ਲੋਟੂ ਸਰਕਾਰਾਂ ਨੇ ਮਾਰਿਆ ਗਰੀਬ ਤਬਕਾ

ਬੇਸ਼ਕ ਹਰ ਪਾਸੇ ਅੱਜ ਕਰੋਨਾ ਵਾਇਰਸ ਦੀ ਹੀ ਗੱਲ ਹੋ ਰਹੀ ਹੈ। ਹਕੂਮਤ ਵੀ ਲੋਕਾਂ ਨੂੰ ਹੋਰਨਾਂ ਮੁੱਦਿਆਂ ਤੋਂ ਪਾਸੇ ਪਲਟ ਕੇ ਕਰੋਨਾ ਦਾ ਡਰ ਪਾ ਰਹੀ ਹੈ। ਵੇਖਿਆ ਜਾਵੇ ਤਾਂ ਕਿਧਰੇ ਵੀ ਕਰੋਨਾ ਵਾਇਰਸ ਦੇ ਕਾਰਨ ਪੀੜਤ ਪਰਿਵਾਰਾਂ ਦੀ ਗੱਲ ਨਹੀਂ ਹੋ ਰਹੀ। ਭਾਵੇਂ ਹੀ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਹਰ ਗਰੀਬ ਨੂੰ ਰੋਟੀ ਪਾਣੀ ਤੋਂ ਇਲਾਵਾ ਰਹਿਣ ਦੇ ਲਈ ਜਗ੍ਹਾ ਅਤੇ ਆਉਣ ਜਾਣ ਦੇ ਲਈ ਸਾਧਨ ਮੁਹਈਆ ਕਰਵਾਏ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਕਰੋਨਾ ਕਹਿਰ ਦੇ ਦੌਰਾਨ ਗਰੀਬ ਪੈਦਲ ਹੀ ਘਰਾਂ ਨੂੰ ਰਵਾਨਾ ਹੀ ਰਹੇ ਹਨ, ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਗਰੀਬਾਂ ਭੁੱਖ ਦੇ ਨਾਲ ਮਰ ਰਹੇ ਹਨ, ਪਰ ਸਿਆਸਤਦਾਨਾਂ ਦੇ ਵਲੋਂ ਇਸ ਉਪਰ ਵੀ ਸਿਆਸਤ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਲੰਘੇ ਦਿਨ ਪੰਜਾਬੀ ਦੇ ਇਕ ਅਖ਼ਬਾਰ ਨੇ ਸੰਪਾਦਕੀ ਪੰਨੇ ਤੇ ਸੰਪਾਦਕ ਦੇ ਵਲੋਂ "ਹਾਕਮ ਨੂੰ ਕਿਵੇਂ ਨੀਂਦ ਆ ਰਹੀ ਹੈ" ਲੇਖ ਲਿਖਿਆ ਗਿਆ। ਲੇਖ ਪੜ੍ਹ ਕੇ ਇੰਜ ਲੱਗਿਆ ਕਿ ਸਰਕਾਰ ਜਿਵੇਂ ਕੁੰਭਕਰਨੀ ਨੀਂਦ ਸੁੱਤੀ ਵੀ ਹੋਵੇ। ਹਾਕਮ ਧਿਰ ਬੇਸ਼ੱਕ ਇਸ ਵੇਲੇ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੇ ਜ਼ਰੀਏ ਵੱਡੇ ਵੱਡੇ ਦਾਅਵੇ ਅਤੇ ਵਾਅਦੇ ਕਰਦੀ ਨਜ਼ਰੀਂ ਆ ਰਹੀ ਹੈ, ਪਰ ਹਕੀਕਤ ਦੇ ਵਿੱਚ ਕੁਝ ਹੋਰ ਹੀ ਹੋ ਰਿਹਾ ਹੈ। ਕੁਝ ਲੇਖ ਦੇ ਵਿੱਚ ਇੱਕ ਔਰਤ ਦੇ ਬਾਰੇ ਵਿੱਚ ਲਿਖਿਆ ਗਿਆ ਜੋ ਕਿ ਗਰਭਵਤੀ ਸੀ ਅਤੇ ਉਹ ਰਸਤੇ ਵਿਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਵੀ ਲੰਮਾ ਪੈਂਡਾ ਚੱਲਦੀ ਰਹੀ, ਜਿਸ ਨੂੰ ਖਾਣ ਪੀਣ ਦੇ ਲਈ ਰੋਟੀ ਦਾ ਪ੍ਰਬੰਧ ਪੁਲਿਸ ਵਾਲਿਆਂ ਦੇ ਵੱਲੋਂ ਕੀਤਾ ਗਿਆ, ਜਦੋਂ ਕਿ ਪੁਲਿਸ ਵਾਲਿਆਂ ਨੇ ਪੈਰੀਂ ਪਹਿਨਣ ਲਈ ਉਨ੍ਹਾਂ ਨੂੰ ਜੁੱਤੀਆਂ  ਵੀ ਦਿੱਤੀਆਂ। ਵੇਖਿਆ ਜਾਵੇ ਤਾਂ ਸਾਡੀ ਹਕੂਮਤ ਕੀ ਕਰ ਰਹੀ ਹੈ? ਦਾਅਵੇ ਤਾਂ ਹਕੂਮਤ ਵੱਲੋਂ ਅਸਮਾਨ ਨੂੰ ਛੋਹਣ ਵਾਲੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਹਕੂਮਤ ਜ਼ਮੀਨ ਤੇ ਤਾਂ ਕੁਝ ਵੀ ਨਹੀਂ ਕਰ ਰਹੀ। ਮੋਦੀ ਹਕੂਮਤ ਵੱਲੋਂ ਜਨਤਾ ਨੂੰ ਜਿੱਥੇ ਗੁੰਮਰਾਹ ਕੀਤਾ ਜਾ ਰਿਹਾ ਹੈ, ਉਥੇ ਹੀ ਗਰੀਬਾਂ ਹੱਥੋਂ ਰੋਟੀ ਖੋਹ ਕੇ ਉਨ੍ਹਾਂ ਨੂੰ ਮਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਹਾਕਮ ਧਿਰ ਇਸ ਵੇਲੇ ਜ਼ਾਲਮ ਬਣ ਚੁੱਕੀ ਹੈ, ਜਿਸ ਕਾਰਨ ਸਭ ਤੋਂ ਵੱਧ ਨੁਕਸਾਨ ਗਰੀਬ ਤਬਕੇ ਦਾ ਹੋ ਰਿਹਾ ਹੈ। ਗਰੀਬ ਲੋਕ ਮਰ ਰਹੇ ਹਨ। ਕੋਈ ਗਰੀਬ ਸੜਕ ਹਾਦਸੇ ਵਿੱਚ ਮਰ ਰਿਹਾ, ਕੋਈ ਭੁੱਖ ਦੇ ਨਾਲ ਮਰ ਰਿਹਾ ਹੈ, ਪਰ ਕੋਈ ਵੀ ਲੀਡਰ ਜਾਂ ਫਿਰ ਕੋਈ ਵੱਡਾ ਸਿਆਸਤਦਾਨ ਮੰਤਰੀ ਸੰਤਰੀ ਕੋਈ ਵੀ ਭੁੱਖ ਦੇ ਨਾਲ ਜਾਂ ਫਿਰ ਸੜਕ ਹਾਦਸੇ ਵਿੱਚ ਨਹੀਂ ਮਰ ਰਿਹਾ। ਇਸ ਦਾ ਕੀ ਕਾਰਨ ਹੈ? ਅਸੀਂ ਆਪ ਹੀ ਹਿਸਾਬ ਲਾ ਸਕਦੇ ਹਾਂ ਜਨਤਾ ਦੇ ਪੈਸੇ 'ਤੇ ਪਲਣ ਵਾਲੇ ਲੀਡਰ ਅੱਜ ਜਨਤਾ ਨੂੰ ਵੰਨ ਸੁਵੰਨੀਆਂ ਗੱਲਾਂ ਕਰਕੇ ਉਲਝਾ ਰਹੇ ਹਨ। ਸੋ ਸਾਡੀ ਭਾਰਤ ਦੀ ਜਨਤਾ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਲੀਡਰਾਂ ਦੇ ਖਜ਼ਾਨੇ ਭਰਨ ਦੀ ਬਜਾਏ, ਸਾਨੂੰ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਜੋ ਭੁੱਖੇ ਹਨ ਅਤੇ ਗਰੀਬ ਹਨ। ਸਾਨੂੰ ਲੀਡਰਾਂ ਦੀ ਨੀਂਦ ਨੂੰ ਹਰਾਮ ਕਰਨਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਲੀਡਰਾਂ ਨੇ ਹੀ ਸਾਨੂੰ ਸੜਕਾਂ 'ਤੇ ਮਰਨ ਲਈ ਮਜਬੂਰ ਕੀਤਾ ਹੈ। ਆਓ ਸਾਰੇ ਰਲ ਮਿਲ ਕੇ ਇਹ ਹਕੂਮਤ ਦਾ ਭਾਂਡਾ ਭੰਨੀਏ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਈਏ, ਤਾਂ ਜੋ ਦੇਸ਼ ਦਾ ਭਲਾ ਹੋ ਸਕੇ। ਵੈਸੇ ਤਾਂ 1947 ਤੋਂ ਲੈ ਕੇ ਹੁਣ ਤੱਕ ਸਾਡੇ ਦੇਸ਼ ਦੀ ਹਾਲਤ ਵਿਗੜੀ ਹੈ, ਉਹ ਸਿਰਫ ਸਮੇਂ ਦੀਆਂ ਸਰਕਾਰਾਂ ਕਰਕੇ ਹੀ ਵਿਗੜੀ ਹੈ।

ਗੁਰਪ੍ਰੀਤ

Post a Comment

0 Comments