ਰੱਬ ਬਣ ਕੇ ਬਹੁੜਦੀਆਂ ਨੇ ਬੱਚਿਆਂ ਲਈ ਮਾਵਾਂ ਜੀ ।
ਬੱਚਾ ਅਣਭੋਲ ਜਿਹਾ ਹੁੰਦਾ , ਰੋ ਕੇ ਦੁੱਧ ਪਾਣੀ ਮੰਗਦਾ ।
ਮਾਂਜਦ ਕੋਲੋਂ ਦੀ ਲੰਘੇ , ਵੇਖ ਵੇਖ ਕੇ ਮਾਂ ਨੂੰ ਹੱਸਦਾ ।
ਬੱਚੇ ਨੂੰ ਹੱਸਦਾ ਵੇਖ ਕੇ , ਦੁੱਖ ਭੁੱਲ ਜਾਣ ਮਾਵਾਂ ਜੀ ।
ਰੱਬ ਬਣ ਕੇ ਬਹੁੜਦੀਆਂ ਨੇ...

ਬੱਚਾ ਜਦੋ ਭਰੇ ਹੁੰਗਾਰੇ , ਘਰ ਦੇ ਜੀ ਹੋਣ ਦੁਆਲੇ ।
ਚਾਚਾ , ਪਾਪਾ , ਨਾਨਾ , ਦਾਦਾ , ਮਾਂ ਹੀ ਫਿਰ ਕਹਿਣ ਸਿਖਾਵੇ ।
ਦੁੱਖ ਸੁੱਖ ਸਭ ਪਿੱਛੇ ਛੱਡ ਕੇ ਆਸਾ ਨੂੰ ਪੱਲੇ ਬੰਨ ਕੇ,
ਜਿਉਂਦੀਆਂ ਮਾਵਾਂ ਜੀ।
ਰੱਬ ਬਣ ਕੇ ਬਹੁੜਦੀਆਂ ਨੇ...

ਕਾਕਾ ਜਦ ਜਾਵੇ ਸਕੂਲੇ , ਟਿਫ਼ਨ , ਬੈਗ ਵੀ ਮਾਂ ਫੜਾ ਵੇ ।
ਆਵੇ ਜਦ ਪੁੱਤ ਸਕੂਲੋਂ , ਭੱਜ ਕੇ ਫਿਰ ਹਿੱਕ ਨਾਲ ਲਾਵੇ ।
ਕਦੇ ਬੱਬੂ ਤੇ ਕਦੇ ਮੇਰਾ ਲੱਡੂ , ਮੱਖਣ ਦਾ ਪੇੜਾ ਕਹਿ ਕੇ
ਬਲਾਉਦੀਆ ਮਾਵਾਂ ਜੀ ।
ਰੱਬ ਬਣ ਕੇ ਬਹੁੜਦੀਆਂ ਨੇ....

ਪੁੱਤਰ ਜਦ ਗੱਭਰੂ ਹੋ ਜੇ , ਮਿਰਚਾਂ ਮਾਂ ਪੁੱਤ ਤੋ ਵਾਰੇ ।
ਸੁਪਨੇ ਮਾਂ ਨਿੱਤ ਵੇਖਦੀ ਅਫ਼ਸਰ ਪੁੱਤ ਬਣ ਕੇ ਆਵੇ ।
ਸੁਸ਼ੀਲ ਤੇ ਸੁਘੜ ਜਿਹੀ ਨੂੰਹ ਮਿਲ ਜਾਵੇ ,
ਲੋਚਦੀਆਂ ਮਾਵਾਂ ਜੀ ।
ਰੱਬ ਬਣ ਕੇ ਬਹੁੜਦੀਆਂ ਨੇ...

ਬਾਪੂ ਜਦ ਮਾਰੇ ਝਿੜਕਾਂ , ਅੱਗੇ ਹੋ ਮਾਂ ਬਚਾਵੇ ।
ਲੈ ਦਿਓ ਇਹਨੂੰ ਚੰਗੀ ਗੱਡੀ , ਸਪਾਰਿਸ਼ ਫਿਰ ਮਾਂ ਹੀ ਪਾਵੇ ।
ਹਰ ਥਾਂ ਤੇ ਪੁੱਤਰਾਂ ਦੇ ਲਈ , ਠੰਢੀਆਂ ਛਾਵਾਂ ਬਣ,
ਰਹਿੰਦੀਆਂ ਮਾਵਾਂ ਜੀ ।
ਰੱਬ ਬਣ ਕੇ ਬਹੁੜਦੀਆਂ ਨੇ..

ਦੂਰ ਇੱਕ ਪਲ ਨਹੀਂ ਕਰਦੀਆਂ , ਲਾਡਾਂ ਨਾਲ ਪਾਲੇ ਪੁੱਤ ਨੂੰ ।
ਬਾਪੂ ਵੀ ਫਿਰੇ ਸੁਲਾਹੁਦਾ , ਪੁੱਤ ਦੇ ਕਰੇ ਚੰਗੇ ਕੰਮ ਨੂੰ ।
ਵਿਆਹੇ ਤੋਂ ਬਦਲ ਨਾ ਜਾਈ ਵੇ ਪੁੱਤ ਅਰਜੋਈ,
ਕਰਦੀਆਂ ਮਾਵਾਂ ਜੀ ।
ਰੱਬ ਬਣ ਕੇ ਬਹੁੜਦੀਆਂ ਨੇ...

ਧੀ ਤੇ ਪੁੱਤ ਇੱਕੋ ਜਿਹੇ ਹੁੰਦੇ , ਸਾਰਿਆ ਨੂੰ ਸੋਢੀ ਆਖੇ ।
ਸ਼ੁਰੂਆਤ ਆਪਾ ਆਪਣੇ ਘਰ ਤੋ ਕਰੀਏ , ਸਾਰਾ ਜੱਗ ਸਮਝ ਜੂੰ ਆਪੇ।
ਨੂੰਹ , ਪੁੱਤ ਨੂੰ ਖ਼ੁਸ਼ ਦੇਖਣ ਲਈ , ਗੁਰੂ ਘਰ ਜਾ ਕੇ
ਅਰਦਾਸਾਂ ਕਰਨ ਮਾਵਾਂ ਜੀ।
ਰੱਬ ਬਣ ਕੇ ਬਹੁੜਦੀਆਂ ਨੇ ਬੱਚਿਆ ਲਈ ਮਾਵਾਂ ਜੀ।  



ਪਰਮਜੀਤ ਕੌਰ ਸੋਢੀ 
ਭਗਤਾ ਭਾਈ ਕਾ
94786 58384