ਭਾਰਤ ਵਿੱਚ ਦਿਨ ਪ੍ਰਤੀ ਦਿਨ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਦੀ ਦਰ ਵੀ ਵਧ ਰਹੀ ਹੈ। ਇਸ ਦੇ ਚਲਦਿਆਂ ਲੋਕਾਂ ਵਿੱਚ ਕਾਫੀ ਜਿਆਦਾ ਸਹਿਮ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਕਈ ਪ੍ਰਕਾਰ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਤਾਂ ਜੋ ਸਰਕਾਰੀ ਅਧਿਕਾਰੀ/ਮੁਲਾਜਮ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਕਰਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਸਰਕਾਰੀ ਅਧਿਕਾਰੀ/ਮੁਲਾਜਮ ਕਾਗਜ਼ਾਂ ਵਿੱਚ ਸਰਵੇ ਕਰ ਰਹੇ ਹਨ।ਕਈ ਪਿੰਡਾਂ ਦੇ ਵਿੱਚ ਇਹ ਸਰਕਾਰ ਦੀਆਂ ਟੀਮਾਂ ਪਹੁੰਚ ਹੀ ਨਹੀਂ ਸਕਿਆ, ਜਿਸ ਕਾਰਨ ਲੋਕਾਂ ਨੂੰ ਕਰੋਨਾ ਪ੍ਰਤੀ ਜਾਣਕਾਰੀ ਹੀ ਨਹੀਂ ਹੈ। ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਭਾਰਤ ਵਿੱਚ ਲਾਕਡਾਊਨ ਲੱਗੇ ਨੂੰ ਕਰੀਬ ਪੌਣੇ ਦੋ ਮਹੀਨੇ ਹੋ ਗਏ ਹਨ, ਪਰ ਹੁਣ ਤੱਕ ਭਾਰਤ ਸਰਕਾਰ ਇਸ ਕਰੋਨਾ ਵਾਇਰਸ ਉੱਪਰ ਕਾਬੂ ਨਹੀਂ ਪਾ ਸਕੀ। ਸਰਕਾਰ ਦੇ ਵੱਲੋਂ ਬੇਸ਼ੱਕ ਕਈ ਯਤਨ ਕੀਤੇ ਜਾ ਰਹੇ ਹਨ ਕਿ ਕਰੋਨਾ ਵਾਇਰਸ ਉੱਪਰ ਆਪਣਾ ਕਾਬੂ ਪਾਇਆ ਜਾ ਸਕੇ, ਪਰ ਅਜਿਹਾ ਨਹੀਂ ਹੋ ਰਿਹਾ। ਦੱਸ ਦਈਏ ਕਿ ਦੁਨੀਆਂ ਦੇ ਕਈ ਮੁਲਕਾਂ ਵਿੱਚ ਇਸ ਵੇਲੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਵਧ ਚੁੱਕੀ ਹੈ ਅਤੇ ਉਥੋਂ ਦੇ ਲੋਕਾਂ ਦੀ ਮੌਤ ਦਰ ਵੀ ਵਧਦੀ ਜਾ ਰਹੀ ਹੈ। ਕਰੋਨਾ ਤੋਂ ਸਭ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਇਟਲੀ, ਚੀਨ, ਅਮਰੀਕਾ ਤੋਂ ਇਲਾਵਾ ਹੋਰ ਦਰਜਨਾਂ ਦੇਸ਼ ਹਨ। ਕਰੋਨਾ ਵਾਇਰਸ ਇਸ ਵੇਲੇ ਦੁਨੀਆ ਦੇ 192 ਦੇਸ਼ਾਂ ਵਿਚ ਫੈਲ ਚੁੱਕਿਆ ਹੈ, ਜਿਨ੍ਹਾਂ ਵਿੱਚ ਭਾਰਤ ਵੀ ਆਉਂਦਾ ਹੈ। ਦੱਸ ਦਈਏ ਕਿ ਇੱਕ ਰਿਪੋਰਟ ਦੇ ਮੁਤਾਬਕ ਕਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਾ 12ਵਾਂ ਮੁਲਕ ਭਾਰਤ ਬਣ ਚੁੱਕਿਆ ਹੈ। ਜਾਣਕਾਰੀ ਦੇ ਅਨੁਸਾਰ ਕਰੋਨਾ ਪੀੜਤ ਭਾਰਤ ਵਿੱਚ 75 ਹਜ਼ਾਰ ਤੋਂ ਟੱਪ ਚੁੱਕੇ ਹਨ। ਜਿਸ ਦੇ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਦੱਸ ਇਹ ਵੀ ਦਈਏ ਕਿ ਭਾਰਤ ਦੇ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਪਹਿਲਾ ਕੇਸ 30 ਜਨਵਰੀ ਨੂੰ ਆਇਆ ਸੀ, ਪਰ ਭਾਰਤ ਸਰਕਾਰ ਦੇ ਵੱਲੋਂ ਕਰੀਬ ਪੌਣੇ ਦੋ ਮਹੀਨੇ ਬਾਅਦ ਦੇਸ਼ ਭਰ ਵਿਚ ਲਾਕਡਾਊਨ ਕੀਤਾ ਗਿਆ, ਜਿਸ ਕਾਰਨ ਭਾਰਤ ਸਰਕਾਰ ਦੀ ਇਸ ਨਾਕਾਮੀ ਦੇ ਚੱਲਦਿਆਂ ਭਾਰਤ ਵਿੱਚ ਕੇਸ ਵੀ ਜਿਆਦਾ ਹੋਏ ਹਨ। ਜੇਕਰ ਭਾਰਤ ਉਦੋਂ ਹੀ ਇਸ ਵਾਇਰਸ ਉੱਤੇ ਕਾਬੂ ਪਾ ਲੈਂਦਾ, ਜਦੋਂ ਭਾਰਤ ਵਿੱਚ ਇੱਕ ਕੇਸ ਸੀ ਤਾਂ ਅੱਜ ਇੰਨੀ ਵੱਡੀ ਨੌਬਤ ਨਾ ਆਉਂਦੀ। ਨਾ ਹੀ ਏਨੇ ਵੱਡੇ ਪੱਧਰ ਤੇ ਮਜ਼ਦੂਰ/ਨੌਜਵਾਨ ਬੇਰੁਜ਼ਗਾਰ ਹੁੰਦੇ ਅਤੇ ਨਾ ਹੀ ਵੱਡੀਆਂ ਵੱਡੀਆਂ ਕੰਪਨੀਆਂ ਬੰਦ ਹੁੰਦੀਆਂ। ਸਰਕਾਰ ਦੀ ਨਾਕਾਮੀ ਦੇ ਕਾਰਨ ਹੀ ਅੱਜ ਇਹ ਸਭ ਕੁਝ ਆਮ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੇ ਦਰਮਿਆਨ ਹੀ ਕਰੀਬ ਸਾਢੇ ਤਿੰਨ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਦੁਨੀਆ ਦੇ ਸਭ ਤੋਂ ਜਿਆਦਾ ਕਰੋਨਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਭਾਰਤ ਨੇ ਕੈਨੇਡਾ ਨੂੰ ਪਿੱਛੇ ਛੱਡ ਕੇ 12ਵੇਂ ਨੰਬਰ ਤੇ ਪਹੁੰਚ ਚੁੱਕਿਆ ਹੈ। ਪਿਛਲੇ ਚੌਵੀ ਘੰਟਿਆਂ ਦੇ ਦਰਮਿਆਨ ਹੀ ਇਕੱਲੇ ਮਹਾਂਰਾਸ਼ਟਰ ਦੇ ਵਿੱਚ ਕਰੋਨਾ ਵਾਇਰਸ ਦੇ 1026 ਨਵੇਂ ਮਾਮਲੇ ਸਾਹਮਣੇ ਆਏ ਹਨ। ਮਹਾਂਰਾਸ਼ਟਰ ਦੇ ਵਿੱਚ ਹੀ ਹੁਣ ਤੱਕ ਕੁੱਲ 24 ਹਜ਼ਾਰ 427 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਸ ਵਿੱਚ 921 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਮੁੰਬਈ ਦੇ ਵਿੱਚ 14 ਹਜ਼ਾਰ 946 ਮਾਮਲੇ ਸਾਹਮਣੇ ਆਏ ਹਨ ਅਤੇ ਇੱਥੇ ਪਿਛਲੇ ਚੌਵੀ ਘੰਟਿਆਂ ਵਿੱਚ 28 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਹੁਣ ਤੱਕ ਮੁੰਬਈ ਵਿਚ ਕੁੱਲ 556 ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਜੇਕਰ ਕਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਾ ਮੁਲਕ ਭਾਰਤ ਬਣ ਚੁੱਕਿਆ ਹੈ ਤਾਂ ਇਹ ਸਾਡੇ ਲਈ ਬੜੀ ਦੁੱਖ ਦੀ ਗੱਲ ਹੈ ਅਤੇ ਸਾਡੀਆਂ ਸਰਕਾਰਾਂ ਉੱਪਰ ਵੀ ਇਸ ਪ੍ਰਤੀ ਸਵਾਲ ਉੱਠਣੇ ਲਾਜ਼ਮੀ ਹੋ ਚੁੱਕੇ ਹਨ, ਕਿ ਲਾਕਡਾਉਨ ਲੱਗਾ ਹੋਣ ਬਾਵਜੂਦ ਵੀ ਇਨੇ ਕੇਸ ਭਾਰਤ ਵਿੱਚ ਕਿਵੇਂ ਵੱਧ ਰਹੇ ਹਨ? ਕਿਉਂ ਸਾਡੇ ਭਾਰਤ ਵਿੱਚ ਕਰੋਨਾ ਕਾਰਨ ਮੌਤਾਂ ਦੀ ਗਿਣਤੀ ਦਾ ਅੰਕੜਾ ਵੀ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ? ਇੱਥੇ ਦੱਸਣਾ ਬਣਦਾ ਹੈ ਕਿ ਜੇਕਰ ਸਰਕਾਰ ਦੇ ਵੱਲੋਂ 30 ਜਨਵਰੀ ਨੂੰ ਜਦੋਂ ਭਾਰਤ ਵਿੱਚ ਪਹਿਲਾ ਕੇਸ ਆਇਆ ਸੀ, ਉਦੋਂ ਹੀ ਤਾਲਾਬੰਦੀ ਕੀਤੀ ਹੁੰਦੀ ਜਾਂ ਫਿਰ ਸਖਤ ਕਦਮ ਚੁੱਕੇ ਹੁੰਦੇ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ, ਪਰ ਭਾਰਤ ਸਰਕਾਰ ਤਾਂ ਹਮੇਸ਼ਾ ਹੀ ਹਰ ਕੰਮ ਵਿੱਚ ਦੇਰੀ ਨਾਲ ਕਦਮ ਚੁੱਕਦੀ ਰਹੀ ਹੈ, ਜਿਸ ਕਾਰਨ ਭਾਰਤ ਨੂੰ ਹਮੇਸ਼ਾ ਹੀ ਨੁਕਸਾਨ ਪਹੁੰਚਦਾ ਰਿਹਾ ਹੈ।
ਗੁਰਪ੍ਰੀਤ
ਮੁੱਖ ਸੰਪਾਦਕ
ਪੰਜਾਬ ਨੈੱਟਵਰਕ
ਗੁਰਪ੍ਰੀਤ
ਮੁੱਖ ਸੰਪਾਦਕ
ਪੰਜਾਬ ਨੈੱਟਵਰਕ

0 Comments