ਦਾਜ ਖ਼ਾਤਰ ਪਹਿਲੋਂ ਜਿੱਥੇ ਕੁੜੀਆਂ ਨੂੰ ਤਾਹਨੇ ਮੇਹਨੇ ਮਾਰੇ ਜਾਂਦੇ ਸਨ, ਬਿਲਕੁਲ ਉਸੇ ਤਰ੍ਹਾਂ ਹੀ ਹੁਣ ਵੀ ਦਾਜ ਖ਼ਾਤਰ ਵਿਆਹੁਤਾਵਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਹੈ। ਭਾਵੇਂ ਹੀ ਅਸੀਂ ਅੱਜ 21ਵੀਂ ਸਦੀ ਦੇ ਵਿੱਚ ਪਹੁੰਚ ਚੁੱਕੇ ਹਨ, ਪਰ ਸਾਡੇ ਲੋਕਾਂ ਦੀ ਸੋਚ ਹਾਲੇ ਵੀ 19ਵੀਂ ਸਦੀ ਦੇ ਵਿੱਚ ਲਗੀ ਫਿਰਦੀ ਹੈ। ਇਸ ਦਾ ਇੱਕੋ ਇੱਕ ਕਾਰਨ ਹੈ ਘੱਟ ਜਾਗਰੂਕਤਾ!! ਅੱਜ ਸਾਡੇ ਸਮਾਜ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਵੇਖਿਆ ਜਾਵੇ ਤਾਂ ਪੰਜਾਬ ਦੇ ਅੰਦਰ ਰੋਜ਼ਾਨਾ ਹੀ ਦੋ-ਤਿੰਨ ਦਰਜਨ ਦਾਜ ਦੇ ਹੀ ਮਾਮਲੇ ਦਰਜ ਹੋ ਰਹੇ ਹਨ। ਸਹੁਰਾ ਪਰਿਵਾਰ ਦੇ ਵੱਲੋਂ ਜਾਂ ਤਾਂ ਵਿਆਹੁਤਾ ਨੂੰ ਦਾਜ ਖਾਤਰ ਮਾਰ ਮੁਕਾ ਦਿੱਤਾ ਜਾਂਦਾ ਹੈ ਜਾਂ ਫਿਰ ਉਸ ਨੂੰ ਇੰਨਾ ਜਲੀਲ ਕੀਤਾ ਜਾਂਦਾ ਹੈ ਕਿ ਨਾ ਤਾਂ ਉਹ ਮਰਨ ਜੋਗੀ ਰਹਿੰਦੀ ਹੈ ਨਾ ਹੀ ਜਿਉਂ ਸਕਦੀ ਹੁੰਦੀ ਹੈ। ਸਾਰਾ ਦਿਨ ਸਹੁਰਿਆਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੁਣ-ਸੁਣ ਕੇ ਇੱਕ ਦਿਨ ਵਿਆਹੁਤਾ ਮੌਤ ਨੂੰ ਗਲੇ ਲਗਾ ਲੈਂਦੀ ਹੈ ਅਤੇ ਮੁਕੱਦਮਾ ਉਨ੍ਹਾਂ ਸਹੁਰਿਆਂ ਦੇ ਉਪਰ ਦਰਜ ਹੋ ਜਾਂਦਾ ਹੈ, ਜੋ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਦੱਸ ਦਈਏ ਕਿ ਅਜਿਹਾ ਹੁੰਦਾ ਹੀ ਕਿਉਂ ਹੈ? ਕਿਉਂ ਬਗਾਨੇ ਘਰਾਂ ਦੇ ਵਿੱਚ ਅੱਜ ਵੀ ਧੀ ਦੀ ਇੱਜ਼ਤ ਨਹੀਂ ਕੀਤੀ ਜਾਂਦੀ? ਕੀ ਕਾਰਨ ਹੈ ਕਿ ਅਸੀਂ 21ਵੀਂ ਸਦੀ ਵਿੱਚ ਪਹੁੰਚ ਕੇ ਵੀ ਦਾਜ ਦੇ ਲੋਭੀ ਬਣੇ ਬੈਠੇ ਹਾਂ? ਕਿਉਂ ਆਪਣੀਆਂ ਧੀਆਂ ਵਰਗੀ ਨੂੰਹ ਨੂੰ ਸਹੁਰੇ ਦਾਜ ਖ਼ਾਤਰ ਘਰੋਂ ਕੱਢ ਦਿੰਦੇ ਹਨ? ਦਰਅਸਲ, ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਸਮਾਜ ਕੋਲ ਵੀ ਪੁਖਤਾ ਜਵਾਬ ਨਹੀਂ ਹੈ। ਕਿਉਂਕਿ ਅੱਜ ਬਹੁਤ ਸਾਰੇ ਅਜਿਹੇ ਲੋਕ ਵੀ ਇਸ ਦੁਨੀਆ 'ਤੇ ਹਨ, ਜੋ ਲੋਕਾਂ ਨੂੰ ਤਾਂ ਦਾਜ ਨਾ ਲੈਣ ਦੇ ਬਾਰੇ ਵਿੱਚ ਪ੍ਰੇਰਿਤ ਕਰਦੇ ਹਨ। ਪਰ ਆਪ ਖੁਦ ਦਾਜ ਤੋਂ ਬਿਨ੍ਹਾਂ ਆਪਣੇ ਮੁੰਡੇ ਦੀ ਬਰਾਤ ਬੂਹੇ ਤੋਂ ਨਹੀਂ ਤੋਰਦੇ। ਅਜਿਹੇ ਲੋਕ ਸਮਾਜ ਨੂੰ ਕੀ ਜਾਗਰੂਕ ਕਰਨਗੇ, ਜੋ ਖੁਦ ਹੀ ਦਾਜ ਦੇ ਭੁੱਖੇ ਹੋਣ। ਬਹੁਤ ਸਾਰੇ ਬੁੱਧੀਜੀਵੀ ਅਤੇ ਸਮਾਜ ਸੇਵੀ ਸੰਸਥਾਵਾਂ ਦਾਜ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਲੱਗੀਆਂ ਹੋਈਆਂ ਹਨ, ਪਰ ਸਾਡੇ ਸਮਾਜ 'ਤੇ ਕੋਈ ਅਸਰ ਨਹੀਂ ਪੈ ਰਿਹਾ। ਰੋਜ਼ਾਨਾ ਦਰਜ ਹੋ ਰਹੇ ਦਾਜ ਮੰਗਣ ਦੇ ਮਾਮਲੇ ਇਹ ਸਾਬਤ ਕਰਦੇ ਹਨ ਕਿ ਸਾਡੇ ਸਮਾਜ ਨੂੰ ਸੁਧਰਨ 'ਤੇ ਹਾਲੇ ਵੀ 100 ਤੋਂ ਜ਼ਿਆਦਾ ਸਾਲ ਲੱਗ ਜਾਣਗੇ, ਕਿਉਂਕਿ ਲੋਕਾਂ ਦੀ ਸੋਚ ਨੂੰ ਬਦਲਣਾ ਸੌਖਾ ਕੰਮ ਨਹੀਂ ਰਿਹਾ ਹੁਣ।

0 Comments