ਭਾਰਤ ਵਾਸੀਆਂ ਦੇ ਨਾਂ ਕੋਰੋਨਾ ਵਾਇਰਸ ਦਾ ਖ਼ਤ

ਪਿਆਰੇ ਭਾਰਤ  ਵਾਸੀਓ ਤੁਹਾਨੂੰ ਇਹ ਜਾਣਕੇ ਖ਼ੁਸ਼ੀ ਹੋਵੇਗੀ ਕਿ ਮੈਂ  ਜਲਦੀ ਹੀ ਭਾਰਤ ਮਹਾਨ ਨੂੰ ਅਲਵਿਦਾ ਕਹਿਣ ਵਾਲਾ ਹਾਂ। ਪਰ ਜਾਣ ਤੋਂ ਪਹਿਲਾਂ ਮੈਂ ਆਪਣੀ ਆਖਰੀ ਇੱਛਾ (ਕੌੜਾ ਸੱਚ )ਤੁਹਾਨੂੰ  ਜਰੂਰ ਦੱਸਣਾ ਚਾਹੁੰਦਾ ਹਾਂ ਕਿ  ਧਰਮ, ਮੈਂ ਅਤੇ  ਸਿਆਸਤਦਾਨ ਆਪਸ ਵਿੱਚ ਗੂੜ੍ਹੇ ਦੋਸਤ ਹਾਂ ਅਤੇ ਸਾਡਾ ਸਭ
 ਦਾ ਸਾਂਝਾ ਦੁਸ਼ਮਣ ਹੈ ਵਿਗਿਆਨ (ਸਾਇੰਸ)।ਮੈਂ ਆਪਣੀ ਗਲਤੀ ਮੰਨਦਾ ਹਾਂ ਕਿ  ਮੈਨੂੰ ਭਾਰਤ ਵਿੱਚ ਨਹੀਂ ਆਉਣਾ ਚਾਹੀਦਾ ਸੀ ਕਿਉਂਕਿ ਇੱਥੇ ਤਾਂ ਪਹਿਲਾਂ ਹੀ ਵੱਖ ਵੱਖ ਧਰਮਾਂ ਦੇ ਵਾਇਰਸ ਮੇਰਾ ਮਨੁੱਖ ਮਾਰਨ ਵਾਲਾ  ਕੰਮ ਸਦੀਆਂ ਤੋਂ ਕਰਦੇ ਆ ਰਹੇ ਹਨ। ਮੈਂ ਉਨੇ ਮਨੁੱਖ ਸਾਰੇ ਸੰਸਾਰ ਵਿੱਚ ਨਹੀਂ ਮਾਰ ਸਕਿਆ ਜਿੰਨੇ ਮਨੁੱਖ  ਇਹ ਧਰਮ ਦੇ ਵਾਇਰਸ ਨੇ ਹੁਣ ਤੱਕ ਮਹਾਨ ਭਾਰਤ ਵਿੱਚ ਮਾਰ ਦਿੱਤੇ ਹਨ ਅਤੇ ਇਹ ਮੇਰਾ ਮਨੁੱਖ  ਮਾਰਨ ਦਾ ਕੰਮ  ਲਗਾਤਾਰ ਚਲਾ ਰਹੇ ਹਨ ਅਤੇ ਆਉਣ ਵਾਲੇ  ਸਮੇ ਵਿੱਚ  ਵੀ ਚੱਲਦਾ ਰੱਖਣਗੇ ।
ਅਸੀਂ  ਆਪਸ ਵਿੱਚ  ਕਿਵੇਂ ਮਿੱਤਰ ਹਾਂ ਅੱਖਾਂ ਨਾਲ ਵੇਖ ਲਵੋ  ਜਦੋਂ ਮੈਂ ਭਾਰਤ ਵਿੱਚ ਆਪਣੇ ਆਉਣ ਦੀ ਦਸਤਕ ਦਿੱਤੀ ਤਾਂ ਧਾਰਮਿਕ ਸਥਾਨਾਂ ਨੇ  ਆਪਣੇ ਬੂਹੇ ਭੇੜ ਲਏ ਉਹ ਜਾਣਦੇ ਸਨ ਕਿ ਜੋ ਕੰਮ ਅਸੀਂ ਸਦੀਆਂ ਤੋਂ ਕਰ ਰਹੇ ਸੀ ਹੁਣ ਇਹ ਕੰਮ  ਕਰਨ ਲਈ ਅਤੇ ਸਾਨੂੰ ਆਰਾਮ ਦਿਵਾਉਣ ਲਈ ਸਾਡਾ ਮਿੱਤਰ ਆ ਗਿਆ ਹੈ।
ਪਰ ਸਾਡੇ ਦੁਸ਼ਮਣ ਵਿਗਿਆਨ ਦੇ ਸਿਹਤ ਵਿਭਾਗ ਨੇ ਮੇਰਾ ਮੁਕਾਬਲਾ ਕਰਨ ਲਈ ਆਪਣੇ ਕਮਰਕੱਸੇ ਕੱਸ ਲਏ।ਜਿਹੜੇ ਕੰਮ ਚੋਰ ਮੁਲਾਜ਼ਮ  ਫਰਲੋਆਂ ਮਾਰਦੇ ਤੇ ਵਿਹਲੇ ਰਹਿ ਐਸ਼ ਕਰਦੇ ਸਨ ਮੈਂ ਆ ਕੇ ਉਹਨਾਂ ਦੀ ਵੀ ਭੂਤਨੀ ਭੁਲਾ ਦਿੱਤੀ।ਉਹ ਵੀ ਮੇਰੇ ਨਾਂ ਦੇ ਆਪਣੇ ਕਾਰਾਂ, ਸਕੂਟਰਾਂ ਤੇ ਸਟਿੱਕਰ ਲਾਕੇ ਘਰ ਘਰ  ਮੈਨੂੰ  ਲੱਭਣ ਵਾਹੋਦਾਹੀ ਭੱਜੇ ਫਿਰਦੇ ਹਨ ਪਰ ਮੈਂ ਵੀ ਉਨ੍ਹਾਂ ਨੂੰ ਚੈਨ ਦੀ ਨੀਂਦ ਨਹੀਂ ਸੌਣ  ਦਿੰਦਾ ਅਤੇ ਉਨ੍ਹਾਂ ਦੇ  ਕਦੇ ਹੱਥ ਨਹੀਂ ਆਵਾਂਗਾ। ਪਰ ਬਦਕਿਸਮਤੀ ਨਾਲ ਮੇਰੀ ਸਿਹਤ ਨੂੰ ਭਾਰਤ ਦਾ ਪੌਣਪਾਣੀ ਰਾਸ ਨਹੀਂ ਆਇਆ ਤੇ ਥੋੜੇ ਦਿਨਾਂ ਵਿੱਚ ਹੀ ਮੈਨੂੰ ਭਾਰਤ ਤੋਂ ਕੂਚ ਕਰਨਾ ਪੈਣਾ ਹੈ। ਪਰ ਇਹ ਨਾ ਸਮਝਣਾ ਕਿ ਮੈਂ ਤੁਹਾਡੇ ਥਾਲੀਆਂ ਖੜਕਾਉਣ, ਤਾਲੀਆਂ ਵਜਾਉਣ ਜਾਂ ਫਿਰ ਦੀਵੇ ਮੋਮਬੱਤੀਆਂ ਜਗਾਉਣ  ਤੋਂ ਡਰ ਕੇ ਭੱਜ ਰਿਹਾ ਹਾਂ। ਮੈਨੂੰ ਇਹ ਵੀ ਪਤਾ ਹੈ ਕਿ  ਤੁਸੀਂ ਮੂਰਖ਼ ਹੋ ਅਤੇ ਇੱਕ ਚਲਾਕ ਵਿਅਕਤੀ ਦੇ ਆਖੇ ਲੱਗ ਕੇ  ਉਹ ਜੋ ਵੀ ਕਹੇ ਤੇ ਬਿਨਾਂ ਦਿਮਾਗ਼ ਦੀ ਵਰਤੋਂ  ਕੀਤੇ ਅਤੇ ਅੱਖਾਂ ਬੰਦ ਕਰਕੇ ਕਮਲ ਵਿੱਚ ਖਿੜੇ ਫੁੱਲ ਨੂੰ ਫੜਨ ਦੀ ਕੋਸ਼ਿਸ਼ ਕਰਦੇ ਚਿੱਕੜ ਵਿੱਚ ਧਸ ਜਾਂਦੇ ਹੋ। ਫਿਰ ਬਾਹਰ ਕੱਢਣ ਲਈ ਕਿਸੇ  ਅਖੌਤੀ ਸ਼ਕਤੀ ਅੱਗੇ ਹੱਥ ਜੋੜ ਲਿਲ੍ਹਕੜ੍ਹੀਆਂ ਕੱਢਦੇ, ਜੋਦੜੀਆਂ ਅਰਦਾਸਾਂ, ਹਵਨ ,ਆਰਤੀਆਂ,  ਕੋਡੇ ਹੋ ਹੋ ਨਮਾਜ਼ਾਂ ਪੜ੍ਹਦੇ ਅਤੇ ਜਗਦੀਆਂ ਮੋਮਬੱਤੀਆਂ ਹੱਥਾਂ ਵਿੱਚ  ਫੜ ਪ੍ਰਾਰਥਨਾਵਾਂ ਕਰਦੇ ਹੋ । ਪਰ ਤੁਹਾਨੂੰ ਚਿੱਕੜ ਵਿੱਚ ਫਸਿਆਂ ਨੂੰ ਆਪ ਲਿਬਲੜਨ  ਦੇ ਡਰੋਂ ਬਾਹਰ ਕੱਢਣ ਲਈ ਕੋਈ ਵੀ ਨਹੀਂ ਆਉਂਦਾ। ਜੋ ਤੁਹਾਨੂੰ ਚਿੱਕੜ ਵਿੱਚ ਫਸਣ ਤੋਂ ਪਹਿਲਾਂ ਜਾਣੂੰ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਤੁਸੀਂ ਉਨ੍ਹਾਂ ਨੂੰ ਪਾਗ਼ਲ  ਕਹਿ ਕੇ ਗ਼ਾਲ਼ਾਂ ਕੱਢਣ ਤੱਕ ਪਹੁੰਚ ਜਾਂਦੇ ਹੋ ਕਈ ਸੱਚ ਬੋਲਣ ਵਾਲੇ ਵਿਚਾਰਿਆਂ ਨੂੰ ਤਾਂ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ। ਮੈਨੂੰ ਇਹ  ਵੇਖ ਕੇ ਬਹੁਤ ਹੈਰਾਨੀ ਹੋਈ ਕਿ  ਭਾਰਤ ਵਿੱਚ ਅਕਲ ਦੇ ਅੰਨ੍ਹੇ ਲੋਕ  ਐਨੇ ਹਨ ਕਿ ਇੰਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਪਰ ਸਦਕੇ ਜਾਈਏ ਤੁਹਾਡੇ ਦੇਸ਼ ਦੇ ਮੁਖੀ  ਦੇ ਜਿਸ ਨੇ ਅਮਰੀਕਾ ਵਰਗੇ  ਸ਼ਕਤੀਸ਼ਾਲੀ ਮੁਖੀ ਨੂੰ ਵੀ ਮਾਤ ਪਾ ਦਿੱਤਾ ਹੈ। ਉਹ ਵਿਚਾਰਾ ਵੀ ਭਾਰਤ ਦੇ ਮੁਖੀ ਤੋਂ ਹਾਈਡਰੋਕਸੀਕਲੋਰੋਕੁਇਨ ਦੀਆਂ ਗੋਲੀਆਂ ਦੀ ਖੇਪ ਭੇਜਣ ਲਈ  ਲਿਲ੍ਹਕੜ੍ਹੀਆਂ ਕੱਢ ਰਿਹਾ ਹੈ। ਪਰ ਮੈਨੂੰ ਇਹ ਵੇਖ ਕੇ ਕੋਈ ਬਹੁਤੀ ਹੈਰਾਨੀ  ਵੀ ਨਹੀਂ ਹੁੰਦੀ ਜੋ ਮੁਖੀ ਆਪਣੇ ਅਖੌਤੀ "ਮਨ ਕੀ ਬਾਤ "ਨਾਲ  130 ਕਰੋੜ ਭਾਰਤ  ਵਾਸੀਆਂ ਨੂੰ  ਬੁੱਧੂ ਬਣਾ ਸਕਦਾ ਹੈ ਉਸ ਇਕੱਲੇ  ਲਈ ਹੀ ਨਹੀਂ ਹਰ ਐਰੇਗੈਰੇ ਲਈ  ਆਪਣੇ ਮਿੱਤਰ ਨੂੰ ਬੁੱਧੂ ਬਨਾਉਣਾ ਖੱਬੇ ਹੱਥ ਦੀ ਖੇਡ ਹੁੰਦੀ ਹੈ। ਕਿਉਂਕਿ  ਅਸੀਂ ਆਪਣੇ ਮਿੱਤਰ ਤੇ ਅੱਖਾਂ ਮੀਚ ਕੇ ਵਿਸ਼ਵਾਸ ਕਰ ਲੈਂਦੇ ਹਾਂ ਭਾਂਵੇ ਉਹ ਮਿੱਤਰ ਸਾਡੀ ਆਸਤੀਨ ਦਾ ਸੱਪ ਹੀ  ਕਿਉਂ ਨਾ ਹੋਵੇ।
ਖ਼ਤ ਲੰਮਾ ਹੋ ਰਿਹਾ ਹੈ ਸਮੇਟਣ ਦੀ  ਕੋਸ਼ਿਸ਼ ਕਰਕੇ ਦੋ ਕੁ ਰਹਿੰਦੀਆਂ ਗੱਲਾਂ ਆਖਰੀ ਸਾਹ ਲੈਣ ਤੋਂ ਪਹਿਲਾਂ ਪਹਿਲਾਂ ਕਰ ਲਵਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮਰਨ ਤੋਂ ਪਹਿਲਾਂ ਕੋਈ ਵੀ ਝੂਠ  ਨਹੀਂ ਬੋਲਦਾ। ਸੱਚ  ਸਮਝਣਾ ਤੁਹਾਡੀ ਮਰਜ਼ੀ ਐ। ਜਿਸ ਤਰ੍ਹਾਂ ਤੁਸੀਂ  ਆਹ ਝਾੜੂ ਜਿਹਾ ਇਹ  ਚਿੱਕੜ ਹੂੰਝਣ ਲਈ ਆਪਣੇ ਹੱਥ ਵਿੱਚ  ਫੜਿਆ ਹੋਇਆ ਹੈ। ਆਉਣ  ਵਾਲੇ ਸਮੇਂ ਵਿੱਚ ਇਸ ਦੀਆਂ ਤੀਲ੍ਹਾਂ ਵੀ  ਤੁਹਾਡੇ  ਸਰੀਰ ਦੇ ਹਰ ਉਸ  ਹਿੱਸੇ ਵਿੱਚ ਘੁਸੇੜੀਆਂ ਜਾਣਗੀਆਂ  ਜਿੱਥੇ  ਤੁਹਾਡੇ ਅੱਗੇ ਪਿੱਛੇ ਇੰਨ੍ਹਾਂ ਨੂੰ ਘੁਸੜਨ ਲਈ ਥਾਂ ਮਿਲੇਗੀ। ਬਾਕੀ ਤੁਸੀਂ ਖੁਦ ਸਮਝ ਜਾਣਾ ਮੇਰੇ ਮੂੰਹੋਂ ਨਾ ਕਹਾਇਓ ।ਤੁਹਾਨੂੰ  ਬਾਬਾ ਸਾਹਿਬ ਡਾ ਅੰਬੇਦਕਰ ਜੀ ਦਾ ਸੀਰੀਅਲ ਵੇਖਣ ਲਈ ਜਰੂਰ ਕਹਾਂਗਾ ਜਿਸ ਵਿੱਚ ਤੁਹਾਡੀ ਮੁਕਤੀ ਦਾ ਰਾਹ ਦਿਖਾਇਆ ਜਾਵੇਗਾ ਜਿਵੇਂ ਟ੍ਰੇਲਰ ਵਿੱਚ ਹੀ ਸਾਰੀ ਫ਼ਿਲਮ ਦੀ ਕਹਾਣੀ ਪਤਾ ਲੱਗ ਜਾਂਦੀ ਹੈ ਕਿ ਫ਼ਿਲਮ ਕਿਹੋ ਜਿਹੀ ਹੋਵੇਗੀ।ਉਸ ਸੀਰੀਅਲ ਦੇ ਟ੍ਰੇਲਰ ਵਿੱਚ  ਦਿਖਾਇਆ ਜਾ ਰਿਹਾ ਹੈ ਕਿ ਗਰੀਬ ਖੜਸੁੱਕ ਨੰਗ ਧੜੰਗੇ ਵਿਅਕਤੀ ਨੂੰ ਇੱਕ ਸੇਠ ਸਿਪਾਹੀ ਤੋਂ ਕੁਟਵਾ ਰਿਹਾ ਹੈ ਬਿਲਕੁਲ ਉਵੇਂ ਹੀ ਜਿਸ ਤਰ੍ਹਾਂ ਕਰਫਿਊ ਦੌਰਾਨ ਤੁਹਾਨੂੰ ਕੁੱਟਦੇ ਪੁਲਿਸ ਵਾਲਿਆਂ ਦੀਆਂ ਵੀਡੀਓ  ਤੁਸੀਂ ਵੇਖੀਆਂ ਹਨ। ਪਰ ਡਾ  ਅੰਬੇਦਕਰ ਜੀ ਸੀਰੀਅਲ ਵਿੱਚ ਆ ਕੇ ਪੁਲਿਸ ਵਾਲੇ ਨੂੰ ਉਸ ਮਾੜੂਏ ਜਿਹੇ ਬੰਦੇ ਨੂੰ  ਕੁੱਟਣ ਤੋਂ ਰੇਕਦੇ ਹਨ ਅਤੇ ਗਰੀਬ ਨੰਗ ਧੜੰਗੇ ਲੋਕਾਂ ਨੂੰ ਉੱਠ ਕੇ  ਮੁਕਾਬਲਾ ਕਰਨ ਲਈ ਤਿਆਰ ਕਰਦੇ ਹਨ । ਪਰ ਇਹ ਵੀ ਪਤਾ ਨਹੀਂ ਸੀਰੀਅਲ ਬਣਾਉਣ ਵਾਲਾ ਤੁਹਾਨੂੰ  ਕੋਠੇ ਤੇ ਚਾੜ੍ਹਨ ਸਮੇਂ ਤੁਹਾਡੇ ਆਖਰੀ ਡੰਡੇ ਤੇ ਪਹੁੰਚਣ ਤੋਂ ਪਹਿਲਾਂ ਹੀ ਤੁਹਾਡੇ ਪੈਰਾਂ ਥੱਲਿਓਂ ਪੌੜੀ ਖਿਸਕਾ ਕੇ ਤੁਹਾਨੂੰ ਥੱਲੇ ਧਰਤੀ  ਤੇ ਸੁੱਟ ਦੇਵੇ  ਇਹ ਜ਼ਰੂਰ ਖਿਆਲ  ਰੱਖਣਾ। ਮੈਂ ਵੀ ਤੁਹਾਨੂੰ ਆਪਣੇ ਆਖਰੀ ਸਮੇਂ ਇੱਕ ਸਲਾਹ ਦੇ ਕੇ ਜਾ ਰਿਹਾ ਹਾਂ ਕਿ ਇੰਨ੍ਹਾਂ ਥੋੜੇ ਜਿਹੇ ਹੱਥਾਂ ਅਤੇ ਝਾੜੂਆਂ ਨਾਲ ਇਹ ਚਿੱਕੜ ਸਾਫ਼ ਨਹੀਂ  ਹੋਣਾ  ਤੁਹਾਡੇ 130 ਕਰੋੜ ਵਿੱਚੋਂ ਮੁੱਠੀ ਭਰ  ਲੁਟੇਰਿਆਂ ਨੂੰ  ਭਜਾਉਣ  ਲਈ 129 ਕਰੋੜ ਲੋਕਾਂ ਨੂੰ  ਮੇਰਾ ਅਤੇ ਡਾ ਅੰਬੇਦਕਰ ਜੀ ਦਾ  ਕਹਿਣਾ ਮੰਨ ਧਰਮਾਂ , ਜਾਤਾਂਪਾਤਾਂ ਪਾਸੇ ਕਰ ਇਕੱਠੇ ਹੋ ਕੇ ਆਪਣੀ ਮੁਕਤੀ ਲਈ ਇੱਕ ਵੱਡੀ ਲੜਾਈ  ਇਨਕਲਾਬ ਦੀ ਲੜਨੀ ਪਵੇਗੀ । ਮੈਨੂੰ ਆਪਣਾ ਦੋਸਤ ਜਾਂ ਦੁਸ਼ਮਣ ਸਮਝਣ ਦੀਆਂ  ਰਹਿੰਦੀਆਂ ਗੱਲਾਂ ਕੱਲ ਕਰਾਂਗਾ। ਆਖਰੀ ਸਾਹ ਲੈਣ ਤੋਂ ਪਹਿਲਾਂ ਅੱਛਾ...ਹਾਫਿਜ਼ ..... ਤੁਹਾਡਾ ਅਦਿੱਖ ਦੁਸ਼ਮਣ ਤੇ ਮਿੱਤਰ  ਵੀ ਕੋਰੋਨਾ ਵਾਇਰਸ ਪਤਾ  ਅਮਰੀਕਾ ਅਤੇ  ਚੀਨ ਦੀ  ਗਹਿਗੱਡ ਦੁਸ਼ਮਣੀ ਦੀ  ਸੋਚ ਮੇਰਾ ਸੰਦੇਸ਼ ਵਾਹਕ

ਸੁਖਮਿੰਦਰ ਬਾਗ਼ੀ ਸਮਰਾਲਾ 
ਮੋਬਾਈਲ ਨੰਬਰ 9417394805

Post a Comment

0 Comments