ਮੁੰਬਈ:- ਫਿਲਮ ਅਭਿਨੇਤਰੀ ਕੰਗਨਾ ਰਨੌਤ ਸਣੇ 4 ਲੋਕਾਂ ਖਿਲਾਫ ਮੁੰਬਈ ਦੇ ਖਾਰ ਥਾਣੇ ਵਿਚ ਕਾਪੀਰਾਈਟ ਉਲੰਘਣਾ ਅਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਲਦੀ ਹੀ ਪੁਲਿਸ ਕੰਗਨਾ ਰਣੌਤ, ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ, ਕਮਲ ਕੁਮਾਰ ਜੈਨ ਅਤੇ ਅਕਸ਼ੈ ਰਣੌਤ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰ ਸਕਦੀ ਹੈ।


ਖਾਰ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਗਜਾਨਨ ਕਾਪਦੁਲੇ ਦੇ ਅਨੁਸਾਰ ਕਸ਼ਮੀਰੀ ਲੇਖਕ ਅਸ਼ੀਸ਼ ਕੌਲ ਦੀ ਸ਼ਿਕਾਇਤ ਦੇ ਅਧਾਰ ਤੇ ਅਤੇ ਬਾਂਦਰਾ ਮੈਜਿਸਟ੍ਰੇਟ ਕੋਰਟ ਦੇ ਇੱਕ ਆਦੇਸ਼ ਦੇ ਬਾਅਦ ਸ਼ੁੱਕਰਵਾਰ ਦੀ ਰਾਤ ਕੰਗਨਾ ਰਣੌਤ ਅਤੇ ਹੋਰਾਂ ਖਿਲਾਫ ਜਾਅਲਸਾਜ਼ੀ ਦਾ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਕਸ਼ਮੀਰੀ ਲੇਖਕ ਅਸ਼ੀਸ਼ ਕੌਲ ਨੇ ਆਪਣੀ ਕਿਤਾਬ ਦਿੱਧਾ : ਦ ਵਾਰੀਅਰ ਕਵੀਨ ਆਫ ਕਸ਼ਮੀਰ ਦੀ ਕਹਾਣੀ ਈਮੇਲ ਦੇ ਜ਼ਰੀਏ ਕੰਗਣਾ ਰਣੌਤ ਨੂੰ ਭੇਜੀ ਸੀ। ਕੰਗਨਾ ਰਨੌਤ ਨੇ ਇਸ ਲੇਖਕ ਦੀ ਆਗਿਆ ਤੋਂ ਬਿਨਾਂ ਜਨਵਰੀ ਵਿਚ ਇਸ ਕਹਾਣੀ 'ਤੇ ਅਧਾਰਤ ਇਕ ਫਿਲਮ ਬਣਾਉਣ ਦਾ ਐਲਾਨ ਕਰ ਦਿੱਤਾ। ਇਸ ਕਾਰਨ ਅਸ਼ੀਸ਼ ਕੌਲ ਨੇ ਮੰਗ ਕੀਤੀ ਕਿ ਕੰਗਣਾ ਖਿਲਾਫ ਸਬੰਧਤ ਅਧਿਕਾਰੀਆਂ ਕੋਲ ਕੇਸ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਕੌਲ ​​ਨੇ ਬਾਂਦਰਾ ਮੈਜਿਸਟਰੇਟ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੰਗਨਾ ਰਨੌਤ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕਰਨ ਦਾ ਆਦੇਸ਼ ਦੇਣ ਦੀ ਅਪੀਲ ਕੀਤੀ ਸੀ। ਇਸ ਮਾਮਲੇ ਵਿੱਚ ਬਾਂਦਰਾ ਮੈਜਿਸਟਰੇਟ ਕੋਰਟ ਨੇ ਕੰਗਨਾ ਰਨੌਤ ਸਮੇਤ ਚਾਰਾਂ ਉੱਤੇ ਕੇਸ ਦਰਜ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸੇ ਕਾਰਨ ਸ਼ੁੱਕਰਵਾਰ ਦੀ ਰਾਤ ਨੂੰ ਕੰਗਣਾ ਰਣੌਤ ਅਤੇ ਹੋਰਾਂ ਖਿਲਾਫ ਖਰ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਖਾਰ ਥਾਣੇ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।