ਡੀ.ਐਮ.ਐਫ ਤੇ ਡੀ.ਟੀ.ਐੱਫ ਪੰਜਾਬ ਨੇ ਕੀਤਾ ਹੜ੍ਹ ਪੀੜਤਾਂ ਦੀ ਮਦਦ ਦਾ ਉਪਰਾਲਾ 

ਅੰਮ੍ਰਿਤਸਰ: ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਂਝੇ ਯਤਨਾਂ ਸਦਕਾ ਮੁਲਾਜ਼ਮਾਂ ਅਤੇ ਅਧਿਆਪਕਾਂ ਵੱਲੋਂ  ਜਰਮਨਜੀਤ ਸਿੰਘ ਛੱਜਲਵੱਡੀ, ਅਸ਼ਵਨੀ ਅਵਸਥੀ ਅਤੇ ਗੁਰਬਿੰਦਰ ਸਿੰਘ ਖਹਿਰਾ ਦੀ ਯੋਗ ਅਗਵਾਈ ਹੇਠ ਇਕੱਤਰ ਕੀਤੇ ਗਏ ਲਗਭਗ ਇੱਕ ਲੱਖ ਅਠਾਹਠ ਹਜ਼ਾਰ ਰੁਪਏ ਦੀ ਰਾਸ਼ੀ ਵਿੱਚੋਂ ਜ਼ਿਲ੍ਹਾ ਜਲੰਧਰ ਦੇ ਕਸਬਾ ਲੋਹੀਆਂ ਦੇ ਆਲੇ ਦੁਆਲੇ ਦੇ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਅਤੇ ਬੱਚਿਆਂ ਨੂੰ ਲੋੜੀਂਦੀ ਰਾਹਤ ਸਮਗਰੀ ਵੰਡੀ ਗਈ ਅਤੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕਰਨ ਦਾ ਅਹਿਦ ਕੀਤਾ ਗਿਆ। 

ਇਸ ਪ੍ਰੋਗਰਾਮ ਤਹਿਤ ਜਿੱਥੇ ਸਰਕਾਰੀ ਮਿਡਲ ਸਕੂਲ ਮੁੰਡੀ ਚੋਲ੍ਹੀਆਂ, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਚੋਲ੍ਹੀਆਂ, ਸਰਕਾਰੀ ਪ੍ਰਾਇਮਰੀ ਸਕੂਲ ਧੱਕਾ ਬਸਤੀ, ਸਰਕਾਰੀ ਹਾਈ ਸਕੂਲ ਮੁੰਡੀ ਕਾਸੋਂ, ਸਰਕਾਰੀ ਪ੍ਰਾਇਮਰੀ ਸਕੂਲ ਮੁੰਡੀ ਕਾਸੋ, ਸਰਕਾਰੀ ਪ੍ਰਾਇਮਰੀ ਸਕੂਲ ਮਰਾਜ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਮੰਡਾਲ ਛੰਨਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੁੰਡੇ ਸ਼ਹਿਰੀਆਂ ਦੇ ਵਿਦਿਆਰਥੀਆਂ ਨੂੰ 620 ਕੋਟੀਆਂ ਅਤੇ ਸਟੇਸ਼ਨਰੀ ਵੰਡੀ ਗਈ ਉਥੇ ਹੀ ਧੱਕਾ ਬਸਤੀ ਅਤੇ ਹੋਰ ਪਿੰਡਾਂ ਦੇ ਲੋਕਾਂ ਨੂੰ 100 ਕੰਬਲ ਵੀ ਵੰਡੇ ਗਏ। ਇਸ ਮੌਕੇ ਮਨਪ੍ਰੀਤ ਸਿੰਘ ਰਈਆ, ਨਿਰਮਲ ਸਿੰਘ ਅੰਮ੍ਰਿਤਸਰ, ਰਾਜੇਸ਼ ਪ੍ਰਾਸ਼ਰ, ਚਰਨਜੀਤ ਸਿੰਘ, ਗੁਰਦੇਵ ਸਿੰਘ ਅਤੇ ਵਿਪਨ ਰਿਖੀ ਨੇ ਕਿਹਾ ਕਿ ਕੁਦਰਤੀ ਕਰੋਪੀ ਦੀ ਮਾਰ ਝੱਲ ਰਹੇ ਲੋਕਾਂ ਦੇ ਮੁੜ ਵਸੇਬੇ ਲਈ ਸਰਕਾਰਾਂ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਾਰ ਲਈ ਜਾਣੀ ਚਾਹੀਦੀ ਹੈ।

ਪ੍ਰੰਤੂ ਅੱਜ ਤੱਕ ਘਰੋਂ ਬੇਘਰ ਹੋਏ ਲੋਕਾਂ ਨੂੰ ਚੋਣਾਂ ਵੇਲੇ ਹੱਥ ਜੋੜ ਕੇ ਸੱਤਾ ਹਾਸਿਲ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸ ਤੋਂ ਮੰਦਭਾਗੀ ਅਤੇ ਦੁਖਦ ਗੱਲ ਹੋਰ ਕੀ ਹੋ ਸਕਦੀ ਹੈ ਕਿ ਅੱਜ ਵੀ ਇਹ ਲੋਕ ਬਿਨਾਂ ਸਾਧਨਾ ਤੋਂ ਆਪਣੇ ਟੁੱਟੇ ਘਰਾਂ ਵਿੱਚ ਛੰਨਾਂ ਢਾਰੇ ਬਣਾ ਕੇ ਰਹਿਣ ਨੂੰ ਮਜਬੂਰ ਹਨ। ਅਜਿਹੇ ਸਮੇ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਮੁਲਾਜ਼ਮਾਂ ਅਤੇ ਅਧਿਆਪਕਾਂ ਕੋਲੋਂ ਤਿਲ ਫੁੱਲ ਇੱਕਠਾ ਕਰਕੇ ਲੋੜਵੰਦਾਂ ਤੱਕ ਪਹੁੰਚਾ ਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ ਗਈ ਹੈ।

ਇਸ ਮੌਕੇ ਇਲਾਕੇ ਦੇ ਅਧਿਆਪਕ ਆਗੂਆਂ ਹੈਡਮਾਸਟਰ ਕੁਲਵਿੰਦਰ ਸਿੰਘ ਜੋਸਨ, ਭੁਪਿੰਦਰਪਾਲ ਸਿੰਘ, ਜਸਬੀਰ ਸਿੰਘ ਸੰਧੂ, ਹਰਵਿੰਦਰ ਸਿੰਘ ਉੱਪਲ ਅਤੇ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਕੀਤੇ ਗਏ ਮਨੁੱਖਤਾ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਤਹਿਦਿਲੋਂ ਧੰਨਵਾਦ ਕੀਤਾ।