ਸੰਯੁਕਤ ਕਿਸਾਨ ਮੋਰਚੇ ਦੇ ਵਿਰੋਧ ਪ੍ਰਦਰਸ਼ਨ ਨੂੰ 6 ਮਾਰਚ ਨੂੰ 100 ਦਿਨ ਹੋ ਜਾਣਗੇ, ਉਸ ਤੋਂ ਪਹਿਲਾਂ  ਸੰਯੁਕਤ ਕਿਸਾਨ ਮੋਰਚੇ ਵਲੋਂ   ਕੁਝ ਅਹਿਮ ਫ਼ੈਸਲੇ ਲਏ ਗਏ ਹਨ |  ਕਿਸਾਨ ਮੋਰਚੇ ਵਲੋਂ ਚੋਣਾਂ ਵਾਲੇ ਸੂਬਿਆਂ ਦੇ ਲੋਕਾਂ ਨੂੰ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਵਿਰੋਧ ਪ੍ਰਗਟਾਉਣ ਲਈ ਪਾਰਟੀ ਨੂੰ ਹਰਾਉਣ ਦਾ ਸੱਦਾ ਦਿੱਤਾ ਗਿਆ ਹੈ | ਕਿਸਾਨਾਂ ਦੇ ਨੁਮਾਇੰਦੇ ਚੋਣਾਂ ਵਾਲੇ ਸੂਬਿਆਂ ਦਾ ਦੌਰਾ ਕਰਨਗੇ ਤੇ ਉਥੇ ਵੱਖ-ਵੱਖ ਪ੍ਰੋਗਰਾਮਾਂ 'ਚ ਹਿੱਸਾ ਵੀ ਲੈਣਗੇ ਪਰ ਕਿਸੇ ਵੀ ਪਾਰਟੀ ਲਈ ਵੋਟਾਂ ਨਹੀਂ ਮੰਗਣਗੇ | ਸੰਯੁਕਤ ਕਿਸਾਨ ਮੋਰਚੇ ਵਲੋਂ ਪੂਰੇ ਭਾਰਤ 'ਚ ਇਕ 'ਐਮ.ਐਸ.ਪੀ. ਦਿਵਾਓ ਮੁਹਿੰਮ' ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਇਸ ਮੁਹਿੰਮ ਤਹਿਤ ਵੱਖ-ਵੱਖ ਬਾਜ਼ਾਰਾਂ 'ਚ ਕਿਸਾਨਾਂ ਦੀਆਂ ਫ਼ਸਲਾਂ ਦੀਆਂ ਕੀਮਤਾਂ ਦੀ ਖੋਜ ਦੀ ਹਕੀਕਤ ਨੂੰ ਪ੍ਰਦਰਸ਼ਿਤ ਕਰਕੇ ਮੋਦੀ ਸਰਕਾਰ ਨੂੰ ਉਸ ਦੇ ਐਮ.ਐਸ.ਪੀ. ਦੇ ਵਾਅਦਿਆਂ ਦੀ ਅਸਲੀਅਤ ਯਾਦ ਕਰਵਾਈ ਜਾਵੇਗੀ |

ਇਸ ਦੌਰਾਨ ਕਿਸਾਨ ਨੇਤਾਵਾਂ ਵਲੋਂ ਦੱਸਿਆ ਜਾਵੇਗਾ ਕਿ ਵੱਖ-ਵੱਖ ਫ਼ਸਲਾਂ 'ਤੇ ਕਿਸਾਨਾਂ ਨੂੰ ਐਮ.ਐਸ.ਪੀ. ਨਾਲੋਂ 1000 ਰੁਪਏ ਘੱਟ ਮਿਲ ਰਹੇ ਹਨ | ਇਸ ਮੁਹਿੰਮ ਦੀ ਸ਼ੁਰੂਆਤ ਦੱਖਣੀ ਭਾਰਤ ਦੇ ਕਰਨਾਟਕ, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਸੂਬਿਆਂ ਤੋਂ ਕੀਤੀ ਜਾ ਰਹੀ ਹੈ | ਸੰਯੁਕਤ ਕਿਸਾਨ ਮੋਰਚੇ ਦੇ ਵਿਰੋਧ ਪ੍ਰਦਰਸ਼ਨ ਨੂੰ 6 ਮਾਰਚ ਨੂੰ 100 ਦਿਨ ਹੋ ਜਾਣਗੇ, ਉਸ ਦਿਨ ਕੇ.ਐਮ.ਪੀ. (ਵੈਸਟਰਨ ਪੇਰੀਫੇਰਲ) ਐਕਸਪ੍ਰੈਸ ਵੇਅ 'ਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ 5 ਘੰਟੇ ਲਈ ਨਾਕਾਬੰਦੀ ਕੀਤੀ ਜਾਵੇਗੀ ਤੇ ਇਥੋਂ ਦੇ ਟੋਲ ਪਲਾਜ਼ੇ ਵੀ ਟੋਲ ਫੀਸਾਂ ਇਕੱਤਰ ਕਰਨ ਤੋਂ ਮੁਕਤ ਕਰਵਾਏ ਜਾਣਗੇ | ਸੰਯੁਕਤ ਕਿਸਾਨ ਮੋਰਚੇ ਵਲੋਂ ਉਸ ਦਿਨ ਭਾਰਤ ਦੇ ਬਾਕੀ ਹਿੱਸਿਆਂ 'ਚ ਅੰਦੋਲਨ ਦੇ ਸਮਰਥਨ ਤੇ ਸਰਕਾਰ ਖ਼ਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਤੇ ਦਫ਼ਤਰਾਂ 'ਤੇ ਕਾਲੇ ਝੰਡੇ ਝੁਲਾਉਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਕਾਲੀਆਂ ਪੱਟੀਆਂ ਬੰਨ੍ਹਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਹੈ | 

ਕਿਸਾਨ ਮੋਰਚੇ ਵਲੋਂ 8 ਮਾਰਚ ਨੂੰ ਮਹਿਲਾ ਕਿਸਾਨ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਇਸ ਦਿਨ ਦੇਸ਼ ਭਰ 'ਚ ਪ੍ਰਦਰਸ਼ਨ ਸਥਾਨਾਂ 'ਤੇ ਔਰਤਾਂ ਦੀ ਵਧੇਰੇ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਸ ਦੌਰਾਨ ਔਰਤਾਂ ਹੀ ਸਮੁੱਚੇ ਪ੍ਰੋਗਰਾਮਾਂ ਦਾ ਪ੍ਰਬੰਧਨ ਕਰਨਗੀਆਂ ਤੇ ਬੁਲਾਰਾ ਵੀ ਹੋਣਗੀਆਂ | ਮੋਰਚੇ ਵਲੋਂ ਔਰਤ ਸੰਗਠਨਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵੱਡੀ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਕਿਸਾਨ ਅੰਦੋਲਨ ਦੇ ਸਮਰਥਨ 'ਚ ਮਹਿਲਾ ਕਿਸਾਨਾਂ ਦੇ ਯੋਗਦਾਨ ਨੂੰ ਦੇਸ਼ ਵਿਚ ਉਜਾਗਰ ਕੀਤਾ ਜਾ ਸਕੇ | ਸੰਯੁਕਤ ਕਿਸਾਨ ਮੋਰਚੇ ਵਲੋਂ 12 ਮਾਰਚ ਨੂੰ ਕੋਲਕਾਤਾ 'ਚ ਇਕ ਰੈਲੀ ਕੀਤੀ ਜਾਵੇਗੀ ਅਤੇ 15 ਮਾਰਚ ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਦਾ ਸਮਰਥਨ ਕੀਤਾ ਜਾਵੇਗਾ, ਜੋ ਉਸ ਦਿਨ ਕਾਰਪੋਰੇਟਾਂ ਦੇ ਵਿਰੋਧ 'ਚ 'ਨਿੱਜੀਕਰਨ ਵਿਰੋਧੀ ਦਿਵਸ' ਵਜੋਂ ਮਨਾ ਰਹੇ ਹਨ| ਸੰਯੁਕਤ ਕਿਸਾਨ ਮੋਰਚੇ ਵਲੋਂ ਮੋਦੀ  ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਜਗ ਜ਼ਾਹਰ ਕਰਨਾ ਹੈ |   ਚੋਣਾਂ ਵਾਲੇ ਸੂਬਿਆਂ ਦੇ ਲੋਕਾਂ ਨੂੰ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਵਿਰੋਧ ਪ੍ਰਗਟਾਉਣ ਲਈ ਪਾਰਟੀ ਨੂੰ ਹਰਾਉਣ ਦਾ ਸੱਦਾ ਦਿੱਤਾ ਗਿਆ ਹੈ|ਭਾਜਪਾ ਨੂੰ ਹਰਾਉਣਾ ਹੀ ਹੋਵੇਗੀ ਕਿਸਾਨਾਂ ਦੀ ਵੱਡੀ ਜਿੱਤ |ਬਾਕੀ ਰਹੀ ਕਾਲੇ ਕਨੂੰਨਾਂ ਗੱਲ ਉਹ ਤਾਂ ਰੱਦ ਕਰਵਾ ਕੇ ਹੀ ਘਰ ਵਾਪਸੀ ਕਰਾਂਗੇ|  


ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ 

ਮਮਦੋਟ [ਫਿਰੋਜ਼ਪੁਰ ]7589155501