ਦੁਨੀਆ ਭਾਰਤ ਵਿੱਚ ਇਸ ਵੇਲੇ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕਰੋਨਾ ਦੇ ਕਾਰਨ ਹੁਣ ਤੱਕ ਲੱਖਾਂ ਲੋਕਾਂ ਦੀਆਂ ਮੌਤਾਂ ਦੁਨੀਆ ਭਰ ਵਿਚ ਹੋ ਚੁੱਕੀਆਂ ਹਨ, ਪਰ ਬਾਵਜੂਦ ਇਸਦੇ ਸਾਡੀਆਂ ਸਰਕਾਰਾਂ ਜਾਗ ਨਹੀਂ ਰਹੀਆਂ। ਲਗਾਤਾਰ ਕਰੋਨਾ ਦੇ ਮਰੀਜ਼ ਵੱਧ ਜਾ ਰਿਹੇ ਹਨ, ਪਰ ਸਰਕਾਰਾਂ ਹੱਥ ਖੜ੍ਹੇ ਕਰਦੀਆਂ ਜਾ ਰਹੀਆਂ ਹਨ। ਡਾਕਟਰਾਂ ਕੋਲ ਮਰੀਜ਼ਾਂ ਨੂੰ ਚੈੱਕ ਕਰਨ ਲਈ ਪੂਰਾ ਸਾਮਾਨ ਨਹੀਂ ਹੈ ਅਤੇ ਇਲਾਜ ਲਈ ਦਵਾਈਆਂ ਤਾਂ ਦੂਰ ਦੀ ਗੱਲ। ਇੱਕ ਪਾਸੇ ਜਿੱਥੇ ਕਰੋਨਾ ਟੈਸਟ ਲਈ ਕਿੱਟਾਂ ਦੀ ਘਾਟ ਸਾਡੇ ਦੇਸ਼ ਦੇ ਵਿਚ ਆ ਰਹੀ ਹੈ, ਉਥੇ ਦੂਜੇ ਪਾਸੇ ਸਰਕਾਰਾਂ ਦੀਆਂ ਨੀਤੀਆਂ 'ਤੇ ਵੀ ਸਵਾਲ ਉੱਠੇ ਹਨ, ਕਿ ਸਰਕਾਰ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਦਾਅਵੇ ਹੁਣ ਕਿਧਰ ਉੱਡ ਗਏ ਹਨ? ਇੱਕ ਪਾਸੇ ਤਾਂ ਸਿਹਤ ਮੰਤਰੀ ਅਤੇ ਸਿਹਤ ਮਹਿਕਮਾ ਕਹਿ ਰਿਹਾ ਹੈ ਕਿ ਕਰੋਨਾ ਟੈਸਟ ਦੀ ਰਿਪੋਰਟ 48 ਘੰਟਿਆਂ ਦੇ ਅੰਦਰ ਅੰਦਰ ਦਿੱਤੀ ਜਾਵੇਗੀ, ਪਰ ਦੂਜੇ ਪਾਸੇ ਕਈ ਪਰਿਵਾਰਕ ਮੈਂਬਰ ਅਜਿਹੇ ਹਨ, ਜਿਨ੍ਹਾਂ ਦੀ ਰਿਪੋਰਟ ਹਫ਼ਤਾ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਨਹੀਂ ਆ ਰਹੀ। ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਸਿਵਲ ਹਸਪਤਾਲ ਵਿੱਚ ਇਸ ਵੇਲੇ ਹਜ਼ੂਰ ਸਾਹਿਬ ਤੋਂ ਆਈ ਸੰਗਤ ਦਾਖਲ ਹੈ। ਜਿਨ੍ਹਾਂ ਦੀ ਕਰੋਨਾ ਟੈਸਟ ਤਾਂ ਕਰ ਲਿਆ ਗਿਆ ਹੈ, ਪਰ ਉਨ੍ਹਾਂ ਦੀ ਰਿਪੋਰਟ ਹਫ਼ਤਾ ਬੀਤ ਜਾਣ ਦੇ ਬਾਅਦ ਹੁਣ ਤੱਕ ਨਹੀਂ ਆਈ। ਇਸ ਦੇ ਕਾਰਨ ਪਰਿਵਾਰ ਕਾਫੀ ਦਾ ਪ੍ਰੇਸ਼ਾਨ ਹੈ ਅਤੇ ਉਹ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸ ਰਿਹਾ ਹੈ ਕਿ ਸਰਕਾਰਾਂ ਵੱਲੋਂ ਜੋ ਵੀ ਦਾਅਵੇ ਕੀਤੇ ਜਾ ਰਹੇ ਹਨ, ਉਹ ਸਰਾਸਰ ਝੂਠੇ ਅਤੇ ਖੋਖਲੇ ਹਨ। ਪੀੜਤ ਪਰਿਵਾਰ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਕੁਲ 3 ਮੈਂਬਰ ਹਜੂਰ ਸਾਹਿਬ ਗਏ ਸਨ, ਉਹ ਹੁਣ ਸਿਵਲ ਹਸਪਤਾਲ ਵਿੱਚ ਦਾਖਲ ਹਨ ,ਇਨ੍ਹਾਂ ਤਿੰਨਾਂ ਵਿਚੋਂ  ਇਕ ਮੈਂਬਰ ਦੀ ਕਰੋਨਾ ਰਿਪੋਰਟ ਪਾਜੀਟਿਵ ਆ ਚੁਕੀ ਹੈ, ਜਦੋਕਿ 2 ਮੈਂਬਰਾਂ ਦੀ ਰਿਪੋਰਟ ਹਾਲੇ ਨਹੀਂ ਆਈ, ਇਸ ਕਾਰਨ ਉਹ ਪ੍ਰੇਸ਼ਾਨ ਹਨ, ਕਿ ਕਿਧਰੇ 2 ਮੈਂਬਰ ਕਰੋਨਾ ਪਾਜੀਟਿਵ ਨਾ  ਆ ਜ਼ਾਣ। ਦੇਖਿਆ ਜਾਵੇ ਤਾਂ ਸਰਕਾਰ ਦੀਆਂ ਨਾਕਾਮੀਆਂ ਹਮੇਸ਼ਾ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਦੇ ਲਈ ਸਰਕਾਰ ਅਤੇ ਸਰਕਾਰ ਦੇ ਅਧਿਕਾਰੀ ਰਤਾ ਵੀ ਧਿਆਨ ਨਹੀਂ ਦਿੰਦੇ। 

ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਰੋਜ਼ ਹੀ ਯੂਨੀਵਰਸਿਟੀ ਗੱਲ ਹੋ ਰਹੀ ਹੈ ਅਤੇ ਕੁਝ ਸਿਸਟਮ ਵਿੱਚ ਵੀ ਪ੍ਰੇਸ਼ਾਨੀ ਆ ਰਹੀ ਹੈ। ਜਿਸ ਕਾਰਨ ਰਿਪੋਰਟਾਂ ਲੇਟ ਹੋ ਰਹੀਆਂ ਹਨ। ਡੀਸੀ ਨੇ ਦਾਅਵਾ ਕੀਤਾ ਕਿ ਜਲਦ ਹੀ ਰਿਪੋਰਟਾਂ ਆ ਜਾਣਗੀਆਂ, ਜਿਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ, ਉਨ੍ਹਾਂ ਨੂੰ ਤੁਰੰਤ ਘਰ ਭੇਜ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਦੀਆਂ ਰਿਪੋਰਟਾਂ ਪਾਜੀਟਿਵ ਆਈਆ ਉਨ੍ਹਾਂ ਨੂੰ ਹਸਪਤਾਲ ਦੇ ਅੰਦਰ ਦਾਖਲ ਰੱਖਿਆ ਜਾਵੇਗਾ।