ ਹੈ, ਪਰ ਦੂਜੇ ਪਾਸੇ ਹਾਕਮ ਧੜਾ ਵੀ ਕਿਸਾਨਾਂ 'ਤੇ ਲਾਠੀਚਾਰਜ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਫ਼ੌਜ ਅਤੇ ਪੁਲਿਸ ਭੇਜ ਰਿਹਾ ਹੈ। ਮੋਦੀ ਸਰਕਾਰ ਦੀ ਵੈਸੇ ਹਰ ਚਾਲ ਨੂੰ ਕਿਸਾਨ ਫ਼ੇਲ੍ਹ ਕਰ ਰਹੇ ਹਨ, ਹੁਣ ਤਾਂ, ਕਿਸਾਨਾਂ ਨੇ ਠੋਕ ਵਜ੍ਹਾ ਕੇ ਕਹਿ ਦਿੱਤਾ ਹੈ, ਕਿ ਉਦੋਂ ਹੀ ਦਿੱਲੀ ਦੀਆਂ ਸਰਹੱਦਾਂ ਤੋਂ ਉੱਠਾਂਗੇ, ਜਦੋਂ ਖੇਤੀ ਕਾਨੂੰਨ ਰੱਦ ਹੋ ਗਏ। ਕਿਸਾਨਾਂ ਦੇ ਨਾਲ ਇਸ ਵੇਲੇ ਹਰ ਵਰਗ ਜੁੜ ਚੁੱਕਿਆ ਹੈ। ਕਿਸਾਨ, ਮਜ਼ਦੂਰ, ਕਿਰਤੀ, ਵਕੀਲ, ਪ੍ਰੋਫ਼ੈਸਰ, ਮੁਲਾਜ਼ਮ, ਆੜ੍ਹਤੀਏ, ਵਪਾਰੀ, ਨੌਜਵਾਨ, ਬਜ਼ੁਰਗ, ਬੀਬੀਆਂ ਅਤੇ ਬੱਚਿਆਂ ਤੋਂ ਇਲਾਵਾ ਦੇਸ਼ ਦੇ ਸਮੂਹ ਰਾਜ ਇਸ ਵੇਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ, ਸਸਤੇ ਭਾਅ 'ਤੇ ਮਿਲਣ ਵਾਲੀਆਂ ਵਸਤੂਆਂ ਮਹਿੰਗੇ ਭਾਅ ਮਿਲਿਆ ਕਰਨਗੀਆਂ, ਇਸ ਲਈ ਖੇਤੀ ਕਾਨੂੰਨਾਂ ਦੇ ਵਿਰੁੱਧ ਹਰ ਵਰਗ ਪ੍ਰਦਰਸ਼ਨ ਕਰਕੇ, ਆਪਣਾ ਯੋਗਦਾਨ ਪਾ ਰਿਹਾ ਹੈ। ਜਿਸ ਪ੍ਰਕਾਰ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਹੋ ਚੁੱਕਿਆ ਹੈ, ਕਿਸਾਨਾਂ ਦੇ ਨਾਲ ਆ ਕੇ ਸਮੂਹ ਵਰਗ ਖੜ੍ਹੇ ਹੋ ਚੁੱਕੇ ਹਨ ਤਾਂ, ਅਸੀਂ ਸਾਫ਼ ਅਤੇ ਸਪੱਸ਼ਟ ਸ਼ਬਦਾਂ ਦੇ ਵਿੱਚ ਦਾਅਵੇ ਦੇ ਨਾਲ ਕਹਿ ਸਕਦੇ ਹਾਂ, ਕਿ ''ਅਬ ਕੀ ਬਾਰ, ਨਾ ਮੋਦੀ ਸਰਕਾਰ''। ਟਰੰਪ ਵਾਂਗੂ ਮੋਦੀ ਦਾ ਪੱਤਾ ਵੀ ਭਾਰਤ ਦੇ ਅੰਦਰੋਂ ਸਾਫ ਹੋ ਜਾਵੇਗਾ।
ਗੁਰਪ੍ਰੀਤ

0 Comments