PSEB ਦੇ ਮੁੱਖ ਦਫ਼ਤਰ ਵਿਖੇ ਛੇਵੀਂ ਤੋਂ ਅੱਠਵੀਂ ਸ਼੍ਰੇਣੀਆਂ ਦੇ ਪਾਠ ਕ੍ਰਮ ਅਤੇ ਪੁਸਤਕਾਂ ਨੂੰ ਰੀਵਿਊ ਕਰਨ ਹਿੱਤ ਲਾਈ ਪੰਜ ਰੋਜ਼ਾ ਵਰਕਸ਼ਾਪ

ਐੱਸ.ਏ.ਐੱਸ ਨਗਰ - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪਹਿਲੀ ਤੋਂ ਬਾਰਵੀਂ ਸ਼੍ਰੇਣੀ ਤੱਕ ਦੇ ਪਾਠਕ੍ਰਮ ਵਿੱਚ ਮਿਆਰੀ ਸੁਧਾਰ ਲਿਆਉਣ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅਜ਼ੀਮ ਪ੍ਰੇਮਜੀ ਫਾਉਂਡੇਸ਼ਨ, ਬੈਂਗਲੁਰੂ, ਜੋ ਇਸ ਕਾਰਜ ਵਿੱਚ ਮੁਹਾਰਤ ਰੱਖਦੇ ਹਨ, ਦੇ ਸਹਿਯੋਗ ਨਾਲ ਅੰਗਰੇਜ਼ੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਵਿਸ਼ੇ ਦੀਆਂ ਛੇਵੀਂ ਤੋਂ ਅੱਠਵੀਂ ਸ਼੍ਰੇਣੀਆਂ ਦੇ ਪਾਠ ਕ੍ਰਮ ਅਤੇ ਛੇਵੀਂ ਸ਼੍ਰੇਣੀ ਦੀਆਂ ਪਾਠ- ਪੁਸਤਕਾਂ ਨੂੰ ਰੀਵਿਊ ਕਰਨ ਹਿੱਤ ਪੰਜ ਰੋਜ਼ਾ ਵਰਕਸ਼ਾਪ ਬੋਰਡ ਦੇ ਮੁੱਖ ਦਫ਼ਤਰ ਵਿਖੇ ਲਗਵਾਈ ਗਈ। 

ਇਸ ਦੌਰਾਨ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਮੈਂਬਰ ਸ੍ਰੀ ਬਿਜੋਯ ਸ਼ੰਕਰ ਦਾਸ, ਸ੍ਰੀ ਅਰੂਨ ਨਾਇਕ, ਸ੍ਰੀਮਤੀ ਅਨੂਪਮਾ ਐੱਸ. ਐੱਮ, ਸ੍ਰੀਮਤੀ ਮੀਨਾਕਸ਼ੀ ਪੰਤ, ਮਿਸ ਰੀਮਾ ਕੌਰ, ਮਿਸ ਜਬਿਮੋਲ ਜੇ, ਸ੍ਰੀ ਅਜਾਬੋਲ ਬਿਸਵਾਸ ਨੇ ਬੋਰਡ ਦੇ ਵਿਸ਼ਾ ਮਾਹਿਰ/ ਪ੍ਰੋਜੈਕਟ ਅਫਸਰ/ਲੈਕਚਰਾਰਾਂ ਅਤੇ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਦੇ ਖੇਤਰੀ ਅਧਿਆਪਕਾਂ/ਲੈਕਚਰਾਰ ਅਤੇ ਖੇਤਰੀ ਮਾਹਿਰਾਂ ਨੂੰ ਪਾਠ ਪੁਸਤਕਾਂ ਰੀਵਿਊ ਕਰਨ ਦੇ ਮਾਪ ਦੰਡ ਸਬੰਧੀ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੌਰਾਨ ਛੇਵੀਂ ਸ਼੍ਰੇਣੀ ਦੀਆਂ ਸੋਸ਼ਲ ਸਾਇੰਸ, ਅੰਗਰੇਜੀ, ਵਿਗਿਆਨ ਅਤੇ ਗਣਿਤ ਦੀਆਂ ਬੋਰਡ ਦੀਆਂ ਪਾਠ-ਪੁਸਤਕਾਂ ਦਾ ਰੀਵਿਊ ਕੀਤਾ ਗਿਆ। 

ਵਰਕਸ਼ਾਪ ਦੌਰਾਨ ਅਜ਼ੀਮ ਪ੍ਰੇਮਜੀ ਫਾਉਂਡੇਸ਼ਨ ਦੇ ਮਾਹਿਰਾਂ ਵਲੋਂ ਮਹਿਸੂਸ ਕੀਤਾ ਗਿਆ ਕਿ ਹਾਲਾਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਮਾਪਦੰਡਾਂ ਅਨੁਸਾਰ ਪਹਿਲਾਂ ਹੀ ਬਹੁਤ ਬੇਹਤਰ ਹਨ, ਲੇਕਿਨ ਵਿਦਿਆਰਥੀਆਂ ਦੇ ਮਾਨਸਿਕ ਪੱਧਰ ਅਨੁਸਾਰ ਪਾਠ-ਪੁਸਤਕਾਂ ਨੂੰ ਵਧੇਰੇ ਦਿਲਚਸਪ ਬਣਾਉਣ ਲਈ ਪੁਸਤਕਾਂ ਵਿੱਚ ਚਿੱਤਰ, ਨਕਸ਼ੇ, ਗ੍ਰਾਫ, ਅਭਿਆਸ ਅਤੇ ਹੋਰ ਮੁਲਾਂਕਣ ਗਤੀਵਿਧੀਆਂ ਨੂੰ ਸ਼ਾਮਿਲ ਕੀਤੇ ਜਾਣ ਦੀ ਲੋੜ ਮਹਿਸੂਸ ਕੀਤੀ ਗਈ। 

ਡਾ. ਸਤਬੀਰ ਬੇਦੀ, ਆਈ ਏ ਐਸ (ਰਿਟਾ.), ਚੇਅਰਪਰਸਨ ਵਲੋਂ ਕਿਹਾ ਗਿਆ ਕਿ ਪਾਠਕ੍ਰਮ ਵਿੱਚ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਭਵਿੱਖ ਵਿੱਚ ਅਜਿਹੀਆਂ ਵਰਕਸ਼ਾਪ ਸਮੇਂ-ਸਮੇਂ ਤੇ ਕਰਵਾਈਆਂ ਜਾਣਗੀਆਂ।

ਵਰਕਸ਼ਾਪ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਕਾਦਮਿਕ ਸ਼ਾਖਾ ਦੇ ਉਪ ਸਕੱਤਰ ਸ਼੍ਰੀਮਤੀ ਅਮਰਜੀਤ ਕੌਰ ਦਾਲਮ, ਸੁਪਰਡੰਟ ਸ਼੍ਰੀ ਅਮਰੀਕ ਸਿੰਘ ਭੜੀ ਅਤੇ ਬੋਰਡ ਦੇ ਵਿਸ਼ਾ ਮਾਹਿਰ ਸ਼੍ਰੀ ਰਮਿੰਦਰਜੀਤ ਸਿੰਘ ਵਾਸੂ, ਸ਼੍ਰੀਮਤੀ ਸੀਮਾ ਚਾਵਲਾ, ਸ਼੍ਰੀਮਤੀ ਉਪਨੀਤ ਕੌਰ, ਸ਼੍ਰੀ ਪ੍ਰਿਤਪਾਲ ਸਿੰਘ ਅਤੇ ਸ਼੍ਰੀਮਤੀ ਸੁਰਭੀ ਜੈਕਵਾਲ ਸ਼ਾਮਲ ਸਨ। ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਅਧਿਆਪਕ ਵਰਗ ਅਤੇ ਖੇਤਰੀ ਮਾਹਿਰਾਂ ਵਲੋਂ ਇਸ ਵਰਕਸ਼ਾਪ ਨੂੰ ਬਹੁਤ ਲਾਹੇਵੰਦ ਦੱਸਿਆ ਗਿਆ।

Post a Comment

0 Comments