ਕੋਰੋਨਾ ਵਾਇਰਸ ਦਾ ਕਹਿਰ ਏਨਾ ਕੁ ਜ਼ਿਆਦਾ ਸਾਡੇ ਮੁਲਕ ਦੇ ਅੰਦਰ ਵੱਧ ਚੁੱਕਿਆ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਕੋਰੋਨਾ ਪੀੜ੍ਹਤਾਂ ਨੂੰ ਜਿੱਥੇ ਆਕਸੀਜਨ ਦੀ ਕਾਫ਼ੀ ਜ਼ਿਆਦਾ ਸਮੱਸਿਆ ਆ ਰਹੀ ਹੈ, ਉੱਥੇ ਹੀ ਆਕਸੀਜਨ ਪੂਰੀ ਨਾ ਮਿਲਣ ਦੇ ਕਾਰਨ ਕੋਰੋਨਾ ਪੀੜ੍ਹਤ ਜਹਾਨੋਂ ਵੀ ਤੁਰ ਰਹੇ ਹਨ। ਸਾਰੀ ਦੁਨੀਆ ਵਿੱਚ ਕੋਰੋਨਾ ਨੇ ਤਬਾਹੀ ਤਾਂ ਮਚਾਈ ਹੀ ਹੈ, ਨਾਲ ਹੀ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਜਿੱਤੀ ਹੋਈ ਜੰਗ ਹਾਰ ਕੇ, ਮੁੜ ਤੋਂ ਆਪਣੇ ਮੁਲਕ ਨੂੰ ਉਜਾੜਨ ਵੱਲ ਲੈ ਕੇ ਗਏ ਹਾਂ। ਇਸ ਵਿੱਚ ਬੇਸ਼ੱਕ ਇਹ ਕਿਹਾ ਜਾਂਦਾ ਰਿਹਾ ਹੈ ਕਿ ਲੋਕ ਹੀ ਜ਼ਿੰਮੇਵਾਰ ਹਨ, ਪਰ ਅਜਿਹਾ ਬਿਲਕੁਲ ਨਹੀਂ ਹੈ, ਕਿਉਂਕਿ ਲੋਕ ਤਾਂ ਕੋਰੋਨਾ ਤੋਂ ਬਚਣ ਵਾਸਤੇ ਹਰ ਹੀਲਾ ਕਰਦੇ ਰਹੇ ਅਤੇ ਲੀਡਰਾਂ ਨੇ ਜੋ ਕੁੱਝ ਮੁਲਕ ਦੇ ਅੰਦਰ ਕੋਰੋਨਾ ਦਾ ਮਜ਼ਾਕ ਬਣਾਇਆ, ਉਹਦੇ ਕਾਰਨ ਹੀ ਅੱਜ ਮੁਲਕ ਦੀ ਹਾਲਤ ਤਰਸਯੋਗ ਬਣੀ ਪਈ ਹੈ। ਸਾਡੇ ਦੇਸ਼ ਦੇ ਅੰਦਰ ਮਾਰਚ-2020 ਤੋਂ ਅੱਜ ਤੱਕ ਹਜ਼ਾਰਾਂ ਨਹੀਂ, ਬਲਕਿ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਇਨ੍ਹਾਂ ਮੌਤਾਂ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ? ਕਿਉਂਕਿ ਲੀਡਰ ਆਪਣੇ ਸਿਰ ਇਹ ਸਾਰਾ ਦੋਸ਼ ਲੈਣ ਲਈ ਰਾਜ਼ੀ ਨਹੀਂ ਹਨ ਅਤੇ ਲੋਕਾਂ ਦੁਆਰਾ ਜੋ ਵੀ ਕੁੱਝ ਕੀਤਾ ਜਾ ਰਿਹਾ ਹੈ, ਉਹ ਲੀਡਰ ਪੁਣੇ ਨੂੰ ਪਸੰਦ ਨਹੀਂ। ਇਸੇ ਸਾਲ ਫਰਵਰੀ ਮਾਰਚ ਦੇ ਮਹੀਨੇ ਵਿੱਚ ਜਦੋਂ ਇੱਕਾ ਦੁੱਕਾ ਕੇਸ ਕੋਰੋਨਾ ਦੇ ਸਾਹਮਣੇ ਆਏ ਸਨ ਤਾਂ, ਸਿਹਤ ਨਾਲ ਜੁੜੀਆਂ ਸੰਸਥਾਵਾਂ, ਡਾਕਟਰਾਂ ਅਤੇ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਸੀ ਕਿ, ਸੁਧਰ ਜਾਉ ਵੇਲਾ ਔਖਾ ਆਉਣ ਵਾਲਾ ਹੈ। ਪਰ, ਕੋਈ ਸਮਝਿਆ ਨਹੀਂ।
ਹਾਲਾਤ ਤਾਂ ਉਦੋਂ ਵਿਗੜਦੇ ਵਿਖਾਈ ਦਿੱਤੇ ਹਨ, ਜਦੋਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਲੱਕੜਾਂ ਅਤੇ ਸ਼ਮਸ਼ਾਨਘਾਟ ਵਿੱਚ ਵੀ ਜ਼ਮੀਨ ਦੀ ਕਮੀ ਨਜ਼ਰ ਆਈ। ਪਹਿਲੋਂ ਤਾਂ ਜਿਨ੍ਹਾਂ ਦੇ ਪਰਿਵਾਰ ਵਾਲੇ ਕੋਰੋਨਾ ਦੀ ਬਿਮਾਰੀ ਕਾਰਨ ਮਰ ਗਏ, ਉਨ੍ਹਾਂ ਨੂੰ ਹਸਪਤਾਲ ਵਿੱਚੋਂ ਸਹੀ ਸਲਾਮਤ ਲਾਸ਼ ਹੀ ਨਹੀਂ ਮਿਲੀ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਲਾਸ਼ ਹੀ ਬਦਲ ਕੇ ਦੇ ਦਿੱਤੀ ਗਈ ਅਤੇ ਅੱਗੇ ਜਦੋਂ ਲਾਸ਼ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਗਿਆ ਤਾਂ, ਉੱਥੇ ਐਨੀਆਂ ਲਾਸ਼ਾਂ ਬਲ ਰਹੀਆਂ ਸਨ ਕਿ, ਲਾਸ਼ਾਂ ਨੂੰ ਕਈ ਪਰਿਵਾਰਾਂ ਨੇ ਨਦੀਆਂ ਵਿੱਚ ਵਹਾਉਣਾ ਸ਼ੁਰੂ ਕਰ ਦਿੱਤਾ। ਬਹੁਤੀਆਂ ਖ਼ਬਰਾਂ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈਆਂ, ਜਿੱਥੇ ਗੰਗਾ ਨਦੀ ਵਿੱਚ ਲਾਸ਼ਾਂ ਤੈਰਦੀਆਂ ਵਿਖਾਈ ਦਿੱਤੀਆਂ। ਅੰਤਰਰਾਸ਼ਟਰੀ ਮੀਡੀਆ ਅਦਾਰਾ ਬੀਬੀਸੀ ਤੋਂ ਇਲਾਵਾ ਭਾਰਤ ਦੇ ਮਸ਼ਹੂਰ ਟੀਵੀ ਚੈਨਲ ਐਨਡੀਟੀਵੀ ਇੰਡੀਆ ਅਤੇ ਹੋਰ ਤਮਾਮ ਯੂ ਟਿਊਬ ਚੈਨਲਾਂ ਦੁਆਰਾ ਗੰਗਾ ਵਿੱਚ ਤੈਰਦੀਆਂ ਲਾਸ਼ਾਂ ਅਤੇ ਲਾਸ਼ਾਂ ਦੇ ਕੋਲ ਕੁੱਤੇ ਅਤੇ ਹੋਰ ਜਾਨਵਰਾਂ ਦੀਆਂ ਤਸਵੀਰਾਂ ਵੀ ਵਿਖਾਈਆਂ। ਗੰਗਾ ਕੰਡੇ ਵਸੇ ਲੋਕਾਂ ਨੇ ਤੈਰਦੀਆਂ ਲਾਸ਼ਾਂ ਦੀਆਂ ਵੀਡੀਓ ਵੀ ਬਣਾ ਕੇ ਸ਼ੇਅਰ ਕੀਤੀਆਂ, ਪਰ ਜਿਨ੍ਹਾਂ ਲੋਕਾਂ ਨੇ ਉਕਤ ਵੀਡੀਉਜ਼ ਦੀ ਕੈਪਸ਼ਨ ਵਿੱਚ ਕੁੱਝ ਲਿਖਿਆ, ਉਹਦੇ ‘ਤੇ ਹੀ ਸਵਾਲ ਗੋਦੀ ਮੀਡੀਆ ਅਤੇ ਸਰਕਾਰ ਪੱਖੀ ਲੋਕਾਂ ਨੇ ਉਠਾਉਣੇ ਸ਼ੁਰੂ ਕਰ ਦਿੱਤੇ।
ਸਵਾਲ ਤਾਂ, ਆਖ਼ਰ ਮੀਡੀਆ ਵੱਲੋਂ ਸਰਕਾਰ ਨੂੰ ਇਹ ਕਰਨੇ ਬਣਦੇ ਸਨ ਕਿ, ਕੋਰੋਨਾ ਭਾਰਤ ਵਿੱਚ ਐਨਾ ਕਿਵੇਂ ਫੈਲਿਆ? ਭਾਰਤ ਸਰਕਾਰ ਕੀ ਕਰ ਰਹੀ ਸੀ? ਕਿਉਂ ਨਹੀਂ ਲਾਕਡਾਊਨ ਲਗਾਉਣ ਤੋਂ ਬਾਅਦ ਵੀ ਕੋਰੋਨਾ ਕੰਟਰੋਲ ਵਿੱਚ ਹੋਇਆ? ਸਭਨਾਂ ਦੇਸ਼ਾਂ ਨਾਲੋਂ ਵੈਕਸੀਨ ਬਣਾ ਕੇ ਵੀ ਅਸੀਂ ਮੁਸੀਬਤਾਂ ਵਿੱਚ ਕਿਉਂ ਹਾਂ? ਜੇਕਰ ਸ਼ਮਸ਼ਾਨ ਘਾਟਾਂ ਵਿੱਚ ਥਾਂ ਨਹੀਂ ਤਾਂ, ਦੱਸੋ ਲਾਸ਼ਾਂ ਨੂੰ ਕਿੱਥੇ ਫੂਕੀਏ? ਲਾਸ਼ਾਂ ਦਾ ਅੰਤਿਮ ਸੰਸਕਾਰ ਕਰਨ ਲਈ ਲੱਕੜਾਂ ਹੀ ਨਹੀਂ ਤਾਂ, ਫਿਰ ਅਸੀਂ ਲਾਸ਼ਾਂ ਦਾ ਕੀ ਕਰੀਏ? ਇਨ੍ਹਾਂ ਸਾਰੇ ਸਵਾਲਾਂ ਨੂੰ ਗੋਦੀ ਮੀਡੀਆ ਨੇ ਦਰਕਿਨਾਰ ਕਰਕੇ, ਸਰਕਾਰ ਪੱਖੀ ਬੋਲੀ ਬੋਲਦਿਆਂ ਹੋਇਆ ਕਹਿਣਾ ਸ਼ੁਰੂ ਕਰ ਦਿੱਤਾ ਕਿ, ਗੰਗਾ ਮਈਆ ਦੀ ਬੇਅਦਬੀ ਕਰ ਰਹੇ ਨੇ ਲੋਕ! ਲੋਕਾਂ ਨੂੰ ਸਮਝ ਨਹੀਂ ਕਿ, ਕਿਸ ਤਰ੍ਹਾਂ ਲਾਸ਼ ਨੂੰ ਜਲਾਇਆ ਜਾਂਦਾ ਹੈ? ਗੋਦੀ ਮੀਡੀਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਰਕਾਰ ਦੀ ਬਜਾਏ, ਲੋਕਾਂ ਨੂੰ ਹੀ ਦੋਸ਼ ਦਿੰਦਾ ਰਿਹਾ ਹੈ ਕਿ ਲੋਕ ਹੀ ਦੋਸ਼ੀ ਹਨ ਅਤੇ ਜੇਕਰ ਉਨ੍ਹਾਂ ਨੂੰ ਕੋਰੋਨਾ ਨੇ ਆਪਣੀ ਲਪੇਟ ਵਿੱਚ ਲਿਆ ਹੈ ਤਾਂ, ਇਹਦੇ ਲਈ ਜ਼ਿੰਮੇਵਾਰ ਸਿਰਫ਼ ਤੇ ਸਿਰਫ਼ ਲੋਕ ਹਨ, ਨਾ ਕਿ ਸਰਕਾਰ। ਖ਼ੈਰ, ਸਰਕਾਰ ਪੱਖੀ ਇਸ ਗੋਦੀ ਮੀਡੀਆ ਨੂੰ ਸਾਡੇ ਕੁੱਝ ਸਵਾਲ ਹਨ ਕਿ, ਮੰਨਦੇ ਹਾਂ ਕਿ ਲੋਕ ਜ਼ਿੰਮੇਵਾਰ ਹੋਣਗੇ, ਲੋਕਾਂ ਨੇ ਨਿਯਮਾਂ ਦੀ ਪਾਲਨਾ ਨਹੀਂ ਕੀਤੀ ਤਾਂ ਹੀ ਕੋਰੋਨਾ ਫੈਲਿਆ। ਪਰ ਕੋਰੋਨਾ ਨੂੰ ਵਿਦੇਸ਼ਾਂ ਤੋਂ ਪਹਿਲੋਂ ਲਿਆਇਆ ਕੌਣ ਸੀ, ਅਮੀਰ ਜਾਂ ਫਿਰ ਗ਼ਰੀਬ?
ਕੋਰੋਨਾ ਵਾਇਰਸ ਜਦੋਂ ਲੰਘੇ ਸਾਲ ਸਤੰਬਰ-ਅਕਤੂਬਰ ਵਿੱਚ ਘੱਟ ਗਿਆ ਸੀ ਤਾਂ, ਸਰਕਾਰ ਆਗਾਮੀ ਸਮੇਂ ਲਈ ਚੌਕੰਨੀ ਕਿਉਂ ਨਹੀਂ ਹੋਈ? ਸਰਕਾਰ ਨੇ ਵੈਂਟੀਲੇਟਰਾਂ ਦਾ ਪ੍ਰਬੰਧ ਕਿਉਂ ਨਹੀਂ ਕੀਤਾ? ਆਕਸੀਜਨ ਪਲਾਂਟ ਕਿਉਂ ਨਹੀਂ ਲਗਾਏ ਗਏ? ਹਸਪਤਾਲਾਂ ਦੀ ਹਾਲਤ ਕਿਉਂ ਨਹੀਂ ਸੁਧਾਰੀ ਗਈ? ਸਰਕਾਰ ਨੇ ਲਾਕਡਾਊਨ ਤਾਂ ਲੰਘੇ ਸਾਲ ਤੋਂ ਹੁਣ ਤੱਕ ਵੀ ਲਗਾਈ ਰੱਖਿਆ ਅਤੇ ਅੱਜ ਵੀ ਲਾਕਡਾਊਨ ਕਈ ਸੂਬਿਆਂ ਵਿੱਚ ਮੁਕੰਮਲ ਤੌਰ ‘ਤੇ ਜਾਰੀ ਹੈ, ਪਰ ਕੀ ਇਹ ਲਾਕਡਾਊਨ ਕੋਰੋਨਾ ਦਾ ਹੱਲ ਹੈ? ਜਦੋਂ ਤਾਂ ਮੁਲਕ ਦੇ ਅੰਦਰ ਮਾਰਚ-ਅਪ੍ਰੈਲ 2021 ਵਿੱਚ ਕੋਰੋਨਾ ਕੇਸ ਵੱਧ ਰਹੇ ਸਨ ਤਾਂ, ਉਦੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਬੰਗਾਲ ਸਮੇਤ ਪੰਜ ਸੂਬਿਆਂ ਵਿੱਚ ਹੋਈਆਂ ਚੋਣਾਂ ਦੇ ਵਿੱਚ ਮਸਰੂਫ਼ ਸਨ ਅਤੇ ‘ਓ ਦੀਦੀ, ਓ ਦੀਦੀ’ ਦੇ ਨਾਅਰੇ ਲਗਾ ਰਹੇ ਸਨ। ਕੀ ਲੀਡਰਾਂ ਦੁਆਰਾ ਚੋਣ ਰੈਲੀਆਂ ਦੌਰਾਨ ਕੀਤੇ ਗਏ ਲੱਖਾਂ ਦੀ ਗਿਣਤੀ ਵਿੱਚ ਇਕੱਠ ਕਾਰਨ ਕੋਰੋਨਾ ਨਹੀਂ ਫੈਲਿਆ ਹੋਵੇਗਾ? ਅਸੀਂ ਸਾਰੀਆਂ ਗੱਲਾਂ ‘ਤੇ ਮਿੱਟੀ ਪਾ ਦਿੰਦੇ ਹਾਂ, ਪਰ ਸਰਕਾਰ ਦੱਸੇ ਕਿ ਉਹਨੇ ਕੀਤਾ ਕੀ? ਕੋਰੋਨਾ ਨਾਲ ਨਜਿੱਠਣ ਲਈ ਸਿਰਫ਼ ਤੇ ਸਿਰਫ਼ ਫੋਕੇ ਬਿਆਨ, ਫੋਕੇ ਐਲਾਨ ਕੀਤੇ ਗੲੇ, ਕਿੱਥੇ ਗਏ ਉਹ 20 ਲੱਖ ਕਰੋੜ ਰੁਪਏ, ਜਿਹੜੇ ਲੰਘੇ ਸਾਲ ਜਾਰੀ ਕੀਤੇ ਸਨ? ਘੱਟੋ ਘੱਟ ਜ਼ਿਆਦਾ ਕੁੱਝ ਨਹੀਂ ਤਾਂ, ਸਰਕਾਰ ਕੁੱਝ ਪੈਸੇ ਖ਼ਰਚ ਕੇ, ਹੋਰ ਵਿਕਾਸ ਕਾਰਜ ਕਰਵਾਉਣ ਦੀ ਬਿਜਾਏ, ਭਾਰਤ ਦੇ ਵਿੱਚ ਸ਼ਮਸ਼ਾਨਘਾਟ ਹੀ ਬਣਵਾ ਦਿੰਦੀ ਅਤੇ ਉੱਥੇ ਲੱਕੜਾਂ ਦੇ ਢੇਰ ਲਗਵਾ ਦਿੰਦੀ ਤਾਂ, ਜੋ ਲੋਕਾਂ ਨੂੰ ਲਾਸ਼ਾਂ ਫੂਕਣ ਲਈ ਜਗ੍ਹਾ ਤਾਂ ਮਿਲੀ ਜਾਂਦੀ। ਇਸ ਨਾਲ ਹੋਣਾ ਕੀ ਸੀ ਕਿ, ਲੋਕਾਂ ਨੂੰ ਆਪਣੇ ਸਕੇ ਸੰਬੰਧੀਆਂ ਦੀਆਂ ਲਾਸ਼ਾਂ ਗੰਗਾ ਨਦੀ ਵਿੱਚ ਨਾ ਸੁੱਟਣੀਆਂ ਪੈਂਦੀਆਂ ਅਤੇ ਨਾ ਹੀ ਲੋਕਾਂ ਨੂੰ ਨਦੀ ਦੇ ਕਿਨਾਰਿਆਂ ‘ਤੇ ਵੱਡੇ ਪੈਮਾਨੇ ‘ਤੇ ਲਾਸ਼ਾਂ ਦਫ਼ਨ ਕਰਨੀਆਂ ਪੈਂਦੀਆਂ।
ਵੱਖ ਵੱਖ ਮੀਡੀਆ ਅਦਾਰਿਆਂ ਵਿੱਚ ਚੱਲੀਆਂ ਖ਼ਬਰਾਂ ਦੀ ਮੰਨੀਏ ਤਾਂ, ਗੰਗਾ ਕੰਢੇ ਵੱਡੀ ਗਿਣਤੀ ਵਿੱਚ ਲਾਸ਼ਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਜਾ ਰਿਹਾ ਹੈ। ਪੈਸੇ ਨਾ ਹੋਣ ਕਾਰਨ ਲੋਕ, ਲਾਸ਼ਾਂ ਨੂੰ ਸਾੜਨ ਦੀ ਬਜਾਏ ਦਫ਼ਨਾ ਕੇ ਅੰਤਿਮ ਸੰਸਕਾਰ ਕਰ ਰਹੇ ਹਨ। ਗੰਗਾ ਦੇ ਕੰਢੇ ਘਾਟਾਂ ਦਾ ਆਲਮ ਇਹ ਹੈ ਕਿ ਹੁਣ ਲਾਸ਼ ਦਫ਼ਨ ਕਰਨ ਦੀ ਜਗ੍ਹਾ ਘਾਟਾਂ ‘ਤੇ ਜਗ੍ਹਾ ਨਹੀਂ ਬਚੀ ਹੈ। ਸਥਾਨਿਕ ਲੋਕਾਂ ਨੇ ਦੱਸਿਆ ਕਿ ਪਿਛਲੇ ਕਰੀਬ 30-35 ਦਿਨਾਂ ਵਿੱਚ 300 ਤੋਂ ਜ਼ਿਆਦਾ ਲਾਸ਼ਾਂ ਇੱਥੇ ਅੰਤਿਮ ਸੰਸਕਾਰ ਲਈ ਆਈਆਂ ਹਨ। ਕੁੱਝ ਅਜਿਹਾ ਹੀ ਹਾਲ ਉਂਨਾਓ ਦੇ ਦੋ ਘਾਟਾਂ ਬਕਸਰ ਅਤੇ ਰੌਤਾਪੁਰ ਵਿੱਚ ਦੇਖਣ ਨੂੰ ਮਿਲਿਆ ਹੈ। ਉਂਨਾਓ ਦੇ ਦਿਹਾਤੀ ਇਲਾਕਿਆਂ ਵਿੱਚ ਇੱਕ ਤੋਂ ਬਾਅਦ ਇੱਕ ਸ਼ੱਕੀ ਹਾਲਾਤਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਦੀ ਮੌਤ ਹੋ ਰਹੀ ਹੈ। ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਨੂੰ ਖੰਘ, ਬੁਖ਼ਾਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਹੋਈ ਅਤੇ ਬਾਅਦ ਵਿੱਚ ਮੌਤ ਹੋ ਗਈ।
ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ ਦਿਹਾਤੀ ਇਲਾਕਿਆਂ ਵਿੱਚ ਹੀ ਹਜ਼ਾਰਾਂ ਵਿੱਚ ਹੋਵੇਗੀ। ਉਂਨਾਓ ਦੇ ਰੌਤਾਪੁਰ ਘਾਟ ‘ਤੇ ਹੀ ਇੱਕ ਮਹੀਨੇ ਵਿੱਚ ਕਰੀਬ 300 ਲਾਸ਼ਾਂ ਨੂੰ ਦਫ਼ਨਾ ਕੇ ਅੰਤਿਮ ਸੰਸਕਾਰ ਕੀਤਾ ਗਿਆ। ਹਾਲਾਤ ਇਹ ਹਨ ਕਿ ਹੁਣ ਇੱਥੇ, ਲਾਸ਼ ਦਫ਼ਨਾਉਣ ਦੀ ਜਗ੍ਹਾ ਗੰਗਾ ਦੀ ਰੇਤ ਵਿੱਚ ਨਹੀਂ ਬਚੀ ਹੈ। ਹੁਣ ਸਿਰਫ਼ ਇੱਕ ਪੱਟੀ, ਜਿਸ ‘ਤੇ ਲਾਸ਼ਾਂ ਨੂੰ ਸਾੜ ਕੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਬਚੀ ਹੈ। ਇਸ ਤੋਂ ਇਲਾਵਾ ਨੇੜੇ ਦੇ ਖੇਤਾਂ ਵਿੱਚ ਵੀ ਕੁੱਝ ਲੋਕ ਲਾਸ਼ਾਂ ਨੂੰ ਦਫ਼ਨਾ ਜਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਘਾਟ ‘ਤੇ ਰੌਂਤਾਪੁਰ, ਮਿਰਜ਼ਾਪੁਰ, ਲੰਗੜਾਪੁਰ, ਭਟਪੁਰਵਾ, ਰਾਜੇਪੁਰ, ਕਨਿਕਾਮਊ, ਫੱਤੇਪੁਰ ਸਮੇਤ ਦੋ ਦਰਜਨ ਤੋਂ ਜ਼ਿਆਦਾ ਪਿੰਡਾਂ ਦੇ ਲੋਕ ਅੰਤਿਮ ਸੰਸਕਾਰ ਲਈ ਆਉਂਦੇ ਹਨ। ਘਾਟ ਦੇ ਨੇੜੇ ਜਾਨਵਰ ਚਰਾਉਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਹੁਣ ਇੱਥੇ ਇੱਕ ਦਿਨ ਵਿੱਚ 30 ਤੱਕ ਲਾਸ਼ਾਂ ਆ ਜਾਂਦੀਆਂ ਹਨ, ਜਦੋਂ ਕਿ ਪਹਿਲਾਂ ਇੱਕ ਦਿਨ ਵਿੱਚ ਸਿਰਫ਼ ਇੱਕ ਦੋ ਲਾਸ਼ ਹੀ ਆਉਂਦੀ ਸੀ। ਇੰਨੀ ਵੱਡੀ ਗਿਣਤੀ ਵਿੱਚ ਲਾਸ਼ ਦਫ਼ਨ ਕਰਨ ਨਾਲ ਨੇੜੇ ਦੇ ਪਿੰਡਾਂ ਵਿੱਚ ਵਾਇਰਸ ਦਾ ਖ਼ਤਰਾ ਵੀ ਬਣਿਆ ਹੋਇਆ ਹੈ।
ਖ਼ੈਰ, ਗੰਗਾ ਨਦੀ ਵਿੱਚ ਤੈਰਦੀਆਂ ਲਾਸ਼ਾਂ ਅਤੇ ਲਾਸ਼ਾਂ ਨੂੰ ਦਫ਼ਨਾਉਣ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਾਈ ਕੋਰਟ ਦੇ ਜੱਜ ਦੀ ਪ੍ਰਧਾਨਗੀ ਵਿੱਚ ਜਾਂਚ ਕਰਵਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੋ ਹੋ ਰਿਹਾ ਹੈ ਕਿ ਉਹ ‘ਅਣਮਨੁੱਖੀ ਅਤੇ ਅਪਰਾਧਿਕ’ ਹੈ। ਉਨ੍ਹਾਂ ਨੇ ਟਵੀਟ ਕੀਤਾ,’ਉੱਤਰ ਪ੍ਰਦੇਸ਼ ਵਿੱਚ ਜੋ ਹੋ ਰਿਹਾ ਹੈ ਉਹ ਅਣਮਨੁੱਖੀ ਅਤੇ ਅਪਰਾਧਿਕ ਹੈ। ਸਰਕਾਰ ਅਕਸ ਬਣਾਉਣ ਵਿੱਚ ਰੁੱਝੀ ਹੈ, ਜਦੋਂ ਕਿ ਲੋਕ ਦਰਦ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ, ‘ਇਨ੍ਹਾਂ ਘਟਨਾਵਾਂ ਦੀ ਹਾਈ ਕੋਰਟ ਦੇ ਜੱਜ ਦੀ ਪ੍ਰਧਾਨਗੀ ਵਿੱਚ ਤੁਰੰਤ ਨਿਆਇਕ ਜਾਂਚ ਹੋਣੀ ਚਾਹੀਦੀ ਹੈ।’ ਕਾਂਗਰਸ ਜਨਰਲ ਸਕੱਤਰ ਨੇ ਹੋਰ ਟਵੀਟ ਵਿੱਚ ਕਿਹਾ, ‘ਬਲੀਆ ਅਤੇ ਗਾਜੀਪੁਰ ਅੰਦਰ ਗੰਗਾ ਵਿੱਚ ਲਾਸ਼ਾਂ ਮਿਲ ਰਹੀਆਂ ਹਨ। ਓਨਾਵ ਵਿੱਚ ਨਦੀ ਦੇ ਕਿਨਾਰਿਆਂ ‘ਤੇ ਵੱਡੇ ਪੈਮਾਨੇ ‘ਤੇ ਲਾਸ਼ਾਂ ਦਫ਼ਨ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਲਖਨਊ, ਗੋਰਖਪੁਰ, ਝਾਂਸੀ ਅਤੇ ਕਾਨਪੁਰ ਵਰਗੇ ਸ਼ਹਿਰਾਂ ਤੋਂ ਅਧਿਕਾਰਤ ਗਿਣਤੀ ਕਾਫ਼ੀ ਘੱਟ ਦੱਸੀ ਜਾ ਰਹੀ ਹੈ।’
ਭਾਰਤ ਵਿੱਚ ਕੋਰੋਨਾ ਮਰੀਜ਼ਾਂ ਦੀ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਅਤੇ ਰੋਜ਼ਾਨਾ ਹਜ਼ਾਰਾਂ ਮਰੀਜ਼ਾਂ ਦੀ ਜਾਨ ਜਾ ਰਹੀ ਹੈ। ਅਜਿਹੇ ਵਿਚ ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਸੰਸਕਾਰ ਲਈ ਲੱਕੜਾਂ ਵੀ ਘੱਟ ਪੈਂਦੀਆਂ ਜਾ ਰਹੀਆਂ ਹਨ। ਹਰਿਆਣਾ ਦਾ ਗੁਰੂਗ੍ਰਾਮ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਲਈ ਗੋਹੇ ਦਾ ਇਸਤੇਮਾਲ ਕਰ ਸਕੇਗਾ। ਦਰਅਸਲ, ਕੋਵਿਡ-19 ਕਾਰਨ ਵਧਦੀਆਂ ਮੌਤਾਂ ਦਰਮਿਆਨ ਵਾਤਾਵਰਨ ਪ੍ਰੇਮੀਆਂ ਨੇ ਹਰਿਆਣਾ ਸਰਕਾਰ ਨੂੰ ਲੱਕੜਾਂ ਦੀ ਬਜਾਏ, ਸ਼ਮਸ਼ਾਨਘਾਟ ਲਈ ਗੋਹੇ ਦੀ ਵਰਤੋਂ ਕਰਨ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ। ਦਰਅਸਲ, ਸੂਬਾ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਜੰਗਲਾਤ ਮਹਿਕਮੇ ਤੋਂ 20,000 ਟਨ ਲੱਕੜ ਦੀ ਮੰਗ ਕੀਤੀ ਗਈ। ਜਿਸ ਦੇ ਵਿਰੋਧ ਵਿਚ ਸਥਾਨਿਕ ਵਾਤਾਵਰਨ ਪ੍ਰੇਮੀਆਂ ਨੇ ਸਰਕਾਰ ਨੂੰ ਸ਼ਮਸ਼ਾਨਘਾਟ ਵਿੱਚ ਗੋਹੇ ਦਾ ਇਸਤੇਮਾਲ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਸੂਬਾ ਵਿਆਪੀ ਤਾਲਾਬੰਦੀ ਦਰਮਿਆਨ ਦਰੱਖ਼ਤਾਂ ਦੀ ਕਟਾਈ ਦੀ ਆਗਿਆ ਦੇਣ ਵਾਲੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇੱਕ ਪਾਸੇ ਲਾਸ਼ਾਂ, ਦੂਜੇ ਪਾਸੇ ਲੱਕੜਾਂ ਦੀ ਕਮੀ, ਤੀਜੇ ਪਾਸੇ ਸ਼ਮਸ਼ਾਨਘਾਟ ਦੀ ਕਮੀ ਅਤੇ ਚੌਥੇ ਪਾਸੇ ਮੁਲਕ ਦਾ ਖ਼ਰਾਬ ਸਿਸਟਮ। ਐਨਾ ਸਭ ਕੁੱਝ ਹੋਣ ਦੇ ਬਾਅਦ ਅਤੇ ਹੁਣ ਵਾਪਰ ਰਹੇ ਕਾਰੇ ਨੂੰ ਵੇਖ ਕੇ ਵੀ ਕੋਈ ਆਖੇ ਕਿ ਹੁਕਮਰਾਨ ਨੇ ਹੰਭਲਾ ਮਾਰ ਕੇ ਕੋਰੋਨਾ ਵਾਇਰਸ ਨੂੰ ਭਜਾਇਆ ਤਾਂ, ਐਹੋ ਜਿਹੇ ਲੋਕਾਂ ‘ਤੇ ਲੱਖ ਲਾਹਨਤ ਹੋਵੇਗੀ।
ਗੁਰਪ੍ਰੀਤ
0 Comments