ਕਰੋਨਾ ਵਾਇਰਸ ਨੇ ਬੇਸ਼ੱਕ ਤਕਰੀਬਨ ਸਾਰੇ ਕੰਮਕਾਰ ਠੱਪ ਕਰ ਦਿੱਤੇ ਹਨ। ਭਾਰਤ ਦੇ ਵਿੱਚ ਹੁਣ ਹੌਲੀ ਹੌਲੀ ਲਾਕਡਾਊਨ, ‘ਅਨਲਾਕ’ ਹੁੰਦਾ ਜਾ ਰਿਹਾ ਹੈ। ਜਿਸ ਦੇ ਕਾਰਨ ਹੌਲੀ ਹੌਲੀ ਭਾਰਤ ਦੇ ਵਿੱਚ ਕੰਮ ਚੱਲਣੇ ਸ਼ੁਰੂ ਹੋ ਗਏ ਹਨ, ਪਰ ਵਿੱਦਿਅਕ ਅਦਾਰੇ ਹਾਲੇ ਵੀ ਸਰਕਾਰ ਦੇ ਵੱਲੋਂ ਬੰਦ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਕਿਉਂਕਿ ਕਰੋਨਾ ਦੇ ਕੇਸ ਵਧਦੇ ਜਾ ਰਹੇ ਹਨ। ਜਿੱਥੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਅਧਿਆਪਕ ਸਾਹਿਬਾਨਾਂ ਦੇ ਵੱਲੋਂ ਵੀ ਬੱਚਿਆਂ ਨੂੰ ਘਰੋ ਘਰੀਂ ਜਾ ਕੇ ਜਾਗਰੂਕ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵਧਾਇਆ ਜਾ ਰਿਹਾ ਹੈ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਦਾਖਲ ਕੀਤਾ ਜਾ ਰਿਹਾ ਹੈ, ਤਾਂ ਜੋ ਸਰਕਾਰੀ ਸਕੂਲਾਂ ਵਿੱਚ ਹੋਰ ਨਿਖਾਰ ਆ ਸਕੇ।
ਕੁੱਝ ਮਹੀਨੇ ਪਹਿਲੋਂ ਹੀ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਵੱਲੋਂ ਕਰੋਨਾ ਵਾਇਰਸ ਦੇ ਕਾਰਨ ਘਰਾਂ ਦੇ ਅੰਦਰ ਬੰਦ ਬੱਚਿਆਂ ਨੂੰ ਪੜਾਈ ਕਰਵਾਉਣ ਦੇ ਲਈ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਸੀ। ਜਿਸ ਤੇ ਚੱਲਦਿਆਂ ਅਧਿਆਪਕਾਂ ਦੇ ਵੱਲੋਂ ਆਨਲਾਈਨ ਪ੍ਰਕਿਰਿਆ ਦੇ ਤਹਿਤ ਬੱਚਿਆਂ ਤੱਕ ਪੂਰੇ ਲੈਸਨ ਤੋਂ ਇਲਾਵਾ ਉਨ੍ਹਾਂ ਤੱਕ ਕਲਾਸ ਦੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਸੀ। ਅਧਿਆਪਕਾਂ ਦੇ ਵੱਲੋਂ ਜਿੱਥੇ ਬੱਚਿਆਂ ਨੂੰ ਉਨ੍ਹਾਂ ਦੀ ਪੜਾਈ ਵਿੱਚ ਰੁਚੀ ਵਧਾਉਣ ਦੇ ਲਈ ਆਨਲਾਈਨ ਨਵੇਂ ਨਵੇਂ ਤਰੀਕੇ ਦੱਸੇ ਜਾ ਰਹੇ ਹਨ, ਉੱਥੇ ਹੀ ਅਧਿਆਪਕਾਂ ਦੇ ਵੱਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਵੀ ਲਈਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਬੱਚਿਆਂ ਦੇ ਸਮੇਂ ਸਮੇਂ ਤੇ ਟੈੱਸਟ ਵੀ ਅਧਿਆਪਕਾਂ ਦੇ ਵੱਲੋਂ ਲਏ ਜਾ ਰਹੇ ਹਨ।
ਆਨਲਾਈਨ ਸਿੱਖਿਆ ਜਿਸ ਤਰੀਕੇ ਦੇ ਨਾਲ ਬੱਚਿਆਂ ਤੱਕ ਪੁੱਜ ਰਹੀ ਹੈ, ਉਸ ਦੇ ਨਾਲ ਅਧਿਆਪਕਾਂ ਦਾ ਸਮਾਂ ਅਤੇ ਊਰਜਾ ਬੱਚ ਰਹੀ ਹੈ। ਸਿੱਖਿਆ ਵਿਭਾਗ ਦੇ ਵੱਲੋਂ ਸਮੇਂ ਸਮੇਂ ‘ਤੇ ਸ਼ੁਰੂ ਕੀਤੀਆਂ ਜਾਂਦੀਆਂ ਮੁਹਿੰਮਾਂ ਅਤੇ ਪ੍ਰਾਜੈਕਟਾਂ ਦਾ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ। ਕਰੋਨਾ ਕਹਿਰ ਦੇ ਦੌਰਾਨ ਬੇਸ਼ੱਕ ਬਹੁਤ ਸਾਰੇ ਲੋਕ ਘਰਾਂ ਦੇ ਅੰਦਰ ਬੰਦ ਹਨ, ਪਰ ਸਿੱਖਿਆ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਘਰੋ ਘਰੀਂ ਜਾ ਕੇ ਬੱਚਿਆਂ ਨੂੰ ਕਰੋਨਾ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਆਨਲਾਈਨ ਪੜਾਈ ਦੇ ਨਾਲ ਵੀ ਉਨ੍ਹਾਂ ਨੂੰ ਜੋੜਿਆ ਗਿਆ ਹੈ।
ਆਨਲਾਈਨ ਪੜਾਈ ਦੇ ਤਹਿਤ ਅਧਿਆਪਕਾਂ ਦੇ ਵੱਲੋਂ ਬੱਚਿਆਂ ਦੇ ਟੈੱਸਟ ਲੈਣ ਤੋਂ ਇਲਾਵਾ ਉਨ੍ਹਾਂ ਦੀਆਂ ਜ਼ੂਮ ਐਪ ਰਾਹੀਂ ਮੀਟਿੰਗਾਂ ਵੀ ਲਈਆਂ ਜਾ ਰਹੀਆਂ ਹਨ। ਬੱਚਿਆਂ ਕੋਲੋਂ ਉਨ੍ਹਾਂ ਦੇ ਕੰਮ ਦੇ ਬਾਰੇ ਵਿੱਚ ਪੁੱਛਿਆ ਜਾ ਰਿਹਾ ਹੈ ਅਤੇ ਨਾਲ-ਨਾਲ ਜ਼ੂਮ ਐਪ ਦੇ ਰਾਹੀਂ ਵਿਦਿਆਰਥੀ ਅਧਿਆਪਕ ਤੋਂ ਸਵਾਲ ਵੀ ਪੁੱਛ ਰਹੇ ਹਨ। ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਹਨ। ਆਨਲਾਈਨ ਪੜਾਈ ਦੇ ਤਹਿਤ ਕਿਸ ਪ੍ਰਕਾਰ ਅੱਗੇ ਵਧ ਸਕਦੇ ਹਾਂ, ਉਸ ਪ੍ਰਤੀ ਵੀ ਬੱਚਿਆਂ ਜਾਗਰੂਕ ਕੀਤਾ ਜਾ ਰਿਹਾ ਹੈ।
ਇਹ ਸਭ ਕੁੱਝ ਸਿੱਖਿਆ ਸਕੱਤਰ ਦੀਆਂ ਅਥਾਹ ਕੋਸ਼ਿਸ਼ਾਂ ਦੇ ਕਾਰਨ ਹੀ ਸੰਭਵ ਹੋਇਆ ਹੈ, ਕਿਉਂਕਿ ਉਨ੍ਹਾਂ ਦੀ ਚੰਗੀ ਸੋਚ ਦੇ ਚੱਲਦਿਆਂ ਹੀ ਸਰਕਾਰੀ ਸਕੂਲਾਂ ਦੇ ਵਿੱਚ ਚੰਗੀ ਅਤੇ ਮਿਆਰੀ ਵਿੱਦਿਆ ਪਹੁੰਚ ਰਹੀ ਹੈ। ਦੱਸਣਾ ਬਣਦਾ ਹੈ ਕਿ ਬੇਸ਼ੱਕ ਸਕੂਲ ਜਦੋਂ ਲੱਗਦੇ ਸਨ, ਉਦੋਂ ਵੀ ਅਧਿਆਪਕਾਂ ਦੇ ਵੱਲੋਂ ਬੱਚਿਆਂ ਨੂੰ ਪੂਰੀ ਪੜਾਈ ਕਰਵਾਈ ਜਾ ਰਹੀ ਸੀ। ਪਰ ਕਰੋਨਾ ਦੇ ਕਾਰਨ ਸਕੂਲ ਬੰਦ ਹੋਣ ਦੇ ਚੱਲਦਿਆਂ ਵੀ ਅਧਿਆਪਕਾਂ ਦੇ ਵੱਲੋਂ ਬੱਚਿਆਂ ਤੱਕ ਚੰਗੀ ਅਤੇ ਮਿਆਰੀ ਵਿੱਦਿਆ ਪਹੁੰਚਾਈ ਜਾ ਰਹੀ ਹੈ।
ਅਧਿਆਪਕਾਂ ਦਾ ਬੱਚਿਆਂ ਪ੍ਰਤੀ ਇਸ ਵੇਲੇ ਇੰਨਾ ਜ਼ਿਆਦਾ ਪਿਆਰ ਹੈ ਕਿ ਬੱਚੇ ਖੁਦ-ਬ-ਖੁਦ ਅਧਿਆਪਕ ਨੂੰ ਮੈਸੇਜ ਅਤੇ ਫ਼ੋਨ ਦੇ ਜ਼ਰੀਏ ਆਪਣੇ ਕੰਮ ਪ੍ਰਤੀ ਦੱਸ ਰਹੇ ਹਨ। ਆਨਲਾਈਨ ਪ੍ਰਕਿਰਿਆ ਨੇ ਅਧਿਆਪਕਾਂ ਦਾ ਸਮਾਂ ਅਤੇ ਊਰਜਾ ਜਿੱਥੇ ਬਚਾਈ ਹੈ, ਉੱਥੇ ਹੀ ਬੱਚਿਆਂ ਦੇ ਵਿੱਚ ਵੀ ਨਵੀਂ ਊਰਜਾ ਪੈਦਾ ਕੀਤੀ ਹੈ। ਜਿਕਰਯੋਗ ਹੈ ਕਿ ਸਾਰੇ ਸੰਸਾਰ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਸਾਰੇ ਕਾਰਜ ਠੱਪ ਹੋ ਕੇ ਰਹਿ ਗਏ ਹਨ। ਇਹਨਾਂ ਹਾਲਾਤਾਂ ਵਿੱਚ ਸਰਕਾਰ ਵੱਲੋਂ ਇਹਤਿਆਤ ਵਜੋਂ ਸਕੂਲ ਬੰਦ ਕਰਨ ਕਾਰਨ ਸਿੱਖਿਆ ਦੇ ਖੇਤਰ ਵਿੱਚ ਵੀ ਕਾਫ਼ੀ ਪ੍ਰਭਾਵ ਪਿਆ ਹੈ।
ਸਿੱਖਿਆ ਵਿਭਾਗ ਪੰਜਾਬ ਵੱਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਬੰਦ ਕੀਤੇ ਗਏ ਹਨ। ਬੱਚਿਆਂ ਦੀ ਪੜਾਈ ਦਾ ਨੁਕਸਾਨ ਨਾ ਹੋਵੇ, ਇਸ ਨੂੰ ਧਿਆਨ ਵਿੱਚ ਰੱਖਦਿਆਂ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਆਨਲਾਈਨ ਪੜਾਈ ਉਪਲਬਧ ਕਰਵਾਉਣ ਲਈ ਕਰਫ਼ਿਊ ਸ਼ੁਰੂ ਹੋਣ ਸਮੇਂ ਤੋਂ ਹੀ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਰੇਡੀਉ, ਟੈਲੀਵਿਜ਼ਨ, ਯੂ-ਟਿਊਬ, ਵਟਸਐੱਪ, ਜ਼ੂਮ ਐਪ, ਗੂਗਲ ਡਰਾਈਵ ਅਤੇ ਹੋਰ ਸੋਸ਼ਲ ਨੈੱਟਵਰਕਿੰਗ ਰਾਹੀਂ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੁਸ਼ਕਲ ਦੌਰ ਵਿੱਚ ਬੱਚਿਆਂ ਨੂੰ ਪੜਾਈ ਨਾਲ ਜੋੜਨ ਲਈ ਆਨਲਾਈਨ ਪੜਾਈ ਵਰਦਾਨ ਸਾਬਤ ਹੋਈ ਹੈ। ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਲਈ ਡੀ.ਡੀ. ਪੰਜਾਬੀ ਅਤੇ ਸਵਯਮ ਪ੍ਰਭਾ-20 ਰਾਹੀਂ ਕਲਾਸਾਂ ਦੀ ਪੜਾਈ ਕਰਵਾਉਣ ਲਈ ਕੀਤੀ ਪਹਿਲਕਦਮੀ ਅਤੇ ਸਮਾਜ ਨੂੰ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਸਮਾਜ ਦੇ ਸਾਰੇ ਵਰਗਾਂ ਵੱਲੋਂ ਸਿੱਖਿਆ ਵਿਭਾਗ ਦੀ ਰੱਜ ਕੇ ਤਾਰੀਫ ਕੀਤੀ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਦੀਆਂ ਟੈਲੀਵਿਜ਼ਨ ਰਾਹੀਂ ਰੋਜ਼ਾਨਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਇਹਨਾਂ ਕਲਾਸਾਂ ਦਾ ਵਿਦਿਆਰਥੀ ਭਰਪੂਰ ਲਾਹਾ ਲੈ ਰਹੇ ਹਨ। ਰੋਜ਼ਾਨਾ ਕਲਾਸਾਂ ਲੱਗਣ ਕਾਰਨ ਵਿਦਿਆਰਥੀ ਸਕੂਲ ਵਾਂਗ ਮਹਿਸੂਸ ਕਰ ਰਹੇ ਹਨ ਅਤੇ ਉਹ ਇਨ੍ਹਾਂ ਕਲਾਸਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿੰਦੇ ਹਨ। ਟੈਲੀਵਿਜ਼ਨ ਰਾਹੀਂ ਕਲਾਸਾਂ ਦੀ ਸਮਾਪਤੀ ਉਪਰੰਤ ਵਿਦਿਆਰਥੀਆਂ ਨੂੰ ਘਰ ਲਈ ਕੰਮ ਵੀ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਵੱਲੋਂ ਸਾਰੇ ਵਿਦਿਆਰਥੀਆਂ ਦੀ ਪੜਾਈ ਦਾ ਧਿਆਨ ਰੱਖਦਿਆਂ ਸਿੱਖਿਆ ਵਿਭਾਗ ਵੱਲੋਂ ਭੇਜੀ ਜਾ ਰਹੀ ਸਿੱਖਣ-ਸਮੱਗਰੀ ਨੂੰ ਸਰਕਾਰੀ ਸਕੂਲਾਂ ਵਿੱਚ ਨਾ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਭੇਜਿਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਤੀ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜਾਉਣ ਵਾਲੇ ਮਾਪੇ ਵੀ ਸਿੱਖਿਆ ਵਿਭਾਗ ਵੱਲੋਂ ਭੇਜੀ ਜਾ ਰਹੀ ਸਿੱਖਣ-ਸਮੱਗਰੀ ਦੀ ਤਾਰੀਫ ਕਰਦੇ ਨਹੀਂ ਥੱਕਦੇ।
ਬਹੁਤ ਸਾਰੇ ਮਾਪੇ ਸਿੱਖਿਆ ਸਕੱਤਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਰਹੇ ਹਨ। ਬੱਚਿਆਂ ਨੂੰ ਪੜਾਈ ਨਾਲ ਜੋੜੀ ਰੱਖਣ ਲਈ ਵਿਭਾਗ ਵੱਲੋਂ ਭੇਜੀ ਸਿੱਖਣ-ਸਮੱਗਰੀ ਅਤੇ ਟੈਲੀਵਿਜ਼ਨ ਰਾਹੀਂ ਲਗਾਈਆਂ ਜਾ ਰਹੀਆਂ ਆਨਲਾਈਨ ਕਲਾਸਾਂ ਵਰਦਾਨ ਸਾਬਤ ਹੋ ਰਹੀਆਂ ਹਨ, ਜਿਸ ਦਾ ਬੱਚੇ ਭਰਪੂਰ ਲਾਹਾ ਲੈ ਰਹੇ ਹਨ।
ਦੱਸਣਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਵੱਲੋਂ ਪਿਛਲੇ ਲਗਭਗ 3 ਸਾਲਾਂ ਦੌਰਾਨ ਸਿੱਖਿਆ ਵਿਭਾਗ ਦੀ ਕੀਤੀ ਕਾਇਆ ਕਲਪ, ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਪਾਉਂਦੇ ਬਣੇ ਸਮਾਰਟ ਸਕੂਲ, ਗੁਣਾਤਮਿਕ ਸਿੱਖਿਆ ਦੇ ਪੱਧਰ ਵਿੱਚ ਹੈਰਾਨੀਜਨਕ ਸੁਧਾਰਾਂ ਦੇ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗੇ ਹਨ। ਜਿਸ ਦੀ ਤਾਜ਼ਾ ਮਿਸਾਲ ਨਵੇਂ ਵਿੱਦਿਅਕ ਵਰ੍ਹੇ ਵਿੱਚ ਕਰੋਨਾ ਮਹਾਂਮਾਰੀ ਅਤੇ ਲਾਕਡਾਊਨ ਦੇ ਮੁਸ਼ਕਿਲ ਹਲਾਤਾਂ ਵਿੱਚ ਵੀ ਆਮ ਲੋਕਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਮੂਹ ਨੋਡਲ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ ਟੀਮ, ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਤੇ ਸਭ ਤੋਂ ਵੱਧ ਸਕੂਲ ਮੁਖੀ ਅਤੇ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕ ਲਾਕਡਾਊਨ ਦੇ ਮੁਸ਼ਕਿਲ ਹਲਾਤਾਂ ਵਿੱਚ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜ ਕੇ ਰੱਖਣ ਲਈ ਸਿਰਤੋੜ ਯਤਨ ਕਰ ਰਹੇ ਹਨ, ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਰਕਾਰੀ ਸਕੂਲਾਂ ਦੇ ਦਾਖ਼ਲੇ ਵਿੱਚ ਪਿਛਲੇ ਸਾਲ ਨਾਲੋਂ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਸਰਕਾਰੀ ਸਕੂਲਾਂ ਵਿੱਚ ਪਹਿਲੋਂ ਤੋਂ ਪੜ੍ਹ ਰਹੇ ਵਿਦਿਆਰਥੀਆਂ ਦੀ ਚੰਗੀ ਕਾਰਗੁਜ਼ਾਰੀ ਅਤੇ ਪਿਛਲੇ ਸਮੇਂ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਂਵਾਂ ਵਿੱਚ ਹਾਸਲ ਕੀਤੀਆਂ ਚੰਗੀਆਂ ਪੁਜ਼ੀਸ਼ਨਾਂ ਕਾਰਨ ਇੱਕ ਵਾਰ ਫਿਰ ਤੋਂ ਆਮ ਲੋਕਾਂ ਨੂੰ ਸਰਕਾਰੀ ਸਕੂਲਾਂ ਨਾਲ ਜੋੜਿਆਂ ਹੈ।
ਸਰਕਾਰੀ ਸਕੂਲਾਂ ਦੇ ਵਿਦਿਆਰਥੀਆ ਲਈ ਜਿੱਥੇ ਟੈਲੀਵਿਜ਼ਨ ਦੇ ਮਾਧਿਅਮ ਰਾਂਹੀ ਪੜਾਈ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਹੀ ਵਿਭਾਗ ਦੇ ਅਧਿਆਪਕ ਦਿਨ ਰਾਤ ਇੱਕ ਕਰਕੇ ਵੱਖ ਵੱਖ ਆਨਲਾਈਨ ਮਾਧਿਅਮ ਜਿਸ ਤਰਾਂ ਜ਼ੂਮ ਐਪ ਰਾਂਹੀ, ਵਟਸ ਐਪ ਰਾਂਹੀ ਵੀਡੀਉ ਲੈਕਚਰ ਭੇਜਣੇ ਅਤੇ ਇਸ ਤੋਂ ਇਲਾਵਾ ਜ਼ਰੂਰਤ ਅਨੁਸਾਰ ਟੈਲੀਫ਼ੋਨ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨਾਲ ਰਾਬਤਾ ਰੱਖਦੇ ਹੋਏ, ਉਨ੍ਹਾਂ ਨੂੰ ਸਿੱਖਿਆ ਨਾਲ ਜੋੜ ਕੇ ਰੱਖਿਆ ਗਿਆ ਹੈ।
ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਰਾਹੀਂ ਚਲਾਏ ਜਾ ਰਹੇ ‘ਮਿਸ਼ਨ ਫ਼ਤਿਹ’ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਦੁਆਰਾ ਤਨਦੇਹੀ ਨਾਲ ਕੰਮ ਕਰਦੇ ਹੋਏ ਘਰ ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਮਾਸਕ ਪਹਿਨਣ ਅਤੇ 2 ਗਜ ਦੀ ਦੂਰੀ ਰੱਖਣ ਲਈ ਜਾਗਰੂਕ ਕੀਤਾ ਗਿਆ, ਤਾਂ ਜੋ ਇਸ ਨਾਮੁਰਾਦ ਬਿਮਾਰੀ ਤੋ ਬੱਚਿਆ ਜਾ ਸਕੇ। ਦੱਸ ਦਈਏ ਕਿ ਸਿੱਖਿਆ ਵਿਭਾਗ ਦੇ ਅਧਿਆਪਕ ਜਿੱਥੇ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਸਿੱਖਿਆ ਨਾਲ ਜੋੜ ਕੇ ਰੱਖਣ ਲਈ ਸਿਰਤੋੜ ਯਤਨ ਕਰ ਰਹੇ ਹਨ, ਉੱਥੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮਿਸ਼ਨ ਫ਼ਤਿਹ ਵਿੱਚ ਵੀ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਆਨਲਾਈਨ ਪੜਾਈ ਦੇ ਕਾਰਨ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਇਆ ਹੈ ਅਤੇ ਇਸ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ, ਦੋਵਾਂ ਦਾ ਹੀ ਸਮਾਂ ਅਤੇ ਊਰਜਾ ਬਚੀ ਹੈ।

ਪਰਮਜੀਤ ਕੌਰ ਸਿੱਧੂ
98148-90905
98148-90905

0 Comments