ਜਲੰਧਰ : ਔਰਤ ਨਾਲ ਫੋਨ ’ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਤੋਂ ਬਾਅਦ ਇੱਕ ਕਾਂਗਰਸੀ ਆਗੂ ਰਿੰਕੂ ਨੇ ਵੀਡੀਓ ਜਾਰੀ ਕਰ ਕੇ ਪੰਜਾਬ ਦੇ ਇਕ ਐੱਸਐੱਸਪੀ (SSP) ’ਤੇ ਬਦਸਲੂਕੀ ਦਾ ਦੋਸ਼ ਲਾਇਆ ਹੈ।

ਬੀਤੇ ਦਿਨ ਕਾਂਗਰਸੀ ਆਗੂ ’ਤੇ ਔਰਤ ਨੂੰ ਫੋਨ ਕਰ ਕੇ ਸਰੀਰਕ ਸਬੰਧ ਬਣਾਉਣ ਲਈ ਧਮਕਾਉਣ ’ਤੇ ਐੱਫਆਈਆਰ ਦਰਜ ਹੋਈ ਸੀ। ਐੱਸਐੱਸਪੀ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਦੇ ਨਾਲ ਬੈਠੇ ਆਦਮੀ ਨੇ ਇਸ ਦੀ ਵੀਡੀਓ ਬਣਾ ਲਈ। 

ਫੋਨ ’ਚ ਉਹ ਔਰਤ ਵੀ ਗੱਲ ਕਰਦੀ ਹੈ ਜਿਸ ਦੇ ਬਿਆਨ ’ਤੇ ਕਾਂਗਰਸੀ ਆਗੂ ’ਤੇ ਐੱਫਆਈਆਰ ਦਰਜ ਹੋਈ ਹੈ। ਵੀਡੀਓ ’ਚ ਦੂਜੇ ਪਾਸਿਓਂ ਬੋਲ ਰਹੇ ਸ਼ਖਸ SSP ਨੇ ਕਾਂਗਰਸੀ ਆਗੂ ਨੂੰ ਗਾਲ੍ਹਾਂ ਕੱਢੀਆਂ। ਕਾਂਗਰਸੀ ਆਗੂ 'ਤੇ ਉਸ ਦੇ ਨਾਲ ਬੈਠੇ ਆਦਮੀ ਨੇ ਐੱਸਐੱਸਪੀ ਲਈ ਮਾੜੀ ਸ਼ਬਦਾਵਲੀ ਇਸਤੇਮਾਲ ਕੀਤੀ ਅਤੇ ਇਸ ਤੋਂ ਬਾਅਦ ਫੋਨ ਕੱਟਿਆ ਗਿਆ। 

ਕਾਂਗਰਸੀ ਆਗੂ ਰਿੰਕੂ ਨੇ ਕਈ ਵਾਰ ਫੋਨ ਲਾਇਆ ਪਰ ਕੋਈ ਜਵਾਬ ਨਹੀਂ ਮਿਲਿਆ। ਰਿੰਕੂ ਨੇ ਇਸ ਤੋਂ ਬਾਅਦ ਵੀਡੀਓ ਜਾਰੀ ਕਰਕੇ ਕਿਹਾ, ‘‘ਬੀਤੀ ਰਾਤ ਮੈਨੂੰ ਫੋਨ ਕਰਕੇ ਇਕ ਐੱਸਐੱਸਪੀ ਨੇ ਬਦਸਲੂਕੀ ਕੀਤੀ ਹੈ।’’ ਦੱਸਿਆ ਗਿਆ ਹੈ ਕਿ ਰਿੰਕੂ ਖ਼ਿਲਾਫ਼ ਅਰਬਨ ਅਸਟੇਟ ਫੇਜ-2 ਦੀ ਰਹਿਣ ਵਾਲੀ ਔਰਤ ਦੇ ਬਿਆਨ ’ਤੇ ਕੇਸ ਦਰਜ ਕੀਤਾ ਗਿਆ ਹੈ। 

ਔਰਤ ਨੇ ਰਿੰਕੂ ’ਤੇ ਬਦਸਲੂਕੀ ਤੇ ਧਮਕੀਆਂ ਦੇਣ ਦਾ ਦੋਸ਼ ਲਾਇਆ ਸੀ। ਪੁਲਿਸ ਨੇ ਰਿੰਕੂ ’ਤੇ ਆਈਪੀਸੀ ਦੀ ਧਾਰਾ 354 ਡੀ, 506, 509 ਅਧੀਨ ਕੇਸ ਦਰਜ ਕੀਤਾ ਹੈ।