ਕਰੋਨਾ ਦਾ ਕਾਲਾ ਬੱਦਲ ਪੂਰੀ ਦੁਨੀਆਂ ਉਤੇ ਛਾਇਆ ਹੈ। ਇੱਕ ਪਾਸੇ ਲੋਕ ਉਹ ਹਨ ਜੋ ਮਨੁੱਖਤਾ ਦੇ ਹਿਤ ਵਿੱਚ ਇਸਨੂੰ ਮੂੰਹ ਤੋੜ ਜਵਾਬ ਦੇਣ ਲਈ ਆਪਣੀ ਜਾਨ-ਆਰਾਮ ਤਲੀ ਤੇ ਧਰ ਕੇ ਜੂਝ ਰਹੇ ਹਨ, ਪਰ ਕੁਝ ਲੋਕ ਉਹ ਵੀ ਹਨ ਜੋ ਕਰੋਨਾ ਨਾਲ ਨਾ ਸਹੀ, ਲੋਕ-ਮਾਨਸਿਕਤਾ ਉਪਰ ਕਾਬਜ ਹੋਣ ਲਈ ਜੂਝ ਰਹੇ ਹਨ। ਸਾਡੀ ਵਿਚਾਰ-ਚਰਚਾ ਦਾ ਇਹੋ ਵਿਸ਼ਾ ਹੈ। ਦੋਨੋਂ ਧਿਰਾਂ ਦਾ ਆਪਸੀ ਨਿਖੇੜਾ ਕਰਨ ਤੋਂ ਪਹਿਲਾਂ ਰਲੀ-ਮਿਲੀ ਪੂਰੀ ਸੂਚੀ ਇਸ ਪ੍ਰਕਾਰ ਹੈ ; ਵਿਗਿਆਨੀ, ਡਾਕਟਰ ਅਤੇ ਹੋਰ ਸਮਾਜ ਸੇਵੀ ਲੋਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ, ਈਸ਼ਵਰ-ਭਗਤ, ਰਾਜਨੀਤਿਕ ਲੀਡਰ ਆਦਿ। ਹਰ ਸਮੱਸਿਆ ਦਾ ਹੱਲ ਸਾਡੇ ਸਾਹਮਣੇ ਸਪੱਸਟ ਨਹੀ ਹੁੰਦਾ, ਫਿਰ ਵੀ ਘੱਟੋ-ਘੱਟ ਆਪਣੀ ਤਰਕ ਸ਼ਕਤੀ ਤੋਂ ਕੰਮ ਲੈਂਦਿਆਂ ਅਸੀਂ ਇਸ ਹੱਦ ਤੱਕ ਚੇਤੰਨ ਜਰੂਰ ਹੋਣੇ ਚਾਹੀਦੇ ਹਾਂ ਕਿ ਸਾਡਾ ਰਾਹ ਜਮੀਨੀ ਹੈ, ਹਵਾਈ ਭਾਵ ਭਟਕਾਊ ਨਹੀ। ਮਨੁੱਖ ਤੋਂ ਇਲਾਵਾ ਧਰਤੀ ਦੇ ਹੋਰ ਕਿਸੇ ਵੀ ਜੀਵ ਤੋਂ ਇਹ ਉਮੀਦ ਨਹੀ ਕੀਤੀ ਜਾ ਸਕਦੀ ਪਰ ਇਨਸਾਨ ਲਈ ਕਾਮਰੇਡ ਮਾਓ ਦਾ ਇਹ ਫਾਰਮੂਲਾ ਲਾਗੂ ਹੁੰਦਾ ਹੈ ਕਿ ਪਹਿਲਾਂ ਪਦਾਰਥ ਤੋਂ ਚੇਤਨਾ, ਫਿਰ ਚੇਤਨਾ ਤੋਂ ਪਦਾਰਥ ਅਤੇ ਫਿਰ ਪਦਾਰਥ ਤੋਂ ਚੇਤਨਾ, ਇਹ ਸਿਲਸਿਲਾ ਜਾਰੀ ਰਹਿੰਦਾ ਹੈ। ਇੱਕ ਪਾਸੇ ਜਿੱਥੇ ਕਿਤਾਬੀ ਅਤੇ ਅਮਲੀ ਅਧਿਐਨ-ਪੜਤਾਲ ਨਾਲੋਂ ਟੁੱਟੇ ਸਾਡੇ ਬਹੁਗਿਣਤੀ ਲੋਕ ਸਹੀ-ਗਲਤ ਦੀ ਪਛਾਣ ਕਰਨ ਤੋਂ ਅਸਮਰੱਥ ਹਨ ਉਥੇ ਹੀ ਮੁੱਠੀ ਭਰ ਨਿੱਜਵਾਦੀ ਲੋਕਾਂ ਦੁਆਰਾ ਇਨ੍ਹਾਂ ਦੀ ਚੇਤਨਾ ਨੂੰ ਕੁਰਾਹੇ ਪਾਉਣ ਦੇ ਸਿਰਤੋੜ ਯਤਨ ਕੀਤੇ ਜਾਂਦੇ ਹਨ। ਸਮੇਂ ਦੀ ਦੁਖਦੀ ਰਗ ਤੇ ਉਂਗਲੀ ਬਾਅਦ ਵਿਚ ਰੱਖਾਂਗੇ ਪਹਿਲਾਂ ਮੁਢਲੇ ਵਿਚਾਰ ਸਾਂਝੇ ਕਰਦੇ ਹਾਂ।

"ਕਹਿੰਦੇ ਚੱਲਦੀ ਬੈਲ-ਗੱਡੀ ਹੇਠ ਤੁਰਦਾ ਕੁੱਤਾ ਸੋਚਦਿਆਂ ਇਸ ਨਤੀਜੇ ਉਤੇ ਪਹੁੰਚਿਆ ਕਿ ਬੈਲ-ਗੱਡੀ ਉਸਦੇ ਕਾਰਨ ਹੀ ਅੱਗੇ ਵਧ ਰਹੀ ਹੈ। ਪਰ ਕੀ ਹੋਇਆ ਕਿ ਕੁੱਤਾ ਜਦ ਕੰਨ ਖੁਰਕਣ ਲਈ ਰੁਕਿਆ ਤਦ ਬੈਲ-ਗੱਡੀ ਉਸਨੂੰ ਪਛਾੜ ਕੇ ਅੱਗੇ ਲੰਘ ਗਈ। ਸ਼ਰਮਿੰਦਗੀ ਨਾਲ ਉਸਨੇ ਇੱਧਰ-ਉੱਧਰ ਦੇਖਿਆ ਪਰ ਤੂੜੀ ਦੇ ਕੁੱਪਾਂ ਅਤੇ ਪਾਥੀਆਂ ਦੇ ਗਹਾਰਿਆਂ ਕੋਲ ਉਸਨੂੰ ਕੋਈ ਸਵਾਲ ਪੁੱਛਣ ਲਈ ਨਾ ਦਿਮਾਗ, ਨਾ ਸੀਨੇ ਹੌਸਲਾ ਅਤੇ ਨਾ ਹੀ ਜੁਬਾਨ ਸੀ। ਸੋ ਚਾਂਭਲਿਆ ਹੋਇਆ ਕੁੱਤਾ ਦੌੜਿਆ ਅਤੇ ਫਿਰ ਬੈਲ-ਗੱਡੀ ਹੇਠ ਪਹਿਲੇ ਗਰੂਰ ਨਾਲ ਤੁਰਨ ਲੱਗਿਆ।"

ਉਪਰੋਕਤ ਕਹਾਣੀ ਪਾਪਾ ਜੀ ਸੁਣਾਇਆ ਕਰਦੇ ਸਨ, ਜੋ ਨਹੀਂ ਰਹੇ। ਉਹ ਇਸ ਵਿੱਚ ਉਹਨਾਂ ਲੋਕਾਂ ਨੂੰ ਕੁੱਤੇ ਦੇ ਤੌਰ 'ਤੇ ਲੈਂਦੇ ਸਨ ਜੋ ਆਪਣਾ ਹੱਕ ਨਾ ਹੋਣ ਦੇ ਬਾਵਜੂਦ ਵੀ ਦੂਜਿਆਂ ਦੀ ਸਫਲਤਾ ਦਾ ਸਿਹਰਾ ਆਪਣੇ ਮੱਥੇ ਮੜ੍ਹਨ ਦੇ ਆਦੀ ਹੁੰਦੇ ਹਨ। ਪਰ ਮੈਂ ਇੱਕ ਤਾਂ ਇਸ ਵਿੱਚ ਵਾਧਾ ਕੀਤਾ ਹੈ ਅਤੇ ਦੂਜਾ ਇਸਦਾ ਅਰਥ ਆਪਣੇ ਅੰਦਾਜ ਵਿੱਚ ਪੇਸ਼ ਕਰ ਰਿਹਾ ਹਾਂ। ਅਸੀਂ ਬੈਲ-ਗੱਡੀ ਦੀ ਥਾਂ ਵਿਗਿਆਨ ਅਤੇ ਕੁੱਤੇ ਦੀ ਥਾਂ ਸਾਡੇ ਲੋਕਾਂ ਦਾ ਅਗਿਆਨ ਲੈ ਰਹੇ ਹਾਂ। ਸਾਡੇ ਸਮਾਜ ਵਿੱਚ ਵਿਗਿਆਨ ਅਤੇ ਅਗਿਆਨ ਘਿਓ-ਖਿਚੜੀ ਬਣੇ ਹੋਏ ਹਨ। ਕਿਉਕਿ ਸ਼ਿਕਵੇ-ਸ਼ਿਕਾਇਤਾਂ ਬੰਦੇ ਨੂੰ ਸਿਰਫ ਆਪਣੇ ਉਸ ਸੱਚੇ ਅਤੇ ਭਰੋਸੇਯੋਗ ਸਾਥੀ ਤੋਂ ਹੀ ਹੁੰਦੀਆਂ ਹਨ ਜਿਸ ਤੋਂ ਉਸਨੂੰ ਹਮੇਸ਼ਾ ਚੰਗੇ ਵਿਵਹਾਰ ਦੀ ਉਮੀਦ ਹੋਵੇ, ਜਿਸ 'ਤੇ ਉਸਦਾ ਸੁਖਾਵਾਂ ਵਰਤਮਾਨ ਅਤੇ ਰੌਸ਼ਨ ਭਵਿੱਖ ਨਿਰਭਰ ਹੋਵੇ। ਇਸ ਲਈ ਸੰਕਟ ਦੀ ਘੜੀ ਬਹੁਗਿਣਤੀ ਲੋਕਾਂ ਦੁਆਰਾ ਵਿਗਿਆਨ ਜਾਂ ਅਗਾਂਹਵਧੂ ਕਾਮਿਆਂ ਨੂੰ ਹੀ ਭੰਡਿਆ ਜਾਂਦਾ ਹੈ ਨਾ ਕਿ ਪੁਜਾਰੀਆਂ ਦੇ ਰੱਬ-ਧਰਮ ਜਾਂ ਦੇਸ਼ ਦੇ ਰਾਖੇ ਬਣੇ ਮੁੱਠੀ ਭਰ ਸੁਆਰਥੀ ਲੋਕਾਂ ਨੂੰ। ਚੇਤਨਾ ਸਵਸਥ ਨਹੀ, ਇਸਦੇ ਜਿੰਮੇਵਾਰ ਨਾ ਸਿਰਫ ਰਾਜਕਰਤਾ ਜਮਾਤ ਅਤੇ ਧਰਮਾਂ ਦੇ ਠੇਕੇਦਾਰ ਹਨ ਸਗੋਂ ਅਧਿਐਨ-ਪੜਤਾਲ ਨਾਲੋਂ ਟੁੱਟੇ ਲੋਕ ਵੀ ਹਨ। ਭਾਵੇਂ ਲੋਕਾਂ ਨੂੰ ਇਸ ਸੰਬੰਧੀ ਦੋਸ਼ ਮੁਕਤ ਕੀਤਾ ਜਾ ਸਕਦਾ ਹੈ ਕਿਉਂਕਿ ਦੇਸ਼ ਦੀਆਂ ਬੁਨਿਆਦੀ ਪਦਾਰਥਕ ਹਾਲਤਾਂ ਅਜਿਹੀਆਂ ਹਨ ਕਿ ਉਹ ਮਸ਼ੀਨ ਦੇ ਪੁਰਜੇ ਬਣ ਕੇ ਰਹਿ ਗਏ ਹਨ। ਚਿੰਤਾ ਆਪ ਮੁਹਾਰੀ ਹੁੰਦੀ ਹੈ ਜਦਕਿ ਚਿੰਤਨ ਕਰਨ, ਅਧਿਐਨ-ਪੜਤਾਲ ਕਰਨ ਦਾ ਉਨ੍ਹਾਂ ਕੋਲ ਕਦੇ ਸਮਾਂ ਹੀ ਨਹੀਂ ਹੁੰਦਾ। ਮਨੁੱਖੀ ਸਮਾਜ ਦੇ ਮੁੱਢ ਵਿੱਚ ਸੂਝ ਅਤੇ ਅਮਲ ਦਾ ਨਿਖੇੜਾ ਮਹਾਂਦੁਖਮਈ ਹਾਦਸਾ ਸੀ ਜਿਸਦੀ ਮਾਰ ਸਦਕਾ ਗੋਡਣੀਆਂ ਪਰਨੇ ਡਿੱਗੀ ਲੋਕਾਈ ਅੱਜ ਤੱਕ ਆਪਣੇ ਪੈਰਾਂ ਉਤੇ ਖਲੋਣ ਤੋਂ ਅਸਮਰੱਥ ਹੈ। ਬਿਮਾਰ ਹੋਣ 'ਤੇ ਹਥੇਲੀ ਉਤੇ ਭਾਵੇਂ ਡਾਕਟਰ ਦੁਆਰਾ ਦਿੱਤੀ ਖੁਰਾਕ ਹੁੰਦੀ ਹੈ ਪਰ ਸ਼ਰਧਾ ਦੀਆਂ ਅੱਖਾਂ ਸਾਹਮਣੇ ਘਰੇਲੂ ਕੰਧਾਂ ਨਾਲੋਂ ਕਿਤੇ ਵੱਧ ਸਾਫ-ਸਪੱਸ਼ਟ ਮਨ ਦੀਆਂ ਕੰਧਾਂ ਉਤੇ ਦੇਵੀ-ਦੇਵਤਿਆਂ, ਪੀਰਾਂ-ਫਕੀਰਾਂ ਅਤੇ ਪਤਾ ਨਹੀਂ ਕਿੰਨੇ ਸੰਤਾਂ-ਮਹੰਤਾਂ ਦੀਆਂ ਫੋਟੋਆਂ ਸੁਸ਼ੋਭਿਤ ਹੁੰਦੀਆਂ ਹਨ। ਬਿਮਾਰੀ ਦੂਰ ਹੋਣ ਮਗਰੋਂ ਇਕੱਲੇ ਡਾਕਟਰ ਨਾਲੋਂ ਬੇਗਿਣਤ ਆਮ-ਖਾਸ ਬਾਬਿਆਂ ਦਾ ਪੱਲੜਾ ਭਾਰੀ ਹੋਣਾ ਸੁਭਾਵਿਕ ਹੈ। ਪੁਰਾਤਨ ਸਮਿਆਂ ਵਿੱਚ ਜਦ ਗਿਆਨ-ਵਿਗਿਆਨ ਦਾ ਜਨਮ ਨਹੀਂ ਸੀ ਹੋਇਆ ਉਦੋਂ ਧਰਤੀ ਉਤੇ ਮਨੁੱਖ ਜਾਤੀ ਇੱਕ ਬੱਚੇ ਵਰਗੀ ਸੀ, ਬੱਚਾ ਜੋ ਆਮ ਤੌਰ 'ਤੇ ਆਪਣੀ ਸਰੀਰਕ ਅਤੇ ਮਾਨਸਿਕ ਤ੍ਰਿਪਤੀ ਲਈ ਆਪਣੀਆਂ ਕਲਪਨਾਵਾਂ ਉਤੇ ਹੀ ਨਿਰਭਰ ਹੁੰਦਾ ਹੈ। ਉਦਾਹਰਨ ਵਜੋਂ ਕੁੱਝ ਬੱਚੇ ਮਾਂ ਦਾ ਦੁੱਧ ਚੁੰਘਣ ਦਾ ਆਨੰਦ ਆਪਣੇ ਹੱਥ ਦਾ ਅੰਗੂਠਾ ਚੁੰਘ ਕੇ ਪੂਰਾ ਕਰਦੇ ਹਨ। ਪਰ ਬੱਚੇ ਕੁੱਝ ਆਨੰਦ ਅਜਿਹੇ ਮਾਣਦੇ ਹਨ ਜੋ ਉਨ੍ਹਾਂ ਦੀ ਉਸ ਉਮਰ ਵਿੱਚ ਕਦੇ ਹਕੀਕਤ ਹੋ ਹੀ ਨਹੀਂ ਸਕਦੇ ਹੁੰਦੇ। ਕੁਦਰਤ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਪੁਰਾਤਨ ਮਨੁੱਖ ਜਾਦੂ ਦਾ ਸਹਾਰਾ ਲੈਂਦਾ ਸੀ, ਭਾਵੇਂ ਇਸ ਨਾਲ ਉਸਦੀ ਸਿਰਫ ਮਾਨਸਿਕ ਸੰਤੁਸਟੀ ਬੱਝੀ ਹੁੰਦੀ ਸੀ, ਹਕੀਕਤ ਵਿੱਚ ਉਹ ਕੁੱਝ ਨਹੀ ਸੀ ਹਾਸਲ ਕਰਦਾ। ਮੀਂਹ ਪਵਾਉਣ ਲਈ ਉਹ ਮੀਂਹ ਵਰਗੀਆਂ ਹਰਕਤਾਂ ਕਰਦਾ, ਦੁਸ਼ਮਣ ਦਾ ਪੁਤਲਾ ਬਣਾ ਕੇ ਜਾਂ ਉਸਦਾ ਹੁਲੀਆ ਉਲੀਕ ਕੇ ਉਸਦੀ ਲੱਤ-ਬਾਂਹ ਤੋੜ ਦਿੰਦਾ ਜਾਂ ਬੁਰੀ ਤਰ੍ਹਾਂ ਮਿਟਾ ਦਿੰਦਾ। ਇਸ ਨਾਲ ਮੰਨਿਆ ਜਾਂਦਾ ਸੀ ਕਿ ਦੁਸ਼ਮਣ ਨਾਲ ਅਜਿਹਾ ਸੱਚਮੁੱਚ ਹੀ ਵਾਪਰ ਜਾਣਾ ਹੈ। ਡਾ. ਇੰਦਰ ਚੰਦਰ ਸ਼ਾਸ਼ਤਰੀ ਲਿਖਦੇ ਹਨ ਕਿ ਯਜੁਰਵੇਦ ਮੁਤਾਬਿਕ "ਕਿਸੇ ਨੂੰ ਮਾਰਨਾ, ਬੇਹੋਸ਼ ਕਰਨਾ, ਪਾਗਲ ਕਰਨਾ, ਔਰਤ ਨੂੰ ਬਸ ਵਿੱਚ ਕਰਨਾ ਆਦਿ ਗੱਲਾਂ ਲਈ ਯੱਗ ਕੀਤੇ ਜਾਂਦੇ ਸਨ। ਜੇਕਰ ਘਰ ਵਿੱਚ ਨੌਕਰ ਨਹੀ ਟਿਕਦਾ ਤਾਂ ਉਸ ਲਈ ਵੀ ਯੱਗ ਸੀ।"
ਪਰ ਅੱਜ ਇੱਕੀਵੀਂ ਸਦੀ ਗਿਆਨ-ਵਿਗਿਆਨ ਦੇ ਯੁੱਗ ਵਿੱਚ ਅਸੀਂ ਜਾਣਦੇ ਹਾਂ ਕਿ ਧਰਤੀ ਤੋਂ ਪਾਣੀ ਭਾਫ ਬਣ ਕੇ ਕਿਸ ਤਰ੍ਹਾਂ ਉਡਦਾ ਹੈ ਅਤੇ ਕਿਸ ਤਰ੍ਹਾਂ ਬੱਦਲ ਬਣ ਕੇ ਬਰਸਦਾ ਹੈ। ਅਸੀਂ ਜਾਣਦੇ ਹਾਂ ਕਿ ਮੀਂਹ ਲਈ ਅਤੇ ਸਾਫ-ਸਵਸਥ ਵਾਤਾਵਰਨ ਬਣਾਈ ਰੱਖਣ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ। ਸਾਡੀ ਚੇਤਨਾ ਜੇਕਰ ਬਿਮਾਰ ਨਹੀਂ ਜਾਂ ਭਟਕਾਈ ਨਹੀਂ ਗਈ ਤਾਂ ਅਸੀਂ ਜਾਣ ਸਕਦੇ ਹਾਂ ਆਪਣੇ ਸਰੀਰਕ ਅਤੇ ਸਮਾਜਿਕ ਸਮੱਸਿਆਵਾਂ ਦੇ ਕਾਰਨ ਅਤੇ ਇਨ੍ਹਾਂ ਨੂੰ ਦੂਰ ਕਰਨ ਦੇ ਉਪਾਅ। ਸਾਡੀ ਚੇਤਨਾ ਤੰਦਰੁਸਤ ਹੋਵੇ ਤਾਂ ਅਸੀਂ ਜਾਣ ਸਕਦੇ ਹਾਂ ਕਿ ਸਾਡੀ ਗਰੀਬੀ ਅਤੇ ਬੇਵਸੀ ਪਿਛਲੇ ਜਨਮਾਂ ਦਾ ਫਲ, ਹੱਥ-ਮੱਥੇ ਦੀ ਲਿਖਤ ਜਾਂ ਕਿਸੇ ਦੇਵੀ-ਦੇਵਤੇ ਦੀ ਨਾਰਾਜਗੀ ਕਾਰਨ ਨਹੀਂ ਸਗੋਂ ਦੇਸ਼ ਦੇ ਬੁਰੇ ਪ੍ਰਬੰਧ ਕਾਰਨ ਹੈ। ਜੇਕਰ ਸਾਡੀ ਚੇਤਨਤਾ ਨੂੰ ਸਦਾ ਬਿਮਾਰ ਰੱਖਣ ਦੀਆਂ ਸਾਜਿਸ਼ਾਂ ਲਗਾਤਾਰ ਘੜੀਆਂ ਅਤੇ ਲਾਗੂ ਕੀਤੀਆਂ ਜਾ ਰਹੀਆਂ ਹੋਣ ਤਦ ਦੇਸ਼ ਦੀ ਸੱਤਾ ਉਤੇ ਕਾਬਜ਼ ਨਿਕੰਮੇ ਅਤੇ ਸੁਆਰਥੀ ਲੋਕਾਂ ਦਾ ਮੁੱਠੀ ਭਰ ਗਰੋਹ ਦੇਸ਼ ਹਿਤ ਵਿੱਚ ਕੁੱਝ ਵੀ ਨਾ ਕਰਨ ਦੇ ਬਾਵਜੂਦ ਸਭ ਕੁੱਝ ਕੀਤਾ ਹੋਣ ਦਾ ਸਿਹਰਾ ਆਪਣੇ ਮੱਥੇ ਮੜ੍ਹ ਸਕਦਾ ਹੈ, ਉਦਾਹਰਨ; ਕਰੋਨਾ ਕਹਿਰ ਦੇ ਦਿਨਾਂ ਵਿੱਚ ਡਾਕਟਰਾਂ ਅਤੇ ਆਮ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਾਉਣ ਦੀ ਥਾਂ ਤਾਲੀਆਂ ਵਜਾਉਣ, ਭਾਂਡੇ ਖੜਕਾਉਣ ਜਾਂ ਮੋਮਬੱਤੀਆਂ ਜਗਾਉਣ ਦੀਆਂ ਮੱਤਾਂ ਦੇਣਾ। ਅੱਜ ਜਦ ਕਰੋਨਾ ਮਹਾਂਮਾਰੀ ਦੇ ਕਹਿਰ ਹੇਠ ਦੁਨੀਆਂ ਪ੍ਰਭਾਵਿਤ ਹੈ ਤਾਂ ਸਭ ਧਰਮ ਸਥਾਨ, ਨਿੱਤ-ਨਵੇਂ ਬਾਬਿਆਂ ਦੇ ਡੇਰੇ, ਚਮਤਕਾਰੀ ਧਾਗੇ-ਤਵੀਤ ਜਾਂ ਅਰਦਾਸਾਂ ਆਦਿ ਲੋਕਾਂ ਦੇ ਕਿਸੇ ਕੰਮ ਨਹੀਂ ਆ ਰਹੀਆਂ ਸਗੋਂ ਸਿਰਫ ਵਿਗਿਆਨ ਉਤੇ ਹੀ ਸਵਸਥ ਜੀਵਨ ਲਈ ਮਨੁੱਖੀ ਉਮੀਦਾਂ ਟਿਕੀਆਂ ਹਨ ਤਦ ਸੰਭਾਵਨਾ ਸੀ ਕਿ ਲੋਕੀ ਵਿਗਿਆਨਕ ਚੇਤਨਾ ਦੇ ਧਾਰਨੀ ਹੋ ਜਾਣਗੇ। ਉਹ ਵਿਗਿਆਨਕ ਚੇਤਨਾ ਜੋ ਲੋਕਾਂ ਨਾਲ ਹੁੰਦੀ ਸਰੀਰਕ-ਮਾਨਸਿਕ, ਸਮਾਜਿਕ ਜਾਂ ਰਾਜਨੀਤਿਕ ਬੇਇਨਸਾਫੀ ਤੋਂ ਪਰਦੇ ਚੁੱਕ ਸਕਦੀ ਹੈ, ਉਹ ਵਿਗਿਆਨਕ ਚੇਤਨਾ ਜੋ ਸਮਾਜ ਦੇ ਸਿਰਜਣ, ਚਲਾਉਣ ਅਤੇ ਬਦਲਣ ਵਾਲੇ ਬਹੁਗਿਣਤੀ ਕਿਰਤੀ ਲੋਕਾਂ ਨੂੰ ਹਰ ਤਰ੍ਹਾਂ ਦੇ ਭਰਮ-ਭੁਲੇਖਿਆਂ ਵਿੱਚੋਂ ਕੱਢ ਕੇ ਆਪਣੇ ਹੱਕਾਂ ਲਈ ਹਾਕਮ ਜਮਾਤਾਂ ਅੱਗੇ ਖੜ੍ਹੇ ਕਰ ਸਕਦੀ ਹੈ। ਸਾਡੇ ਜਮਾਤੀ ਸਮਾਜ ਉਤੇ ਭਾਰੂ ਲੋਟੂ ਜਮਾਤ ਕਦੇ ਵੀ ਨਹੀਂ ਚਾਹੇਗੀ ਕਿ ਅਜਿਹੀ ਵਿਗਿਆਨਕ ਚੇਤਨਾ ਲੋਕਾਂ ਵਿੱਚ ਪੈਦਾ ਹੋਵੇ ਜਿਸ ਕਾਰਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਤਾਲੀਆਂ, ਥਾਲੀਆਂ ਜਾਂ ਮੋਮਬੱਤੀਆਂ ਆਦਿ ਦੇ ਧਾਗਿਆਂ ਵਿੱਚ ਉਲਝਾ ਕੇ ਲੋਕਾਂ ਨੂੰ ਕਠਪੁਤਲੀਆਂ ਬਣਾ ਕੇ ਨਚਾਇਆ ਗਿਆ। ਕੁੱਝ ਲੋਕ ਮੋਦੀ ਦਾ ਪੱਖ ਲੈਂਦਿਆਂ ਆਖਦੇ ਹਨ ਕਿ ਮੋਦੀ ਜੀ ਨੇ ਇਹ ਸਭ ਲੋਕਾਂ ਨੂੰ ਮਾਨਸਿਕ ਦਬਾਅ ਵਿੱਚੋਂ ਕੱਢ ਕੇ ਉਨ੍ਹਾਂ ਦਾ ਮਨੋਬਲ ਕਾਇਮ ਰੱਖਣ ਲਈ ਕੀਤਾ ਗਿਆ ਸੀ ਤਾਂ ਜੋ ਲੋਕ ਖੁਦਕੁਸੀਆਂ ਦੇ ਰਾਹ ਪੈਣ ਦੀ ਥਾਂ ਹਾਲਾਤ ਦਾ ਡਟ ਕੇ ਸਾਹਮਣਾ ਕਰ ਸਕਣ। ਪਰ ਜਰਾ ਦਿਮਾਗ ਨੂੰ ਠੋਕਰ ਮਾਰੋ ਕਿ ਜਿਹੜੇ ਲੋਕਾਂ ਨੇ ਸਮੇਂ-ਸਮੇਂ ਧੋਬੀ ਦੇ ਕੱਪੜੇ ਵਾਂਗ ਸੱਤਾ ਉਤੇ ਕਾਬਜ ਲੋਟੂ ਜਮਾਤਾਂ ਨੂੰ ਸਿਰਾਂ ਤੋਂ ਭੂੰਞੇ ਪਟਕਿਆ, ਜਿਹੜੇ ਵਿਗਿਆਨੀ ਲੋਕਾਂ ਨੇ ਕੁਦਰਤ ਨਾਲ ਦੋ ਹੱਥ ਕਰਦਿਆਂ ਉਸ ਉਤੇ ਸਮੇਂ-ਸਮੇਂ ਜਿੱਤ ਹਾਸਲ ਕੀਤੀ, ਨਿਯਮਾਂ ਨੂੰ ਸਮਝ ਕੇ ਕੁਦਰਤੀ ਆਫਤਾਂ ਤੋਂ ਬਚਾਅ ਦੇ ਢੰਗ ਲੱਭੇ ਅਤੇ ਕੁਦਰਤ ਨੂੰ ਮਨੁੱਖੀ ਹਿਤਾਂ ਲਈ ਵਰਤਣਾ ਸ਼ੁਰੂ ਕੀਤਾ, ਭਲਾ ਆਪਣਾ ਮਨੋਬਲ ਕਾਇਮ ਰੱਖਣ ਲਈ ਕੀ ਉਨ੍ਹਾਂ ਨੇ ਵੀ ਸਾਡੇ ਵਾਂਗ ਆਪਣੇ ਘਰਾਂ ਦੇ ਭਾਂਡੇ ਭੰਨੇ ਹੋਣਗੇ? ਨਹੀਂ, ਸਗੋਂ ਜਿੱਤ ਦੀ ਆਪਣੀ ਵਚਨਬੱਧਤਾ ਸਦਕਾ ਉਨ੍ਹਾਂ ਦੀ ਅਗਾਂਹਵਧੂ ਸਰਗਰਮੀ ਹੀ ਉਨ੍ਹਾਂ ਦਾ ਮਨੋਬਲ ਨਾ ਸਿਰਫ ਕਾਇਮ ਰੱਖਣ ਦਾ ਸਗੋਂ ਨਿੱਤ-ਨਵੀਂਆਂ ਸਫਲਤਾਵਾਂ ਨਾਲ ਵਧਾਉਣ ਦਾ ਕੰਮ ਵੀ ਕਰਦੀ ਰਹੀ। ਮੋਦੀ ਜੀ ਅਤੇ ਸਮਰਥਕਾਂ ਦੀ ਬਦੌਲਤ ਜੋ ਰੱਜਿਆ-ਪੁੱਜਿਆ ਕੁੱਤਾ ਚਲਦੀ ਬੈਲ-ਗੱਡੀ ਹੇਠ ਆਪਣਾ ਬੇਵਜ੍ਹਾ ਘੁਮੰਡ ਚੁੱਕੀਂ ਜਾ ਰਿਹਾ ਹੈ, ਉਸਦੀ ਸਮਝ ਸਾਡੇ ਲੋਕਾਂ ਨੂੰ ਆ ਜਾਣੀ ਚਾਹੀਦੀ ਹੈ। ਸਾਰ ਅਤੇ ਦਿੱਖ ਨੂੰ ਸਮਝੋ, ਹਰ ਵਰਤਾਰੇ ਦੀ ਚੀਰਫਾੜ ਕਰਨੀ ਸਿੱਖੋ, ਕਾਰਨ-ਕਾਰਜ ਸਮਝਣ ਲਈ ਦਵੰਦਵਾਦੀ ਬਣੋ। ਧੰਨਵਾਦ।


ਗੁਰਜੀਤ ਆਲਮ
94 657 31 894