ਆਜ਼ਾਦੀ ਵੇਲੇ ਜਿਹੜੀ ਜ਼ਮੀਨ ਸਾਡੇ ਇਨਕਲਾਬੀ ਲੋਕਾਂ ਨੇ ਅੰਗਰੇਜ਼ਾਂ ਦੇ ਨਾਲ ਲੜ੍ਹ ਝਗੜ ਕੇ, ਖ਼ੂਨ ਵਹਾ ਕੇ ਲਈ ਸੀ, ਉਹਨੂੰ ਮੋਦੀ ਖੋਹ ਕੇ, ਆਪਣੇ ਯਾਰਾਂ ਨੂੰ ਖ਼ੁਸ਼ ਕਰਨਾ ਚਾਹੁੰਦੈ। ਪਰ, ਇਹ ਗੱਲ ਸਾਡੇ ਅੰਨਦਾਤੇ ਅਤੇ ਕਿਰਤੀਆਂ ਨੂੰ ਪਸੰਦ ਨਹੀਂ। ਐੱਨਡੀਟੀਵੀ ਦੇ ਸੀਨੀਅਰ ਪੱਤਰਕਾਰ ਅਤੇ ਆਲੋਚਕ ਰਵੀਸ਼ ਕੁਮਾਰ ਨੇ ਆਪਣੇ ਇੱਕ ਟੀਵੀ ਪ੍ਰੋਗਰਾਮ ਦੇ ਜ਼ਰੀਏ ਕਿਹਾ ਸੀ, ਕਿ ਜਿਨ੍ਹਾਂ ਲੋਕਾਂ ਨੇ 1947 ਵੇਲੇ ਦੀ ਆਜ਼ਾਦੀ ਦੀ ਲੜ੍ਹਾਈ ਨਹੀਂ ਵੇਖੀ, ਉਹ ਦਿੱਲੀ ਬਾਰਡਰ 'ਤੇ ਜਾ ਕੇ ਆਜ਼ਾਦੀ ਦੀ ਲੜ੍ਹਾਈ ਵੇਖ ਸਕਦੇ ਹਨ। ਜਿਸ ਪ੍ਰਕਾਰ ਹੁਣ ਲੋਕ ਆਪਣੇ ਹੱਕਾਂ ਦੇ ਲਈ ਦਿੱਲੀ ਬਾਰਡਰ 'ਤੇ ਜੂਨ ਜੁਲਾਈ ਦੀ ਗਰਮੀ ਅਤੇ ਦਸੰਬਰ ਜਨਵਰੀ ਦੀ ਠੰਢ ਦੇ ਵਿੱਚ ਦਿਨ ਕੱਢ ਰਹੇ ਹਨ, ਬਿਲਕੁਲ ਇਸੇ ਤਰ੍ਹਾਂ ਹੀ ਆਜ਼ਾਦੀ ਦੀ ਲੜ੍ਹਾਈ ਵੇਲੇ ਵੀ ਲੋਕਾਂ ਨੇ ਦਿਨ ਕੱਟੇ ਸਨ। ਫ਼ਰਕ ਬਸ ਏਨਾ ਹੈ, ਕਿ ਉਦੋਂ ਆਜ਼ਾਦੀ ਗੋਰਿਆਂ ਕੋਲੋਂ ਚਾਹੀਦੀ ਸੀ ਅਤੇ ਹੁਣ ਆਜ਼ਾਦੀ ਕਾਲਿਆਂ ਕੋਲੋਂ ਚਾਹੀਦੀ ਹੈ।
ਸਾਡਾ ਮੁਲਕ ਹੀ 1947 ਦੇ ਵਿੱਚ ਆਜ਼ਾਦ ਹੋਇਆ, ਜਦੋਂਕਿ ਏਥੋਂ ਦੇ ਲੋਕ ਹਾਲੇ ਵੀ ਗ਼ੁਲਾਮੀ ਦੀਆਂ ਜ਼ੰਜੀਰਾ ਦੇ ਵਿੱਚ ਜਕੜੇ ਪਏ ਹਨ। ਲੋਕਾਂ ਨੂੰ ਗ਼ੁਲਾਮ ਬਣਾ ਕੇ, ਖ਼ੁਸ਼ ਨੇ ਸਮੇਂ ਦੀਆਂ ਸਰਕਾਰਾਂ..., ਪਰ ਸਰਕਾਰਾਂ ਇਹ ਭੁੱਲ ਚੁੱਕੀਆਂ ਹਨ, ਕਿ ਹਾਲੇ ਵੀ ਉਹ ਲੋਕ ਜਾਗਦੇ ਹਨ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਹਨ। ਜਾਗਦੀਆਂ ਜ਼ਮੀਰਾਂ ਵਾਲੇ ਲੋਕ ਕਦੇ ਮਰਦੇ ਨਹੀਂ ਅਤੇ ਆਪਣੇ ਹੱਕਾਂ ਦੇ ਲਈ ਹੀ ਹਮੇਸ਼ਾ ਲੜਦੇ ਹਨ। ਲੇਖ ਦੇ ਦੂਜੇ ਪਹਿਰੇ ਵਿੱਚ ਪੱਤਰਕਾਰ ਰਵੀਸ਼ ਕੁਮਾਰ ਦੇ ਬੋਲਾਂ ਨੇ ਸਭਨਾਂ ਨੂੰ ਇਹ ਸੋਚਣ ਲਈ ਤਾਂ ਮਜਬੂਰ ਕਰ ਹੀ ਦਿੱਤਾ ਹੋਣਾ ਹੈ ਕਿ, ਵਾਕਿਆਂ ਹੀ ਸਾਡੇ ਬਜ਼ੁਰਗਾਂ ਨੇ ਆਜ਼ਾਦੀ ਦੀ ਲੜ੍ਹਾਈ ਇੰਝ ਲੜੀ ਸੀ? ਖ਼ੈਰ, ਇਹ ਆਜ਼ਾਦੀ ਦੀ ਲੜ੍ਹਾਈ ਇੱਕ ਅਜਿਹਾ ਇਤਿਹਾਸ ਰਚ ਕੇ ਜਾਵੇਗੀ, ਜੋ ਆਉਣ ਵਾਲੇ ਕਈ ਸਾਲਾਂ ਤੱਕ ਵੀ ਇਤਿਹਾਸ ਮਿੱਟ ਨਹੀਂ ਸਕੇਗਾ।
47 ਵੇਲਾ ਜਿਹੜੇ ਲੋਕ ਭੁੱਲੇ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ, ਅਸੀਂ ਕੀ ਖੋਹ ਲਿਆ ਅਤੇ ਕੀ ਪਾ ਲਿਆ? ਨਵੰਬਰ 2020 ਦੇ ਅਖੀਰਲੇ ਹਫ਼ਤੇ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲੱਗਿਆ ਕਿਸਾਨਾਂ ਦਾ ਪੱਕਾ ਮੋਰਚਾ, ਇਸ ਸੱਤਵੇਂ ਹਫ਼ਤੇ ਵੀ ਜਾਰੀ ਹੈ ਅਤੇ ਠੰਢ ਦੇ ਦਿਨਾਂ ਵਿੱਚ ਵੀ ਇਹ ਮੋਰਚਾ ਭਾਂਬੜ ਮਚਾ ਰਿਹਾ ਹੈ। ਗੋਦੀ ਮੀਡੀਆ, ਮੋਦੀ ਸਰਕਾਰ ਅਤੇ ਇਨ੍ਹਾਂ ਦੇ ਕੁੱਝ ਭਗਤ ਫ਼ੀਲੇ ਲਗਾਤਾਰ ਕਿਸਾਨ ਮੋਰਚੇ ਨੂੰ ਕੋਸੀ ਜਾ ਰਹੇ ਹਨ, ਜਦੋਂਕਿ ਹਕੀਕਤ ਦੇ ਵਿੱਚ ਇਹ ਲੋਕ ਜਾਣਦੇ ਹੀ ਨਹੀਂ, ਕਿ ਕਿਸਾਨ ਚਾਹੁੰਦੇ ਕੀ ਹਨ? ਕਿਸਾਨ ਤਾਂ ਇਹੋ ਚਾਹੁੰਦੇ ਹਨ ਕਿ, ਖੇਤੀ ਕਾਨੂੰਨਾਂ ਨੂੰ ਮੁੱਢ ਤੋਂ ਰੱਦ ਕਰਕੇ, ਕਿਸਾਨਾਂ ਦੀ ਮਰਜ਼ੀ ਮੁਤਾਬਿਕ ਕਾਨੂੰਨ ਬਣਾ ਦਿਓ, ਪਰ ਇਹ ਗੱਲ ਸਰਕਾਰ ਦੇ ਕੰਨ ਵਿੱਚ ਪੈਂਦੀ ਹੀ ਨਹੀਂ। ਕੜਾਕੇ ਦੀ ਠੰਢ ਵਿੱਚ ਸੰਘਰਸ਼ ਕਰਨਾ ਵੈਸਾ ਤਾਂ ਕੋਈ ਸੌਖੀ ਗੱਲ ਨਹੀਂ, ਪਰ ਜਿੰਨਾ ਲੋਕਾਂ ਦੇ ਹੌਸਲੇ ਬੁਲੰਦ ਹੁੰਦੇ ਹਨ, ਉਨ੍ਹਾਂ ਦੇ ਨੇੜੇ ਵੀ ਠੰਢ ਨਹੀਂ ਲੱਗਦੀ।
ਦੱਸਣਾ ਬਣਦਾ ਹੈ, ਕਿ ਦਿੱਲੀ ਬਾਰਡਰ 'ਤੇ ਇਸ ਵੇਲੇ ਕਰੋੜਾਂ ਦੀ ਗਿਣਤੀ ਵਿੱਚ ਲੋਕ ਪਹੁੰਚ ਚੁੱਕੇ ਹਨ। ਇੰਨੇ ਲੋਕ ਤਾਂ ਕਿਸੇ ਮੇਲੇ 'ਤੇ ਵੀ ਇਕੱਠੇ ਨਹੀਂ ਹੁੰਦੇ, ਜਿੰਨੇ ਲੋਕ ਇਸ ਵੇਲੇ ਆਪਣੇ ਹੱਕਾਂ ਖ਼ਾਤਰ ਅਤੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਇਕੱਠੇ ਹੋ ਚੁੱਕੇ ਹਨ। ਬੀਬੀਆਂ ਦੇ ਵੱਡੇ ਵੱਡੇ ਜਥੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਕੇਰਲਾ, ਯੂ.ਪੀ. ਤੋਂ ਇਲਾਵਾ ਪਟਨਾ ਬਿਹਾਰ ਤੋਂ ਆ ਰਹੇ ਹਨ। ਬੀਬੀਆਂ ਦੇ ਨਾਲ ਬੱਚੇ ਵੀ ਹਨ, ਜਿੰਨਾ ਦੇ ਹੱਥ ਵਿੱਚ ਲਾਲ, ਨੀਲੇ ਅਤੇ ਪੀਲੇ ਝੰਡੇ ਹਨ। ਨਿੱਕੇ ਨਿੱਕੇ ਬੱਚਿਆਂ ਨੇ ਜਿਹੜਾ ਨਵਾਂ ਸਾਲ ਆਪਣੇ ਮਾਪਿਆਂ ਦੇ ਨਾਲ ਘਰਾਂ ਵਿੱਚ ਮਨਾਉਣਾ ਸੀ, ਉਹ ਇਸ ਵੇਲੇ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਕੇ ਤਾਨਾਸ਼ਾਹ ਹਾਕਮਾਂ ਦੀ ਲਾਹ ਪਾਹ ਕਰ ਰਹੇ ਹਨ। ਬਜ਼ੁਰਗ ਬਾਬੇ, ਜਿੰਨਾ ਦਾ ਵੇਲਾ ਹੁਣ ਬਹਿ ਕੇ ਖਾਣ ਦਾ ਸੀ, ਉਹ ਆਪਣੇ ਪੁੱਤ ਪੋਤਿਆਂ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਹਾਕਮ ਧਿਰ ਦੇ ਵਿਰੁੱਧ 'ਜੰਗ-ਏ-ਮੈਦਾਨ' ਦੇ ਵਿੱਚ ਕੁੱਦੇ ਹੋਏ ਹਨ।
ਕਿਸਾਨ ਮੋਰਚਾ, ਜੋ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ, ਉਹ ਇਸ ਵੇਲੇ ਦੁਨੀਆ ਭਰ ਦੇ ਵਿੱਚ ਇੱਕ ਮਿਸਾਲ ਕਾਇਮ ਕਰ ਗਿਆ ਹੈ ਅਤੇ ਇਹ ਮੋਰਚੇ ਦੇ ਨਾਲ ਹੁਣ ਇਕੱਲੇ ਭਾਰਤ ਦੇ ਹੀ ਨਹੀਂ, ਬਲਕਿ ਦੁਨੀਆ ਦੇ ਅਣਗਿਣਤ ਦੇਸ਼ਾਂ ਦੇ ਲੋਕ ਖੜ੍ਹੇ ਹੋ ਗਏ ਹਨ। ਕਿਸਾਨ ਮੋਰਚਾ, ਇਕੱਲੇ ਕਿਸਾਨ ਦਾ ਨਹੀਂ ਰਿਹਾ, ਬਲਕਿ ਸਮੂਹ ਲੋਕਾਂ ਦਾ ਇਹ ਮੋਰਚਾ ਬਣ ਚੁੱਕਿਆ ਹੈ। ਕਿਸਾਨ, ਜਿੰਨਾ ਦਾ ਹਰ ਸਾਲ ਨਵਾਂ ਸਾਲ ਹੀ, ਖੇਤਾਂ ਦੇ ਵਿੱਚ ਲੰਘਦਾ ਹੈ, ਪਰ ਇਸ ਵਾਰ ਕਿਸਾਨਾਂ ਦਾ ਨਵਾਂ ਸਾਲ ਖੇਤਾਂ ਦੀ ਬਿਜਾਏ, ਸੜਕਾਂ 'ਤੇ ਲੰਘਿਆ। ਕਿਸਾਨ ਨਵੇਂ ਸਾਲ 2021 ਦੇ ਪਹਿਲੇ ਦਿਨ ਵੀ ਜੋਸ਼ ਭਰੇ ਨਾਅਰਿਆਂ ਦੇ ਨਾਲ ਆਪਣੀਆਂ ਜ਼ਮੀਨਾਂ ਬਚਾਉਣ ਦੇ ਲਈ ਕੇਂਦਰ ਵਿਚਲੀ ਮੋਦੀ ਸਰਕਾਰ ਨੂੰ ਕੋਸਦੇ ਨਜ਼ਰੀ ਆਏ। ਕਿਸਾਨਾਂ ਦੇ ਵਿੱਚ ਭਰੇ ਇਸ ਜੋਸ਼ ਅਤੇ ਹੋਸ਼ ਨੂੰ ਵੇਖ ਕੇ, ਲੱਗਦਾ ਹੈ ਕਿ ਲੜ੍ਹਾਈ ਬਹੁਤ ਜਲਦ ਜਿੱਤੀ ਜਾਵੇਗੀ ਅਤੇ ਕਿਸਾਨ ਹੀ ਇਸ ਅੰਦੋਲਨ ਨੂੰ ਫ਼ਤਿਹ ਕਰਨਗੇ।
ਬੇਸ਼ੱਕ ਕਿਸਾਨਾਂ ਨੇ ਨਵੇਂ ਸਾਲ ਤੋਂ ਪਹਿਲੋਂ ਹੀ ਇਹ ਐਲਾਨ ਕਰ ਦਿੱਤਾ ਸੀ ਕਿ, ਉਹ ਜੰਗ ਜਿੱਤ ਕੇ ਹੀ ਜਸ਼ਨ ਮਨਾਉਣਗੇ, ਪਰ ਹਾਕਮ ਦੇ ਕੰਨ ਵਿੱਚ ਗੱਲ ਫਿਰ ਵੀ ਨਹੀਂ ਪਈ। ਕਿਸਾਨਾਂ ਨੇ ਬੀਤੇ ਦਿਨ ਐਲਾਨਿਆ ਸੀ ਕਿ, ਉਹ ਉਦੋਂ ਤੱਕ ਨਵੇਂ ਸਾਲ ਦੇ ਜਸ਼ਨ ਨਹੀਂ ਮਨਾਉਣਗੇ, ਜਦੋਂ ਤੱਕ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ। ਭਾਵੇਂ ਕਿ, ਬਹੁਤ ਸਾਰੇ ਕਿਸਾਨਾਂ ਨੇ ਅੱਜ ਨਵੇਂ ਸਾਲ ਦੇ ਸਬੰਧ ਵਿੱਚ ਸੰਦੇਸ਼ ਭੇਜੇ, ਪਰ ਇਹ ਸੰਦੇਸ਼ ਨਵੇਂ ਸਾਲ ਦੇ ਘੱਟ ਅਤੇ ਜੋਸ਼ ਦੇ ਜ਼ਿਆਦਾ ਭਰੇ ਹੋਏ ਸਨ। ਕਿਸਾਨਾਂ ਦੇ ਨਾਂਅ ਦੀਆਂ ਵਾਇਰਲ ਹੋ ਰਹੀਆਂ ਪੋਸਟਾਂ ਨੂੰ ਪੜ੍ਹ ਕੇ, ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ, ਕਿ ਕਿਸਾਨਾਂ ਨੂੰ ਬੁਰਾ ਭਲਾ ਕਹਿਣ ਵਾਲੇ, ਨਵੇਂ ਸਾਲ ਵਾਲੇ ਦਿਨ ਕਿਉਂ ਕਿਸਾਨਾਂ ਦੀ ਹਾਲਤ ਨਹੀਂ ਵਿਖਾ ਰਹੇ? ਅੱਜ ਸਾਰਾ ਦਿਨ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਹੱਕ ਵਿੱਚ ਹੀ ਪੋਸਟਾਂ ਵਾਇਰਲ ਹੁੰਦੀਆਂ ਰਹੀਆਂ ਅਤੇ ਇਹ ਸੁਨੇਹਾ ਸਭ ਤੋਂ ਵੱਧ ਵਾਇਰਲ ਹੋ ਰਿਹਾ ਸੀ ਕਿ, ''ਨਵਾਂ ਸਾਲ-ਕਿਸਾਨਾਂ ਨਾਲ''। ਮਤਲਬ ਕਿ, ਸਮੂਹ ਲੋਕ ਚਾਹੁੰਦੇ ਹਨ ਕਿ, ਕਿਸਾਨਾਂ ਦੀ ਜਿੱਤ ਹੋਵੇ ਅਤੇ ਉਹ ਕਿਸਾਨਾਂ ਦੇ ਨਾਲ ਰਲ ਮਿਲ ਕੇ, ਨਵੇਂ ਸਾਲ ਦੇ ਜਸ਼ਨ ਮਨਾਉਣ। ਖ਼ੈਰ, ਜੰਗ ਹਾਲੇ ਜਾਰੀ ਹੈ ਅਤੇ ਉਦੋਂ ਤੱਕ ਇਹ ਜੰਗ ਜਾਰੀ ਰਹੇਗੀ, ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਵਾਪਸ ਨਹੀਂ ਲੈ ਲੈਂਦੀ ਅਤੇ ਐਮਐਸਪੀ 'ਤੇ ਕਾਨੂੰਨ ਨਹੀਂ ਬਣਾ ਦਿੰਦੀ।

0 Comments