11113

ਕਿਸਾਨ ਹਮਾਇਤੀਆਂ ਅਤੇ ਕਿਸਾਨਾਂ ਨੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਨ ਮਗਰੋਂ ਸ਼ੁਕਰ ਮਨਾਇਆ ਕਿ ਉਨ੍ਹਾਂ ਨੂੰ ਹੁਣ ਨਵਾਂ ਨਾਂਅ ਮਿਲ ਗਿਆ ਹੈ। ਅੱਤਵਾਦੀ, ਵੱਖਵਾਦੀ, ਖ਼ਾਲਿਸਤਾਨੀ ਤੋਂ ਇਲਾਵਾ ਨਕਸਲੀ ਕਹਿਣ ਮਗਰੋਂ ਹੁਣ ਕਿਸਾਨਾਂ ਨੂੰ ਸਾਰੇ ਭਾਜਪਾਈ ਅਤੇ ਗੋਦੀ ਮੀਡੀਆ ਆਲੇ ਅੰਦੋਲਨਜੀਵੀ ਕਿਹਾ ਕਰਨਗੇ। ਅੰਦੋਲਨਜੀਵੀ, ਵੈਸੇ ਸੁਣਨ ਦੇ ਵਿੱਚ ਤਾਂ ਅਜ਼ੀਬ ਜਿਹਾ ਸ਼ਬਦ ਲੱਗਦਾ ਹੈ, ਪਰ ਇਸ ਦੇ ਅਰਥ ਬੜੇ ਡੂੰਘੇ ਨਿਕਲਦੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਵਿੱਚੋਂ ਹਮੇਸ਼ਾਂ ਹੀ ਅਜ਼ੀਬੋ ਗ਼ਰੀਬ ਸ਼ਬਦ ਨਿਕਲ ਹੀ ਆਉਂਦੇ ਹਨ। ਕਿਉਂਕਿ ਮੋਦੀ ਹੈਗਾ ਹੀ ਸਭ ਤੋਂ ਵੱਖਰਾ। ਵਿਅੰਗਮਈ ਤਰੀਕੇ ਦੇ ਨਾਲ ਕਿਸਾਨਾਂ ‘ਤੇ ਅੰਦੋਲਨਜੀਵੀ ਦੀ ਟਿੱਪਣੀ ਕਰਨ ਮਗਰੋਂ ਭਾਵੇਂ ਹੀ ਮੋਦੀ ਖ਼ੁਸ਼ ਹੋ ਗਿਆ ਹੋਵੇਗਾ, ਪਰ ਕਿਸਾਨ ਵੀ ਮੋਦੀ ਦੇ ਇਸ ਭਾਸ਼ਣ ਤੋਂ ਮਗਰੋਂ ਮਾਣ ਨਾਲ ਕਹਿ ਰਹੇ ਹਨ, ਕਿ ਉਹ ਅੰਦੋਲਨਜੀਵੀ ਹਨ ਅਤੇ ਉਨ੍ਹਾਂ ਦਾ ਅੰਦੋਲਨ ਉਦੋਂ ਤੱਕ ਜੀਵੀ, ਮਤਲਬ ਜਿਉਂਦਾ ਰਹੇਗਾ, ਜਦੋਂ ਤੱਕ ਸਾਡੇ ਮਹਾਨ ਇਨਕਲਾਬੀ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਗਦਰੀ ਬਾਬੇ, ਬੱਬਰ ਅਕਾਲੀ ਦੀ ਸੱਚੀ ਵਿਚਾਰਧਾਰਾ ਜ਼ਿੰਦਾ ਰਹੇਗੀ।

ਇਹ ਉਹੀ ਮਹਾਨ ਇਨਕਲਾਬੀ ਹਨ, ਜਿਨ੍ਹਾਂ ਦੀ ਸਖ਼ਤ ਮਿਹਨਤ ਅਤੇ ਸੰਘਰਸ਼ ਮਗਰੋਂ ਸਾਡਾ ਮੁਲਕ ਆਜ਼ਾਦ ਹੋਇਆ ਸੀ। ਸਾਡੇ ਮੁਲਕ ਨੇ ਆਜ਼ਾਦੀ ਹਾਸਲ ਕਰਕੇ, ਬੇਸ਼ੱਕ ਬਹੁਤ ਕੁੱਝ ਨਹੀਂ ਖੱਟਿਆ, ਪਰ ਇਨ੍ਹਾਂ ਜ਼ਰੂਰ ਮਾਣ ਹੈ ਕਿ ਅਸੀਂ ਗੋਰਿਆਂ ਕੋਲੋਂ ਆਜ਼ਾਦ ਹੋ ਗਏ ਹਾਂ। ਗੋਰਿਆਂ ਕੋਲੋਂ ਆਜ਼ਾਦੀ ਲੈ ਕੇ ਅਸੀਂ ਭੂਰਿਆਂ ਦੇ ਪੱਲੇ ਪੈ ਗਏ। ਭੂਰੇ ਹੁਣ ਵੀ ਸਾਡੀ ਲੁੱਟ ਕਰ ਰਹੇ ਹਨ। ਜਿਹੜਾ ਨਾਅਰਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੁਰਾਂ ਨੇ ਆਪਣੇ ਅੰਦੋਲਨ ਵੇਲੇ ਲਗਾਇਆ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਬੰਦ ਹੋਵੇ, ਸਭਨਾਂ ਨੂੰ ਬੋਲਣ, ਲਿਖਣ ਅਤੇ ਪੜ੍ਹਨ ਦੀ ਆਜ਼ਾਦੀ ਹੋਵੇ, ਹਰ ਵਰਗ ਦਾ ਵਿਕਾਸ ਹੋਵੇ ਅਤੇ ਸਭ ਤੋਂ ਮਹੱਤਵਪੂਰਨ ਗੱਲ ਕਿ ਵਿਚਾਰਾਂ ਦੀ ਆਜ਼ਾਦੀ ਮਨੁੱਖ ਨੂੰ ਹੋਵੇ, ਪਰ ਇਹ ਨਾਅਰੇ ਇਸ ਵੇਲੇ ਗੁੰਮਸ਼ੁਦਾ ਹੋ ਚੁੱਕੇ ਹਨ ਅਤੇ ਇਨ੍ਹਾਂ ਨੂੰ ਗੁੰਮਸ਼ੁਦਾ ਕਰਨ ਦੇ ਵਿੱਚ ਕਿਸੇ ਹੋਰ ਨੇ ਨਹੀਂ, ਬਲਕਿ ਸਮੇਂ ਦੀਆਂ ਸਰਕਾਰਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ। ਜਿਹੜੇ ਲੋਕਾਂ ਨੇ ਆਜ਼ਾਦੀ ਵਿੱਚ ਆਪਣਾ ਜੀਵਨ ਦਾਨ ਕੀਤਾ, ਉਨ੍ਹਾਂ ਦੁਆਰਾ ਕੀਤੇ ਗਏ ਸੰਘਰਸ਼ ਦਾ ਮੁੱਲ ਹਾਲੇ ਵੀ ਨਹੀਂ ਪਿਆ। ਅਗਾਂਹਵਧੂ ਲੋਕ ਹਾਲੇ ਵੀ ਇਹ ਮੰਗ ਕਰਦੇ ਆ ਰਹੇ ਹਨ ਕਿ, ਸ਼ਹੀਦ ਭਗਤ ਸਿੰਘ ਨੇ ਜੋ ਸੁਪਨਾ ਲਿਆ ਸੀ, ਉਹ ਭਾਰਤ ਉਸਾਰਿਆ ਜਾਵੇ।

ਪਰ, ਸਾਡੇ ਮੁਲਕ ‘ਤੇ ਬੈਠੇ ਹਾਕਮ ਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਉਸ ਦੇ ਸੁਪਨੇ ਨੂੰ ਲਗਾਤਾਰ ਲਤਾੜਣ ‘ਤੇ ਲੱਗੇ ਹੋਏ ਹਨ। ਇਨਕਲਾਬੀ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਗਦਰੀ ਬਾਬੇ, ਬੱਬਰ ਅਕਾਲੀ ਆਦਿ ਕ੍ਰਾਂਤੀਕਾਰੀ ਯੋਧੇ, ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ, ਉਨ੍ਹਾਂ ਨੂੰ ਹੀ ਸਾਡੇ ਦੇਸ਼ ਦੇ ਹਾਕਮ ਭੁੱਲ ਕੇ, ਅੰਦੋਲਨ-ਜੀਵੀ, ਪਰਜੀਵੀ ਤੋਂ ਇਲਾਵਾ ਹੋਰ ਪਤਾ ਨਹੀਂ ਕਿਹੜੇ ਕਿਹੜੇ ਜੀਵੀ ਦੇ ਵਿੱਚ ਰੁੱਝ ਗਏ ਹਨ। ਤਾਜ਼ਾ ਵੇਲੇ ਦੀ ਗੱਲ ਕਰੀਏ ਤਾਂ, ਭਾਜਪਾ-ਆਰਐਸਐਸ ਦੇ ਆਗੂਆਂ ਤੋਂ ਇਲਾਵਾ ਇਨ੍ਹਾਂ ਦਾ ਸਮੂਹ ਟੋਲਾ ਇਸ ਵੇਲੇ ਅੰਦੋਲਨਜੀਵੀਆਂ ਤੋਂ ਡਰਿਆ ਬੈਠਾ ਹੈ ਅਤੇ ਅੰਦੋਲਨ ਨੂੰ ਖਦੇੜਣ ਲਈ ਨਿੱਤ ਨਵੀਆਂ ਚਾਲਾਂ ਚੱਲ ਰਿਹਾ ਹੈ। ਕਿਸਾਨਾਂ ਨੇ ਤਾਂ ਕਹਿ ਦਿੱਤਾ ਹੋਇਆ ਹੈ, ਕਿ ਉਨ੍ਹਾਂ ਨੂੰ ਅੰਦੋਲਨਜੀਵੀ ਹੋਣ ‘ਤੇ ਮਾਣ ਹੈ, ਪਰ ਹੁਣ ਨਰਿੰਦਰ ਮੋਦੀ ਨੂੰ ਵੀ ਆਪਣੇ ਆਪ ‘ਤੇ ਚੌਕੀਦਾਰ ਅਤੇ ਚਾਹ ਵਾਲਾ ਹੋਣ ‘ਤੇ ਮਾਣ ਹੋਣਾ ਚਾਹੀਦਾ ਹੈ ਅਤੇ ਸੱਤਾ ਛੱਡ ਕੇ ਚਾਹਵਾਲਾ-ਜੀਵੀ, ਚੌਕੀਦਾਰ-ਜੀਵੀ ਦਾ ਨਾਅਰਾ ਲਗਾਉਣਾ ਚਾਹੀਦਾ ਹੈ। ਵੈਸੇ, ਜਿਹੜਾ ਪ੍ਰਧਾਨ ਮੰਤਰੀ ਇਹ ਨਾਅਰਾ ਲਗਾ ਰਿਹਾ ਹੈ ਕਿ ਅੰਦੋਲਨਜੀਵੀ, ਉਹਨੂੰ ਇਸ ਨਾਅਰੇ ਦੇ ਨਾਲ ਨਾਲ ਇਹ ਵੀ ਨਾਅਰਾ ਲਗਾਉਣਾ ਚਾਹੀਦਾ ਹੈ ਕਿ ਮਾਫ਼ੀਜੀਵੀ.!

ਅਜਿਹਾ, ਇਸ ਲਈ ਕਿਉਂਕਿ ਇਨ੍ਹਾਂ ਦਾ ਹੀ ਪੁਰਖੀਆ ਮੰਨਿਆ ਜਾਂਦਾ ਸਾਵਰਕਰ ਅੰਗਰੇਜ਼ਾਂ ਦੇ ਕੋਲੋਂ ਮਾਫ਼ੀਆਂ ਮੰਗ ਕੇ ਜੇਲ੍ਹਾਂ ਦੇ ਵਿੱਚੋਂ ਛੁਟਦਾ ਰਿਹਾ ਹੈ। ਦੱਸਣਾ ਬਣਦਾ ਹੈ ਕਿ ਲੰਘੇ ਦਿਨ ਰਾਜ ਸਭਾ ਵਿੱਚ ਵਿਅੰਗਮਈ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਸ਼ਬਦ ਕਹਿ ਦਿੱਤਾ। ਵੈਸੇ, ਭਾਰਤ ਦੇ ਅੰਦਰ ਇਹ ਪਹਿਲੀ ਵਾਰ ਕਿਸੇ ਪ੍ਰਧਾਨ ਮੰਤਰੀ ਨੇ ਲੋਕ ਲਹਿਰ ਦੇ ਨਾਲ ਜੁੜੇ ਲੋਕਾਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਕਿਹਾ ਹੈ। ਇਹਦੇ ਵਿੱਚ ਕੁੱਝ ਗਲ਼ਤ ਗੱਲ ਨਹੀਂ, ਪਰ ਮਾਫ਼ੀਜੀਵੀ ਵੀ ਪ੍ਰਧਾਨ ਮੰਤਰੀ ਆਪਣੇ ਮੂੰਹੋਂ ਸ਼ਬਦ ਕਹਿ ਦਿੰਦੇ ਤਾਂ, ਵਧੀਆ ਹੋ ਜਾਂਦਾ। ਮਾਫ਼ੀਜੀਵੀ ਤੋਂ ਸਿੱਧਾ ਮਤਲਬ ਇਹ ਕਿ ਭਾਜਪਾ ਅਤੇ ਆਰਐਸਐਸ ਦੇ ਨਾਲ ਜੁੜਿਆ ਸਾਵਰਕਰ, ਜਿਹੜਾ ਅੰਗਰੇਜ਼ਾਂ ਕੋਲੋਂ ਮੁਆਫ਼ੀਆਂ ਮੰਗ ਕੇ ਜੇਲ੍ਹ ਜਾਣ ਤੋਂ ਬਚਦਾ ਰਿਹਾ। ਆਜ਼ਾਦੀ ਦੀ ਲੜ੍ਹਾਈ ਵਿੱਚ ਸ਼ਹੀਦ-ਏ ਆਜ਼ਮ ਭਗਤ ਸਿੰਘ ਅਤੇ ਉਹਦੇ ਸਾਥੀਆਂ ਨੇ ਅਹਿਮ ਯੋਗਦਾਨ ਪਾਇਆ, ਪਰ ਇਸੇ ਵਿੱਚ ਹੀ ਭਗਤ ਸਿੰਘ ਹੁਰਾਂ ਦੇ ਨਾਲ ਸਾਵਰਕਰ ਜੁੜ ਗਿਆ।

ਭਗਤ ਸਿੰਘ ਦੇ ਨਾਲ ਜਦੋਂ ਸਾਵਰਕਰ ਨੂੰ ਅੰਗਰੇਜ਼ਾਂ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਤਾਂ, ਉਸ ਵੇਲੇ ਭਗਤ ਸਿੰਘ ਨੇ ਤਾਂ ਸਿਰ ਨਹੀਂ ਸੀ ਝੁਕਾਇਆ, ਪਰ ਸਾਵਰਕਰ ਮੁਆਫ਼ੀ ਮੰਗ ਕੇ ਜੇਲ੍ਹੋਂ ਬਾਹਰ ਆ ਗਿਆ ਸੀ। ਇੱਕ ਰਿਪੋਰਟ ਦੱਸਦੀ ਹੈ ਕਿ ਭਗਤ ਸਿੰਘ ਨੇ ਇੱਕ ਵਾਰ ਵੀ ਅੰਗਰੇਜ਼ਾਂ ਕੋਲੋਂ ਮਾਫ਼ੀ ਨਹੀਂ ਮੰਗੀ। ਜਦੋਂਕਿ ਸਾਵਰਕਰ ਹਰ ਵਾਰ ਅੰਗਰੇਜ਼ਾਂ ਕੋਲੋਂ ਬਚਦਾ ਰਿਹਾ ਅਤੇ ਮੁਆਫ਼ੀਆਂ ਮੰਗਦਾ ਰਿਹਾ। ਵੈਸੇ, ਜਿਹੜਾ ਸਾਵਰਕਰ ਮਾਫ਼ੀਜੀਵੀ ਹੈ, ਉਹਦੇ ਹੀ ਸੱਜੇ ਖੱਬੇ ਕਿਸਾਨਾਂ ਨੂੰ ਮੱਤ ਦੇਣ ਤੁਰ ਪਏ ਹਨ। ਕਿਸਾਨੀ ਮੋਰਚਾ ਇਸ ਵੇਲੇ ਅੱਗ ਨਾਲੋਂ ਵੀ ਬਾਹਲ਼ਾ ਤੱਤਾ ਹੋਇਆ ਪਿਆ ਹੈ, ਜਿਸ ਵਿੱਚ ਹੱਥ ਪਾਉਣ ਤੋਂ ਸਮੇਂ ਦਾ ਹਾਕਮ ਡਰ ਰਿਹਾ ਹੈ। ਹਾਕਮ ਨੂੰ ਡਰ ਲੱਗਦਾ ਹੈ ਕਿ ਕਿਤੇ ਉਹਦਾ ਨਾ ਮੱਕੂ ਠੱਪਿਆ ਜਾਵੇ। ਅੰਦੋਲਨਕਾਰੀ ਕਿਸਾਨਾਂ ਨੂੰ ਅੰਦੋਲਨਕਾਰੀ ਕਿਸਾਨ ਕਹਿਣ ਦੀ ਬਿਜਾਏ, ਦੇਸ਼ ਦਾ ਪ੍ਰਧਾਨ ਮੰਤਰੀ ਇਨ੍ਹਾਂ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਕਹਿ ਰਿਹਾ ਹੈ। ਪ੍ਰਧਾਨ ਮੰਤਰੀ ਦੇ ਮੂੰਹੋਂ ਇਹ ਗੱਲ ਸ਼ੋਭਾ ਤਾਂ ਨਹੀਂ ਦਿੰਦੀ, ਸਭ ਨੂੰ ਪਤਾ ਹੈ ਕਿ ਪੀਐਮ ਅਜਿਹਾ ਕਿਉਂ ਬੋਲ ਰਹੇ ਹਨ।

ਗੋਦੀ ਮੀਡੀਆ ਅਤੇ ਮੋਦੀ ਭਗਤਾਂ ਨੂੰ ਖ਼ੁਸ਼ ਕਰਨ ਵਾਸਤੇ, ਡਰਪੋਕ ਭਾਜਪਾਈ ਲੀਡਰ ਕਿਸਾਨਾਂ ਨੂੰ ਅੰਦੋਲਨਜੀਵੀ ਨਾਂਅ ਦੇ ਰਹੇ ਹਨ। ਵੈਸੇ, ਇਸ ਵੇਲੇ ਮੋਦੀ ਦੇ ਇਸ ਭਾਸ਼ਣ ਦੀ ਘੋਰ ਆਲੋਚਨਾ ਵੀ ਹੋ ਰਹੀ ਹੈ। ਪਰ ਕਿਸਾਨ ਅੰਦੋਲਨਜੀਵੀ ਨਾਂਅ ਤੋਂ ਖ਼ੁਸ਼ ਨਜ਼ਰੀ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਅੰਦੋਲਨਜੀਵੀ ਹਨ, ਪਰ ਮਾਫ਼ੀਜੀਵੀ ਉਹ ਲੋਕ ਹਨ, ਜਿਹੜੇ ਇਸ ਵੇਲੇ ਕੇਂਦਰੀ ਸੱਤਾ ਵਿੱਚ ਬਿਰਾਜ਼ਮਾਨ ਅੰਦੋਲਨਜੀਵੀ ਦਾ ਭਾਸ਼ਣ ਦੇ ਰਹੇ ਹਨ। ਦੱਸਣਾ ਬਣਦਾ ਹੈ ਕਿ, ਅਗਾਂਹਵਧੂ ਲੋਕ, ਪ੍ਰਧਾਨ ਮੰਤਰੀ ਨੂੰ ਯਾਦ ਕਰਵਾਉਣਾ ਚਾਹੁੰਦੇ ਹਨ ਕਿ ਉਹ ‘ਅੰਦੋਲਨਜੀਵੀ’ ਹੀ ਸੀ, ਜਿਸ ਨੇ ਭਾਰਤ ਨੂੰ ਬਸਤੀਵਾਦੀ ਸਾਸ਼ਕਾਂ ਤੋਂ ਆਜ਼ਾਦ ਕਰਵਾਇਆ ਸੀ ਅਤੇ ਇਸ ਲਈ ਸਾਨੂੰ ਇੱਕ ਅੰਦੋਲਨਜੀਵੀ ਹੋਣ ‘ਤੇ ਮਾਣ ਵੀ ਹੈ। ਉਨ੍ਹਾਂ ਕਿਹਾ ਭਾਜਪਾ ਅਤੇ ਇਸ ਦੇ ਪੁਰਖਿਆਂ ਨੇ ਅੰਗਰੇਜ਼ਾਂ ਵਿਰੁੱਧ ਕਦੇ ਕੋਈ ਲੜਾਈ ਨਹੀਂ ਲੜੀ। ਭਾਜਪਾ ਅਤੇ ਇਨ੍ਹਾਂ ਦੇ ਪੁਰਖੇ ਜਿਵੇਂ ਸਾਵਰਕਰ ਵਰਗੇ, ਜੋ ਅੰਗਰੇਜ਼ਾਂ ਦੇ ਤਲਵੇਂ ਚੱਟਦੇ ਰਹੇ ਹਨ, ਉਨ੍ਹਾਂ ਨੇ ਕਦੇ ਵੀ ਲੋਕ ਲਹਿਰ ਵਿੱਚ ਹਿੱਸਾ ਨਹੀਂ ਲਿਆ, ਸਗੋਂ ਉਹ ਹਮੇਸ਼ਾ ਲੋਕ ਲਹਿਰਾਂ ਦੇ ਵਿਰੁੱਧ ਰਹੇ ਹਨ, ਇਸ ਲਈ ਇਹ ਮਾਫ਼ੀਜੀਵੀ, ਹੁਣ ਵੀ ਲੋਕ ਲਹਿਰਾਂ ਤੋਂ ਡਰਦੇ ਹਨ। ਮੋਦੀ ਸਰਕਾਰ ਵਰਗੀਆਂ ਤਾਨਾਸ਼ਾਹ ਸਰਕਾਰਾਂ ਹੀ ਤਾਂ, ਲੋਕ ਲਹਿਰ ਨੂੰ ਅੰਦੋਲਨਜੀਵੀ ਵਿੱਚ ਤਬਦੀਲ ਕਰਦੀਆਂ ਹਨ। ਇਸ ਵੇਲੇ ਕਿਸਾਨ ਮੋਰਚਾ ਇੰਨਾਂ ਲੰਮਾ ਹੋ ਚੁੱਕਿਆ ਹੈ, ਕਿ ਜਲਦੀ ਸਮਾਪਤ ਹੋਣ ਵਾਲਾ ਨਹੀਂ, ਪਰ ਮਾਫ਼ੀਜੀਵੀ ਕਿਸਾਨਾਂ ਦੇ ਮੋਰਚੇ ਨੂੰ ਹੁਣੇ ਤੋਂ ਹੀ ਸਮਾਪਤ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ।

ਗੁਰਪ੍ਰੀਤ