ਸਵਿੰਦਰ ਕੌਰ, ਚੰਡੀਗੜ੍ਹ:- ਪੁਲਿਸ ਨਾਲ ਸਬੰਧਿਤ ਮਸਲਿਆਂ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵਲੋਂ S.S.P. ਦਫਤਰ ਫਿਰੋਜ਼ਪੁਰ ਅੱਗੇ 2 ਦਿਨਾਂ ਧਰਨਾ ਸ਼ੁਰੂ ਕਰ ਦਿੱਤਾ ਤੇ ਭ੍ਰਿਸ਼ਟ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਰਾਣਾ ਨੇ ਐਲਾਨ ਕੀਤਾ ਕਿ ਸਦਰ ਜੀਰਾ ਵਿਚ 307 ਧਾਰਾਂ ਆਦਿ ਅਧੀਨ ਪਰਚੇ ਵਿਚ ਨਾਮਜਦ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ 23 ਸੂਤਰੀ ਮੰਗ ਪੱਤਰ ਵਿਚ ਦਿੱਤੇ ਗਏ ਮਸਲੇ ਤੁਰੰਤ ਹੱਲ ਕੀਤੇ ਜਾਣ ਨਹੀਂ ਤਾਂ 20 ਜੁਲਾਈ ਨੂੰ ਮੁੱਖ ਚੌਂਕ ਤੇ ਸੜਕ ਜਾਮ ਕਰ ਦਿੱਤੀ ਜਾਵੇਗੀ।ਜਿਸ ਦੀ ਜ਼ੁਮੇਵਾਰ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਹੋਵੇਗਾ।

ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਜਿਲਾ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਭ੍ਰਿਸ਼ਟ ਹੈ ਤੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਕਿਸਾਨ ਆਗੂ ਸੁਖਵੰਤ ਸਿੰਘ ਲੋਹੂਕਾ ਨੂੰ ਉਸ ਦੇ ਘਰ ਮਿਤੀ: 24 ਜੂਨ ਨੂੰ ਦੋਸ਼ੀ ਕੁਲਵੰਤ ਸਿੰਘ ਸ਼ੇਰੋਂ, ਉਸਦੇ ਸਾਲੇ ਅਮਰਿੰਦਰ ਸਿੰਘ ਗਿੰਨੀ, ਵਰਿੰਦਰ ਕੌਰ, ਪਰਮਜੀਤ ਸਿੰਘ ਸਭਰਾ ਜਿਲਾ ਤਰਨਤਾਰਨ ਆਦਿ ਵਲੋਂ ਗੋਲੀ ਮਾਰਨ ਤੇ ਕੁੱਟ ਮਾਰ ਕੀਤੀ ਗਈ ਸੀ, ਅਜੇ ਤੱਕ ਵੀ ਸੁਖਵੰਤ ਸਿੰਘ ਲੋਹੁਕਾ ਦੀ ਰੀੜ ਦੀ ਹੱਡੀ ਵਿਚ ਪਿਸਟਲ ਦੀ ਗੋਲੀ ਹੈ। ਥਾਣਾ ਸਦਰ ਜੀਰਾ ਵਿਚ ਦੋਸ਼ੀਆਂ ਖਿਲਾਫ 307 ਅਧੀਨ ਧਾਰਾ ਆਦਿ ਅਧੀਨ ਪਰਚਾ ਦਰਜ ਹੋਣ ਤੇ ਬਾਵਜੂਦ ਪੁਲਿਸ ਨੇ ਕੋਈ ਗ੍ਰਿਫਤਾਰੀ ਨਹੀਂ ਕੀਤੀ। ਕਿਸਾਨ ਆਗੂਆਂ ਦੇ ਪੁੱਛਣ ਤੇ ਐਸ. ਐਸ. ਪੀ. ਫਿਰੋਜ਼ਪੁਰ ਕਹਿੰਦਾ ਹੈ ਕਿ ਇਕੁਆਰੀ ਲੱਗੀ ਹੋਈ ਹੈ।

ਨਾਮਜਦ ਦੋਸ਼ੀਆਂ ਨੇ ਗੋਲੀ ਮਾਰੀ ਹੈ, ਚਿੱਟੇ ਦਿਨ ਵਾਂਗ ਸਾਫ ਹੈ ਕਿ ਦੋਸ਼ੀ ਕੁਲਵੰਤ ਸਿੰਘ ਦੀ ਮਾਂ ਵੀ ਬਿਆਨ ਦੇ ਚੁੱਕੀ ਹੈ, ਫਿਰ ਇਨਕੁਆਰੀ ਪੁਲਿਸ ਕਿਸ ਚੀਜ ਦੀ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਬਚਾਉਣ ਲਈ ਪੁਲਿਸ ਲੱਗੀ ਹੈ ਤੇ ਵੱਡੇ ਭ੍ਰਿਸ਼ਟਾਚਾਰ ਦਾ ਰਾਹ ਖੋਲਿਆ ਹੋਇਆ ਹੈ। ਕਿਸਾਨ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਨਾਮਜਦ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਡੀ. ਆਈ. ਜੀ. ਤੇ ਐਸ. ਐਸ. ਪੀ. ਫਿਰੋਜ਼ਪੁਰ ਨੂੰ ਦਿੱਤੇ 23 ਸੂਤਰੀ ਮੰਗ ਪੱਤਰ ਦਾ ਤੁਰੰਤ ਹੱਲ ਕੀਤਾ ਜਾਵੇ।

ਧਰਨਾ ਦਿਨ ਰਾਤ ਜਾਰੀ ਰਹੇਗਾ। ਇਸ ਮੌਕੇ ਸਾਹਿਬ ਸਿੰਘ ਦੀਨੇਕੇ, ਬਲਵਿੰਦਰ ਸਿੰਘ ਲੋਹੁਕਾ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਗੁਰਮੇਲ ਸਿੰਘ ਫੱਤੇਵਾਲਾ, ਹਰਫੂਲ ਸਿੰਘ, ਬਚਿੱਤਰ ਸਿੰਘ ਦੂਲੇਵਾਲਾ, ਬਲਰਾਜ ਸਿੰਘ ਫੋਰੋਕੇ, ਸੁਰਿੰਦਰ ਸਿੰਘ ਘੁੱਦੂਵਾਲਾ, ਖਲਾਰਾ ਸਿੰਘ ਪੰਨੂੰ, ਅਮਨਦੀਪ ਸਿੰਘ ਕੰਚਰਭੰਨ, ਨਰਿੰਦਰਪਾਲ ਸਿੰਘ ਜਤਾਲਾ, ਮੇਜਰ ਸਿੰਘ ਗਜਨੀਵਾਲਾ, ਮੰਗਲ ਸਿੰਘ ਗੁੱਦੜਵੰਡੀ, ਮੰਗਲ ਸਿੰਘ ਸਵਾਈਕੇ, ਲਖਵਿੰਦਰ ਸਿੰਘ ਬਸਤੀ ਨਾਮਦੇਵ, ਗੁਰਬਖਸ਼ ਸਿੰਘ ਪੰਜਗਰਾਈ, ਸੁਖਵਿੰਦਰ ਸਿੰਘ ਭੁੱਪਾ, ਲਖਵਿੰਦਰ ਸਿੰਘ ਜੋਗੇਵਾਲਾ, ਵਰਿੰਦਰ ਸਿੰਘ ਕੱਸੋਆਣਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।