ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਅਤੇ ਭਾਰਤ ਇਸ ਵੇਲੇ ਕਈ ਮੁਸੀਬਤਾਂ ਦੇ ਵਿੱਚੋਂ ਵੀ ਲੰਘ ਰਿਹਾ ਹੈ। ਭਾਰਤ ਦੇ ਅੰਦਰ ਗ਼ਰੀਬੀ ਭੁੱਖਮਰੀ ਦੇ ਨਾਲ ਨਾਲ ਬੇਰੁਜ਼ਗਾਰੀ ਦਰ ਦੇ ਵਿੱਚ ਅਥਾਹ ਵਾਧਾ ਹੋ ਚੁੱਕਿਆ ਹੈ। ਆਜ਼ਾਦੀ ਤੋਂ ਲੈ ਕੇ ਹੁਣ ਤੱਕ ਭਾਰਤ ਦੇ ਅੰਦਰ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਹਰ ਸਰਕਾਰ ਨੇ ਹੀ ਭਾਰਤ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦਾ ਦਾਅਵਾ ਅਤੇ ਵਾਅਦਾ ਤਾਂ ਜ਼ਰੂਰ ਕੀਤਾ ਹੈ, ਪਰ ਭਾਰਤ ਬੁਲੰਦੀਆਂ ‘ਤੇ ਪਹੁੰਚਣ ਦੀ ਬਿਜਾਏ, ਸਗੋਂ ਹੇਠਾਂ ਡਿੱਗਦਾ ਰਿਹਾ ਹੈ। ਦੇਸ਼ ਦੀ ਅਰਥ ਵਿਵਸਥਾ ਦਾ ਅੱਜ ਇਹ ਹਾਲ ਹੋ ਚੁੱਕਿਆ ਹੈ ਕਿ ਦੱਸਣ ਦੇ ਲਾਇਕ ਵੀ ਨਹੀਂ ਹੈ। ਭਾਰਤ ਦੇ ਅੰਦਰ ਵੱਧ ਰਹੀ ਗ਼ਰੀਬੀ ਅਤੇ ਭੁੱਖਮਰੀ ਤੋਂ ਇਲਾਵਾ ਬੇਰੁਜ਼ਗਾਰੀ ਨੇ ਭਾਰਤ ‘ਤੇ ਅਜਿਹਾ ਧੱਬਾ ਲਗਾ ਦਿੱਤਾ ਹੈ, ਕਿ ਇਹ ਏਨੀ ਛੇਤੀ ਲਹਿਣ ਵਾਲਾ ਨਹੀਂ। ਭਾਰਤ ਵੈਸੇ ਤਾਂ, ਆਪਣੇ ਆਪ ਨੂੰ ਚੀਨ, ਪਾਕਿਸਤਾਨ, ਬੰਗਲਾਦੇਸ਼ ਤੋਂ ਇਲਾਵਾ ਨੇਪਾਲ ਵਰਗੇ ਦੇਸ਼ਾਂ ਤੋਂ ਤਾਕਤਵਰ ਸਮਝਦਾ ਹੈ, ਪਰ ਅਸਲ ਦੇ ਵਿੱਚ ਭਾਰਤ ਦੀ ਦਸ਼ਾ ਕੀ ਹੈ, ਇਹਦੇ ਬਾਰੇ ਨਾ ਤਾਂ ਭਾਰਤ ਦੀ ਸਰਕਾਰ ਦੱਸਦੀ ਹੈ ਅਤੇ ਨਾ ਹੀ ਭਾਰਤ ਦਾ ਗੋਦੀ ਮੀਡੀਆ ਦੱਸਦਾ ਹੈ।

ਭਾਰਤ ਦੇ ਅੰਦਰ ਸਭ ਤੋਂ ਵੱਧ ਜੇਕਰ ਦੰਗੇ ਹੁੰਦੇ ਹਨ ਤਾਂ, ਇਹ ਦੰਗੇ ਕਿਸੇ ਆਮ ਵਜ੍ਹਾ ਦੇ ਕਾਰਨ ਨਹੀਂ, ਬਲਕਿ ਧਰਮ ਦੇ ਨਾਂਅ ‘ਤੇ ਦੰਗੇ ਹੁੰਦੇ ਹਨ ਅਤੇ ਇਹਦੇ ਵਿੱਚ ਸਰਕਾਰ ਦੇ ਗੋਦੀ ਮੀਡੀਆ ਦਾ ਸਭ ਤੋਂ ਵੱਡਾ ਰੋਲ ਹੈ। ਗੋਦੀ ਮੀਡੀਆ ਲਗਾਤਾਰ ਭਾਰਤ ਦੇ ਲੋਕ ਮੁੱਦਿਆਂ ਨੂੰ ਛੁਪਾ ਕੇ, ਭੜਕਾਉ ਬਿਆਨਬਾਜ਼ੀ ਵਾਲੀਆਂ ਡਿਬੇਟਾਂ ਹੀ ਵਿਖਾਉਂਦਾ ਰਹਿੰਦਾ ਹੈ, ਜਦੋਂਕਿ ਅਸਲ ਮੁੱਦੇ ਜੋ ਹਨ, ਉਨ੍ਹਾਂ ‘ਤੇ ਕੈਮਰਾ ਘੁਮਾਉਂਦਾ ਹੀ ਨਹੀਂ। ਇੱਕਾ ਦੁੱਕਾ ਚੈਨਲ ਹਨ, ਜੋ ਲੋਕ ਮੁੱਦਿਆਂ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਦੇ ਮੂੰਹ ਵੀ ਬੰਦ ਕਰਨ ਦੀ ਕੋਸ਼ਿਸ਼ ਇਸ ਸਮੇਂ ਕੀਤੀ ਜਾ ਰਹੀ ਹੈ। ਕੁੱਲ ਮਿਲਾ ਕੇ, ਅਸੀਂ ਇੱਥੇ ਇਹ ਹੀ ਕਹਿ ਸਕਦੇ ਹਾਂ ਕਿ ਭਾਰਤ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦੀ ਬਿਜਾਏ, ਸਮੇਂ ਦੇ ਹਾਕਮ ਅਤੇ ਗੋਦੀ ਮੀਡੀਆ ਸਰਕਾਰ ਦੇ ਨਾਲ ਮਿਲ ਕੇ ਭਾਰਤ ਦੀ ਦਸ਼ਾ ਨੂੰ ਮਿੱਟੀ ਦੇ ਵਿੱਚ ਮਿਲਾਉਣ ‘ਤੇ ਤੁਲਿਆ ਹੋਇਆ ਹੈ। ਭਾਰਤ ਦੇ ਅੰਦਰ ਗ਼ਰੀਬੀ ਅਤੇ ਭੁੱਖਮਰੀ ਦੀ ਦਰ ਇਸ ਵੇਲੇ ਦੁਨੀਆ ਦੇ ਕਈ ਦੇਸ਼ਾਂ ਤੋਂ ਹੇਠਾਂ ਹੈ। ਜਦੋਂਕਿ ਦੂਜੇ ਪਾਸੇ, ਜਿਹੜੇ ਚੀਨ ਨੂੰ ਅਸੀਂ ਕਮਜ਼ੋਰ ਸਮਝ ਰਹੇ ਹਨ, ਉਹਦੀ ਆਬਾਦੀ ਦੁਨੀਆ ਭਰ ਦੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਹੈ, ਪਰ ਫਿਰ ਵੀ ਚੀਨ ਵੀ ਆਪਣੇ ਮੁਲਕ ਦੇ ਵਿੱਚੋਂ ਗ਼ਰੀਬੀ ਹਟਾ ਚੁੱਕਿਆ ਹੈ। ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਇਲਾਵਾ ਨੇਪਾਲ ਦੇਸ਼ ਸਾਡੇ ਮੁਲਕ ਤੋਂ ਅੱਗੇ ਨਿਕਲਦੇ ਜਾ ਰਹੇ ਹਨ, ਪਰ ਸਾਡਾ ਦੇਸ਼ ਅੱਜ ਕਿੱਥੇ ਖੜ੍ਹਾ ਹੈ, ਇਹਦੇ ਬਾਰੇ ਕੋਈ ਨਹੀਂ ਬੋਲ ਰਿਹਾ।

ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ, ਜਦੋਂਕਿ ਚੀਨ ਸਾਡੇ ਤੋਂ ਕਰੀਬ ਦੋ ਸਾਲ ਬਾਅਦ ਸੰਨ 1949 ਵਿੱਚ ਆਜ਼ਾਦ ਦੇਸ਼ ਬਣਿਆ। ਸਾਡੇ ਦੇਸ਼ ਤੋਂ ਦੋ ਸਾਲ ਬਾਅਦ ਆਜ਼ਾਦ ਹੋਣ ਵਾਲਾ ਚੀਨ ਕਿਸ ਤਰ੍ਹਾਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਦੁਨੀਆ ਦਾ ਸਭ ਤੋਂ ਵੱਡਾ ਅਤੇ ਦੂਜਾ ਅਮੀਰ ਦੇਸ਼ ਬਣ ਚੁੱਕਿਆ ਹੈ, ਇਹਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਪਿਛਲੇ ਦਿਨੀਂ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇੱਕ ਅਜਿਹੀ ਰਿਪੋਰਟ ਮੀਡੀਆ ਸਾਹਮਣੇ ਪੇਸ਼ ਕੀਤੀ, ਜਿਸ ਨੂੰ ਸੁਣ ਕੇ ਅਤੇ ਪੜ੍ਹ ਕੇ ਏਦਾਂ ਲੱਗਦਾ ਹੈ, ਕਿ ਚੀਨ ਦੇਸ਼ ਵਾਕਿਆ ਹੀ ਸਾਡੇ ਤੋਂ ਅੱਗੇ ਨਿਕਲ ਗਿਆ ਹੈ ਅਤੇ ਆਪਣੇ ਦੇਸ਼ ਨੂੰ ਅਜਿਹੇ ਸਥਾਨ ‘ਤੇ ਲੈ ਗਿਆ ਹੈ, ਜਿੱਥੇ ਭਾਰਤ ਆਉਣ ਵਾਲੇ 200 ਸਾਲਾਂ ਤੱਕ ਵੀ ਨਹੀਂ ਜਾ ਸਕਦਾ। ਦਰਅਸਲ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਚੀਨ ਨੇ ਪਿਛਲੇ 4 ਦਹਾਕਿਆਂ ਵਿੱਚ 77 ਕਰੋੜ ਤੋਂ ਵਧੇਰੇ ਲੋਕਾਂ ਦਾ ਆਰਥਿਕ ਪੱਧਰ ਸੁਧਾਰ ਕਰਕੇ ਗ਼ਰੀਬੀ ਵਿਰੁੱਧ ਲੜਾਈ ਵਿੱਚ ‘ਪੂਰੀ ਤਰ੍ਹਾਂ ਨਾਲ ਜਿੱਤ’ ਹਾਸਲ ਕਰ ਲਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ, ਚੀਨ ਦੇਸ਼ ਵੱਲੋਂ ਕੀਤਾ ਗਿਆ ਇਹ ਇੱਕ ‘ਚਮਤਕਾਰ’ ਹੈ, ਜੋ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋਵੇਗਾ।

ਸ਼ੀ ਜਿਨਪਿੰਗ ਨੇ ਗ਼ਰੀਬੀ ਦੇ ਖ਼ਾਤਮੇ ਲਈ ਦੇਸ਼ ਦੀ ਉਪਲਬਧੀ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਐਲਾਨ ਕੀਤਾ ਕਿ ਦੁਨੀਆ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਦੇਸ਼ (ਚੀਨ) ਤੋਂ ਗ਼ਰੀਬੀ ਦਾ ਪੂਰੀ ਤਰ੍ਹਾਂ ਨਾਲ ਖ਼ਤਮ ਕੀਤੀ ਗਈ ਹੈ। ਚੀਨ ਦੀ ਆਬਾਦੀ ਕਰੀਬ 1.4 ਅਰਬ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਦੇਸ਼ ਇੰਨੇ ਘੱਟ ਸਮੇਂ ਵਿੱਚ ਲੱਖਾਂ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਸਫਲ ਨਹੀਂ ਹੋਇਆ ਹੈ। ਸ਼ੀ ਜਿਨਪਿੰਗ ਨੇ ਕਿਹਾ ਕਿ ਪੇਂਡੂ ਇਲਾਕਿਆਂ ਵਿੱਚ ਰਹਿ ਰਹੇ ਸਾਰੇ ਗ਼ਰੀਬ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ ਹੈ ਅਤੇ ਇਸ ਦੇ ਨਾਲ ਹੀ, ਚੀਨ ਨੇ 2030 ਦੀ ਤੈਅ ਸਮੇਂ ਸੀਮਾ ਤੋਂ 10 ਸਾਲ ਪਹਿਲਾਂ ਹੀ ਗ਼ਰੀਬੀ ਦੇ ਖ਼ਾਤਮੇ ‘ਤੇ ਸੰਯੁਕਤ ਰਾਸ਼ਟਰ ਦਾ ਟੀਚਾ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 8 ਤੋਂ ਵਧੇਰੇ ਸਾਲ ਵਿੱਚ ਪੇਂਡੂ ਇਲਾਕਿਆਂ ਵਿੱਚ ਰਹੇ ਅੰਤਿਮ 9.899 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ। ਸਾਰੇ 832 ਗ਼ਰੀਬ ਕਾਊਟੀ ਅਤੇ 1,28,000 ਗ਼ਰੀਬ ਪਿੰਡ ਗ਼ਰੀਬੀ ਸੂਚੀ ਤੋਂ ਬਾਹਰ ਆ ਚੁੱਕੇ ਹਨ। ਸ਼ੀ ਜਿਨਪਿੰਗ ਨੇ ਕਿਹਾ ਕਿ 1970 ਦੇ ਦਹਾਕੇ ਦੇ ਆਖ਼ਰ ਵਿੱਚ ਸ਼ੁਰੂ ਕੀਤੇ ਗਏ ਸੁਧਾਰ ਤੋਂ ਲੈ ਕੇ ਹੁਣ ਤੱਕ ਚੀਨ ਦੀ ਮੌਜੂਦੀ ਗ਼ਰੀਬੀ ਰੇਖਾ ਮੁਤਾਬਿਕ 77 ਕਰੋੜ ਗ਼ਰੀਬ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਇਸ ਮਿਆਦ ਵਿੱਚ ਗਲੋਬਲੀ ਪੱਧਰ ‘ਤੇ ਗ਼ਰੀਬੀ ਵਿੱਚ ਆਈ ਕਮੀ ਵਿੱਚ 70 ਫ਼ੀਸਦੀ ਤੋਂ ਵਧੇਰਾ ਦਾ ਯੋਗਦਾਨ ਦਿੱਤਾ।

ਦੱਸਦੇ ਚੱਲੀਏ, ਕਿ ਚੀਨ ਦੀ ਇਸ ਉਪਲਬਧੀ ਨੂੰ ਵਾਕਿਆ ਹੀ ਸਲਾਮ ਕਰਨਾ ਬਣਦਾ ਹੈ, ਕਿ ਸਾਡੇ ਤੋਂ ਦੋ ਸਾਲ ਮਗਰੋਂ ਆਜ਼ਾਦ ਹੋਣ ਵਾਲਾ ਦੇਸ਼, ਅੱਜ ਦੁਨੀਆ ਦੇ ਅਜਿਹੇ ਸਥਾਨ ਨੂੰ ਹਾਸਲ ਕਰ ਚੁੱਕਿਆ ਹੈ, ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਭਾਰਤ ਦੇ ਬਹੁਤ ਸਾਰੇ ਅਜਿਹੇ ਹਿੱਸੇ ਹਾਲੇ ਵੀ ਹਨ, ਜਿੱਥੋਂ ਦੇ ਲੋਕਾਂ ਨੂੰ ਇੱਕ ਵੇਲੇ ਦੀ ਵੀ ਰੋਟੀ ਨਸੀਬ ਨਹੀਂ ਹੁੰਦੀ, ਜਦੋਂਕਿ ਖੇਤੀ ਉਤਪਾਦਕ ਸੂਬਿਆਂ ਦੇ ਵਿੱਚ ਵੀ ਮਹਿੰਗਾਈ ਏਨੀ ਜ਼ਿਆਦਾ ਹੈ ਅਤੇ ਦਿਹਾੜੀ ਏਨੀ ਘੱਟ ਹੈ, ਕਿ ਇੱਕ ਗ਼ਰੀਬ ਪਰਿਵਾਰ ਰੋਟੀ ਵੀ ਚੱਜ ਨਾਲ ਨਹੀਂ ਖਾ ਰਿਹਾ। ਖ਼ੈਰ, ਚੀਨ ਦੇ ਇਤਿਹਾਸ ਬਾਰੇ ਅਸੀਂ ਪਾਠਕਾਂ ਨੂੰ ਦੱਸਦੇ ਚੱਲੀਏ, ਕਿ ਜਪਾਨ ਦੇ ਦੂਜੀ ਵਿਸ਼ਵ ਜੰਗ ਵਿੱਚ ਹਾਰ ਜਾਣ ਤੋਂ ਬਾਅਦ ਕਮਿਊਨਿਸਟ ਪੀਪਲਜ਼ ਲਿਬਰੇਸ਼ਨ ਆਰਮੀ ਨੇ ਆਪਣੇ ਨੇਤਾ ਮਾਊ ਤਸੇ-ਤੁੰਗ ਦੀ ਅਗਵਾਈ ਵਿੱਚ ਸਿਵਲ ਵਾਰ (ਜੰਗ) ਜਿੱਤੀ। ਚੀਨ ਸੰਨ 1949 ਵਿੱਚ ਇੱਕ ਆਜ਼ਾਦ ਦੇਸ਼ ਬਣ ਗਿਆ ਸੀ। ਚੀਨ ਦੀ ਸ਼ਕਤੀਸ਼ਾਲੀ ਸੰਸਥਾ ਨੈਸ਼ਨਲ ਪੀਪਲਜ਼ ਕਾਂਗਰਸ ਹੈ, ਜਿਸ ਕੋਲ ਕਾਨੂੰਨ ਬਣਾਉਣ ਦਾ ਅਧਿਕਾਰ ਹੈ। ਇਸ ਦੇ ਮੈਂਬਰ ਕਮਿਊਨਿਸਟ ਪਾਰਟੀ ਹੀ ਚੁਣਦੀ ਹੈ।

ਦੇਸ਼ ਦਾ ਪ੍ਰਧਾਨ ਨੈਸ਼ਨਲ ਪੀਪਲਜ਼ ਕਾਂਗਰਸ ਦਾ ਮੁਖੀ ਹੁੰਦਾ ਹੈ ਅਤੇ ਸਟੇਟ ਕੌਂਸਲ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੰਮ ਕਰਦੀ ਹੈ। ਦੇਸ਼ ਦੇ ਪ੍ਰਬੰਧਕੀ ਢਾਂਚੇ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਟੇਟ ਕੌਂਸਲ ਦੀ ਹੈ। ਦੇਸ਼ ਦੀ ਪੀਪਲਜ਼ ਲਿਬਰੇਸ਼ਨ ਆਰਮੀ ਇੱਕ ਹੋਰ ਮਹੱਤਵਪੂਰਨ ਅੰਗ ਹੈ, ਜਿਸ ਦੀ ਰਾਜਸੀ ਤਾਕਤ ਵਿੱਚ ਮਹੱਤਵਪੂਰਨ ਭੂਮਿਕਾ ਹੈ। ਚੀਨ ਵਿੱਚ ਕੁੱਝ ਪ੍ਰਸੰਗਿਕ ਵਾਤਾਵਰਨ ਨਿਯਮ ਹਨ, 1979 ਦਾ ਵਾਤਾਵਰਨ ਸੁਰੱਖਿਅਤ ਕਾਨੂੰਨ ਹੈ, ਜੋ ਮੋਟੇ ‘ਤੇ ਅਮਰੀਕੀ ਕਾਨੂੰਨ ‘ਤੇ ਆਧਾਰਿਤ ਹੈ। ਭਾਵੇਂ ਕਿ ਨਿਯਮ ਬਹੁਤ ਸਖ਼ਤ ਹਨ, ਫਿਰ ਵੀ ਆਰਥਿਕ ਵਿਕਾਸ ਦੀਆਂ ਇੱਛੁਕ ਸਮੁਦਾਵਾਂ ਦੁਆਰਾ ਇਨ੍ਹਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਇਸ ਕਾਨੂੰਨ ਦੇ 12 ਸਾਲਾਂ ਬਾਅਦ ਕੇਵਲ ਇੱਕ ਚੀਨੀ ਨਗਰ ਨੇ ਆਪਣੇ ਜਲ ਸਰੋਤਾ ਨੂੰ ਸਾਫ਼ ਰੱਖਣ ਦਾ ਯਤਨ ਕੀਤਾ ਸੀ। ਦੱਸਣਾ ਇਹ ਵੀ ਬਣਦਾ ਹੈ, ਕਿ ਚੀਨ ਸੰਸਾਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ। ਇੱਕ ਰਿਪੋਰਟ ਦੇ ਅਨੁਸਾਰ ਚੀਨ ਦੀ ਆਬਾਦੀ 138 ਕਰੋੜ ਦੇ ਲਗਭਗ ਹੈ। ਵਧਦੀ ਆਬਾਦੀ ਦੀ ਸਮੱਸਿਆ ਨੂੰ ਰੋਕਣ ਲਈ ਸੰਨ-1979 ਵਿੱਚ ਸਰਕਾਰ ਨੇ ਕਾਨੂੰਨ ਬਣਾਇਆ ਸੀ, ਕਿ ਵਿਆਹੁਤਾ ਜੋੜਾ ਕੇਵਲ ਇੱਕ ਬੱਚੇ ਨੂੰ ਹੀ ਜਨਮ ਦੇਵੇਗਾ।

ਭਾਰਤ ਦੇ ਅੰਦਰ ਬੇਸ਼ੱਕ ਬਹੁਤ ਸਾਰੇ ਧਰਮ ਹਨ ਅਤੇ ਧਰਮ ਦੇ ਨਾਂਅ ‘ਤੇ ਹੀ ਸਭ ਤੋਂ ਵੱਧ ਲੜਾਈਆਂ ਭਾਰਤ ਦੇ ਅੰਦਰ ਹੋਈਆਂ ਹਨ, ਪਰ ਚੀਨ ਦੇ ਵਿੱਚ ਬਹੁਤ ਘੱਟ ਧਾਰਮਿਕ ਲੋਕ ਹਨ ਅਤੇ ਇੱਕ ਰਿਪੋਰਟ ਦੇ ਅਨੁਸਾਰ ਉੱਥੋਂ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਨਾਸਤਿਕ ਹੈ। ਵੈਸੇ, ਚੀਨ ਵਿੱਚ ਸੀਮਤ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕੇਵਲ ਉਨ੍ਹਾਂ ਸਮੁਦਾਵਾਂ ਪ੍ਰਤੀ ਹੀ ਸਹਿਣਸ਼ੀਲਤਾ ਵਰਤੀ ਜਾਂਦੀ ਹੈ, ਜੋ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੈ। 1998 ਦੇ ਏੜਹਿਯੰਟਰ ਡਾਟ ਕਾਮ ਅਨੁਸਾਰ ਚੀਨ ਦੀ 49% ਜਨਸੰਖਿਆ ਅਧਰਮੀਆਂ (ਨਾਸਤਿਕ) ਦੀ ਹੈ, ਜਦੋਂਕਿ 2021 ਤੱਕ ਚੀਨ ਦੇ ਅੰਦਰ ਨਾਸਤਿਕ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈ। ਇਸੇ ਦੌਰਾਨ 2007 ਦੇ ਇੱਕ ਹੋਰ ਸਰਵੇਖਣ ਅਨੁਸਾਰ ਚੀਨ ਵਿੱਚ 30 ਕਰੋੜ ਲੋਕ (23%) ਧਰਮ ਵਿੱਚ ਵਿਸ਼ਵਾਸ ਰੱਖਦੇ ਹਨ। ਚੀਨ ਵਿੱਚ ਸਿੱਖਿਆ ਦੀ ਗੱਲ ਕੀਤੀ ਜਾਵੇ ਤਾਂ ਇੱਕ ਰਿਪੋਰਟ ਦੱਸਦੀ ਹੈ ਕਿ 1986 ਵਿੱਚ ਚੀਨ ਨੇ ਹਰੇਕ ਬੱਚੇ ਨੂੰ 9 ਸਾਲ ਦੀ ਜ਼ਰੂਰੀ ਸ਼ੁਰੂਆਤੀ ਸਿੱਖਿਆ ਦੇਣ ਦਾ ਨਿਸ਼ਚਾ ਨਿਰਧਾਰਿਤ ਕੀਤਾ ਗਿਆ ਸੀ।

2007 ਤੱਕ ਚੀਨ ਵਿੱਚ 3,97,567 ਪ੍ਰਾਰੰਭਿਕ ਸਕੂਲ, 94,116 ਮੱਧਵਰਤੀ ਸਕੂਲ ਅਤੇ 2,236 ਉੱਚ ਸਿੱਖਿਆ ਸੰਸਥਾਨ ਸਨ। ਫਰਵਰੀ 2006 ਵਿੱਚ ਸਰਕਾਰ ਨੇ ਇਹ ਫ਼ੈਸਲਾ ਲਿਆ ਕਿ 9 ਸਾਲ ਤੱਕ ਦੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ, ਜਿਸ ਵਿੱਚ ਪਾਠ-ਪੁਸਤਕਾਂ ਅਤੇ ਹੋਰ ਖ਼ਰਚ ਪ੍ਰਦਾਨ ਕੀਤੇ ਜਾਣਗੇ। ਚੀਨ ਵਿੱਚ 9 ਸਾਲ ਦੀ ਉਮਰ ਦੇ ਬੱਚੇ ਪ੍ਰਾਰੰਭਿਕ ਸਕੂਲ ਹੇਠ ਆਉਂਦੇ ਹਨ। 2007 ਤੱਕ 25 ਸਾਲ ਦੀ ਉਮਰ ਤੱਕ ਦੇ 93.3% ਲੋਕ ਸਾਖ਼ਰ ਹਨ। ਚੀਨ ਦੀ ਯੁਵਾ ਸਾਖਰਤਾ ਦਰ 2000 ਵਿੱਚ (ਉਮਰ 25 ਤੋਂ 32) 98.9% ਸੀ, (ਪੁਰਸ਼ 99.2% ਅਤੇ ਮਹਿਲਾ 98.5%)। ਇਸੇ ਤਰ੍ਹਾਂ, ਜੇਕਰ ਅਸੀਂ ਚੀਨ ਦੇ ਅੰਦਰ ਕਾਨੂੰਨ ਦੀ ਗੱਲ ਕਰੀਏ ਤਾਂ, ਚੀਨ ਵਿੱਚ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਨੂੰ ਮਾੜਾ ਮੰਨਿਆ ਜਾਂਦਾ ਹੈ। ਚੀਨੀ ਕਾਨੂੰਨ ਨੂੰ ਨਾ ਮੰਨਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹੀ, ਦੇਸ਼ ਦੇ ਵੱਡੇ ਰਕਬੇ ਵਿੱਚ ਖੇਤੀਬਾੜੀ ਕੀਤੀ ਜਾਂਦੀ ਹੈ, ਜਿਸ ਕਰਕੇ ਵੱਧ ਆਬਾਦੀ ਦੇ ਬਾਵਜੂਦ ਅਨਾਜ ਦੀ ਕਿੱਲਤ ਨਹੀਂ ਆਉਂਦੀ। ਚੀਨ ਦੇ ਕਮਿਊਨਿਸਟ ਨੇਤਾਵਾਂ ਨੇ ਰਾਜ-ਸੱਤਾ ਆਉਣ ਦੇ 2 ਸਾਲ ਵਿੱਚ ਹੀ ਜ਼ਮੀਨ ਦੀ ਵੰਡ ਕਿਸਾਨਾਂ ਵਿੱਚ ਕਰ ਦਿੱਤੀ ਸੀ। ਸਾਲ 2003 ਵਿੱਚ ਚੀਨ ਸਰਕਾਰ ਨੇ ਪ੍ਰਾਈਵੇਟ ਜਾਇਦਾਦ ਰੱਖਣ ਦੇ ਹੱਕ ਨੂੰ ਪ੍ਰਵਾਨਗੀ ਦੇ ਦਿੱਤੀ। ਵੈਸੇ, ਚੀਨ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਅਤੇ ਇੱਥੋਂ ਦੀ ਮੁੱਖ ਫ਼ਸਲਾਂ ਚਾਵਲ, ਚਾਹ, ਕਪਾਹ, ਮੋਟਾ ਅੰਨ, ਸੋਇਆਬੀਨ ਅਤੇ ਕਣਕ ਹਨ। ਇੱਥੇ ਛੋਟੇ ਖੇਤਾਂ ਵਿੱਚ ਵੀ ਖੇਤੀ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਹੈ।

ਚੀਨ ਦੀ ਜੇਕਰ ਅਸੀਂ ਅਰਥ ਵਿਵਸਥਾ ਦੀ ਗੱਲ ਕਰੀਏ ਤਾਂ, ਇੱਕ ਰਿਪੋਰਟ ਦੱਸਦੀ ਹੈ, ਕਿ 2014 ਅਨੁਸਾਰ ਚੀਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥ-ਵਿਵਸਥਾ ਵਾਲਾ ਦੇਸ਼ ਹੈ। ਚੀਨ ਵਿਸ਼ਵ ਦਾ ਸਭ ਤੋਂ ਵੱਧ ਪਧਾਰਿਆ ਜਾਣ ਵਾਲਾ ਦੇਸ਼ ਹੈ, ਜਿੱਥੇ 2009 ਵਿੱਚ 5 ਕਰੋੜ 9 ਲੱਖ ਅੰਤਰਰਾਸ਼ਟਰੀ ਯਾਤਰੀ ਆਏ ਸਨ। ਚੀਨ ਵਿਸ਼ਵ ਵਪਾਰ ਸੰਗਠਨ ਦਾ ਵੀ ਹਿੱਸਾ ਹੈ ਅਤੇ ਦੂਜੀ ਸਭ ਤੋਂ ਵੱਡੀ ਵਪਾਰਿਕ ਸ਼ਕਤੀ ਹੈ। 2008 ਵਿੱਚ ਚੀਨ ਨੇ 92.4 ਅਰਬ ਅਮਰੀਕੀ ਡਾਲਰ ਦਾ ਵਿਦੇਸ਼ੀ ਨਿਵੇਸ਼ ਆਕਰਸਤਿ ਕੀਤਾ ਸੀ, ਜੋ ਵਿਸ਼ਵ ਦਾ ਤੀਜਾ ਸਰਵੋਤਮ ਸੀ। ਇਸੇ ਤਰ੍ਹਾਂ ਹੀ ਚੀਨ ਵਿੱਚ ਉਦਯੋਗੀਕਰਨ ਦਾ ਇਨਕਲਾਬ ਲਿਆ ਕੇ, ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਦੇਸ਼ ਵਿੱਚ ਜ਼ਿਆਦਾ ਉਦਯੋਗ ਸਰਕਾਰੀ ਹਨ, ਜਦੋਂਕਿ ਸਾਡੇ ਮੁਲਕ ਦੇ ਅੰਦਰ ਬਹੁਤ ਜ਼ਿਆਦਾ ਉਦਯੋਗ ਪ੍ਰਾਈਵੇਟ ਹਨ। ਚੀਨ ਦੇ ਅੰਦਰ ਕੁੱਝ ਕੁ ਥਾਵਾਂ ‘ਤੇ ਸਰਕਾਰੀ ਅਤੇ ਗੈਰ-ਸਰਕਾਰੀ ਸਾਂਝੀ ਤੌਰ ‘ਤੇ ਉਦਯੋਗ ਚੱਲ ਰਹੇ ਹਨ।

ਚੀਨ ਸਰਕਾਰ ਨੇ ਉਦਯੋਗਿਕ ਖੇਤਰ ਵਿੱਚ ਕਿਸੇ ਵੱਡੇ ਅਤੇ ਪੱਛਮੀ ਦੇਸ਼ ‘ਤੇ ਨਿਰਭਰਤਾ ਨਹੀਂ ਰੱਖੀ। ਚੀਨੀ ਸਰਕਾਰ ਨੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਲਈ ਬਾਹਰਲੇ ਦੇਸਾਂ ਵਿੱਚ ਭੇਜਿਆ ਗਿਆ ਤਾਂ ਕਿ ਉਹ ਉੱਥੋਂ ਵਾਪਸ ਆ ਕੇ ਆਪਣੇ ਦੇਸ ਦੇ ਉਦਯੋਗਿਕ ਵਿਕਾਸ ਵਿੱਚ ਹਿੱਸਾ ਪਾ ਸਕਣ। ਚੀਨ ਵਿੱਚ ਹਰ ਛੋਟੀ ਤੋਂ ਛੋਟੀ ਚੀਜ਼ ਦੇਸ ਵਿੱਚ ਹੀ ਬਣਦੀ ਹੈ। ਚੀਨ ਦੇਸ ਦੀ ਬਰਾਮਦ ਇਸ ਦੀ ਦਰਾਮਦ ਨਾਲੋਂ ਕਿਤੇ ਵੱਧ ਹੈ। ਚੀਨ ਵਿੱਚ ਉਜਰਤ ਘੱਟ ਹਨ, ਇਸ ਲਈ ਚੀਨ ਦੀਆਂ ਬਣਾਈਆਂ ਵਸਤਾਂ ਦੀ ਕੀਮਤ ਘੱਟ ਹੈ। ਪਿਛਲੇ ਕਈ ਸਾਲਾਂ ਵਿੱਚ ਚੀਨੀ ਵਸਤਾਂ ਨੇ ਸੰਸਾਰ ਦੀ ਵਪਾਰਕ ਮੰਡੀ ਵਿੱਚ ਬਹੁਤ ਮੱਲਾ ਮਾਰੀਆਂ ਹਨ ਅਤੇ ਇਹ ਵਿਸ਼ਵ ਦਾ ਮੀਡੀਆ ਵੀ ਕਹਿੰਦਾ ਹੈ, ਕਿ ਚੀਨ ਨੇ ਹਰ ਉਹ ਵਸਤੂ ਬਣਾ ਦਿੱਤੀ ਹੈ, ਜਿਸ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਸੰਨ 1978 ਵਿੱਚ ਚੀਨ ਸਰਕਾਰ ਨੇ ਬਾਹਰੀ ਧਨ ਲਾਉਣ ਵਾਲੀਆਂ ਕੰਪਨੀਆਂ ਨੂੰ ਦੇਸ਼ ਵਿੱਚ ਉਦਯੋਗ ਲਗਾਉਣ ਦਾ ਸੱਦਾ ਦੇਣ ਲਈ ਵਿਸ਼ੇਸ਼ ਆਰਥਿਕ ਜ਼ੋਨਾਂ ਦਾ ਨਿਰਮਾਣ ਕੀਤਾ ਗਿਆ, ਜਿਸ ਅਧੀਨ 14 ਸਮੁੰਦਰੀ ਤੱਟ ਕੋਲ ਖੇਤਰ ਬਣਾਏ ਗਏ। ਸਾਲ 1990 ਤੋਂ 2004 ਤੱਕ ਚੀਨ ਦੀ ਉਦਯੋਗਿਕ ਤਰੱਕੀ 10 ਫ਼ੀਸਦੀ ਸਾਲਾਨਾ ਹੋਈ, ਜੋ ਸੰਸਾਰ ਦੇ ਸਾਰੇ ਦੇਸ਼ਾਂ ਤੋਂ ਵੱਧ ਸੀ, ਅਨੁਮਾਨ ਹੈ ਕਿ ਜਿਸ ਹਿਸਾਬ ਨਾਲ ਚੀਨ ਵਿੱਚ ਉਦਯੋਗੀਕਰਨ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਸਾਲ 2020 ਤੱਕ ਚੀਨ ਆਰਥਿਕਤਾ ਵਜੋਂ ਸੰਸਾਰ ਵਿੱਚ ਮੋਹਰੀ ਰਿਹਾ ਹੈ।

ਬੇਸ਼ੱਕ ਕੋਵਿਡ-19 ਨੇ ਬਹੁਤ ਸਾਰੇ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਢਾਹ ਲਗਾਈ, ਪਰ ਚੀਨ ਦੀ ਜੀਡੀਪੀ ਫਿਰ ਵੀ ਉਛਾਲਾਂ ਮਾਰਦੀ ਰਹੀ। ਰਿਪੋਰਟਾਂ ਕਹਿੰਦੀਆਂ ਹਨ ਕਿ ਚੀਨ ਦੀ ਬਾਹਰੀ ਕਰੰਸੀ ਦਾ ਰਿਜ਼ਰਵ ਦੁਨੀਆ ਵਿੱਚ, ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਹੈ। ਚੀਨ ਸੰਸਾਰ ਵਿੱਚ ਦਰਾਮਦ ਅਤੇ ਬਰਾਮਦ ਨੂੰ ਸਾਰੇ ਦੇਸ਼ਾਂ ਨਾਲੋਂ ਅੱਗੇ ਹੈ। ਸੋਨੇ ਦੀ ਪ੍ਰਾਪਤੀ, ਬਿਜਲੀ ਅਤੇ ਸੀਮਿੰਟ ਦੀ ਖਪਤ ਦੁਨੀਆ ਵਿੱਚ ਕਿਸੇ ਵੀ ਦੇਸ਼ ਤੋਂ ਵੱਧ ਹੈ। ਚੀਨ ਵਿੱਚ ਕੋਲਾ, ਅਮਰੀਕਾ ਨਾਲੋਂ ਤਿੰਨ ਗੁਣਾਂ ਅਤੇ ਲੋਹੇ ਦਾ ਉਤਪਾਦਨ 11 ਗੁਣਾਂ ਜ਼ਿਆਦਾ ਹੈ। ਜਿਸ ਪ੍ਰਕਾਰ ਚੀਨ ਭਾਰਤ ਤੋਂ ਦੋ ਸਾਲ ਮਗਰੋਂ ਆਜ਼ਾਦ ਹੋ ਕੇ ਵੀ ਇਸ ਵੇਲੇ ਅਗਾਂਹ ਵੱਧ ਰਿਹਾ ਹੈ, ਉਸ ਤੋਂ ਇੱਕ ਗੱਲ ਦਾ ਹਿਸਾਬ ਸੌਖੇ ਸ਼ਬਦਾਂ ਵਿੱਚ ਲਗਾਇਆ ਜਾ ਸਕਦਾ ਹੈ, ਕਿ ਚੀਨ ਵਿੱਚ ਧਾਰਮਿਕ ਲੋਕ ਘੱਟ ਹਨ, ਇਸੇ ਲਈ ਹੀ ਉਹ ਅੱਗੇ ਵੱਧ ਰਿਹਾ ਹੈ ਅਤੇ ਕਿਉਂਕਿ ਉੱਥੋਂ ਦੇ ਲੋਕ ਕੰਮ ਨੂੰ ਹੀ ਧਰਮ ਸਮਝਦੇ ਹਨ। ਇਸੇ ਲਈ ਹੀ ਅੱਜ ਚੀਨ ਗ਼ਰੀਬੀ ਮੁਕਤ ਦੇਸ਼ ਬਣ ਗਿਆ ਹੈ।

ਗੁਰਪ੍ਰੀਤ