ਭਾਰਤ ਜਿਸ ਵੇਲੇ ਆਜ਼ਾਦ ਹੋਇਆ ਸੀ ਤਾਂ, ਉਸ ਵੇਲੇ ਭਾਰਤ ਦੇ ਇੱਕ ਖ਼ਾਸ ਫ਼ਿਰਕੇ ਨੂੰ ਨਹੀਂ ਸੀ ਪਤਾ ਕਿ, ਇਸ ਆਜ਼ਾਦੀ ਦੀ ਲੜ੍ਹਾਈ ਵਿੱਚ ਕੌਣ-ਕੌਣ ਮਾਰਿਆ ਗਿਆ? ਧਰਮ ਦੇ ਨਾਂਅ ‘ਤੇ ਵੰਡਿਆ ਗਿਆ ਭਾਰਤ 1947 ਵੇਲੇ ਭਾਰਤ ਪਾਕਿਸਤਾਨ ਬਣ ਗਿਆ। ਪਾਕਿਸਤਾਨ ਇਸਲਾਮਿਕ ਸਟੇਟ ਬਣ ਗਿਆ, ਜਦੋਂਕਿ ਭਾਰਤ ਧਰਮ ਨਿਰਪੱਖ ਮੁਲਕ ਬਣ ਗਿਆ। ਕਿਉਂਕਿ ਭਾਰਤ ਵਿੱਚ ਹਰ ਜਾਤ, ਧਰਮ ਅਤੇ ਫ਼ਿਰਕੇ ਦੇ ਲੋਕ ਰਹਿ ਗਏ ਸਨ। ਭਾਰਤੀ ਸੰਵਿਧਾਨ ਦੇ ਮੁਤਾਬਿਕ, ਸਭਨਾਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਨੂੰ ਭਾਰਤ ਵਿੱਚ ਰਹਿਣ ਦਾ ਅਧਿਕਾਰ ਹੈ। ਭਾਰਤ ਦਾ ਇੱਕ ਅਜਿਹਾ ਤਬਕਾ ਜਿਸ ਦੇ ਢਿੱਡ ਵਿੱਚ ਹਮੇਸ਼ਾ ਹੀ ਮੁਲਕ ਦੇ ਭਾਈਚਾਰੇ ਨੂੰ ਵੇਖ ਕੇ ਪੀੜ ਉੱਠਦੀ ਰਹਿੰਦੀ ਹੈ, ਉਕਤ ਤਬਕਾ ਇਸ ਵੇਲੇ ਭਾਰਤ ਨੂੰ ਫਿਰ ਤੋਂ ਤੋੜਨ ਦੀ ਕੋਸ਼ਿਸ਼ ਦੇ ਵਿੱਚ ਰੁੱਝਿਆ ਹੋਇਆ ਹੈ ਅਤੇ ਮੁਲਕ ਦੇ ਅੰਦਰ ਧਰਮ ਦੀ ਰਾਜਨੀਤੀ ਕਰਕੇ, ਮੁਲਕ ਦੀ ਅਵਾਮ ਨੂੰ ਆਪਸ ਵਿੱਚ ਲੜਾ ਰਿਹਾ ਹੈ। ਦੇਸ਼ ਦੇ ਅੰਦਰ ਹੋ ਰਿਹਾ ਖ਼ੂਨ ਖ਼ਰਾਬਾ, ਜਿੱਥੇ ਮੁਲਕ ਦੀ ਮੌਜੂਦਾ ਸਿਆਸਤ ਧਿਰ ‘ਤੇ ਸਵਾਲ ਚੁੱਕ ਰਿਹਾ ਹੈ, ਉੱਥੇ ਹੀ ਦੇਸ਼ ਦੇ ਫ਼ਿਰਕੂ ਸਿਆਸਤਦਾਨਾਂ ਨੂੰ ਗੱਦੀਉਂ ਲਾਉਣ ਲਈ ਵੀ ਕਹਿ ਰਿਹਾ ਹੈ। ਮੁਲਕ ਦੇ ਅੰਦਰ ਇਸ ਵੇਲੇ ਘੱਟ ਗਿਣਤੀਆਂ ਦੇ ਨਾਲ ਜਿਸ ਪ੍ਰਕਾਰ ਨਫ਼ਰਤ ਕਰਕੇ, ਉਨ੍ਹਾਂ ਨੂੰ ਮੌਤ ਦੀ ਘਾਟ ਉਤਾਰਿਆ ਜਾ ਰਿਹਾ ਹੈ, ਉਹਦੇ ਤੋਂ ਇੱਕ ਗੱਲ ਸਾਫ਼ ਹੈ ਕਿ, ਮੁਲਕ ਨੂੰ ਜ਼ਿਆਦਾ ਗਿਣਤੀ ਵਾਲਾ ਇੱਕ ਖ਼ਾਸ ਫ਼ਿਰਕਾ ‘ਆਪਣੇ ਰਾਸ਼ਟਰ’ ਵਿੱਚ ਤਬਦੀਲ ਕਰਨ ਲਈ ਉਤਾਵਲਾ ਹੋਇਆ ਬੈਠਾ ਹੈ।
ਖ਼ੈਰ, ਭਾਰਤ ਦੇ ਵਿੱਚ ਇਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਲਗਾਤਾਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀਆਂ ਕੋਰੋਨਾ ਕਾਰਨ ਮੌਤਾਂ ਹੋ ਰਹੀਆਂ ਹਨ। ਲਾਸ਼ਾਂ ਸਾੜਨ ਨੂੰ ਜਗ੍ਹਾ ਨਹੀਂ ਮਿਲ ਰਹੀ ਅਤੇ ਲੱਖਾਂ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ। ਪਰ, ਇਸ ਦੇ ਬਾਵਜੂਦ ਵੀ ਮੁਲਕ ਦੇ ਹੁਕਮਰਾਨਾਂ ਦੀ ਸਿਹਤ ‘ਤੇ ਭੋਰਾ ਅਸਰ ਨਹੀਂ ਪੈ ਰਿਹਾ। ਉਹ ਮੁਲਕ ਨੂੰ ਉਜਾੜਨ ਅਤੇ ਤੋੜਨ ਦੀਆਂ ਸਾਜ਼ਿਸ਼ਾਂ ਦੇ ਵਿੱਚ ਰੁੱਝੇ ਹੋਏ ਹਨ। ਉੱਤਰ ਪ੍ਰਦੇਸ਼ ਵਿੱਚ ਵਹਿੰਦੀ ਗੰਗਾ ਨਦੀ ਇਸ ਵੇਲੇ ਲਾਸ਼ਾਂ ਨਾਲ ਭਰੀ ਪਈ ਹੈ, ਇਹਦੀ ਗਵਾਹੀ ਤਾਂ ਹਰ ਮੀਡੀਆ ਅਦਾਰਾ ਦੇ ਰਿਹਾ ਹੈ। ਪਰ, ਜਿਹੜਾ ਕੋਈ ਵੀ ਇਨ੍ਹਾਂ ਲਾਸ਼ਾਂ ਬਾਰੇ ਸਵਾਲ ਕਰ ਰਿਹਾ ਹੈ, ਉਹਦੇ ‘ਤੇ ਪਰਚਾ ਦਰਜ ਹੋਈ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆ ਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ, ਉੱਥੋਂ ਦੀ ਘੱਟ ਗਿਣਤੀ ਨੂੰ ਲਤਾੜਨ ‘ਤੇ ਲੱਗੀ ਹੋਈ ਹੈ। ਯੋਗੀ ਨੂੰ ਉੱਤਰ ਪ੍ਰਦੇਸ਼ ਦਾ ਹਾਲ ਤਾਂ ਪਤਾ ਨਹੀਂ, ਪਰ ਉਹ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਿੱਚ ਜ਼ਰੂਰ ਨਫ਼ਰਤ ਘੋਲਣ ਦਾ ਕਾਰਜ ਕਰ ਰਿਹਾ ਹੈ। ਪਿਛਲੇ ਦਿਨੀਂ ਹੋ ਨਿੱਬੜੀਆਂ ਬੰਗਾਲ ਅਤੇ ਹੋਰਨਾਂ ਚਾਰ ਸੂਬਿਆਂ ਦੀਆਂ ਚੋਣਾਂ ਵਿੱਚ ਭਾਜਪਾ ਦੀ ਜੋ ਸਥਿਤੀ ਸੀ, ਉਹ ਸਾਡੇ ਸਭ ਦੇ ਸਾਹਮਣੇ ਹੈ, ਕਿ ਕਿਸ ਤਰ੍ਹਾਂ ਨਫ਼ਰਤੀ ਭਾਸ਼ਣਾਂ ਵਾਲੇ ਹਾਰੇ ਅਤੇ ਲੋਕਪੱਖੀ ਧਿਰਾਂ ਜਿੱਤੀਆਂ।
ਦੱਸਦੇ ਚੱਲੀਏ ਕਿ ਮਲੇਰਕੋਟਲਾ ਵਿੱਚ ਬਹੁ-ਗਿਣਤੀ ਮੁਸਲਮਾਨ ਭਾਈਚਾਰੇ ਦੇ ਲੋਕ ਰਹਿੰਦੇ ਹਨ। ਵੈਸੇ, ਵੇਖਿਆ ਜਾਵੇ ਤਾਂ, ਮੁਸਲਮਾਨ ਵੀ ਇਸ ਦੇਸ਼ ਦਾ ਹੀ ਹਿੱਸਾ ਹਨ ਅਤੇ ਭਾਰਤ ਦੇ ਅੰਦਰ ਮੁਸਲਮਾਨਾਂ ਦੀ ਭਾਰੀ ਗਿਣਤੀ ਹੈ। ਭਾਰਤ ਦੀ ਆਜ਼ਾਦੀ ਵਿੱਚ ਮੁਸਲਮਾਨਾਂ ਨੇ ਆਪਣਾ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ, ਜੋ ਕਿ ਮੌਜੂਦਾ ਹੁਕਮਰਾਨਾਂ ਨੂੰ ਯਾਦ ਹੀ ਨਹੀਂ। ਮਲੇਰਕੋਟਲਾ ਜ਼ਿਲ੍ਹਾ ਬਣ ਜਾਣਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਾਸਤੇ ਆਖ਼ਰ ਮੁਸੀਬਤ ਕਿਉਂ ਖੜ੍ਹੀ ਕਰ ਰਿਹਾ ਹੈ? ਕਿਉਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ‘ਤੇ ਇਤਰਾਜ਼ ਵਾਲੇ ਟਵੀਟ ਯੂਪੀ ਦਾ ਮੁੱਖ ਮੰਤਰੀ ਕਰ ਰਿਹਾ ਹੈ? ਯੂ ਪੀ ਮੁੱਖ ਮੰਤਰੀ ਜਿਸ ਪ੍ਰਕਾਰ ਪੰਜਾਬ ਦੇ ਵਿੱਚ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ‘ਤੇ ਟਿੱਪਣੀ ਕਰ ਰਿਹਾ ਹੈ, ਉਹਦੇ ਤੋਂ ਸਿਆਣਿਆਂ ਦੀ ਇੱਕ ਗੱਲ ਆਖੀ ਯਾਦ ਆਉਂਦੀ ਹੈ ਕਿ, ਆਪਣੀਆਂ ਨਾ ਦੱਸਾਂ ਤੇ ਪਰਾਈਆਂ ਕਰ-ਕਰ ਹੱਸਾਂ। ਮਤਲਬ ਕਿ, ਯੋਗੀ ਦੇ ਆਪਣੇ ਰਾਜ ਦੇ ਅੰਦਰ ਕੀ ਕੁੱਝ ਹੋ ਰਿਹਾ ਹੈ, ਉਹਦੇ ਬਾਰੇ ਤਾਂ, ਉਹਨੂੰ ਥੌਹ ਪਤਾ ਨਹੀਂ, ਪਰ ਪੰਜਾਬ ਦੇ ਅੰਦਰ ਜੇਕਰ ਲੋਕ ਹਿੱਤ ਫ਼ੈਸਲੇ ਲਏ ਜਾ ਰਹੇ ਹਨ, ਤਾਂ, ਉਹਦੇ ‘ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੀ ਇਤਰਾਜ਼ ਕਰ ਰਹੇ ਹਨ। ਯੂ.ਪੀ. ਦੇ ਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਏ ਜਾਣ ‘ਤੇ ਕੀਤੇ ਗਏ ਇਤਰਾਜ਼ ‘ਤੇ ਕਾਂਗਰਸ ਤੋਂ ਪਹਿਲਾਂ ਅਕਾਲੀ ਦਲ ਨੇ ਬਿਆਨ ਜਾਰੀ ਕਰਕੇ, ਯੋਗੀ ਨੂੰ ਲਾਹਨਤਾਂ ਪਾਈਆਂ ਹਨ ਅਤੇ ਕਿਹਾ ਹੈ ਕਿ ”ਇਹ ਮੰਦਭਾਗਾ ਹੈ ਅਤੇ ਇੱਕ ਮੁੱਖ ਮੰਤਰੀ ਨੂੰ ਦੂਜੇ ਸੂਬੇ ਦੇ ਪ੍ਰਸ਼ਾਸਨਿਕ ਕੰਮਾਂ ਵਿੱਚ ਦਖ਼ਲਅੰਦਾਜ਼ੀ ਨਹੀਂ ਦੇਣੀ ਚਾਹੀਦੀ।
ਮਲੇਰਕੋਟਲੇ ਦਾ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਸਥਾਨ ਹੈ ਅਤੇ ਅਤੇ ਇਹ ਸਾਂਝੀਵਾਲਤਾ ਅਤੇ ਭਾਈਚਾਰੇ ਦਾ ਪ੍ਰਤੀਕ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਲੇਰਕੋਟਲੇ ਨਾਲ ਇਸੇ ਸਬੰਧ ਦਾ ਵੀ ਅਕਾਲੀ ਦਲ ਨੇ ਜ਼ਿਕਰ ਕੀਤਾ ਅਤੇ ਮੰਗ ਕੀਤੀ ਕਿ, ਯੋਗੀ ਅਦਿੱਤਿਆ ਨਾਥ ਨੂੰ ਆਪਣਾ ਬਿਆਨ ਵਾਪਸ ਲੈ ਲੈਣਾ ਚਾਹੀਦਾ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਿਆਨ ਜਾਰੀ ਕਰਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੱਲੋਂ ਕੀਤੇ ਗਏ ਭੜਕਾਊ ਟਵੀਟ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ, ਇਸ ਨੂੰ ਭਾਜਪਾ ਦੀ ਵੰਡ-ਪਾਊ ਨੀਤੀ ਦੇ ਹਿੱਸੇ ਵਜੋਂ ਸ਼ਾਂਤਮਈ ਸੂਬੇ ਵਿੱਚ ਫ਼ਿਰਕੂ ਬਖੇੜਾ ਖੜ੍ਹਾ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕਰਾਰ ਦਿੱਤਾ ਹੈ। ਉੱਤਰ ਪ੍ਰਦੇਸ਼ ਵਿੱਚ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਵੱਲੋਂ ਉਤਸ਼ਾਹਿਤ ਕੀਤੀਆਂ ਜਾ ਰਹੀਆਂ ਵੰਡ-ਪਾਊ ਨੀਤੀਆਂ ਦੇ ਮੁਕਾਬਲੇ ਪੰਜਾਬ ਵਿੱਚ ਫ਼ਿਰਕੂ ਸਦਭਾਵਨਾ ਦੀ ਗੱਲ ਆਖਦਿਆਂ ਉਨ੍ਹਾਂ ਕਿਹਾ ਕਿ ਯੋਗੀ ਅਦਿੱਤਿਆ ਨਾਥ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਪੰਜਾਬ ਵਿੱਚ ਉੱਤਰ ਪ੍ਰਦੇਸ਼ ਦੀ ਭਾਜਪਾ ਦੀ ਵੰਡ-ਪਾਊ ਤੇ ਵਿਨਾਸ਼-ਕਾਰੀ ਸਰਕਾਰ ਨਾਲੋਂ ਕਿਤੇ ਵਧੀਆ ਮਾਹੌਲ ਹੈ, ਜਦੋਂਕਿ ਉੱਤਰ ਪ੍ਰਦੇਸ਼ ਵਿੱਚ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਭਾਜਪਾ ਸਰਕਾਰ ਨੇ ਫ਼ਿਰਕੂ ਵਿਵਾਦਾਂ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਹੈ।
ਯੋਗੀ ਦੁਆਰਾ ਕੀਤੇ ਗਏ ਟਵੀਟ ਬਾਰੇ ਅਕਾਲੀ ਦਲ ਅਤੇ ਕਾਂਗਰਸ ਦੀਆਂ ਗੱਲਾਂ ਸੁਣਨ ਤੋਂ ਮਗਰੋਂ, ਕੀ ਯੋਗੀ ਦੱਸ ਸਕਦਾ ਹੈ ਮਲੇਰਕੋਟਲੇ ਦਾ ਇਤਿਹਾਸ? ਦਰਅਸਲ, ਮਾਲੇਰਕੋਟਲੇ ਨੂੰ ਯੋਗੀ ਨੇ ਸਿਰਫ਼ ਮੁਸਲਮਾਨਾਂ ਦੇ ਨਾਲ ਹੀ ਜੋੜ ਕੇ ਵੇਖਿਆ ਹੈ, ਜਦੋਂਕਿ ਯੋਗੀ ਨੂੰ ਇਹ ਕੱਖ ਵੀ ਪਤਾ ਨਹੀਂ ਕਿ ਸਿੱਖ ਕੌਮ ਦਾ ਵੀ ਮਾਲੇਰਕੋਟਲੇ ਦੇ ਨਾਲ ਗੂੜ੍ਹਾ ਸਬੰਧ ਰਿਹਾ ਹੈ। ਭਾਰਤ ਦੇ ਸੰਵਿਧਾਨ ਦੀਆਂ ਜਿਸ ਪ੍ਰਕਾਰ ਭਾਜਪਾ ਸਰਕਾਰ ਨੇ ਧੱਜੀਆਂ ਉਡਾਈਆਂ ਹਨ ਅਤੇ ਮੌਜੂਦਾ ਸਮੇਂ ਵਿੱਚ ਉਡਾਈਆਂ ਜਾ ਰਹੀਆਂ ਹਨ, ਕੀ ਉਹਦੇ ਬਾਰੇ ਯੋਗੀ ਕੁੱਝ ਬੋਲੇਗਾ? ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਹੋਰ ਰਾਜ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ, ਉੱਥੇ ਲਗਾਤਾਰ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਕੁਚਲ ਕੇ ਸੰਵਿਧਾਨ ਨੂੰ ਖ਼ਤਮ ਕਰਦਿਆਂ ਹੋਇਆ ਫ਼ਿਰਕੂ ਚਾਲਾਂ ਤਹਿਤ ਮੁਲਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਯੋਗੀ ਜੀ ਇਹ ਕੁੱਝ ਕਰਨਾ ਸੰਵਿਧਾਨ ਦਾ ਹਿੱਸਾ ਹਨ? ਉੱਤਰ ਪ੍ਰਦੇਸ਼ ਦੇ ਅੰਦਰ ਜਿਸ ਪ੍ਰਕਾਰ ਮੁਸਲਮਾਨਾਂ ਅਤੇ ਹੋਰਨਾਂ ਘੱਟ ਦਲਿਤ ਵਰਗਾਂ ‘ਤੇ ਅੱਤਿਆਚਾਰ ਹੋ ਰਹੇ ਹਨ, ਉਹਦੇ ਤੋਂ ਇੱਕ ਗੱਲ ਤਾਂ ਸਾਫ਼ ਹੈ ਕਿ, ਉੱਤਰ ਪ੍ਰਦੇਸ਼ ਦੀ ਮੌਜੂਦਾ ਹਕੂਮਤ ਆਪਣੇ ਰਾਜ ਦਾ ਹਾਲ ਤਾਂ ਬਿਆਨ ਕਰ ਨਹੀਂ ਰਹੀ, ਉਲਟਾ ਮੁਲਕ ਦੇ ਹੋਰਨਾਂ ਕਾਰਜਾਂ ਜੋ ਲੋਕ ਹਿੱਤ ਹੋ ਰਹੇ ਹਨ, ਉਹਦੇ ‘ਤੇ ਸਵਾਲ ਖੜ੍ਹੇ ਕਰ ਰਹੀ ਹੈ। ਆਖ਼ਰ ‘ਤੇ ਸਵਾਲ ਹੈ ਕਿ ਮੌਜੂਦਾ ਹਕੂਮਤ ਨਫ਼ਰਤੀ ਬਿਆਨਬਾਜ਼ੀ ਕਰਨ ਤੋਂ ਕਦੋਂ ਬਾਜ਼ ਆਵੇਗੀ? ਕੀ ਭਾਰਤ ਵਿਚਲੇ ਘੱਟ ਗਿਣਤੀ ਲੋਕ ਇਨ੍ਹਾਂ ਨੂੰ ਚੰਗੇ ਨਹੀਂ ਲੱਗਦੇ?
ਗੁਰਪ੍ਰੀਤ

0 Comments