ਖ਼ੈਰ, ਟਰੰਪ ਕਰੀਬ ਅੱਧਾ ਹਫ਼ਤਾ ਭਾਰਤ ਰਹੇ। ਟਰੰਪ ਦੇ ਜਾਣ ਮਗਰੋਂ ਅਤੇ ਕਰੋਨਾ ਵਾਇਰਸ ਦੇ ਭਾਰਤ (30 ਜਨਵਰੀ 2020) ਆਉਣ ਪਿੱਛੋਂ ਕਰੀਬ ਪੌਣੇ ਦੋ ਮਹੀਨੇ ਬਾਅਦ (22/23 ਮਾਰਚ 2020 ਨੂੰ) ਦੇਸ਼ ਦੇ ਅੰਦਰ ਤਾਲਾਬੰਦੀ ਅਤੇ ਕਰਫ਼ਿਊ ਮੋਦੀ ਸਰਕਾਰ ਨੇ ਐਲਾਨ ਕੀਤਾ। ਇਹ ਤਾਲਾਬੰਦੀ ਅਤੇ ਕਰਫ਼ਿਊ ਦਾ ਹੁਕਮਰਾਨਾਂ ਨੇ ਨਜਾਇਜ਼ ਫ਼ਾਇਦਾ ਤਾਂ ਚੁੱਕਿਆ ਹੀ, ਨਾਲ ਹੀ ਅਣਗਿਣਤ ਲੋਕਾਂ ਦਾ ਰੁਜ਼ਗਾਰ ਵੀ ਖੋਹ ਲਿਆ। ਪਹਿਲੋਂ 21 ਦਿਨਾਂ ਦਾ ਲਾਕਡਾਊਨ ਕਹਿ ਕੇ, ਮੁੜ ਕੇ, ਇਸ ਨੂੰ ਏਨਾ ਜ਼ਿਆਦਾ ਵਧਾ ਦਿੱਤਾ, ਕਿ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਹੀ ਮੁਸ਼ਕਲ ਹੋ ਗਿਆ। ਪਿੰਡਾਂ ਆਲ਼ੇ ਤਾਂ ਸੌਖੇ ਸਨ, ਪਰ ਸ਼ਹਿਰੀ ਇਲਾਕਿਆਂ ਦਾ ਮਾੜਾ ਹਾਲ ਸੀ। ਕਰੋਨਾ ਦੀ ਆੜ ਵਿੱਚ ਜੋ ਕੁੱਝ ਮੋਦੀ ਸਰਕਾਰ ਨੇ ਕੀਤਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਤਾਲਾਬੰਦੀ ਅਤੇ ਕਰਫ਼ਿਊ ਦੀ ਮਾਰ ਸਭ ਤੋਂ ਵੱਧ ਗ਼ਰੀਬਾਂ ਮਜ਼ਦੂਰਾਂ 'ਤੇ ਪਈ, ਜਿਨ੍ਹਾਂ ਕੋਲੋਂ ਰੋਜ਼ਾਨਾ ਦਿਹਾੜੀ ਦਾ ਰੁਜ਼ਗਾਰ ਖੁੱਸ ਗਿਆ ਅਤੇ ਉਹ ਜਦੋਂ ਵਿਹਲੇ ਹੋ ਗਏ ਤਾਂ ਫ਼ੈਕਟਰੀਆਂ ਤੇ ਕਾਰਖ਼ਾਨਿਆਂ ਦੇ ਮਾਲਕਾ ਨੇ ਵੀ ਉਨ੍ਹਾਂ ਨੂੰ ਕੱਢ ਦਿੱਤਾ। ਗ਼ਰੀਬ ਮਜ਼ਦੂਰ ਜਦੋਂ ਸੜਕੀ, ਰੇਲ ਲਾਈਨਾਂ ਤੋਂ ਇਲਾਵਾ ਹੋਰ ਵਾਹਨਾਂ ਰਾਹੀਂ ਆਪਣੇ ਆਪਣੇ ਰਾਜਾਂ ਨੂੰ ਜਾਣ ਲੱਗੇ ਤਾਂ, ਰਸਤੇ ਵਿੱਚ ਪੁਲਿਸ ਨੇ ਘੇਰਾ ਪਾ ਲਿਆ ਅਤੇ ਉਨ੍ਹਾਂ ਨੂੰ ਮੋਟੇ ਜੁਰਮਾਨੇ ਕਰ ਦਿੱਤੇ। ਗ਼ਰੀਬ ਤਾਂ ਪਹਿਲੋਂ ਮਾਰੇ ਸਨ, ਉੱਪਰੋਂ ਜੁਰਮਾਨਿਆਂ ਨੇ ਉਨ੍ਹਾਂ ਦੀ ਜਾਨ ਕੱਢ ਦਿੱਤੀ।
ਭਾਰਤ ਸਰਕਾਰ ਨੇ ਕਰੋਨਾ ਦੀ ਆੜ ਵਿੱਚ ਜਿੱਥੇ ਸਿੱਖਿਆ ਨੀਤੀ ਵਿੱਚ ਸੋਧ ਕਰਕੇ, ਨਵੀਂ ਸਿੱਖਿਆ ਨੀਤੀ-2020 ਲਿਆਂਦੀ, ਉੱਥੇ ਹੀ ਕਿਰਤ ਕਾਨੂੰਨ ਵਿੱਚ ਵੀ ਸਰਕਾਰ ਨੇ ਸੋਧਾਂ ਕੀਤੀਆਂ। ਇਸੇ ਤਰ੍ਹਾਂ ਖੇਤੀ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਅਤੇ ਇਸੇ ਦੇ ਨਾਲ ਹੀ ਸਰਕਾਰ ਨੇ ਬਿਜਲੀ ਐਕਟ ਵਿੱਚ ਵੀ ਸੋਧਾਂ ਕਰ ਦਿੱਤੀਆਂ। ਕਰੋਨਾ ਦਾ ਬਹਾਨਾ ਬਣਾ ਕੇ, ਸਰਕਾਰ ਨੇ ਕਈ ਸਰਕਾਰੀ ਵਿਭਾਗਾਂ ਅਤੇ ਕੰਪਨੀਆਂ ਦਾ ਨਿੱਜੀਕਰਨ ਕਰ ਦਿੱਤਾ। ਕਰੋਨਾ ਗ਼ਰੀਬਾਂ ਨੂੰ ਤਾਂ ਸੱਪ ਵਾਂਗ ਲੜਿਆ, ਜਦੋਂਕਿ ਇਹ ਕਰੋਨਾ ਨੇ ਅਮੀਰਾਂ ਨੂੰ ਹੋਰ ਮਾਲਾ ਮਾਲ ਕਰ ਦਿੱਤਾ। ਗ਼ਰੀਬ ਦੇ ਗੀਝਿਆਂ ਵਿੱਚੋਂ ਨਿਕਲਿਆ ਰੁਪਇਆ, ਅਮੀਰਾਂ ਘਰ ਜਾ ਕੇ ਕਰੋੜਾਂ ਦਾ ਬਣ ਗਿਆ। ਦੇਸ਼ ਦੀ ਜੀਡੀਪੀ ਦਾ ਭੋਏ 'ਤੇ ਡਿੱਗ ਪਈ, ਪਰ ਦੇਸ਼ ਦੇ ਕਾਰਪੋਰੇਟਰਾਂ ਦੀ ਆਮਦਨ ਕਰੋਨਾ ਲਾਕਡਾਊਨ ਅਤੇ ਕਰਫ਼ਿਊ ਦੇ ਔਖੇ ਵੇਲੇ ਵਿੱਚ ਦੁੱਗਣੀ ਹੋ ਗਈ। ਫੇਸਬੁੱਕ, ਵਟਸਐਪ, ਟਵਿੱਟਰ, ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਸਾਈਟਾਂ ਦੀ ਆਮਦਨ ਵਿੱਚ ਕਈ ਗੁਣਾ ਵਾਧਾ ਹੋ ਗਿਆ। ਨਿੱਜੀ ਕੰਪਨੀਆਂ, ਜੋ ਪਹਿਲੋਂ ਭਾਰਤੀਆਂ ਦੀ ਲੁੱਟ ਕਰਦੀਆਂ ਸਨ, ਉਨ੍ਹਾਂ ਨੇ ਕਰੋਨਾ ਦੇ ਬਾਰੇ ਵਿੱਚ ਏਨੇ ਖ਼ਤਰਨਾਕ ਪ੍ਰਚਾਰ ਕੀਤਾ ਕਿ, ਲੋਕ ਜਿਉਂਦੇ ਵੀ ਮੋਇਆ ਵਰਗੇ ਹੋ ਗਏ।
ਕਰੋਨਾ ਦੀ ਆੜ ਵਿੱਚ ਸਰਕਾਰ ਨੇ ਜਿੱਥੇ ਕਾਲੇ ਕਾਨੂੰਨ ਪਾਸ ਕੀਤੇ, ਉੱਥੇ ਹੀ ਕਾਰਪੋਰੇਟ ਘਰਾਣਿਆਂ ਨੇ ਕਰੋਨਾ ਦਾ ਖ਼ੂਬ ਨਜਾਇਜ਼ ਫ਼ਾਇਦਾ ਚੁੱਕਿਆ। ਫੇਸਬੁੱਕ, ਵਟਸਐਪ, ਟਵਿੱਟਰ, ਇੰਟਰਗ੍ਰਾਮ ਅਤੇ ਹੋਰ ਸੋਸ਼ਲ ਸਾਈਟਾਂ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ, ਕਰੋਨਾ ਵਾਇਰਸ ਨੂੰ ਇਸ ਪ੍ਰਕਾਰ ਪ੍ਰਚਾਰਿਆ, ਜਿਵੇਂ ਕਰੋਨਾ ਭੈੜੇ ਲੀਡਰਾਂ ਤੋਂ ਵੀ ਖ਼ਤਰਨਾਕ ਹੋਵੇ। ਖ਼ੈਰ, ਸਤੰਬਰ ਅਕਤੂਬਰ-2020 ਵਿੱਚ ਭਾਰਤ ਦੇ ਅੰਦਰ ਇੱਕਾ ਦੁੱਕਾ ਹੀ ਕਰੋਨਾ ਵਾਇਰਸ ਦੇ ਨਾਲ ਪੀੜ੍ਹਤ ਲੋਕ ਰਹਿ ਗਏ, ਜਦੋਂਕਿ ਬਹੁਤੇ ਲੋਕ ਤਾਂ ਬਿਨ੍ਹਾਂ ਕਰੋਨਾ ਵੈਕਸੀਨ ਹੀ ਠੀਕ ਹੋ ਗਏ। ਇਸ ਵੇਲੇ ਬੇਸ਼ੱਕ ਸਵਾ ਕਰੋੜ ਤੋਂ ਉੱਪਰ ਭਾਰਤ ਦੇ ਅੰਦਰ ਕਰੋਨਾ ਦੇ ਮਰੀਜ਼ ਹੋਣਗੇ, ਪਰ ਅੰਦਾਜ਼ੇ ਦੇ ਮੁਤਾਬਿਕ, 90 ਪ੍ਰਤੀਸ਼ਤ ਦੇ ਕਰੀਬ ਕਰੋਨਾ ਪੀੜ੍ਹਤ ਬਗ਼ੈਰ ਕਰੋਨਾ ਵੈਕਸੀਨ ਠੀਕ ਹੋ ਚੁੱਕੇ ਹਨ। ਹੁਣ ਸਰਕਾਰ ਦੇਸ਼ ਦੇ ਅੰਦਰ ਬੇਸ਼ੱਕ ਕਰੋਨਾ ਵੈਕਸੀਨ ਲਗਾਉਣ ਦੀ ਲੋਕਾਂ ਨੂੰ ਸਲਾਹ ਦੇ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਵੀ ਕਰੋਨਾ ਵੈਕਸੀਨ ਲਗਵਾ ਲਈ ਹੈ, ਪਰ ਦੂਜੇ ਪਾਸੇ ਕਰੋਨਾ ਵੈਕਸੀਨ ਆਉਣ ਤੋਂ ਮਗਰੋਂ ਵੀ ਦੇਸ਼ ਦੇ ਅੰਦਰ ਕਰੋਨਾ ਵਾਇਰਸ ਦਾ ਇਸ ਤਰ੍ਹਾਂ ਰੌਲਾ ਪੈਣਾ ਸ਼ੁਰੂ ਹੋ ਗਿਆ ਹੈ, ਜਿਵੇਂ ਮਰੇ ਹੋਏ ਕਰੋਨਾ ਨੇ ਫਿਰ ਜਨਮ ਲੈ ਲਿਆ ਹੋਵੇ।
ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਫਿਰ ਤੋਂ ਲਾਕਡਾਊਨ ਅਤੇ ਕਰਫ਼ਿਊ ਲਗਾਉਣ ਦਾ ਸਰਕਾਰ ਨੇ ਹੁਕਮ ਸੁਣਾ ਦਿੱਤਾ ਹੋਇਆ ਹੈ ਅਤੇ ਪੰਜਾਬ ਦੇ ਵੀ ਅੱਠ ਜ਼ਿਲ੍ਹਿਆਂ ਵਿੱਚ ਸਰਕਾਰ ਨੇ ਕਰਫ਼ਿਊ ਲਗਾਉਣ ਦਾ ਹੁਕਮ ਦੇ ਦਿੱਤਾ ਹੋਇਆ ਹੈ। ਇਸ ਵੇਲੇ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ, ਲੁਧਿਆਣਾ, ਮੁਹਾਲੀ ਅਤੇ ਫ਼ਤਿਹਗੜ੍ਹ ਵਿੱਚ ਨਾਈਟ ਕਰਫ਼ਿਊ ਲਗਾਇਆ ਗਿਆ ਹੈ। ਇਹ ਕਰਫ਼ਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਰਾਤ ਦਾ ਲਗਾਇਆ ਗਿਆ ਕਰਫ਼ਿਊ ਜਿੱਥੇ ਸਰਕਾਰ ਦੀਆਂ ਨੀਤੀਆਂ ਅਤੇ ਸਰਕਾਰ ਦੀਆਂ ਚਾਲਾਂ ਨੂੰ ਉਜਾਗਰ ਕਰ ਰਿਹਾ ਹੈ, ਉੱਥੇ ਹੀ ਇਸ ਲੱਗੇ ਕਰਫ਼ਿਊ ਨੇ ਸਰਕਾਰ ਨੂੰ ਕਟਹਿਰੇ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸਭ ਤੋਂ ਪਹਿਲਾ ਸਵਾਲ, ਕੀ ਕਰੋਨਾ ਵਾਇਰਸ ਚਿੱਟੇ ਦਿਨ ਵਿੱਚ ਖੁੱਡਾਂ ਵਿੱਚ ਵੜ੍ਹ ਜਾਂਦਾ? ਦੂਜਾ ਸਵਾਲ, ਕੀ ਕਰੋਨਾ ਲੀਡਰਾਂ ਦੀਆਂ ਰੈਲੀਆਂ ਵਿੱਚ ਨਹੀਂ ਜਾਂਦਾ? ਤੀਜਾ ਸਵਾਲ, ਕੀ ਕਰੋਨਾ ਸਿਰਫ਼ ਭੂਤਾਂ ਦੀ ਤਰ੍ਹਾਂ ਰਾਤ ਨੂੰ ਹੀ ਬਾਹਰ ਨਿਕਲਦਾ ਹੈ, ਉਹ ਵੀ 11 ਵਜੇ ਤੋਂ ਸਵੇਰੇ 5 ਵਜੇ ਤੱਕ? ਚੌਥਾ ਸਵਾਲ, ਕੀ ਸਰਕਾਰ ਕਰੋਨਾ ਵੈਕਸੀਨ ਆਉਣ ਤੋਂ ਬਾਅਦ ਵੀ ਲੋਕਾਂ ਦੇ ਮਨਾਂ ਅੰਦਰ ਕਰੋਨਾ ਦਾ ਖ਼ੌਫ਼ ਭਰ ਕੇ, ਲੋਕ ਮਾਰੂ ਫ਼ੈਸਲੇ ਲਾਗੂ ਕਰਨਾ ਚਾਹੁੰਦੀ ਹੈ? ਪੰਜਵਾਂ ਸਵਾਲ, ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੁਆਰਾ ਕੀਤਾ ਗਿਆ ਦੁਬਾਰਾ ਲਾਕਡਾਊਨ ਲਗਾਉਣ ਦਾ ਖ਼ੁਲਾਸਾ ਸਹੀ ਹੈ? ਛੇਵਾਂ ਸਵਾਲ, ਪੰਜਾਬ ਵਿੱਚ ਜਦੋਂ ਹਜ਼ਾਰਾਂ ਕੇਸ ਆ ਰਹੇ ਸਨ ਤਾਂ, ਉਦੋਂ ਕਰਫ਼ਿਊ ਕਿਉਂ ਨਹੀਂ ਲਗਾਇਆ ਗਿਆ? ਸੱਤਵਾਂ ਸਵਾਲ, ਪੰਜਾਬ ਅੰਦਰ ਜਦੋਂ ਕਾਂਗਰਸੀ ਲੀਡਰ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਹੋਰਨਾਂ ਕਾਂਗਰਸੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਟਰੈਕਟਰ ਰੈਲੀ ਕੱਢੀ ਗਈ ਸੀ ਤਾਂ, ਕੀ ਉਦੋਂ ਕਰੋਨਾ ਮਰ ਗਿਆ ਸੀ?
ਅਜਿਹੇ ਅਨੇਕਾਂ ਹੋਰ ਸਵਾਲ ਹਨ, ਪਰ ਇਨ੍ਹਾਂ ਸਵਾਲਾਂ ਦੇ ਜੇਕਰ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ ਤਾਂ ਕਈ ਮਿਲ ਜਾਣਗੇ। ਪਰ ਸੂਝਵਾਨ ਅਤੇ ਸਿਆਣੇ ਲੋਕਾਂ ਦਾ ਇਨ੍ਹਾਂ ਸਵਾਲਾਂ 'ਤੇ ਕਹਿਣਾ ਹੈ ਕਿ ਅਸਲ ਵਿੱਚ ਸਰਕਾਰ ਲੋਕ ਮੁੱਦਿਆਂ ਤੋਂ ਭੱਜਣਾ ਚਾਹੁੰਦੀ ਹੈ, ਇਸੇ ਲਈ ਪੰਜਾਬ ਦੇ ਅੰਦਰ ਕਰਫ਼ਿਊ ਲਗਾ ਰਹੀ ਹੈ। ਕਿਸਾਨਾਂ ਦੇ ਮੋਰਚੇ ਨੂੰ ਖਦੇੜਨ ਲਈ ਹਰ ਸਰਕਾਰ ਅੱਡੀ ਚੁੱਕ ਜ਼ੋਰ ਲਗਾ ਰਹੀ ਹੈ, ਪਰ ਮੋਰਚਾ ਖ਼ਤਮ ਹੋਣ ਦੀ ਬਿਜਾਏ, ਵੱਧ ਫੁੱਲ ਰਿਹਾ ਹੈ। ਬੇਰੁਜ਼ਗਾਰ ਰੁਜ਼ਗਾਰ ਮੰਗ ਰਹੇ ਹਨ, ਪਰ ਉਨ੍ਹਾਂ ਨੂੰ ਲਾਠੀਆਂ ਮਿਲ ਰਹੀਆਂ ਹਨ। ਕਿਸਾਨ ਫ਼ਸਲਾਂ ਦੇ ਸਹੀ ਮੁੱਲ ਮੰਗ ਰਹੇ ਹਨ, ਪਰ ਉਨ੍ਹਾਂ ਨੂੰ ਜ਼ਮੀਨਾਂ ਦੇ ਕਾਗ਼ਜ਼ਾਤ ਵਿਖਾਉਣ ਦਾ ਕਹਿ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੇਂਦਰੀ ਲੀਡਰ ਹਮੇਸ਼ਾ ਹੀ ਪੰਜਾਬ ਦਾ ਬੇੜਾ ਗ਼ਰਕ ਕਰਨ ਦੇ ਬਾਰੇ ਸੋਚਦੇ ਰਹੇ ਹਨ ਅਤੇ ਅਜਿਹਾ ਕੁੱਝ ਹੀ ਹੁਣ ਪੰਜਾਬ ਦੇ ਲੀਡਰ ਵੀ ਸੋਚਣ 'ਤੇ ਜ਼ੋਰ ਦੇ ਰਹੇ ਹਨ। ਲੋਕਾਂ ਦੇ ਰੋਹ ਤੋਂ ਹੁਕਮਰਾਨ ਤੰਗ ਹੋਏ ਪਏ ਹਨ, ਇਸੇ ਕਰਕੇ ਹੀ ਹੁਕਮਰਾਨ ਨਿੱਤ ਨਵੇਂ ਫ਼ਰਮਾਨ ਸੁਣਾ ਕੇ, ਮੋਰਚੇ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਕਤ ਬੇਰੁਜ਼ਗਾਰ, ਮੁਲਾਜ਼ਮ, ਕਿਸਾਨ, ਮਜ਼ਦੂਰ, ਕਿਰਤੀ ਅਤੇ ਵਿਦਿਆਰਥੀ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ, ਜਿਨ੍ਹਾਂ ਨੂੰ ਕਰੋਨਾ ਦਾ ਬਹਾਨਾ ਬਣਾ ਕੇ, ਸਰਕਾਰ ਦੁਆਰਾ ਖਦੇੜਿਆ ਜਾ ਰਿਹਾ ਹੈ।
ਵੈਸੇ, ਇੱਕ ਸਰਕਾਰੀ ਅੰਕੜੇ ਦੇ ਮੁਤਾਬਿਕ, ਭਾਰਤ ਅੰਦਰ ਰੋਜ਼ਾਨਾ 23,000 ਦੇ ਕਰੀਬ ਕਰੋਨਾ ਮਾਮਲੇ ਸਾਹਮਣੇ ਆ ਰਹੇ ਹਨ। ਪਰ ਦੂਜੇ ਪਾਸੇ, ਵੇਖਿਆ ਜਾਵੇ ਤਾਂ ਭਾਰਤ ਦੇ ਅੰਦਰ ਜਦੋਂ 50 ਹਜ਼ਾਰ ਤੋਂ ਵੱਧ ਕਰੋਨਾ ਕੇਸ ਮਿਲ ਰਹੇ ਸਨ ਤਾਂ, ਉਸ ਵੇਲੇ ਭਾਰਤ ਦੇ ਅੰਦਰ ਕਰੋਨਾ ਕਰਫ਼ਿਊ ਜਾਂ ਫਿਰ ਤਾਲਾਬੰਦੀ ਲਗਾਉਣ ਦਾ ਹੁਕਮ ਸਰਕਾਰ ਨੇ ਨਹੀਂ ਸੁਣਾਇਆ, ਸਗੋਂ ਪੂਰੀ ਖੁੱਲ੍ਹ ਦਿੱਤੀ ਗਈ। ਇਸ ਵੇਲੇ ਭਾਰਤ ਦੇ 5 ਰਾਜਾਂ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਨ੍ਹਾਂ ਚੋਣਾਂ ਦੇ ਲਈ ਵੱਖ ਵੱਖ ਸੂਬਿਆਂ ਵਿੱਚ ਠੋਕ ਵਜ੍ਹਾ ਕੇ ਲੀਡਰ ਪ੍ਰਚਾਰ ਕਰ ਰਹੇ ਹਨ, ਪਰ ਉੱਥੇ ਕੋਈ ਕਰੋਨਾ ਦਾ ਸਾਈਂ-ਖ਼ਸਮ ਨਹੀਂ ਦਿੱਸ ਰਿਹਾ। ਇਸੇ ਤਰ੍ਹਾਂ ਪੰਜਾਬ ਦੇ ਕਈ ਮੰਤਰੀ ਅਤੇ ਵਿਧਾਇਕ ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਆਪਣੇ ਆਪ ਠੀਕ ਹੋ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਪੰਜਾਬ ਸਮੇਤ ਦੇਸ਼ ਭਰ ਦੇ ਅੰਦਰ ਕਰੋਨਾ ਦਾ ਰੌਲ਼ਾ ਇੱਕੋ ਦਮ ਪੈਣਾ ਸ਼ੁਰੂ ਹੋ ਗਿਆ ਹੈ। ਲੰਘੇ ਸਾਲ ਸਕੂਲ ਬੰਦ ਰਹੇ, ਵਿਦਿਆਰਥੀਆਂ ਨੇ ਤਕਰੀਬਨ ਸਿਲੇਬਸ ਆਨਲਾਈਨ ਪੜ੍ਹਾਈ ਕਰਕੇ ਕੀਤਾ। ਪੰਜਾਬ ਦੇ ਸਿੱਖਿਆ ਸਕੱਤਰ ਨੇ ਸਿੱਖਿਆ ਮੰਤਰੀ ਦੀ ਨਾ ਮੰਨਦਿਆਂ ਹੋਇਆ ਸਕੂਲ ਤਾਂ ਖੋਲ੍ਹ ਦਿੱਤੇ, ਪਰ ਹੁਣ ਜਦੋਂ ਅਧਿਆਪਕ ਅਤੇ ਵਿਦਿਆਰਥੀ ਕਰੋਨਾ ਪਾਜ਼ੀਟਿਵ ਆਉਣੇ ਸ਼ੁਰੂ ਹੋ ਗਏ ਹਨ ਤਾਂ, ਫਿਰ ਤੋਂ ਸਕੂਲ ਬੰਦ ਕਰਨ ਦੇ ਹੁਕਮ ਹੋ ਰਹੇ ਨੇ। ਮੁਲਕ ਦੇ ਅੰਦਰ ਕਰੋਨਾ ਦਾ ਬਹਾਨਾ ਬਣਾ ਕੇ, ਕਿੰਨਾ ਕੁੱਝ ਹੁਕਮਰਾਨਾਂ ਦੁਆਰਾ ਕੀਤਾ ਗਿਆ, ਪਰ ਕਿਸੇ ਨੇ ਕੁੱਝ ਸਮਝਿਆ ਨਹੀਂ ਕਿ, ਆਖ਼ਰ ਹੋਇਆ ਕੀ? ਕਰੋਨਾ ਕਾਰਪੋਰੇਟ ਹੈ, ਇਸ ਦਾ ਖ਼ੁਲਾਸਾ ਕਈ ਵਿਗਿਆਨੀ ਕਰ ਚੁੱਕੇ ਹਨ ਅਤੇ ਕਈ ਸਿਹਤ ਮਾਹਿਰ ਵੀ ਇਸ ਬਾਰੇ ਬੋਲ ਚੁੱਕੇ ਹਨ। ਖ਼ੈਰ, ਕਰੋਨਾ ਤਾਂ ਐਵੇਂ ਬਹਾਨਾ ਐਂ, ਫ਼ਾਇਦਾ ਤਾਂ ਕਾਰਪੋਰੇਟ ਘਰਾਣਿਆਂ ਨੂੰ ਹੋਇਆ, ਦੁਨੀਆ ਲਈ ਤਾਂ ਕਰੋਨਾ ਘਾਟੇ ਦਾ ਸੌਦਾ ਸੀ।
ਗੁਰਪ੍ਰੀਤ

0 Comments