ਜਦੋਂ ਵੀ ਦੇਸ਼ ‘ਤੇ ਕੋਈ ਸੰਕਟ ਪੈਂਦਾ ਹੈ ਤਾਂ, ਮਨ ਦੇ ਅੰਦਰ ਕਈ ਵਲਵਲੇ ਉੱਠਦੇ ਹਨ ਕਿ ਕਿਉਂ ਨਾ ਇਹਦੇ ‘ਤੇ ਲਿਖਿਆ ਜਾਵੇ। ਪਰ ਫਿਰ ਸੋਚਦੇ ਹਾਂ ਕਿ ਲਿਖ ਤਾਂ ਦੇਈਏ, ਸੁਣੇਗਾ ਕੌਣ? ਦੁਨੀਆ ਭਰ ਵਿਚ ਇਸ ਵੇਲੇ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਦੇ ਵਿਚ ਵੀ ਕੋਰੋਨਾ ਵਾਇਰਸ ਦੇ ਕੇਸ ਦਿਨ ਪ੍ਰਤੀ ਦਿਨ ਵਧਦੇ ਜਾ ਰਹੇ ਹਨ। ਸਾਡੀਆਂ ਸਰਕਾਰਾਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੋਰੋਨਾ ਵਾਇਰਸ ਦੇ ਨਾਲ ਪੀੜਤਾਂ ਮਰੀਜ਼ਾਂ ਦੀ ਗਿਣਤੀ ਨੂੰ ਕੰਟਰੋਲ ਕੀਤਾ ਜਾਵੇ, ਪਰ ਵਿਗੜੇ ਰਹੇ ਹਲਾਤਾਂ ਕਾਰਨ ਕੋਰੋਨਾ ਦੇ ਮਰੀਜ਼ ਵਧਦੇ ਜਾ ਰਹੇ ਹਨ।
ਕੋਰੋਨਾ ਕਹਿਰ ਦੇ ਚੱਲਦਿਆਂ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਵਿਚ 22 ਮਾਰਚ 2020 ਨੂੰ ਪਹਿਲਾ ਤਾਲਾਬੰਦੀ ਅਤੇ ਕਰਫ਼ਿਊ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਕਈ ਦਿਹਾੜੀਦਾਰ ਮਜ਼ਦੂਰ ਵਿਹਲੇ ਹੋ ਗਏ ਸਨ। ਭਾਰਤ ਦੇ ਵਿਚ ਜ਼ਿਆਦਾਤਰ ਮਜ਼ਦੂਰ ਤਬਕਾ ਫ਼ੈਕਟਰੀਆਂ ਕਾਰਖ਼ਾਨਿਆਂ ਤੋਂ ਇਲਾਵਾ ਭੱਠਿਆਂ ‘ਤੇ ਕੰਮ ਕਰਦਾ ਹੈ। ਕਈ ਮਜ਼ਦੂਰ ਖੇਤਾਂ ਵਿਚ ਕਿਸਾਨਾਂ ਦੇ ਨਾਲ ਕੰਮ ਵੀ ਕਰਦੇ ਹਨ। ਜਦੋਂ ਤਾਲਾਬੰਦੀ ਅਤੇ ਕਰਫ਼ਿਊ ਦਾ ਦੇਸ਼ ਭਰ ਵਿਚ ਐਲਾਨ ਹੋਇਆ ਤਾਂ, ਇਹ ਮਜ਼ਦੂਰ ਬਿਲਕੁਲ ਖ਼ਾਲੀ ਹੱਥੀਂ ਹੋ ਗਏ। ਕਿਉਂਕਿ ਏਨਾ ਦੇ ਕੋਲ ਨਾ ਤਾਂ ਪੈਸਾ ਬਚਿਆ ਅਤੇ ਨਾ ਹੀ ਕੋਈ ਖਾਣਾ ਦੇਣ ਵਾਲਾ।
ਸਰਕਾਰ ਨੇ ਆਪਣੇ ਪੱਧਰ ‘ਤੇ ਪੂਰੀ ਕੋਸ਼ਿਸ਼ ਕੀਤੀ ਕਿ ਹਰ ਗ਼ਰੀਬ ਦੇ ਕੋਲ ਖਾਣਾ ਪੁੱਜਦਾ ਹੋ ਜਾਵੇ, ਪਰ ਕੁੱਝ ਕੁ ਵਿਚਾਰੇ ਰਹਿ ਗਏ। ਫ਼ੈਕਟਰੀਆਂ ਅਤੇ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਜਦੋਂ ਤਨਖ਼ਾਹ ਆਦਿ ਮਿਲਣੀ ਬੰਦ ਹੋ ਗਈ ਤਾਂ, ਉਨ੍ਹਾਂ ਦੇ ਚੁੱਲੇ ਠੰਢੇ ਪੈਣੇ ਸ਼ੁਰੂ ਹੋ ਗਏ। ਇੱਕ ਵੇਲੇ ਦੀ ਵੀ ਗ਼ਰੀਬ ਰੋਟੀ ਨੂੰ ਤਰਸਣ ਲੱਗੇ। ਮਜ਼ਦੂਰਾਂ ਨੇ ਸਲਾਹ ਕੀਤੀ ਕਿ ਕਿਉਂ ਨਾ, ਇੱਥੇ ਭੁੱਖੇ ਮਰਨ ਨਾਲੋਂ ਚੰਗਾ ਹੈ ਕਿ ਆਪਣੇ ਸੂਬੇ ਵੱਲ ਹੀ ਵਾਪਸ ਚੱਲ ਪਈਏ, ਉੱਥੇ ਜਾ ਕੇ ਕੋਈ ਕੰਮ ਧੰਦਾ ਮਾੜਾ ਮੋਟਾ ਕਰਕੇ, ਗੁਜ਼ਾਰੇ ਜੋਗੇ ਹੋ ਜਾਵਾਂਗੇ।
ਮਾਰਚ ਦੇ ਆਖ਼ਰੀ ਹਫ਼ਤੇ ਤੋਂ ਮਜ਼ਦੂਰ ਕੋਈ ਪੈਦਲ, ਕੋਈ ਸਾਈਕਲਾਂ ‘ਤੇ, ਕੋਈ ਰੇਲ ਪਟੜੀਆਂ ਰਾਹੀਂ ਅਤੇ ਕਈ ਮਜ਼ਦੂਰ ਹੋਰਨਾਂ ਸਾਧਨਾਂ ਰਾਹੀਂ ਆਪਣੇ ਜੱਦੀ ਘਰਾਂ ਨੂੰ ਚਾਲੇ ਪਾਉਣ ਲੱਗ ਪਏ। ਤੁਰਦੇ ਤੁਰਦੇ ਕਈਆਂ ਦੀਆਂ ਤਾਂ ਚੱਪਲਾਂ ਤੱਕ ਘਸ ਗਈਆਂ। ਇਸ ਦਾ ਇੱਕੋ ਇੱਕ ਕਾਰਨ ਸੀ, ਕਿ ਜੇਕਰ ਮਜ਼ਦੂਰਾਂ ਨੂੰ ਕਾਰਖ਼ਾਨਿਆਂ ਦੇ ਮਾਲਕਾ, ਫ਼ੈਕਟਰੀਆਂ ਦੇ ਮਾਲਕ ਇਸ ਤਰਾਂ ਬੇਸਹਾਰਾ ਨਾ ਛੱਡਦੇ ਤਾਂ, ਉਹ ਵੀ ਇੱਥੇ ਰਹਿ ਕੇ ਦੋ ਵੇਲੇ ਦੀ ਨਾ ਸਹੀ, ਇੱਕ ਵੇਲੇ ਦੀ ਤਾਂ ਰੋਟੀ ਖਾਂਦੇ। ਵੱਡਿਆਂ ਘਰਾਨਿਆਂ ਨੇ ਮਜ਼ਦੂਰਾਂ ਨੂੰ ਇੰਜ ਆਪਣੇ ਨਾਲੋਂ ਤੋੜ ਦਿੱਤਾ, ਜਿਵੇਂ ਮਜ਼ਦੂਰਾਂ ਨੇ ਉਨ੍ਹਾਂ ਕੋਲ ਕੋਈ ਕੰਮ ਕਰ ਕੇ ਗੁਨਾਹ ਕੀਤਾ ਹੁੰਦਾ ਹੈ।
ਦੇਸ਼ ਦਾ ਤਕਰੀਬਨ ਹੀ ਸਿਸਟਮ ਪ੍ਰਵਾਸੀ ਮਜ਼ਦੂਰ ਚਲਾਉਂਦੇ ਹਨ, ਜਿਸ ਦੇ ਕਾਰਨ ਉਕਤ ਸਿਸਟਮ ਤਾਂ ਪਹਿਲੋਂ ਹੀ ਕਰੋਨਾ ਦੇ ਕਾਰਨ ਬੰਦ ਹੋ ਚੁੱਕਿਆ ਸੀ, ਪਰ ਜੋ ਵੱਡਾ ਧੱਕਾ ਵੱਡੇ, ਘਰਾਨਿਆਂ ਨੇ ਲਗਾਇਆ, ਉਹ ਬਰਦਾਸ਼ਤ ਕਰਨਯੋਗ ਨਹੀਂ ਸੀ। ਭੱਠਿਆਂ ਵਾਲਿਆਂ ਨੇ ਵੀ ਆਪਣੇ ਜ਼ਿਆਦਾਤਰ ਮਜ਼ਦੂਰਾਂ ਨੂੰ ਆਪਣੇ ਭੱਠੇ ਤੋਂ ਜਾਣ ਲਈ ਮਜਬੂਰ ਕਰ ਦਿੱਤਾ। ਮਜ਼ਦੂਰਾਂ ਦਾ ਇੱਥੇ ਕੋਈ ਪੱਕਾ ਘਰ ਬਾਹਰ ਤਾਂ ਹੈ ਨਹੀਂ ਸੀ, ਉਹ ਵਿਚਾਰੇ ਔਖੇ ਪੈਂਡੇ ਹੀ ਘਰਾਂ ਨੂੰ ਜਾਣ ਲੱਗ ਪਏ। ਜਦੋਂਕਿ ਚਾਹੀਦਾ ਤਾਂ, ਇਹ ਸੀ ਕਿ ਭੱਠਿਆਂ ਦੇ ਮਾਲਕ ਮਜ਼ਦੂਰਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਦਾ ਪ੍ਰਬੰਧ ਕਰਦੇ। ਸਰਕਾਰ ਜਿੰਨੇ ਜੋਗੀ ਸੀ, ਉਨ੍ਹਾਂ ਨੇ ਮਜ਼ਦੂਰਾਂ ਦੀ ਮਦਦ ਕੀਤੀ, ਪਰ ਫ਼ੈਕਟਰੀਆਂ ਕਾਰਖ਼ਾਨਿਆਂ ਅਤੇ ਭੱਠਿਆਂ ਵਾਲਿਆਂ ਨੇ ਮਜ਼ਦੂਰਾਂ ਦੀ ਬਾਂਹ ਛੱਡ ਦਿੱਤੀ।
ਘਰ ਜਾਂਦੇ ਸਮੇਂ ਮਜ਼ਦੂਰਾਂ ਨੂੰ ਕਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮਜ਼ਦੂਰ, ਜਿਹੜੇ ਕਿ ਵਿਚਾਰੇ ਪਹਿਲੋਂ ਹੀ ਕਈ ਦੁੱਖ ਤਕਲੀਫ਼ਾਂ ਦੇ ਮਾਰੇ ਹੋਏ ਸਨ, ਉਹ ਕਈ ਮੁਸੀਬਤਾਂ ਦੇ ਰਸਤੇ ਵਿਚ ਹੀ ਸ਼ਿਕਾਰ ਹੋ ਗਏ। ਕਈ ਮਜ਼ਦੂਰ ਵਿਚਾਰੇ ਸੜਕ ਹਾਦਸਿਆਂ ਵਿਚ ਮਾਰੇ ਗਏ, ਕਈ ਵਿਚਾਰੇ ਰੇਲ ਪਟੜੀਆਂ ‘ਤੇ ਮਾਰੇ ਗਏ, ਕਈਆਂ ਨੇ ਭੁੱਖ ਕਾਰਨ ਦਮ ਤੋੜ ਦਿੱਤਾ ਅਤੇ ਕਈ ਵਿਚਾਰਿਆਂ ਨੂੰ ਤਾਂ, ਇਹ ਵੀ ਨਹੀਂ ਸੀ ਪਤਾ ਕਿ ਕਦੋਂ ਉਹ ਘਰ ਜਾਣਗੇ ਅਤੇ ਉੱਥੇ ਬਹਿ ਕੇ ਚੰਗੀ ਤਰਾਂ ਭੋਜਨ ਛਕਣਗੇ। ਇੱਕ ਤਸਵੀਰ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋਈ, ਜਿਸ ਨੇ ਮੇਰੇ ਮਨ ਨੂੰ ਬਹੁਤ ਦੁੱਖ ਪਹੁੰਚਾਇਆ, ਕਿਉਂਕਿ ਉਹ ਤਸਵੀਰ ਹੀ ਐਸੀ ਸੀ, ਕਿ ਉਸ ਨੂੰ ਵੇਖ ਕੇ ਹਰ ਕੋਈ ਰੋਣ ਵਰਗਾ ਹੋ ਜਾਂਦਾ।
ਤਸਵੀਰ ਦੇ ਵਿਚ ਦੇ ਵਿਚ ਇੱਕ ਛੋਟਾ ਜਿਹਾ ਬੱਚਾ ਆਪਣੇ ਮਾਲਕ ਦੇ ਜੁੱਤੇ ਸਾਫ਼ ਕਰ ਰਿਹਾ ਹੁੰਦਾ ਹੈ। ਮਾਲਕ ਬੱਚੇ ਦੇ ਮੋਢੇ ‘ਤੇ ਪੈਰ ਧਰਦਾ ਹੈ ਅਤੇ ਉਸ ਬੱਚੇ ਨੂੰ ਦੂਜਾ ਜੁੱਤਾ ਸਾਫ਼ ਕਰਨ ਲਈ ਆਖਦਾ ਹੈ।
”ਮਜ਼ਦੂਰ ਦਾ ਬੱਚਾ ਆਪਣੇ ਮਾਲਕ ਨੂੰ ਕਹਿੰਦਾ, ਹੁਣ ਅਸੀਂ ਤਾਂ ਸ਼ਹਿਰ ਛੱਡ ਦਿੱਤਾ ਹੈ, ਤੁਸੀਂ ਹੁਣ ਜੁੱਤੇ ਕਿਸ ਤੋਂ ਬਣਵਾਉਗੇ ਸਾਹਬ? ਹੁਣ ਬੇਬਸ ਕਿਸ ਨੂੰ ਕਹੋਗੇ ਅਤੇ ਆਪਣੀ ਅਮੀਰੀ ਕਿਸ ਨੂੰ ਦਿਖਾਉਗੇ ਸਾਹਬ”।
ਮਜ਼ਦੂਰ ਬੱਚੇ ਦੁਆਰਾ ਕਹੇ ਗਏ, ਇਹ ਸ਼ਬਦ ਇੰਨੇ ਦਰਦ ਭਰੇ ਹਨ ਕਿ ਕੋਈ ਆਖਣ ਦੀ ਗੱਲ ਨਹੀਂ। ਜਿਹੜਾ ਅਮੀਰ ਵਿਅਕਤੀ ਜੁੱਤਿਆਂ ਦੇ ਫੀਤੇ ਵੀ ਮਜ਼ਦੂਰ ਬੱਚੇ ਕੋਲੋਂ ਬਣਵਾਉਂਦਾ ਸੀ, ਉਸ ਨੇ ਵੀ ਮਜ਼ਦੂਰ ਬੱਚੇ ਨੂੰ ਘਰੇ ਘੱਲਣ ਨੂੰ ਮਜਬੂਰ ਕਰ ਦਿੱਤਾ।
ਜਿਸ ਬੱਚੇ ਨੇ ਨਿੱਕੀ ਉਮਰ ਤੋਂ ਹੀ ਆਪਣੇ ਮਾਲਕ ਦਾ ਕਹਿਣਾ ਮੰਨਣਾ ਸਿੱਖ ਲਿਆ, ਉਸੇ ਬੱਚੇ ਨੂੰ ਹੀ ਅਮੀਰ ਵਿਅਕਤੀ ਨੇ ਠੁੱਡਾ ਮਾਰ ਦਿੱਤਾ। ਜੇਕਰ ਇਹੀ ਅਮੀਰ ਵਿਅਕਤੀ ਨੇ, ਜਿੰਨਾ ਨੇ ਮਜ਼ਦੂਰਾਂ ਨੂੰ ਪਹਿਲੋਂ ਰੁਜ਼ਗਾਰ ਦਿੱਤਾ ਸੀ, ਜੇਕਰ ਤਾਲਾਬੰਦੀ ਅਤੇ ਕਰਫ਼ਿਊ ਦੇ ਦੌਰਾਨ ਉਨ੍ਹਾਂ ਗ਼ਰੀਬਾਂ ਦੀ ਮਦਦ ਕਰਦੇ ਤਾਂ, ਕਿੰਨਾ ਚੰਗਾ ਹੁੰਦਾ ਅਤੇ ਉਕਤ ਗ਼ਰੀਬ ਵੀ ਉਨ੍ਹਾਂ ਦੇ ਸਾਰੀ ਉਮਰਾਂ ਹੀ ਗੁਣ ਗਾਉਂਦੇ ਰਹਿੰਦੇ। ਪਰ ਅਫ਼ਸੋਸ, ਅਜਿਹਾ ਨਹੀਂ ਹੋ ਸਕਿਆ।
ਅਮੀਰ ਵਿਅਕਤੀ ਨੇ ਆਪਣੀ ਅਮੀਰੀ ਵਿਖਾਉਣੀ ਨਹੀਂ ਛੱਡੀ, ਜਿਸ ਦੇ ਕਾਰਨ ਅਨੇਕਾਂ ਬੱਚੇ, ਮਜ਼ਦੂਰ, ਔਰਤਾਂ ਭੁੱਖੇ ਤ੍ਰਿਆਏ ਰਸਤੇ ਵਿਚ ਹੀ ਭਟਕਦੇ ਰਹੇ। ਅਮੀਰ ਲੋਕਾਂ ਨੂੰ ਜਦੋਂ ਤਾਂ ਮਜ਼ਦੂਰਾਂ ਤੱਕ ਕੰਮ ਹੁੰਦਾ ਸੀ, ਉਦੋਂ ਤਾਂ, ਉਹ ਯੂ. ਪੀ. ਬਿਹਾਰ ਤੋਂ ਮਜ਼ਦੂਰ ਨੂੰ ਲੈ ਕੇ ਆਉਂਦੇ ਸਨ, ਪਰ ਹੁਣ ਜਦੋਂ ਉਨ੍ਹਾਂ ‘ਤੇ ਮੁਸੀਬਤ ਪਈ ਹੈ, ਕਿਸੇ ਨੇ ਉਨ੍ਹਾਂ ਦੀ ਬਾਤ ਤੱਕ ਨਹੀਂ ਪੁੱਛੀ। ਮਜ਼ਦੂਰ ਜੋ ਪੈਦਲ ਘਰ ਨੂੰ ਹੁਣ ਵੀ ਜਾ ਰਹੇ ਹਨ, ਹੁਣ ਵੀ ਕੋਈ ਉਨ੍ਹਾਂ ਨੂੰ ਰੋਕ ਨਹੀਂ ਰਿਹਾ, ਪਤਾ ਨਹੀਂ ਕਿਉਂ? ਪ੍ਰਵਾਸੀ ਮਜ਼ਦੂਰਾਂ ਦੇ ਬਹੁਤੇ ਬੱਚੇ ਬਹੁਤ ਹੁਸ਼ਿਆਰ ਸਨ, ਜੋ ਕਿ ਇੱਥੇ ਮੈਰਿਟ ਵਿਚ ਵੀ ਆਉਂਦੇ ਸਨ। ਪੰਜਾਬ ਦੇ ਅੰਦਰ ਰਹਿ ਕੇ ਉਹ ਕਾਫ਼ੀ ਜ਼ਿਆਦਾ ਵਧੀਆ ਪੜਾਈ ਕਰ ਰਹੇ ਸਨ। ਪਰ ਜਦੋਂ ਹੁਣ ਉਹ ਬੱਚੇ ਇੱਥੋਂ ਜਾ ਚੁੱਕੇ ਹਨ ਤਾਂ ਉਨ੍ਹਾਂ ਦਾ ਭਵਿੱਖ ਉਥੇ ਸੁਰੱਖਿਅਤ ਨਹੀਂ ਹੋਵੇਗਾ।
ਯੂ.ਪੀ. ਬਿਹਾਰ ਤੋਂ ਇਲਾਵਾ ਮੱਧ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਤੋਂ ਜਿਹੜੇ ਮਜ਼ਦੂਰ ਪੰਜਾਬ ਕੰਮ ਕਰਨ ਆਏ ਸਨ, ਉਨ੍ਹਾਂ ਦੇ ਬੱਚੇ ਇੱਥੇ ਪੰਜਾਬ ਵਿਚ ਹੀ ਪੜ ਲਿਖ ਕੇ ਵੱਡੇ ਅਫ਼ਸਰ ਬਣ ਗਏ, ਪਰ ਹੁਣ ਬਹੁਤੇ ਬੱਚਿਆਂ ਦਾ ਅਫ਼ਸਰ ਬਨਣ ਦਾ ਸੁਪਨਾ ਵੀ ਖ਼ਤਮ ਹੋ ਜਾਵੇਗਾ। ਗ਼ਰੀਬਾਂ ਦੇ ਹੱਥੋਂ ਕਰੋਨਾ ਵਾਇਰਸ ਪੜਾਈ ਹੀ ਖੋਹ ਕੇ ਲੈ ਗਿਆ ਹੈ। ਦੇਸ਼ ਦਾ ਵੱਡਾ ਹਿੱਸਾ ਗ਼ਰੀਬ ਮਜ਼ਦੂਰ ਤਬਕਾ ਕਾਰਖ਼ਾਨਿਆਂ ਤੇ ਫ਼ੈਕਟਰੀਆਂ ਅਤੇ ਭੱਠਿਆਂ ‘ਤੇ ਕੰਮ ਕਰਦਾ ਹੈ, ਜੇਕਰ ਇਹੀ ਕਾਰਖ਼ਾਨਿਆਂ ਵਾਲੇ, ਫ਼ੈਕਟਰੀਆਂ ਵਾਲੇ ਅਤੇ ਭੱਠਿਆਂ ਵਾਲੇ ਮਜ਼ਦੂਰਾਂ ਦੀ ਮਦਦ ਕਰਦੇ ਤਾਂ, ਖੋਰੇ ਉਨ੍ਹਾਂ ਮਜ਼ਦੂਰਾਂ ਨੂੰ ਇੱਥੋਂ ਜਾਣਾ ਹੀ ਨਾ ਪੈਂਦਾ।
ਗਰਭਵਤੀ ਔਰਤਾਂ, ਜੋ ਕਿ ਰਸਤੇ ਦੇ ਵਿਚ ਹੀ ਕਈ ਮੁਸੀਬਤਾਂ ਝੂਲਦੀਆਂ ਰਹੀਆਂ, ਕਈ ਵਿਚਾਰੀਆਂ ਨੇ ਰਸਤੇ ਦੇ ਵਿਚਕਾਰ ਬੱਚਿਆਂ ਨੂੰ ਜਨਮ ਦਿੱਤਾ, ਉਨ੍ਹਾਂ ਦੀਆਂ ਤਸਵੀਰਾਂ ਵੇਖ ਕੇ ਮਨ ਬਹੁਤ ਦੁੱਖ ਹੋ ਜਾਂਦਾ ਹੈ। ਕਈ ਵਿਚਾਰੇ ਰੋਟੀ ਨੂੰ ਤਰਸ ਗਏ, ਕਈਆਂ ਨੂੰ ਦਿਹਾੜੀ ਨਹੀਂ ਮਿਲੀ ਅਤੇ ਕਈ ਰਸਤੇ ਵਿਚ ਹੀ ਮਾਰੇ ਗਏ। ਕੋਰੋਨਾ ਬਿਮਾਰੀ ਵਾਕਿਆ ਹੀ ਬੜੀ ਖ਼ਤਰਨਾਕ ਹੈ, ਜਿਸ ਨੇ ਹੁਣ ਤੱਕ ਦੁਨੀਆ ਨੂੰ ਹੀ ਆਪਣੀ ਲਪੇਟ ਵਿਚ ਲੈ ਕੇ ਰੱਖ ਲਿਆ ਹੈ। ਕੋਰੋਨਾ ਵਰਗੀ ਭਿਆਨਕ ਬਿਮਾਰੀ, ਰੱਬ ਕਿਸੇ ਨੂੰ ਨਾ ਲਾਵੇ। ਕਰੋਨਾ ਨੇ ਜਿੱਥੇ ਬਹੁਤ ਸਾਰੇ ਪ੍ਰਾਈਵੇਟ ਕਾਮਿਆਂ ਨੂੰ ਬੇਰੁਜ਼ਗਾਰ ਕਰ ਦਿੱਤਾ, ਉੱਥੇ ਹੀ ਵੱਡਾ ਹਿੱਸਾ ਗ਼ਰੀਬਾਂ ਦਾ ਵੀ ਵਿਹਲਾ ਹੋ ਗਿਆ।
ਮਜ਼ਦੂਰ, ਕਿਸਾਨ ਕਿਰਤੀ, ਵਿਦਿਆਰਥੀ, ਨੌਜਵਾਨ ਬੇਰੁਜ਼ਗਾਰਾਂ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੀ ਤਾਲਾਬੰਦੀ ਅਤੇ ਕਰਫ਼ਿਊ ਨੇ ਉਜਾੜ ਕੇ ਰੱਖ ਦਿੱਤਾ ਹੈ ਗ਼ਰੀਬਾਂ ਦੀ ਤਾਂ ਪਹਿਲੋਂ ਹੀ ਰੋਟੀ ਪੂਰੀ ਨਹੀਂ ਸੀ ਹੁੰਦੀ, ਉੱਪਰੋਂ ਤਾਲਾਬੰਦੀ ਅਤੇ ਕਰਫ਼ਿਊ ਨੇ ਉਨ੍ਹਾਂ ਨੂੰ ਅੰਦਰ ਤੱਕ ਤੋੜ ਕੇ ਰੱਖ ਦਿੱਤਾ। ਚਲੋ, ਤਾਲਾਬੰਦੀ ਅਤੇ ਕਰਫ਼ਿਊ ਵੀ ਬਿਮਾਰੀ ਤੋਂ ਬਚਨ ਲਈ ਜ਼ਰੂਰੀ ਸੀ, ਕਿਉਂਕਿ ਬਿਮਾਰੀ ਖ਼ਤਰਨਾਕ ਸੀ। ਪਰ ਗ਼ਰੀਬਾਂ ਦੇ ਵਿਚਾਰੇ ਤਾਂ, ਭੁੱਖੇ ਹੀ ਘਰਾਂ ਨੂੰ ਚਲੇ ਗਏ। ਕਿਸੇ ਨੂੰ ਇੱਕ ਵੇਲੇ ਦੀ ਰੋਟੀ ਮਿਲੀ, ਕਈ 10/10 ਦਿਨਾਂ ਦੇ ਭੁੱਖੇ ਰਸਤਿਆਂ ਵਿਚ ਹੀ ਭਟਕਦੇ ਰਹੇ। ਕੋਈ ਵੀ ਵਿਅਕਤੀ ਰੋਕਣ ਵਾਲਾ, ਇਨ੍ਹਾਂ ਮਜ਼ਦੂਰਾਂ ਨੂੰ ਨਹੀਂ ਆਇਆ।
ਮਜ਼ਦੂਰਾਂ ਦੀ ਹਾਲਤ ਇਸ ਵੇਲੇ ਬੇਹੱਦ ਮਾੜੀ ਹੋ ਚੁੱਕੀ ਹੈ। ਸਾਡੀਆਂ ਸਰਕਾਰਾਂ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਨਾਲ ਹੀ ਸਾਡੀ ਉਨ੍ਹਾਂ ਕਾਰਖ਼ਾਨਿਆਂ, ਭੱਠਿਆਂ ਵਾਲਿਆਂ ਅਤੇ ਫ਼ੈਕਟਰੀਆਂ ਦੇ ਮਾਲਕਾ ਨੂੰ ਵੀ ਅਪੀਲ ਹੈ ਕਿ ਉਹ ਹੁਣ ਜਦੋਂ ਵੀ ਮਜ਼ਦੂਰਾਂ ਨੂੰ ਦੂਜੇ ਸੂਬਿਆਂ ਤੋਂ ਲੈ ਕੇ ਆਉਣ ਤਾਂ, ਉਨ੍ਹਾਂ ਦੀ ਪੂਰੀ ਕੇਅਰ ਕਰਨ। ਕਿਉਂਕਿ ਮਜ਼ਦੂਰਾਂ ਬਿਨਾਂ ਸਾਡਾ ਦੇਸ਼ ਨਹੀਂ ਚੱਲ ਸਕਦਾ। ਮਜ਼ਦੂਰ ਜਮਾਤ ਹੀ ਇੱਕ ਅਜਿਹੀ ਜਮਾਤ ਹੈ, ਜਿਸ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਉੱਪਰ ਚੁੱਕਣ ਵਿਚ ਮਦਦ ਕਰਨੀ ਹੁੰਦੀ ਹੈ, ਪਰ ਜੇਕਰ ਮਜ਼ਦੂਰ ਹੀ ਨਾ ਬਚੇ ਤਾਂ ਦੇਸ਼ ਕਿਵੇਂ ਬਚੇਗਾ। ਇਸ ਲਈ ਹੁਣ ਵੇਲੇ ਹੈ, ਔਖੀ ਘੜੀ ਦੇ ਵਿਚ ਮਜ਼ਦੂਰਾਂ ਦੇ ਨਾਲ ਖੜੇ ਹੋਣ ਦਾ।
ਜਿੰਨਾ ਹੋ ਸਕੇ, ਗ਼ਰੀਬਾਂ ਮਜ਼ਦੂਰਾਂ ਦੀ ਮਦਦ ਕਰੋ ਤਾਂ, ਜੋ ਉਹ ਇੱਥੇ ਰਹਿ ਕੇ ਹੀ ਗੁਜ਼ਾਰਾ ਕਰ ਸਕਣ ਅਤੇ ਸਿਸਟਮ ਨੂੰ ਚਲਾਉਣ ਵਿਚ ਮਦਦ ਕਰ ਸਕਣ। ਉਮੀਦ ਹੈ ਕਿ ਸਾਡੀਆਂ ਸਰਕਾਰਾਂ, ਕਾਰਖ਼ਾਨਿਆਂ, ਭੱਠਿਆਂ ਅਤੇ ਫ਼ੈਕਟਰੀਆਂ ਦੇ ਮਾਲਕ ਮਜ਼ਦੂਰਾਂ ਦੀ ਮਦਦ ਲਈ ਜ਼ਰੂਰ ਅੱਗੇ ਆਉਣਗੇ।
ਕੋਈ ਰੋਕ ਸਕਦਾ, ਤਾਂ ਰੋਕ ਲਵੋ ਇਹਨਾਂ ਨੂੰ.../-ਪਰਮਜੀਤ ਕੌਰ ਸਿੱਧੂ ਦੀ ਕਲਮ ਤੋਂ
ਪਰਮਜੀਤ ਕੌਰ ਸਿੱਧੂ
98148-90905