ਕੋਰੋਨਾ ਵਾਇਰਸ ਦੇ ਲਾਭ, ਹਾਨੀਆਂ ਅਤੇ ਉਸ ਦਾ ਸੁਪਨਾ

ਪਿਆਰੇ ਮਿੱਤਰੋ ਮੰਨਿਓ ਭਾਂਵੇ ਨਾ ਮੰਨਿਓ ਪਰ ਇਸ ਸੱਚ ਤੋਂ  ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਹਰ ਵਸਤੂ, ਕੰਮ, ਸੋਚ ਦੇ  ਦੋ  ਪਹਿਲੂ ਜਰੂਰ ਹੁੰਦੇ ਹਨ ਕਿਰਿਆ-ਪ੍ਰਤੀਕਿਰਿਆ,ਸਿੱਧਾ-ਪੁੱਠਾ ਵਗੈਰਾ ਵਗੈਰਾ। ਮੰਨ ਲਵੋ ਮੇਰੇ ਵਿੱਚ ਕੁੱਝ ਔਗੁਣ ਹਨ ਪਰ ਮੇਰੇ ਵਿੱਚ ਗੁਣ ਨਾ ਹੋਣ ਕੀ ਇਹ ਹੋ ਸਕਦਾ ਹੈ ? ਆਪਣੇ ਦਿਲ ਤੇ ਹੱਥ ਰੱਖ ਕੇ ਜਵਾਬ ਦੇਣਾ। ਆਉ ਮੈਂ ਖੁਦ ਹੀ ਤੁਹਾਨੂੰ ਮੇਰੇ ਵਿੱਚ ਜੋ ਗੁਣ ਔਗੁਣ ਹਨ ਉਨ੍ਹਾਂ ਦੀ ਤਸਵੀਰ ਵਿਖਾ ਦੇਵਾਂ। ਜੋ "ਮਨੁੱਖ ਮਾਰਨ" ਦੇ ਇਲਜਾਮ  ਮੇਰੇ ਤੇ ਲਾਏ ਜਾ ਰਹੇ ਹਨ ਉਨ੍ਹਾਂ ਨੂੰ ਤੁਸੀਂ ਸਭ ਜਾਣਦੇ ਹੀ ਹੋ । ਕੀ ਤੁਹਾਨੂੰ ਪਤਾ ਹੈ ਕਿ ਪੂਰਾ ਸੰਸਾਰ  ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ।ਆਪਣੇ ਆਪ ਨੂੰ ਸੁਪਰ ਪਾਵਰ ਸਿੱਧ ਕਰਨ ਦੀ ਦੌੜ ਕਾਰਨ ਅਮਰੀਕਾ ਅਤੇ ਚੀਨ ਦੀ ਆਪਸ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੌੜ ਲੱਗੀ ਹੋਈ ਹੈ। ਇਸੇ ਹੇਠ ਵਿੱਚੋਂ ਹੀ ਮੇਰਾ ਜਨਮ ਹੋਇਆ ਹੈ। ਅਤੇ ਮੈਨੂੰ  ਮਨੁੱਖਤਾ ਦੇ ਦੁਸ਼ਮਣ ਦਾ ਭਿਅੰਕਰ ਨਾਂ ਦੇ ਦਿੱਤਾ ਹੈ । ਜਰਾ ਸੋਚੋ ਪਹਿਲਾਂ ਵੀ  ਹਰ ਰੋਜ਼ ਲੱਖਾਂ ਮੌਤਾਂ ਹੁੰਦੀਆਂ ਸਨ।ਅੰਕੜਾ ਕੱਢ ਕੇ ਵੇਖ ਲਵੋ ਸੜਕ ਦੁਰਘਟਨਾਵਾਂ ਵਿੱਚ ਪੂਰੇ ਸੰਸਾਰ ਵਿੱਚ ਇੱਕ ਦਿਨ ਹੀ ਐਨੀਆਂ ਮੌਤਾਂ ਹੋ ਜਾਦੀਆਂ ਸਨ  ਜਿੰਨੀਆਂ ਹੁਣ ਤੱਕ ਹੋਈਆਂ ਸਾਰੀਆਂ ਮੌਤਾਂ ਦਾ ਅੰਕੜਾ ਮੇਰੇ ਸਿਰ ਮੜ੍ਹਿਆ ਜਾ ਰਿਹਾ ਹੈ। ਕੀ ਸਰਕਾਰਾਂ ਨੂੰ  ਐਕਸੀਡੈਂਟ ਕਾਰਨ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਲੋਕਾਂ ਨੂੰ  ਘਰਾਂ ਵਿੱਚ ਨਜ਼ਰਬੰਦ ਕਰਨ ਦਾ ਹੁਣ ਵਾਂਗ ਚੇਤਾ ਕਿਉਂ ਨਹੀਂ ਆਇਆ ? ਲੌਕ  ਡਾਊਨ ਦਾ ਕੀ ਮਤਲਬ ਹੈ? ਮੰਦਹਾਲੀ ਨੂੰ  ਠੱਲ੍ਹ ਪਾਉਣ ਲਈ ਉਤਪਾਦਨ  ਬੰਦ।ਕਿਉਂਕਿ ਲੋਕਾਂ ਦੀ  ਖਰੀਦ ਸ਼ਕਤੀ ਕਮਜ਼ੋਰ ਹੋ ਗਈ ਹੈ। ਬੱਸ ਇਹੀ  ਗੱਲ ਹੈ ।ਅਸਲੀ ਸੱਚ ਛੁਪਾਉਣ ਲਈ ਮੈਨੂੰ ਮਨੁੱਖਤਾ ਦਾ ਦੁਸ਼ਮਣ ਗਰਦਾਨ ਦਿੱਤਾ ਗਿਆ ਹੈ। ਹੁਣ ਮੇਰੇ  ਲਾਭ ਵੇਖੋ ਮੈਂ  ਵਾਤਾਵਰਣ ਐਨਾ ਸਾਫ਼ ਕਰ  ਦਿੱਤਾ ਹੈ ਕਿ ਦੁਨੀਆਂ ਭਰ ਦੀ ਕੋਈ ਤਾਕਤ ਵੀ ਐਨਾ ਨਹੀਂ ਸੀ ਕਰ ਸਕਦੀ ਅਤੇ ਨਾ ਹੀ ਤੁਹਾਡਾ ਅਖੌਤੀ " ਰੱਬ" ਜਿਸ ਦੀ ਤੁਸੀਂ ਹਰ ਰੋਜ਼ ਸਵੇਰੇ ਸ਼ਾਮ ਵਾਹ ਵਾਹ ਕਰਦੇ ਨਹੀਂ ਥੱਕਦੇ। ਕੀ ਤੁਹਾਨੂੰ ਨਹੀਂ ਪਤਾ ਕਿ ਮੌਤ ਦੇ ਵੱਖ ਵੱਖ ਕਾਰਨ ਹੁੰਦੇ ਹਨ। ਪਰ ਹੁਣ ਹੋ ਰਹੀ ਹਰ ਮੌਤ ਲਈ ਸਿਰਫ਼ ਤੇ  ਸਿਰਫ਼ ਮੈਨੂੰ  ਹੀ ਜਿੰਮੇਵਾਰ ਦੱਸਿਆ ਜਾ ਰਿਹਾ ਹੈ ਭਲਾ ਕਿਉਂ?  ਅਕਲਮੰਦੋ ਇਸ ਸਰਮਾਏਦਾਰ, ਸਿਆਸਤਦਾਨਾਂ ਅਤੇ ਅਖੌਤੀ ਧਾਰਮਿਕ  ਲੁਟੇਰੇ ਪ੍ਰਬੰਧ ਦੀਆਂ  ਕੋਝੀਆਂ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ।  ਮੈਂ ਸੰਸਾਰ ਦੇ ਹਰੇਕ ਵਿਅਕਤੀ ਨੂੰ ਉਸਦੀ ਆਪਣੀ ਔਕਾਤ  ਵਿਖਾ ਦਿੱਤੀ ਹੈ। ਅੱਜ ਸਾਰੇ ਅਮੀਰ ਗਰੀਬ ਇੱਕ ਘੁਰਨੇ ਵਿੱਚ  ਤਾੜ ਦਿੱਤੇ ਹਨ। ਅਮਰੀਕਾ ਜੋ ਆਪਣੇ ਆਪ ਨੂੰ ਵਿਸ਼ਵ ਦੀ ਸੁਪਰ ਸ਼ਕਤੀ ਦਾ ਭਰਮ ਪਾਲੀ ਬੈਠਾ ਸੀ ਅੱਜ  ਭਾਰਤ ਵਰਗੇ ਮੁਲਕ ਅੱਗੇ ਮੇਰੇ ਟਾਕਰੇ ਲੲੀ ਗੋਲੀਆਂ ਦੀ ਭੀਖ ਮੰਗ ਰਿਹਾ ਹੈ। ਮੈਂ ਵਿਆਹਾਂ ਤੇ  ਸ਼ਾਨੋ-ਸ਼ੌਕਤ ਦਾ ਵਿਖਾਵਾ ਕਰਕੇ ਵਿਆਹ ਕਰਵਾਉਣ ਵਾਲਿਆਂ ਨੂੰ ਵੀ ਸਬਕ ਸਿਖਾਇਆ ਹੈ ਜੋ ਗਰੀਬਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਸਨ। ਵਿਆਹਾਂ 'ਤੇ ਹੁੰਦੇ ਅਣਚਾਹੇ ਖਰਚਿਆਂ ਨੂੰ ਮੈਂ ਬੰਦ  ਕਰਾਇਆ ਹੈ ।ਕੀ ਮੈਨੂੰ ਅਜੇ ਵੀ  ਮਾੜਾ ਕਹੋਗੇ ? ਸੜਕ ਐਕਸੀਡੈਂਟ ਵਿੱਚ ਹਰ ਰੋਜ਼ ਪੂਰੇ ਵਿਸ਼ਵ ਵਿੱਚ ਲੱਖਾਂ ਮੌਤਾਂ ਕਿੱਥੇ  ਗਈਆਂ? ਉਹ  ਕਿਸ ਨੇ ਰੁਕਵਾਈਆਂ ? ਕੁਦਰਤ ਦੇ ਸਾਧਨਾਂ ਪੈਟਰੌਲ ਡੀਜਲ ਦੀ ਬੇਦਰਦੀ ਨਾਲ ਹੋ ਰਹੀ ਦੁਰਵਰਤੋਂ ਕਿਸ ਨੇ  ਰੋਕੀ? ਬੇਲੋੜੇ ਵਿਵਾਦ  ਕਿਸ ਨੇ  ਰੋਕੇ ? ਇਹ ਸਭ  ਤੁਸੀਂ  ਸੋਚੋ। ਅਜੇ ਵੀ ਕਈ ਕੋਝੀਆਂ ਚਾਲਾਂ ਤੋਂ ਬਾਜ ਨਹੀਂ ਆ ਰਹੇ  ਜਿਸ ਤਰ੍ਹਾਂ ਇਹ ਮੌਤਾਂ ਲਈ ਮੇਰਾ ਨਾਂ  ਵਰਤਿਆ ਜਾ ਰਿਹਾ ਹੈ  ਬਿਲਕੁਲ ਇਸੇ ਤਰ੍ਹਾਂ ਹੀ  ਤਬਲੀਗੀ ਸ਼ਬਦ ਦੀ ਵਰਤੋਂ ਕਰਕੇ ਮੁਸਲਿਮ ਭਾਈਚਾਰੇ ਨੂੰ  ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਵਾਸੀਓ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਹੈ  ਸਮਝਦਾਰ  ਬਣੋ। ਇਤਿਹਾਸ ਨਾ ਦੁਹਰਾਇਉ  । 1947 ,ਦਿੱਲੀ ਦੰਗੇ ,ਗੋਧਰਾ ਕਾਂਡ ਅਤੇ ਹੋਰ  ਵਾਪਰਿਆ, ਬਹੁਤ ਕੁੱਝ ਯਾਦ ਰੱਖਣਾ।ਆਪਸੀ ਪਿਆਰ, ਸਹਿਯੋਗ ਅਤੇ ਭਾਈਚਾਰਾ ਬਣਾਈ ਰੱਖਣਾ।ਕਿਸੇ  ਦੀਆਂ ਕੋਝੀਆਂ ਚਾਲਾਂ ਵਿੱਚ ਆ ਕੇ ਇਨਸਾਨੀਅਤ ਦਾ ਘਾਣ ਨਾ ਕਰ  ਬੈਠਣਾ। ਜਿਵੇਂ 1947 ਜਾਂ ਉਪਰ ਲਿਖੇ ਤੇ ਪਹਿਲਾਂ ਵੀ ਕਰ ਚੁੱਕੇ ਹੋ। ਸਭ ਖੁੱਲੀਆਂ ਅੱਖਾਂ ਨਾਲ ਵੇਖ ਲਵੋ ਅੰਗਰੇਜ਼ਾਂ ਵੱਲੋਂ ਭਾਰਤ ਪਾਕਿਸਤਾਨ ਦੀ ਖਿੱਚੀ  ਲਕੀਰ (ਸਰਹੱਦ) ਤੇ ਦੋਨੋਂ ਪਾਸੇ ਹਰ ਰੋਜ਼ ਤੁਹਾਡੇ ਮੱਖਣ ਮਲਾਈਆਂ ਨਾਲ ਪਾਲੇ ਹੋਏ ਜਵਾਨ ਪੁੱਤ ਮੌਤ ਦੀ  ਗੋਦ ਵਿੱਚ ਸੁਲਾਏ ਜਾ ਰਹੇ ਹਨ।ਹਰ ਆਏ ਦਿਨ ਮਾਪਿਆਂ ਕੋਲ਼ੋਂ ਪੁੱਤਰ, ਬੱਚਿਆਂ ਕੋਲ਼ੋਂ ਬਾਪ ਅਤੇ ਜਵਾਨ ਔਰਤਾਂ ਕੋਲ਼ੋਂ ਉਹਨਾਂ ਦੇ ਸਿਰ ਦੇ  ਸੁਹਾਗ ਖੋਹੇ ਜਾ ਰਹੇ ਹਨ ਪਰ ਤੁਹਾਡੇ  ਦੇਸ਼ ਦੇ ਚਲਾਕ ਸਰਮਾਏਦਾਰ  ਤੁਹਾਨੂੰ  ਲੁੱਟ ਕੇ ਵਿਦੇਸ਼ਾਂ ਵਿੱਚ ਜਾ ਕੇ ਐਸ਼ ਪ੍ਰਸਤੀ ਕਰ ਰਹੇ ਹਨ। ਮੁਆਫ਼ ਕਰਨਾ ਮੈਂ ਆਪਣੇ ਲਾਭ ਹਾਨੀਆਂ ਦੱਸਦਾ ਕਿਸੇ ਹੋਰ  ਹੀ  ਵਹਿਣ ਵਿੱਚ ਵਹਿ ਗਿਆ ਸੀ। ਕੀ ਕਰਾਂ ਇਸ "ਮੈਂ" ਨੇ ਹੀ ਇਹ ਪੁਆੜੇ ਪਾਏ ਹੋਏ ਹਨ । ਪਤਾ  ਮੇਰੇ  ਜਾਣ ਤੋਂ ਬਾਅਦ ਇਸ  ਸੰਸਾਰ ਦਾ ਕੀ ਬਣੇਗਾ? ਇਹੀ ਦੁੱਖ ਮੈਨੂੰ ਵੱਢ ਵੱਢ ਖਾਈ ਜਾਂਦਾ ਹੈ  ਖੈਰ ਕਹਿੰਦੇ ਹਨ ਕਿ ਜਦੋਂ ਜ਼ੁਲਮ ਦੀ ਅਤਿ ਹੋ ਜਾਂਦੀ ਹੈ ਤਾਂ ਕੁਦਰਤ ਕਿਸੇ ਨਾ ਕਿਸੇ ਨੂੰ ਕਿਸੇ ਰੂਪ ਵਿੱਚ ਜਰੂਰ  ਭੇਜਦੀ ਹੈ ਜਿਸ ਤਰ੍ਹਾਂ ਮੈਨੂੰ  ਕੋਰੋਨਾ ਵਾਇਰਸ ਦੇ  ਰੂਪ ਵਿੱਚ  ਭੇਜਿਆ ਹੈ। ਮੇਰੇ ਤੋਂ ਪਹਿਲਾਂ ਬਾਬਾ ਨਾਨਕ, ਗੋਬਿੰਦ ਸਿੰਘ, ਭਗਤ ਸਰਾਭੇ ਹੋਰ ਅਨੇਕਾਂ ਸੂਰਬੀਰਾਂ ਅਤੇ  ਗਦਰੀ ਬਾਬਿਆਂ ਨੂੰ ਭੇਜਿਆ ਸੀ। ਹੁਣ ਵੀ ਸ਼ਾਇਦ ਐਨਿਆਂ ਚੋ ਉੰਠੇਗਾ ਕੋਈ ਸੂਰਮਾ? ਇਹ ਆਸ ਲੈ ਕੇ ਮੈਂ  ਜਾਵਾਂਗਾ।


ਸੁਖਮਿੰਦਰ ਬਾਗ਼ੀ ਸਮਰਾਲਾ 
ਮੋਬਾਈਲ ਨੰਬਰ 9417394805

Post a Comment

0 Comments