ਐਹੋ ਜਿਹੀ ਆਜ਼ਾਦੀ ਤਾਂ ਦੇਸ਼ ਗੁਲਾਮ ਹੀ ਚੰਗਾ ਸੀ.!

ਇਸ ਵੇਲੇ ਹਿੰਦੂਆਂ ਨੂੰ ਛੱਡ ਕੇ ਬਾਕੀ ਭਾਰਤ ਦੇਸ਼ ਪੂਰੇ ਦਾ ਪੂਰਾ ਹੀ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਿਹਾ ਹੈ। ਪਰ ਬਿੱਲ ਦਾ ਵਿਰੋਧ ਕਰਨ ਵਾਲਿਆਂ 'ਤੇ ਪੁਲਿਸ ਦੇ ਵੱਲੋਂ ਵੀ ਅੱਤਿਆਚਾਰ ਕੀਤਾ ਜਾ ਰਿਹਾ ਹੈ। ਦੱਸ ਦਈਏ ਪੰਜਾਬ, ਦਿੱਲੀ, ਅਸਾਮ, ਬੰਗਾਲ, ਬਿਹਾਰ, ਯੂ.ਪੀ. ਆਦਿ ਦੇ ਵਿੱਚ ਇਸ ਵਕਤ ਨਾਗਰਿਕਤਾ ਸੋਧ ਬਿੱਲ ਦਾ ਪੁਰਜ਼ੋਰ ਵਿਰੋਧ ਅਵਾਮ ਦੇ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਬਿੱਲ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕਿਉਂਕਿ ਭਾਰਤ ਧਰਮ ਨਿਰਪੱਖ ਦੇਸ਼ ਹੈ ਅਤੇ ਇਸ ਦੇਸ਼ ਦੇ ਅੰਦਰ ਹਰ ਧਰਮ ਮਜ਼ਹਬ ਦੇ ਲੋਕਾਂ ਨੂੰ ਰਹਿਣ ਦਾ ਪੂਰਾ ਅਧਿਕਾਰ ਹੈ, ਪਰ ਮੌਜ਼ੂਦਾ ਹਕੂਮਤ ਦੇ ਵੱਲੋਂ ਨਾਗਰਿਕਤਾ ਸੋਧ ਬਿੱਲ ਲਿਆ ਕੇ ਧਰਮ ਨਿਰਪੱਖ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਦਿੱਲੀ ਸਥਿਤ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਅੰਦਰ ਪਿਛਲੇ ਦਿਨੀਂ ਵਿਦਿਆਰਥੀਆਂ ਦੇ ਵੱਲੋਂ ਨਾਗਰਿਕਤਾ ਸੋਧ ਬਿੱਲ ਸਬੰਧੀ ਰੋਸ ਮਾਰਚ ਕਰਕੇ ਮੋਦੀ ਹਕੂਮਤ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਐਹੋ ਜਿਹਾ ਸੀ ਕਿ ਦੇਸ਼ ਦੀਆਂ ਹੋਰਨਾਂ ਯੂਨੀਵਰਸਿਟੀਆਂ ਦੇ ਵੱਲੋਂ ਵੀ ਵਿਦਿਆਰਥੀਆਂ ਦਾ ਸਾਥ ਦੇਣ ਦੇ ਲਈ ਤਿਆਰ ਹੋ ਗਈਆਂ ਸਨ। ਦੱਸ ਦਈਏ ਕਿ ਜਦੋਂ ਵਿਦਿਆਰਥੀ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਸੀ ਤਾਂ, ਧੱਕੇ ਦੇ ਨਾਲ ਹੀ ਪੁਲਿਸ ਵਾਲੇ ਯੂਨੀਵਰਸਿਟੀ ਦੇ ਅੰਦਰ ਵੜ ਆਏ ਅਤੇ ਆਉਂਦੇ ਸਾਰ ਹੀ ਪੁਲਿਸ ਦੇ ਵੱਲੋਂ ਵਿਦਿਆਰਥੀਆਂ ਉਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਇਸ ਹਮਲੇ ਦੇ ਵਿੱਚ ਦਰਜਨਾਂ ਹੀ ਵਿਦਿਆਰਥੀ ਜ਼ਖਮੀ ਹੋ ਗਏ। ਜਿਨ੍ਹਾਂ ਦੇ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰ ਹੁਣ ਸਵਾਲ ਉੱਠਦਾ ਹੈ ਕਿ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਅੱਤਿਆਚਾਰ ਕਰਨ ਦੀ ਪੁਲਿਸ ਨੂੰ ਕਿਸ ਨੇ ਇਜਾਜ਼ਤ ਦਿੱਤੀ। ਕੀ ਪੁਲਿਸ ਵੱਲੋਂ ਧੱਕੇ ਦੇ ਨਾਲ ਯੂਨੀਵਰਸਿਟੀ ਦੇ ਅੰਦਰ ਵੜ ਕੇ ਵਿਦਿਆਰਥੀਆਂ 'ਤੇ ਅੱਤਿਆਚਾਰ ਕਰਨਾ ਠੀਕ ਸੀ? ਬੇਸ਼ੱਕ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਸੀ। ਪਰ ਪੁਲਿਸ ਦੇ ਵੱਲੋਂ ਉਨ੍ਹਾਂ ਦੇ ਰੋਹ ਉਪਰ ਗੋਲੀਆਂ ਚਲਾਉਣ ਤੋਂ ਇਲਾਵਾ ਅੱਥਰੂ ਗੈਸ ਗੋਲੇ ਸੁੱਟੇ ਗਏ ਅਤੇ ਲਾਠੀਆਂ ਵਰਾਹੀਆਂ ਗਈਆਂ। ਇੱਥੇ ਦੱਸ ਦਈਏ ਕਿ ਬਿਨ੍ਹਾਂ ਆਗਿਆ ਤੋਂ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਹੋ ਕੇ ਅੱਤਿਆਚਾਰ ਕਰਨ ਵਾਲੀ ਪੁਲਿਸ 'ਤੇ ਐਫਆਈਆਰ ਦਰਜ ਕਰਵਾਉਣ ਦੇ ਬਾਰੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਵਾਇਸ ਚਾਂਸਲਰ ਨਜ਼ਮਾ ਅਖ਼ਤਰ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ 'ਚ ਦਿੱਲੀ ਪੁਲਿਸ ਦੇ ਦਾਖ਼ਲੇ ਵਿਰੁੱਧ ਪਰਚਾ ਦਰਜ ਕਰਵਾਉਣਗੇ। ਉਨ੍ਹਾਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ "ਤੁਸੀਂ ਜਾਇਦਾਦ ਨੂੰ ਮੁੜ ਬਣਾ ਸਕਦੇ ਹੋ, ਪਰ ਤੁਸੀਂ ਉਨ੍ਹਾਂ ਚੀਜ਼ਾਂ ਦੀ ਭਰਪਾਈ ਨਹੀਂ ਕਰ ਸਕਦੇ, ਜਿਨ੍ਹਾਂ ਵਿੱਚੋਂ ਸਾਡੇ ਵਿਦਿਆਰਥੀ ਗੁਜ਼ਰੇ ਹਨ। ਅਸੀਂ ਇੱਕ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਨ।" ਨਜ਼ਮਾ ਨੇ ਕਿਹਾ, "ਯੂਨੀਵਰਸਿਟੀ ਦੀ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ, ਇਸ ਸਭ ਦਾ ਹਰਜਾਨਾ ਕਿਵੇਂ ਭਰਿਆ ਜਾਵੇਗਾ? ਇਸ ਦੇ ਨਾਲ ਭਾਵਨਾਤਮਕ ਨੁਕਸਾਨ ਵੀ ਹੋਇਆ ਹੈ। ਨਜ਼ਮਾ ਨੇ ਕਿਹਾ, "ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਧਿਆਨ ਨਾ ਦਿਓ।" ਉਨ੍ਹਾਂ ਆਪਣੇ ਬਿਆਨ ਵਿੱਚ ਇਹ ਵੀ ਕਿਹਾ, "ਦੋ ਵਿਦਿਆਰਥੀਆਂ ਦੀ ਮੌਤ ਦੀ ਇੱਕ ਅਫ਼ਵਾਹ ਉੱਡੀ ਹੈ। ਅਸੀਂ ਇਸ ਨੂੰ ਪੂਰੀ ਤਰ੍ਹਾਂ ਖ਼ਾਰਜ ਕਰਦੇ ਹਾਂ। ਸਾਡੇ ਕਿਸੇ ਵੀ ਵਿਦਿਆਰਥੀ ਦੀ ਮੌਤ ਨਹੀਂ ਹੋਈ ਹੈ। ਕਰੀਬ 200 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਬਹੁਤੇ ਸਾਡੇ ਵਿਦਿਆਰਥੀ ਹਨ।" ਦੱਸ ਦਈਏ ਕਿ ਅਜਿਹਾ ਅੱਤਿਆਚਾਰ ਤਾਂ, ਅੰਗਰੇਜ਼ ਹੀ ਭਾਰਤੀਆਂ ਉਪਰ ਗੁਲਾਮੀ ਸਮੇਂ ਕਰਦੇ ਸੀ, ਜਿਹੋ ਜਿਹਾ ਮੋਦੀ ਹਕੂਮਤ ਭਾਰਤੀਆਂ ਉਪਰ ਕਰ ਰਹੀ ਹੈ। ਦੇਸ਼ ਤਾਂ ਗੁਲਾਮ ਹੀ ਚੰਗਾ ਸੀ, ਐਹੋ ਜਿਹੀ ਆਜ਼ਾਦੀ ਨਾਲੋਂ ਤਾਂ। 

Post a Comment

0 Comments