ਲੰਘਿਆਂ ਸਾਲ ਜਿੱਥੇ ਕਈਆਂ ਨੂੰ ਲੱਖਾਂ ਤੋਂ ਕੱਖਾਂ ਦੇ ਕਰ ਗਿਆ, ਉੱਥੇ ਹੀ ਕਈ ਲੰਘਿਆਂ ਸਾਲ ਅਮੀਰਾਂ ਦੀ ਝੋਲੀ ਹੋਰ ਭਰ ਗਿਆ। ਦੁਨੀਆ ਭਰ ਦੇ ਲੋਕਾਂ ਨੂੰ ਬੱਚਤ ਕਰਨੀ ਤਾਂ ਲੰਘੇ ਸਾਲ ਨੇ ਸਿਖਾ ਦਿੱਤੀ, ਪਰ ਦੂਜੇ ਪਾਸੇ ਕਾਰਪੋਰੇਟਰਾਂ ਦੀਆਂ ਜੇਬਾਂ ਕਿਵੇਂ ਭਰੀਆਂ ਜਾਂਦੀਆਂ ਹਨ, ਉਹ ਵੀ ਲੋਕਾਂ ਨੂੰ ਪਤਾ ਲੱਗ ਗਿਆ। ਸਾਲ-2020 ਦੇ ਸ਼ੁਰੂਆਤੀ ਦੌਰ ਵਿੱਚ ਭਾਰਤ ਵਿੱਚ ਆਏ ਕੋਰੋਨਾ ਵਾਇਰਸ ਨੇ ਸਭ ਕੁੱਝ ਉਜਾੜ ਕੇ ਰੱਖ ਦਿੱਤਾ, ਜਦੋਂਕਿ ਅਮੀਰਾਂ ਨੂੰ ਹੋਰ ਅਮੀਰ ਕਰ ਦਿੱਤਾ। ਦੁਨੀਆਂ ਭਰ ਵਿੱਚ ਲੋਕ ਜਿੱਥੇ ਕੋਰੋਨਾ ਕਾਰਨ ਕਰੋੜਾਂ ਲੋਕ ਬੇਰੁਜ਼ਗਾਰ ਹੋ ਗਏ, ਉੱਥੇ ਬਗ਼ੈਰ ਕੰਮਕਾਜ ਕੀਤਿਆਂ ਹੀ ਕਈਆਂ ਦੇ ਬੋਝੇ ਭਰੇ ਰਹੇ। ਖ਼ੈਰ, ਕੋਰੋਨਾ ਨੇ ਕਿਵੇਂ ਸਭ ਕੁੱਝ ਬਦਲ ਕੇ ਰੱਖਿਆ, ਉਹ ਅਸੀਂ ਸਭ ਜਾਣਦੇ ਹੀ ਹਾਂ ਅਤੇ ਕਿਸ ਨੂੰ ਨੁਕਸਾਨ ਪਹੁੰਚਾਇਆ, ਉਹ ਵੀ ਅਕਸਰ ਅਸੀਂ ਲਿਖਦੇ ਰਹਿੰਦੇ ਹਾਂ। ਪਰ ਇਹ ਕੋਰੋਨਾ ਵਾਇਰਸ ਕਿੰਨਾ ਲੋਕਾਂ ਨੂੰ ਘਿਉ ਦੇ ਵਾਂਗ ਲੱਗਿਆ, ਅੱਜ ਇਹੀ ਅਸੀਂ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਕੋਰੋਨਾ ਵਾਇਰਸ ਆਇਆ ਤਾਂ ਵੱਡਿਆਂ ਢਿੱਡਾਂ ਵਾਲਿਆਂ 'ਤੇ ਸ਼ਿਕੰਜਾ ਕੱਸਣ ਸੀ, ਪਰ ਵੱਡਿਆਂ ਢਿੱਡਾਂ ਵਾਲਿਆਂ ਨੇ ਕੋਰੋਨਾ ਦਾ ਮੂੰਹ ਗ਼ਰੀਬਾਂ ਵੱਲ ਨੂੰ ਮੋੜ ਦਿੱਤਾ। ਭਾਰਤ ਵਿੱਚ ਕੋਰੋਨਾ ਵਾਇਰਸ ਪੈਦਾ ਨਹੀਂ ਹੋਇਆ, ਜਦੋਂਕਿ ਇਸ ਨੂੰ ਉਨ੍ਹਾਂ ਲੋਕਾਂ ਨੇ ਭਾਰਤ ਲਿਆਂਦਾ, ਜਿਨ੍ਹਾਂ ਦੀ ਗਿਟਮਿਟ ਵਿਦੇਸ਼ਾਂ ਨਾਲ ਸੀ। ਭਾਰਤ ਦਾ ਗ਼ਰੀਬ ਤਬਕਾ ਤਾਂ ਆਪਣੀ ਦੋ ਡੰਗ ਦੀ ਰੋਟੀ ਕਮਾਉਣ ਦੇ ਵਿੱਚ ਹੀ ਵਿਅਸਤ ਰਿਹਾ। 

ਪਰ, ਕੋਰੋਨਾ ਨੇ ਕਦੋਂ ਆ ਕੇ, ਗ਼ਰੀਬ ਦੇ ਢਿੱਡ ਤੇ ਲੱਤ ਮਾਰ ਦਿੱਤੀ, ਇਹ ਕਿਸੇ ਨੂੰ ਵੀ ਪਤਾ ਨਹੀਂ ਲੱਗਿਆ। ਗ਼ਰੀਬਾਂ ਦੇ ਮੂੰਹ ਵਿੱਚੋਂ ਨਿਕਲੀ 'ਹਾਏ' ਨੇ ਹੁਕਮਰਾਨਾਂ ਨੂੰ ਕੋਸਿਆ ਤਾਂ ਜ਼ਰੂਰ, ਪਰ ਗ਼ਰੀਬਾਂ ਦੀ 'ਹਾਏ' ਕਿਸੇ ਨੂੰ ਲੱਗੀ ਨਹੀਂ। ਤਿਆਰੀ ਕੀਤੇ ਬਗ਼ੈਰ ਭਾਰਤ ਦੇ ਅੰਦਰ ਲਗਾਏ ਗਏ ਲਾਕਡਾਊਨ ਅਤੇ ਕਰਫ਼ਿਊ ਨੇ ਸਾਰੇ ਲੋਕਾਂ ਦੀ ਜ਼ਿੰਦਗੀ 'ਤੇ ਗਹਿਰਾ ਅਸਰ ਤਾਂ ਪਾਇਆ ਹੀ, ਨਾਲ ਹੀ ਕੋਰੋਨਾ ਦੀ ਆੜ ਵਿੱਚ ਲਗਾਏ ਗਏ ਇਸ ਲਾਕਡਾਊਨ ਅਤੇ ਕਰਫ਼ਿਊ ਨੇ ਕਈ ਕਾਰਪੋਰੇਟ ਘਰਾਣਿਆਂ ਨੂੰ ਅਮੀਰ ਤੋਂ ਵੀ ਅਮੀਰ ਬਣਾ ਦਿੱਤਾ। ਅੰਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅੰਡਾਨੀ ਅਤੇ ਰਿਲਾਇੰਸ ਗਰੁੱਪ ਦੇ ਮੁਖੀ ਮੁਕੇਸ਼ ਅੰਬਾਨੀ ਦੀ ਆਮਦਨ ਵਿੱਚ ਜਿਸ ਪ੍ਰਕਾਰ ਲੰਘੇ ਸਾਲ-2020 ਵਿੱਚ ਵਾਧਾ ਹੋਇਆ ਹੈ, ਉਹਦੇ ਤੋਂ ਸਭ ਹੈਰਾਨ ਹਨ। ਦੁਨੀਆ ਭਰ ਦੇ ਅਮੀਰ ਲੋਕਾਂ ਨੂੰ ਕੱਟਣ ਵਾਲੇ ਭਾਰਤ ਦੇ ਇਹ ਦੋਵੇਂ ਅਮੀਰ ਘਰਾਣਿਆਂ ਦੇ ਕੀਹਦੇ ਨਾਲ ਜ਼ਿਆਦਾ ਬਣਦੀ ਹੋਵੇਗੀ, ਇਸ ਦਾ ਅੰਦਾਜ਼ਾ ਤਾਂ ਪਾਠਕ ਸਹਿਜੇ ਹੀ ਲਗਾ ਸਕਦੇ ਹਨ। ਕੋਰੋਨਾ ਵਾਇਰਸ ਦੌਰਾਨ ਲੱਗੇ ਲਾਕਡਾਊਨ ਅਤੇ ਕਰਫ਼ਿਊ ਵੇਲੇ, ਜਿੱਥੇ ਵੱਡੀਆਂ ਵੱਡੀਆਂ ਕੰਪਨੀਆਂ ਅਤੇ ਕਾਰਖ਼ਾਨੇ ਬੰਦ ਹੋ ਗਏ, ਉੱਥੇ ਹੀ ਦੂਜੇ ਪਾਸੇ ਅੰਡਾਨੀ ਅਤੇ ਅੰਬਾਨੀ ਦੀ ਆਮਦਨ ਵਿੱਚ ਚੋਖਾ ਵਾਧਾ ਹੋ ਗਿਆ। 

ਤਾਜ਼ਾ ਅੰਕੜਿਆਂ 'ਤੇ ਜੇਕਰ ਝਾਤ ਮਾਰੀਏ ਤਾਂ, ਇਸ ਵੇਲੇ ਦੁਨੀਆ ਭਰ ਦੇ ਵੱਡੇ ਧਨਕੁਬੇਰਾਂ ਏਲਨ ਮਸਕ, ਜੇਫ ਬੇਜੋਸ ਅਤੇ ਬਿਲ ਗੇਟਸ ਨੂੰ ਅੰਡਾਨੀ ਨੇ ਪਛਾੜ ਦਿੱਤਾ ਹੈ। ਅੰਡਾਨੀ ਦੀ ਆਮਦਨ ਵਿੱਚ ਏਨਾ ਵਾਧਾ ਹੋਇਆ ਹੈ, ਕਿ ਅੱਖਰਾਂ ਵਿੱਚ ਲਿਖਿਆ ਵੀ ਨਹੀਂ ਜਾ ਸਕਦਾ। ਇੱਕ ਖ਼ਬਰ ਦੇ ਮੁਤਾਬਿਕ, ਅੰਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅੰਡਾਨੀ ਦੀ ਆਮਦਨ ਵਿੱਚ ਭਾਰੀ ਵਾਧਾ ਹੋਇਆ ਹੈ। ਖ਼ਬਰਾਂ ਕਹਿੰਦੀਆਂ ਹਨ, ਕਿ ਅੰਡਾਨੀ ਨੇ ਕਾਰੋਬਾਰੀਆਂ ਵਿੱਚ ਨਿਵੇਸ਼ਕਾਂ ਦੁਆਰਾ ਚੰਗਾ ਖ਼ਾਸਾ ਨਿਵੇਸ਼ ਕੀਤੇ ਜਾਣ ਦੇ ਚੱਲਦਿਆਂ ਉਨ੍ਹਾਂ ਦੀ ਸੰਪਤੀ ਵਿੱਚ ਇਹ ਇਜ਼ਾਫਾ ਹੋਇਆ ਹੈ। ਅੰਡਾਨੀ ਗਰੁੱਪ ਕੋਲ ਪੋਟਰਸ ਤੋਂ ਲੈ ਕੇ ਪਾਵਰ ਪਲਾਂਟਸ ਤੱਕ ਦੇ ਕਾਰੋਬਾਰ ਹਨ। ਸਿਰਫ਼ ਇੱਕ ਨੂੰ ਛੱਡ ਕੇ ਅੰਡਾਨੀ ਸਮੂਹ ਦੇ ਸਾਰੇ ਸ਼ੇਅਰਾਂ ਵਿੱਚ ਘੱਟ ਤੋਂ ਘੱਟ 50 ਫ਼ੀਸਦੀ ਤੱਕ ਦੀ ਤੇਜ਼ੀ ਆਈ ਹੈ। ਅੰਡਾਨੀ ਦੇ ਅਮੀਰ ਹੋਣ ਦੀ ਖ਼ਬਰ ਜਿਵੇਂ ਹੀ ਵਿਰੋਧੀਆਂ ਵਿੱਚ ਫੈਲੀ ਹੈ, ਤਾਂ ਉਹ ਵੀ ਸੱਤਾ ਧਿਰ ਭਾਰਤੀ ਜਨਤਾ ਪਾਰਟੀ ਨੂੰ ਕੋਸਦੇ ਹੋਏ ਵਿਖਾਈ ਦੇ ਰਹੇ ਹਨ। ਕਿਸਾਨਾਂ ਨੇ ਵੀ ਸਰਕਾਰ ਅਤੇ ਅੰਡਾਨੀ ਤੇ ਅੰਬਾਨੀ ਗਰੁੱਪ ਨੂੰ ਨਿਸ਼ਾਨੇ 'ਤੇ ਲਿਆ ਹੈ। ਕਿਸਾਨਾਂ ਦਾ ਮੰਨਣਾ ਹੈ ਕਿ, ਜਦੋਂ ਸਾਰੇ ਲੋਕ ਘਰਾਂ ਵਿੱਚ ਤੜੇ ਪਏ ਸਨ ਤਾਂ, ਉਦੋਂ ਅੰਬਾਨੀ ਅੰਡਾਨੀ ਦੀ ਆਮਦਨ ਕਿਵੇਂ ਵੱਧ ਗਈ? ਕਿਸਾਨਾਂ ਮੁਤਾਬਿਕ, ਸਰਕਾਰ ਦੀ ਮਿਹਰ ਸਦਕਾ ਹੀ ਅੰਡਾਨੀ ਅੰਬਾਨੀ ਅਮੀਰ ਹੋਏ ਹਨ। 

ਬੇਸ਼ੱਕ ਆਪਣੀ ਦੌਲਤ ਵਧਾਉਣ ਦੇ ਮਾਮਲੇ ਵਿੱਚ ਅੰਡਾਨੀ ਨੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਜੈਫ ਬੇਜੋਸ ਅਤੇ ਐਲਨ ਮਸਕ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਪਰ ਦੂਜੇ ਪਾਸੇ ਜੇਕਰ ਭਾਰਤ ਦੇ ਆਮ ਲੋਕਾਂ ਦੀ ਹਾਲਤ 'ਤੇ ਨਿਗਾਹ ਮਾਰੀਏ ਤਾਂ, ਭਾਰਤ ਦੇ ਕਰੀਬ 80 ਪ੍ਰਤੀਸ਼ਤ ਲੋਕ ਇਸ ਵੇਲੇ ਇੱਕ ਵੇਲੇ ਦੀ ਰੋਟੀ ਨੂੰ ਤਰਸ ਰਹੇ ਹਨ। ਮੀਡੀਆ ਵਿੱਚ ਵੱਡੇ ਵੱਡੇ ਇਸ਼ਤਿਆਰ ਦੇ ਕੇ, ਸਰਕਾਰ ਵਾਹੋ ਵਾਹੀ ਤਾਂ ਖੱਟ ਰਹੀ ਹੈ, ਪਰ ਦੂਜੇ ਪਾਸੇ ਸਰਕਾਰ ਗ਼ਰੀਬਾਂ ਦੀ ਹਾਲਤ ਵੱਲ ਧਿਆਨ ਨਹੀਂ ਦੇ ਰਹੀ। ਗ਼ਰੀਬੀ ਰੇਖਾਂ ਦੇ ਮਾਮਲੇ ਵਿੱਚ ਭਾਰਤ ਦਾ ਨੰਬਰ, ਉਨ੍ਹਾਂ ਦੇਸ਼ਾਂ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ, ਜਿਹੜੇ ਭਾਰਤ ਤੋਂ ਵੀ ਬਹੁਤ ਜ਼ਿਆਦਾ ਗ਼ਰੀਬ ਹਨ। ਭੁੱਖਮਰੀ ਦੇ ਅੰਕੜੇ ਵੀ ਅਸਮਾਨ ਨੂੰ ਛੂਹ ਰਹੇ ਹਨ, ਜਦੋਂਕਿ ਕੋਰੋਨਾ ਵਾਇਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ, ਸਾਡੇ ਮੁਲਕ ਦੇ ਵਿੱਚ ਆਮ ਗ਼ਰੀਬ ਲੋਕਾਂ ਦੀ ਕੋਰੋਨਾ ਵਾਇਰਸ ਨੇ ਨਾਲ ਮੌਤਾਂ ਘੱਟ ਹੋਈਆਂ ਹਨ, ਜਦੋਂਕਿ ਗ਼ਰੀਬਾਂ ਨੂੰ ਭੁੱਖਮਰੀ ਅਤੇ ਗ਼ਰੀਬੀ ਨੇ ਜ਼ਿਆਦਾ ਮਾਰ ਸੁੱਟਿਆ ਹੈ। ਗ਼ਰੀਬੀ ਸਾਡੇ ਦੇਸ਼ 'ਤੇ ਲੱਗਿਆ ਅਜਿਹਾ ਕਲੰਕ ਹੈ, ਜਿਹੜਾ ਕੋਈ ਵੀ ਸਰਕਾਰ ਹੁਣ ਤੱਕ ਲਾਹ ਨਹੀਂ ਸਕੀ। ਸੱਤਾ ਵਿੱਚ ਭਾਵੇਂ ਕਾਂਗਰਸ ਹੋਵੇ ਜਾਂ ਫਿਰ ਭਾਜਪਾ, ਹਰ ਪਾਰਟੀ ਨੂੰ ਸੱਤਾ ਹੀ ਭੁੱਖ ਹੁੰਦੀ ਹੈ, ਜਦੋਂਕਿ ਭੁੱਖ ਦੇ ਨਾਲ ਮਰ ਰਹੀ ਅਵਾਮ ਦੀ ਇਨ੍ਹਾਂ ਨੂੰ ਕੋਈ ਫ਼ਿਕਰ ਨਹੀਂ ਹੁੰਦੀ। 

ਦੱਸਣਾ ਬਣਦਾ ਹੈ, ਕਿ ਗ਼ਰੀਬਾਂ ਦੇ ਗੀਝੇ ਖ਼ਾਲੀ ਅਤੇ ਅਮੀਰਾਂ ਦੇ ਗੀਝੇ ਸਾਲ-2020 ਵਿੱਚ ਕਿਵੇਂ ਭਰੇ, ਉਹਦੇ ਬਾਰੇ ਵਿਰੋਧੀ ਧਿਰ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਨੇ ਦੱਸਿਆ ਹੈ। ਰਾਹੁਲ ਨੇ ਸਵਾਲ ਕਰਿਆ ਹੈ ਕਿ ਆਮ ਲੋਕਾਂ ਦੀ ਕਿੰਨੀ ਦੌਲਤ ਸਾਲ 2020 ਵਿੱਚ ਵਧੀ ਹੈ? ਦਰਅਸਲ, ਅੰਡਾਨੀ ਦੀ ਦੌਲਤ ਵਿੱਚ ਵਾਧੇ ਦੀ ਖ਼ਬਰ ਸਾਂਝੀ ਕਰਦਿਆਂ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ, 'ਸਾਲ 2020 ਵਿੱਚ ਤੁਹਾਡੀ ਦੌਲਤ ਕਿੰਨੀ ਵਧੀ ਹੈ? ਜ਼ੀਰੋ... ਤੁਸੀਂ ਜਿੰਦਾ ਰਹਿਣ ਲਈ ਸੰਘਰਸ਼ ਕਰਦੇ ਹੋ ਅਤੇ ਉਹ 12 ਲੱਖ ਕਰੋੜ ਰੁਪਏ ਬਣਾ ਲੈਂਦੇ ਹਨ ਅਤੇ ਆਪਣੀ ਜਾਇਦਾਦ ਵਿੱਚ 50 ਫ਼ੀਸਦੀ ਵਾਧਾ ਕਰਦੇ ਹਨ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਅਜਿਹਾ ਕਿਉਂ?'

ਖ਼ਬਰਾਂ ਦੀ ਮੰਨੀਏ ਤਾਂ, ਉਨ੍ਹਾਂ ਮੁਤਾਬਿਕ ਨਿਵੇਸ਼ਕਾਂ ਨੇ ਗੌਤਮ ਅੰਡਾਨੀ ਦੇ ਕਾਰੋਬਾਰ ਵਿੱਚ ਦਿਲਚਸਪੀ ਲਈ ਹੈ, ਜਿਸ ਕਾਰਨ ਉਨ੍ਹਾਂ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ। ਨਿਵੇਸ਼ਕਾਂ ਨੇ ਪਿਛਲੇ ਕੁੱਝ ਮਹੀਨਿਆਂ ਵਿੱਚ ਅੰਡਾਨੀ  ਦੀਆਂ ਬੰਦਰਗਾਹਾਂ ਦੇ ਪਾਵਰ ਪਲਾਂਟਾਂ ਦੇ ਕਾਰੋਬਾਰ ਵਿੱਚ ਬਹੁਤ ਸਾਰਾ ਨਿਵੇਸ਼ ਕੀਤਾ ਹੈ। ਇਸ ਕਾਰਨ ਉਨ੍ਹਾਂ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਦੇਖਣ ਨੂੰ ਮਿਲੀ। ਇਸ ਨਾਲ ਅੰਡਾਨੀ ਦੀ ਦੌਲਤ ਵਧੀ ਹੈ। ਖ਼ਬਰਾਂ ਮੁਤਾਬਿਕ, ਗੌਤਮ ਅੰਡਾਨੀ  ਦੀ ਕੁੱਲ ਜਾਇਦਾਦ 2021 ਵਿੱਚ 16.2 ਬਿਲੀਅਨ ਡਾਲਰ ਤੋਂ ਵੱਧ ਕੇ 50 ਅਰਬ ਡਾਲਰ ਹੋ ਗਈ ਹੈ। ਅਜਿਹੀ ਸਥਿਤੀ ਵਿੱਚ, ਅੰਡਾਨੀ ਇਸ ਸਾਲ ਸਭ ਤੋਂ ਵੱਧ ਕਮਾਈ ਕਰਨ ਵਾਲਾ ਕਾਰੋਬਾਰੀ ਬਣ ਗਿਆ ਹੈ। ਉਸੇ ਸਮੇਂ, ਅੰਡਾਨੀ ਨੇ ਇਸ ਮਾਮਲੇ ਵਿੱਚ ਐਮਾਜਾਨ ਦੇ ਸੀਈਓ ਜੈਫ ਬੇਜੋਸ ਅਤੇ ਟੇਸਲਾ ਦੇ ਸੀਈਓ ਐਲਨ ਮਸਕ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਦੂਜੇ ਪਾਸੇ, ਜੇਕਰ ਵਿਸ਼ਵ ਦੇ ਅਮੀਰ ਲੋਕਾਂ ਦੀ ਗੱਲ ਕਰੀਏ, ਜਿਨ੍ਹਾਂ ਨੂੰ ਅੰਬਾਨੀ ਅੰਡਾਨੀ ਵਾਂਗ ਕੋਰੋਨਾ ਘਿਉ ਵਾਂਗ ਲੱਗਿਆ, ਉਨ੍ਹਾਂ ਅਮੀਰ ਲੋਕਾਂ ਦੇ ਵਿੱਚ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸੀਈਓ ਏਲਨ ਮਸਕ, ਬਿੱਲ ਗੇਟਸ, ਵਾਰੇਨ ਬਫੇ ਆਦਿ ਹਨ। ਬਲੂਮਬਰਗ ਬਿਲੀਅਨਰਜ ਇੰਡੈਕਸ ਮੁਤਾਬਿਕ ਇਸ ਸਾਲ ਹੁਣ ਤੱਕ ਗੌਤਮ ਅੰਡਾਨੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉੱਧਰ ਅਮਰੀਕੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਦੇ ਸੀਈਓ ਏਲਨ ਮਸਕ ਦੀ ਸੰਪਤੀ ਵਿੱਚ ਇਸ ਸਾਲ ਹੁਣ ਤੱਕ 8.93 ਬਿਲੀਅਨ ਡਾਲਰ ਜੁੜੇ ਹਨ। ਇਸ ਤੋਂ ਇਲਾਵਾ ਬਿੱਲ ਗੇਟਸ ਦੀ ਸੰਪਤੀ ਵਿੱਚ ਇਸ ਸਾਲ ਹੁਣ ਤੱਕ 236 ਮਿਲੀਅਨ ਡਾਲਰ ਦਾ ਇਜ਼ਾਫਾ ਹੋਇਆ ਹੈ। ਵਾਰੇਨ ਬਫੇ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਸੰਪਤੀ ਵਿੱਚ ਇਸ ਸਾਲ ਹੁਣ ਤੱਕ 11.ਮਿਲੀਅਨ ਡਾਲਰ ਦਾ ਇਜ਼ਾਫਾ ਹੋਇਆ ਹੈ। ਬਲੂਮਬਰਗ ਬਿਲੀਅਨਰਜ ਇੰਡੈੱਕਸ ਵਿੱਚ ਅੰਡਾਨੀ ਦੀ ਇਸ ਸਮੇਂ ਆਮਦਨ ਕਰੀਬ 50 ਬਿਲੀਅਨ ਡਾਲਰ ਹੈ। ਵਿਸ਼ਵ ਦੇ ਸਭ ਤੋਂ ਅਮੀਰ ਲੋਕਾਂ ਦੀ ਇਸ ਸੂਚੀ ਵਿੱਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ 10ਵੇਂ ਸਥਾਨ 'ਤੇ ਹਨ।

ਗੁਰਪ੍ਰੀਤ