-ਸਕੂਲ ਵਿੱਚ ਸਾਰੀਆਂ ਸੁਵਿਧਾਵਾਂ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਨੇ ਮੁਫ਼ਤ ਮੁਹੱਈਆ: ਰਮਿੰਦਰ ਕੌਰ
-ਸਕੂਲ ‘ਚ ਸੀ.ਸੀ.ਟੀ.ਵੀ ਕੈਮਰੇ ਤੇ ਕਲਾਸ ਰੂਮ ‘ਚ ਪ੍ਰੋਜੈਕਟਰ ਲੱਗਣ ਤੋਂ ਮਗਰੋਂ ਸਕੂਲ ਦੀ ਸੁਰੱਖਿਆ ‘ਚ ਹੋਰ ਵੀ ਵਾਧਾ ਹੋਵੇਗਾ: ਸਰਪੰਚ ਜੋਰਾ ਸਿੰਘ ਬੈਦਵਾਣ

ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਲਗਾਤਾਰ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਲਈ ਅਧਿਆਪਕਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲ ਸਮਾਰਟ ਸਕੂਲ ਬਣ ਵੀ ਚੁੱਕੇ ਹਨ। ਸਰਕਾਰੀ ਸਕੂਲਾਂ ਦੇ ਅੰਦਰ ਹੁਣ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਵਧੀਆ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ, ਇਹ ਸਭ ਕੁੱਝ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲ ਅਧਿਆਪਕਾਂ ਦੀ ਦਿਨ ਰਾਤ ਮਿਹਨਤ ਦੇ ਨਾਲ ਹੀ ਸੰਭਵ ਹੋ ਸਕਿਆ ਹੈ।

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ, ਜ਼ਿਲ੍ਹਾ ਐਸ. ਏ. ਐਸ. ਨਗਰ (ਮੋਹਾਲੀ) ਦਾ ਇੱਕ ਅਜਿਹਾ ਸਕੂਲ ਹੈ, ਜਿੱਥੇ ਬੱਚਿਆਂ ਦੀ ਗਿਣਤੀ ਵਿੱਚ ਵੀ ਹਰ ਸਾਲ ਵਾਧਾ ਹੋ ਰਿਹਾ ਹੈ ਅਤੇ ਇਹ ਸਕੂਲ ਪਿਛਲੇ ਕਈ ਸਾਲਾਂ ਤੋਂ ਸੂਬੇ ਦੇ ਉੱਚ ਕੋਟੀ ਦੇ ਸਕੂਲਾਂ ਵਿੱਚ ਸ਼ਾਮਲ ਹੋ ਰਿਹਾ ਹੈ। ਸਕੂਲ ਦੀ ਬਿਲਡਿੰਗ ਤੋਂ ਲੈ ਕੇ ਸਕੂਲ ਦੇ ਅੰਦਰ ਮਿਲਣ ਵਾਲੀਆਂ ਸਮੂਹ ਸੁਵਿਧਾਵਾਂ ਦੇ ਨਾਲ ਜਿੱਥੇ ਬੱਚਿਆਂ ਦੇ ਮਾਪੇ ਖ਼ੁਸ਼ ਹਨ, ਉੱਥੇ ਹੀ ਅਧਿਆਪਕਾਂ ਨੂੰ ਵੀ ਇਸ ਸਕੂਲ ਦੇ ਅੰਦਰ ਪੂਰਨ ਸਕੂਨ ਪ੍ਰਾਪਤ ਹੋ ਰਿਹਾ ਹੈ ਅਤੇ ਲਗਾਤਾਰ ਵੱਧ ਰਹੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਵਿੱਚ ਬੱਚਿਆਂ ਦੀ ਗਿਣਤੀ ਨੇ ਅਧਿਆਪਕਾਂ ਦੇ ਹੌਂਸਲੇ ਵੀ ਬੁਲੰਦ ਕੀਤੇ ਹਨ।

ਜਾਣਕਾਰੀ ਦੇ ਮੁਤਾਬਿਕ ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਈ ਗਰਾਂਟ ਰਾਹੀ ਪਿੰਡ ਮਨੌਲੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਕਲਾਸ ਰੂਮ ਵਿੱਚ ਪ੍ਰੋਜੈਕਟਰ ਲਗਵਾਏ ਗਏ। ਜਿਸ ਨਾਲ ਸਕੂਲ ਦੀ ਸੁਰੱਖਿਆ ਵਿੱਚ ਹੋਰ ਵੀ ਵਾਧਾ ਹੋਵੇਗਾ। ਸੈਂਟਰ ਹੈੱਡ ਟੀਚਰ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਦੀ ਮੁੱਖ ਅਧਿਆਪਕਾ ਮੈਡਮ ਰਮਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਵਿਭਾਗ ਅਤੇ ਪਿੰਡ ਮਨੌਲੀ ਦੇ ਸਰਪੰਚ ਜੋਰਾ ਸਿੰਘ ਬੈਦਵਾਣ ਦੀ ਅਗਵਾਈ ਵਾਲੀ ਪੰਚਾਇਤ ਦੇ ਯਤਨਾਂ ਸਦਕਾ ਬਣਾਏ ਗਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਵਿੱਚ ਬੱਚਿਆਂ ਨੂੰ ਸਾਰੀਆਂ ਸੁਵਿਧਾਵਾਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ ਕੈਮਰੇ, ਪ੍ਰੋਜੈਕਟਰ ਸਿਸਟਮ, ਆਰ.ਓ ਵਾਟਰ ਸਿਸਟਮ, ਇੰਨਵੇਟਰ, ਲਾਇਬ੍ਰੇਰੀ, ਮਿਡ-ਡੇ-ਮੀਲ ਲਈ ਵੱਡੀ ਰਸੋਈ, ਬੱਚਿਆਂ ਲਈ ਸੁੰਦਰ ਝੁੱਲੇ, ਐਲ.ਸੀ.ਡੀ ਸਕਰੀਨਾਂ ਰਾਹੀਂ ਪੜਾਈ, ਵਾਈ.ਫਾਈ ਸਿਸਟਮ, ਹਾਈ ਕੁਆਲੀਫਾਈਡ ਸਟਾਫ਼ ਸਮੇਤ ਹੋਰ ਵੀ ਅਤਿ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤੇ ਹੋਏ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਵਿੱਚ ਬੱਚਿਆਂ ਕੋਲੋਂ ਕੋਈ ਦਾਖਲਾ ਫ਼ੀਸ ਨਹੀਂ ਲਈ ਜਾਂਦੀ, ਨਾ ਹੀ ਮਹੀਨੇਵਾਰ ਫ਼ੀਸ ਅਤੇ ਸਕੂਲ ਵਿੱਚ ਬੱਚਿਆਂ ਨੂੰ ਮੁਫ਼ਤ ਵਰਦੀ, ਮੁਫ਼ਤ ਕਿਤਾਬਾਂ, ਮੁਫ਼ਤ ਭੋਜਨ ਆਦਿ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ।

ਮੈਡਮ ਰਮਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ, ਸਮਾਰਟ ਸਕੂਲ ਬਣਨ ਤੋਂ ਪਹਿਲਾਂ ਸਕੂਲ ਵਿੱਚ ਬੱਚਿਆਂ ਦੀ ਕੁੱਲ ਗਿਣਤੀ 153 ਸੀ ਅਤੇ ਹੁਣ ਜਦੋਂ ਤੋਂ ਸਕੂਲ ਸਮਾਰਟ ਬਣ ਗਿਆ ਹੈ, ਉਸ ਤੋਂ ਬਾਅਦ ਬੱਚਿਆਂ ਦੀ ਗਿਣਤੀ ਵੱਧ ਕੇ 325 ਤੋਂ ਪਾਰ ਹੋ ਗਈ ਹੈ। ਮੈਡਮ ਰਮਿੰਦਰ ਕੌਰ ਨੇ ਕਿਹਾ ਕਿ ਅਜੇ ਵੀ ਬੱਚਿਆਂ ਦਾ ਦਾਖਲਾ ਜਾਰੀ ਹੈ। ਦੂਜੇ ਪਾਸੇ ਪਿੰਡ ਮਨੌਲੀ ਦੇ ਸਰਪੰਚ ਜੋਰਾ ਸਿੰਘ ਬੈਦਵਾਣ ਨੇ ਦੱਸਿਆ ਕਿ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਨੂੰ ਹੋਰ ਸੁਵਿਧਾਵਾਂ ਦੇਣ ਲਈ ਪੰਜਾਬ ਸਰਕਾਰ ਹਮੇਸ਼ਾ ਵਚਨਬੱਧ ਰਹੀ ਹੈ ਅਤੇ ਲਗਾਤਾਰ ਸਿੱਖਿਆ ਵਿੱਚ ਸੁਧਾਰ ਕਰਨ ਵਾਸਤੇ ਸਰਕਾਰ ਨਵੀਆਂ ਨਵੀਆਂ ਤਕਨੀਕ ਲਿਆ ਰਹੀ ਹੈ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਨੌਲੀ ਵਿੱਚ ਸੀ. ਸੀ. ਟੀ. ਵੀ ਕੈਮਰੇ ਲਗਾਉਣ ਲਈ ਪੰਜਾਬ ਸਿੱਖਿਆ ਵਿਭਾਗ ਵੱਲੋਂ ਜੋ ਗਰਾਂਟ ਜਾਰੀ ਕੀਤੀ ਗਈ ਸੀ, ਉਸ ਦੇ ਤਹਿਤ ਸਕੂਲ ਦੇ ਵਿੱਚ ਸੀਸੀਟਵੀ ਕੈਮਰੇ ਅਤੇ ਹੋਰ ਸੁਵਿਧਾਵਾਂ ਦੇ ਨਾਲ ਲੈਸ ਸਕੂਲ ਨੂੰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਸਿੱਖਿਆ ਵਿਭਾਗ ਵੱਲੋਂ ਫ਼ੈਸਲਾ ਕੀਤਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸੇਫ਼ਟੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾਣਗੇ।

ਇਸੇ ਦੇ ਤਹਿਤ ਸੀਸੀਟੀਵੀ ਕੈਮਰੇ ਲਗਾਉਣ ਤੋਂ ਇਲਾਵਾ ਸਕੂਲ ਦੇ ਅੰਦਰ ਪ੍ਰੋਜੈਕਟਰ ਸਿਸਟਮ, ਆਰ.ਓ ਵਾਟਰ ਸਿਸਟਮ, ਇੰਨਵੇਟਰ, ਲਾਇਬ੍ਰੇਰੀ, ਮਿਡ-ਡੇ-ਮੀਲ ਲਈ ਵੱਡੀ ਰਸੋਈ, ਬੱਚਿਆਂ ਲਈ ਸੁੰਦਰ ਝੁੱਲੇ, ਐਲ.ਸੀ.ਡੀ ਸਕਰੀਨਾਂ ਰਾਹੀਂ ਪੜਾਈ, ਵਾਈ.ਫਾਈ ਸਿਸਟਮ ਆਦਿ ਬੱਚਿਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਦਾਖ਼ਲਾ ਕਰਵਾਉਣ। ਇਸ ਮੌਕੇ ‘ਤੇ ਗ੍ਰਾਮ ਪੰਚਾਇਤ ਮਨੌਲੀ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਲੇਖਕਾ: ਸਵਿੰਦਰ ਕੌਰ, ਚੰਡੀਗੜ੍ਹ