ਪੰਜਾਬ ਨੈੱਟਵਰਕ, ਮੋਗਾ:- ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਉਹਨਾਂ ਨੇ ਐਲਾਨ ਕੀਤਾ ਕਿ ਆਈ ਹੋਈ ਵਜ਼ੀਫਾ ਰਾਸ਼ੀ ਵਿੱਚੋਂ 40 ਪ੍ਰਤੀਸ਼ਤ, ਜੋ ਫ਼ੀਸ ਬਣਦੀ ਹੈ, ਉਨ੍ਹੀਂ ਹੀ ਕਾਲਜ ਨੂੰ ਜਮ੍ਹਾਂ ਕਰਵਾਈ ਜਾਵੇਗੀ। ਜਦੋਂ ਤੱਕ ਕਾਲਜ ਨਹੀਂ ਮੰਨਦਾ, ਉਹਨਾਂ ਸਮਾਂ ਕੋਈ ਵੀ ਪੈਸਾ ਕਾਲਜ ਨੂੰ ਨਹੀਂ ਦਿੱਤਾ ਜਾਵੇਗਾ। ਆਉਂਣ ਵਾਲੀ 15 ਮਾਰਚ ਨੂੰ ਮੋਗਾ ਵਿਖੇ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਔਲਖ ਨੇ ਕਿਹਾ ਰਾਸ਼ੀ ਸਿਰਫ਼ 40 ਪ੍ਰਤੀਸ਼ਤ ਕਾਲਜ ਦਾ ਹਿੱਸਾ ਹੈ। 

ਬਾਕੀ ਸਾਰੇ ਵਜੀਫੇ ਦੇ ਰੂਪ ਵਿਚ ਵਿਦਿਆਰਥੀਆਂ ਦੇ ਬਣਦੇ ਹਨ। ਪਰ ਕਾਲਜ ਧੱਕਾ ਕਰ ਰਿਹਾ ਹੈਂ ਅਤੇ ਸਾਰੇ ਪੈਸੇ ਮੰਗ ਰਿਹਾ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰ ਸੁਖਦੀਪ ਕੌਰ ਅਤੇ ਇਕਬਾਲ ਸਿੰਘ ਨੇ ਕਿਹਾ ਕਿ ਵਜੀਫੇ ਦੇ ਪੈਸੇ ਦੋ ਹਿੱਸਿਆਂ ਵਿਚ ਆਉਂਦੇ ਹਨ ਇੱਕ ਹਿੱਸਾ ਪੰਜਾਬ ਸਰਕਾਰ ਦਿੰਦੀ ਹੈ ਅਤੇ ਦੂਜਾ ਹਿੱਸਾ ਕੇਂਦਰ ਸਰਕਾਰ ਵੱਲੋਂ ਆਉਂਦਾ ਹੈ। ਪਰ ਕਾਲਜ ਪੰਜਾਬ ਸਰਕਾਰ ਦੀ ਆਈ 40 ਪ੍ਰਤੀਸ਼ਤ ਰਾਸ਼ੀ ਵਿੱਚੋਂ ਆਪਣਾ ਬਣਦਾ 40 ਪ੍ਰਤੀਸ਼ਤ ਹਿੱਸਾ ਮੰਗਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਵਜੀਫੇ ਦੀ ਰਾਸ਼ੀ ਵੀ ਧੱਕੇ ਨਾਲ ਹੜੱਪਣੀ ਚਾਹੁੰਦਾ ਹੈ।

ਜੋ ਜਥੇਬੰਦੀ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਵੇਗੀ ਅਤੇ ਵਿਦਿਆਰਥੀਆਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਹੱਕਾਂ  ਦੀ ਰਾਖੀ ਕਰਨ ਲਈ ਜਦੋਂ ਤੱਕ ਲੜਨਾ ਪਿਆ, ਲੜਾਂਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਸੰਕਟ ਵਿੱਚੋਂ ਕੱਢਣ ਲਈ ਗ੍ਰਾਂਟ ਜਾਰੀ ਕਰਨੀ ਚਾਹੀਦੀ ਹੈ। ਕਿਉਂਕਿ ਵਿਦਿਆਰਥੀਆਂ ਦੇ ਪੈਸਿਆਂ ਨਾਲ ਕਾਲਜ ਨਹੀਂ ਚੱਲਣਗੇ । ਅਖੀਰ ਵਿੱਚ ਸਰਕਾਰੀ ਕਾਲਜ ਢੁੱਡੀਕੇ ਦੀ ਪੰਜਾਬ ਸਟੂਡੈਂਟਸ ਯੂਨੀਅਨ ਦੀ 25 ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ ਗਿਆ। 

ਜਿਸ ਵਿੱਚ ਸੁਖ ਹਰਮਨਜੋਤ ਕੌਰ ਗੁਰਵਿੰਦਰ ਸਿੰਘ ਨਵਜੋਤ ਕੌਰ ਜਸਪ੍ਰੀਤ ਕੌਰ ਅਕਾਸ਼ਦੀਪ ਕੌਰ ਮਨਪ੍ਰੀਤ ਕੌਰ ਜਸਪ੍ਰੀਤ ਕੌਰ ਬਲਜੀਤ ਕੌਰ ਸੁਖਦੀਪ ਕੌਰ ਜਸ਼ਨਪ੍ਰੀਤ ਕੌਰ ਪਵਨਦੀਪ ਕੌਰ ਅਕਾਸ਼ਦੀਪ ਕੌਰ, ਸੁਖਵਿੰਦਰ ਸਿੰਘ ਬਲਪ੍ਰੀਤ ਸਿੰਘ ਹਰਪਾਲ ਸਿੰਘ ਜਸਨਪ੍ਰੀਤ ਸਿੰਘ ਲਵਪ੍ਰੀਤ ਸਿੰਘ ਗੁਰਮੀਤ ਸਿੰਘ ਰਮਨਦੀਪ ਸਿੰਘ ਹਰਪ੍ਰੀਤ ਸਿੰਘ ਸਤਨਾਮ ਸਿੰਘ ਕਰਨਵੀਰ ਸਿੰਘ ਵਿਕਰਮ ਸਿੰਘ ਇਕਬਾਲ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਸਮੇਤ ਹੋਰ ਵਿਦਿਆਰਥੀ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ।