ਬੇਸ਼ੱਕ ਸਮੇਂ ਸਮੇਂ ਤੇ ਪੰਜਾਬ ਪੁਲਸ ਵਾਲਿਆਂ ਉੱਪਰ ਹੀ ਰਿਸ਼ਵਤ ਲੈਣ ਦੇ ਦੋਸ਼ ਲੱਗਦੇ ਰਹੇ ਹਨ। ਲੀਡਰਾਂ ਦੀ ਸ਼ਹਿ ਤੇ ਖ਼ਾਕੀ ਵਰਦੀ ਵਾਲਿਆਂ ਨੇ ਕਈ ਆਪਣੇ ਕਾਰੋਬਾਰ ਚਲਾਏ ਹੋਏ ਹਨ, ਜਿਨ੍ਹਾਂ ਦਾ ਸਮੇਂ ਸਮੇਂ ਤੇ ਪਰਦੇ ਫਾਸ਼ ਵੀ ਹੁੰਦੇ ਰਹਿੰਦੇ ਹਨ। ਰਿਸ਼ਵਤ ਲੈਣਾ ਬੇਸ਼ੱਕ ਪੁਲਿਸ ਵਾਲੇ ਕੋਈ ਗ਼ਲਤ ਕੰਮ ਨਹੀਂ ਸਮਝਦੇ ਤੇ ਪਰ ਸੱਚੇ ਸੁੱਚੇ ਅਤੇ ਇਮਾਨਦਾਰ ਇਨਸਾਨ ਕੋਲੋਂ ਰਿਸ਼ਵਤ ਲੈਣਾ ਤਾਂ ਮਾੜੀ ਗੱਲ ਹੈ। ਪਰ ਜੇਕਰ ਕੋਈ ਪੁਲਸ ਵਾਲਿਆਂ ਕੋਲੋਂ ਹੀ ਰਿਸ਼ਵਤ ਲੈ ਲਵੇ ਜਾਂ ਫਿਰ ਇਹ ਕਹਿ ਲਓ ਕਿ ਪੁਲਸ ਵਾਲਿਆਂ ਕੋਲੋਂ ਹੀ ਮੁਖ਼ਬਰੀ ਕਰਨ ਦੇ ਚੱਕਰ ਵਿੱਚ ਪੈਸੇ ਬਟੋਰ ਲਵੇ ਤਾਂ ਉਹ ਦਾ ਕੀ ਕੀਤਾ ਜਾਵੇ? ਆਪਣੇ ਨਾਲ ਵੱਜੀ ਠੱਗੀ ਪੁਲਿਸ ਵਾਲਿਆਂ ਨੂੰ ਬਰਦਾਸ਼ਤ ਨਹੀਂ ਹੁੰਦੀ। ਕਹਿੰਦੇ ਹਨ ਕਿ ਖ਼ਾਕੀ ਵਰਦੀ ਵਾਲਿਆਂ ਨੂੰ ਕੋਈ ਵੀ ਠੱਗ ਸਕਦਾ, ਕਿਉਂਕਿ ਉਨ੍ਹਾਂ ਦੇ ਦਿਮਾਗ਼ ਤਾਂ ਪਹਿਲੋਂ ਹੀ ਬਹੁਤ ਜ਼ਿਆਦਾ ਤੇਜ਼ ਹੁੰਦੇ ਹਨ ਕਿ ਉਹ ਠੱਗੀ ਮਾਰਨ ਵਾਲਿਆਂ ਦੀ ਅੱਖ ਪਛਾਣ ਲੈਂਦੇ ਹਨ। ਠੱਗੀ ਮਾਰਨ ਵਾਲਾ ਕਿੰਨਾ ਵੀ ਸ਼ੈਤਾਨ ਕਿਉਂ ਨਾ ਹੋਵੇ, ਪਰ ਖ਼ਾਕੀ ਵਰਦੀ ਵਾਲੇ ਉਸ ਨੂੰ ਇੱਕ ਝਟਕੇ ਵਿੱਚ ਪਛਾਣ ਕੇ ਸਲਾਖਾਂ ਪਿੱਛੇ ਸੁੱਟ ਦਿੰਦੇ ਹਨ। ਜਿਹੜੇ ਮਾਮਲੇ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਖ਼ਾਕੀ ਵਰਦੀ ਵਾਲਿਆਂ ਦੇ ਨਾਲ ਹੀ ਜੁੜਿਆ ਹੋਇਆ ਹੈ ਕਿ ਕਿਸ ਪ੍ਰਕਾਰ ਖ਼ਾਕੀ ਵਰਦੀ ਵਾਲਿਆਂ ਨੂੰ ਹੀ ਇੱਕ ਪੰਜਵੀਂ ਪਾਸ ਠੱਗ ਠਗਦਾ ਰਿਹਾ। ਜਾਣਕਾਰੀ ਦੇ ਮੁਤਾਬਿਕ ਨਸ਼ਿਆਂ ਦੀ ਝੂਠੀ ਮੁਖ਼ਬਰੀ ਦੇ ਨਾਂਅ ਤੇ ਵੱਡੇ ਪੁਲਸ ਅਧਿਕਾਰੀਆਂ ਨੂੰ ਠੱਗਣ ਵਾਲਾ 28 ਸਾਲਾਂ ਨੌਸਰਬਾਜ਼ ਪੁਲਸ ਦੇ ਅੜਿੱਕੇ ਚੜ੍ਹਿਆ ਹੈ। ਇਹ ਘਟਨਾ ਡੱਬਵਾਲੀ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਉਕਤ ਨੌਸਰਬਾਜ਼ ਦਾ ਆਖ਼ਰੀ ਸ਼ਿਕਾਰ ਬਿਹਾਰ ਦੇ ਡੀਜੀਪੀ ਰੈਂਕ ਦਾ ਅਧਿਕਾਰੀ ਬਣਿਆ, ਜਿਸ ਨੇ ਬੀਤੇ ਦਿਨ ਹੈਰੋਇਨ ਤਸਕਰੀ ਦੀ ਮੁਖ਼ਬਰੀ ਦੇ ਬਦਲੇ 1300 ਰੁਪਏ ਠੱਗ ਨੂੰ ਦਿੱਤੇ ਸਨ। ਨੌਸਰਬਾਜ਼ ਦੀ ਪਛਾਣ ਬੰਟੀ ਉਰਫ਼ ਹਰੀ ਚੰਦ ਵਾਸੀ ਪਿੰਡ ਪੰਡਤਾਂ ਵਾਲੀ ਝੁੱਗੀਆਂ ਜਲਾਲਾਬਾਦ ਵਜੋਂ ਹੋਈ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਉਕਤ ਨੌਸਰਬਾਜ਼ ਦੇ ਜਾਲ ਵਿੱਚ ਪੰਜਾਬ, ਹਰਿਆਣਾ, ਯੂਪੀ ਅਤੇ ਬਿਹਾਰ ਦੇ ਕਈ ਉੱਚ ਅਧਿਕਾਰੀ ਫਸੇ ਹੋਏ ਸਨ, ਜਿਨ੍ਹਾਂ ਨੇ ਹੁਣ ਤੱਕ ਪੈਸੇ ਠਗਾਏ। ਉਕਤ ਨੌਸਰਬਾਜ਼ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨੰਬਰ ਗੂਗਲ ਅਤੇ ਪੁਲਸ ਕੰਟਰੋਲ ਰੂਮ ਤੋਂ ਲੈਂਦਾ ਸੀ ਅਤੇ ਉਨ੍ਹਾਂ ਨੂੰ ਝੂਠੀ ਮੁਖ਼ਬਰੀ ਕਰਦਾ ਸੀ। ਮੁਖ਼ਬਰੀ ਦੇ ਬਦਲੇ ਉਹ ਉੱਚ ਅਧਿਕਾਰੀਆਂ ਕੋਲੋਂ ਦੋ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕਰਦਾ ਸੀ ਅਤੇ ਪੈਸੇ ਉਸ ਦੇ ਖਾਤੇ ਵਿੱਚ ਗੂਗਲ ਪੇ ਰਾਹੀਂ ਭੇਜਣ ਲਈ ਉੱਚ ਅਧਿਕਾਰੀਆਂ ਨੂੰ ਕਹਿੰਦਾ ਸੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਨੌਸਰਬਾਜ਼ ਖ਼ੁਦ ਚਿੱਟੇ ਦਾ ਆਦੀ ਸੀ ਅਤੇ ਪੁਲਿਸ ਅਫ਼ਸਰਾਂ ਨੂੰ ਝੂਠੀ ਮੁਖ਼ਬਰੀ ਰਾਹੀਂ ਠੱਗਣ ਦੀ ਪੜ੍ਹਤ ਉਸ ਨੇ ਮੁਖ਼ਬਰਾਂ ਧੋਖੇ ਦੇ ਸ਼ਿਕਾਰ ਪੰਜਾਬ ਪੁਲਸ ਮੋਗਾ ਵਾਸੀ ਇੱਕ ਏਐਸਆਈ ਤੋਂ ਪੜ੍ਹੀ, ਜੋ ਜਲਾਲਾਬਾਦ ਖੇਤਰ ਦੇ ਇੱਕ ਥਾਣੇ ਵਿੱਚ ਤੈਨਾਤ ਸੀ ਅਤੇ ਬੰਟੀ ਉਸ ਦੀ ਗੱਡੀ ਦੀ ਡਰਾਈਵਰੀ ਕਰਦਾ ਸੀ। ਠੱਗੀ ਮਾਰਨ ਲਈ ਉਹ ਪਿੰਡ ਢਾਬਾਂ ਦੇ ਜਾਣਕਾਰ ਨੌਜਵਾਨ ਦਾ ਗੂਗਲ ਖਾਤਾ ਵਰਤਦਾ ਸੀ। ਪੁਲਸ ਮੁਤਾਬਿਕ ਠੱਗੀ ਲਈ ਵਰਤਿਆ ਜਾਂਦਾ ਮੋਬਾਈਲ ਨੰਬਰ ਵੀ ਕਿਸੇ ਜਾਅਲੀ ਆਈਡੀ ਦੇ ਨਾਂਅ ਤੇ ਹੈ। ਜ਼ਿਲ੍ਹਾ ਸਿਰਸਾ ਦੇ ਐਸਐਸਪੀ ਅਰੁਣ ਸਿੰਘ ਦੇ ਮਾਮਲਾ ਧਿਆਨ ਵਿੱਚ ਆਉਂਦੇ ਹੀ ਸੀਆਈਏ ਡੱਬਵਾਲੀ ਅਤੇ ਸਾਈਬਰ ਵਿੰਗ ਸਰਗਰਮੀ ਨਾਲ ਉਸ ਦੀ ਭਾਲ ਕਰ ਰਹੀ ਸੀ। ਇਸ ਦੌਰਾਨ ਬੰਟੀ ਡੱਬਵਾਲੀ ਸੀਆਈਏ ਸਟਾਫ਼ ਦੇ ਅੜਿੱਕੇ ਚੜ੍ਹ ਗਿਆ। ਡੱਬਵਾਲੀ ਦੇ ਡੀਐਸਪੀ ਕੁਲਦੀਪ ਸਿੰਘ ਬੈਨੀਵਾਲ ਅਤੇ ਸੀਆਈਏ ਮੁਖੀ ਕੁਲਦੀਪ ਸਿੰਘ ਨੇ ਦੱਸਿਆ ਕਿ ਬੰਟੀ ਨਾਮਕ ਠੱਗ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਫ਼ੋਨ ਕਰਕੇ ਪੰਜਾਬ ਤੋਂ ਹੈਰੋਇਨ ਤਸਕਰੀ ਹੋਣ ਦੀ ਝੂਠੀ ਖ਼ਬਰ ਦਿੰਦਾ ਸੀ, ਉਹ ਖ਼ੁਦ ਨੂੰ ਤਸਕਰਾਂ ਦਾ ਡਰਾਈਵਰ ਦਰਸਾਉਂਦਾ ਅਤੇ ਵਿਸ਼ਵਾਸ ਬਣਾਉਣ ਲਈ ਵਟਸਐਪ ਜ਼ਰੀਏ ਨਸ਼ਾ ਤਸਕਰਾਂ ਦੀ ਕਾਰ ਦੀ ਫ਼ੋਟੋ ਵੀ ਭੇਜਦਾ ਸੀ। ਪੁਲਿਸ ਨੇ ਦੱਸਿਆ ਕਿ ਪਿੰਡ ਡੱਬਵਾਲੀ ਦੇ ਬੱਸ ਅੱਡੇ ਤੋਂ ਬੰਟੀ ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਵੇਖਿਆ ਜਾਵੇ ਤਾਂ ਇਹ ਕੋਈ ਪਹਿਲਾਂ ਮਾਮਲਾ ਨਹੀਂ, ਇਸ ਤੋਂ ਪਹਿਲੋਂ ਵੀ ਬੰਟੀ ਵਰਗੇ ਹੋਰ ਕਈ ਨੌਸਰਬਾਜ਼ ਪੁਲਿਸ ਨੂੰ ਠੱਗ ਚੁੱਕੇ ਹਨ। ਪਰ ਪੁਲਿਸ ਫਿਰ ਵੀ ਨਹੀਂ ਸੁਧਰੀ। ਪਤਾ ਨਹੀਂ ਆਪਣੇ ਰੈਂਕ ਵਧਾਉਣ ਦੇ ਲਈ ਪੁਲਿਸ ਕਿਸ ਕਿਸ ਤੇ ਵਿਸ਼ਵਾਸ ਕਰਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪੁਲਿਸ ਅਧਿਕਾਰੀ ਆਪਣੇ ਰੈਂਕ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਸਟਾਰ ਲਗਾਉਣ ਦੇ ਬਦਲੇ ਉਹ ਅਜਿਹੇ ਕਈ ਨੌਸਰਬਾਜ਼ਾਂ ਤੇ ਯਕੀਨ ਕਰ ਲੈਂਦੇ ਹਨ, ਜੋ ਨੂੰ ਠੱਗੀ ਮਾਰ ਕੇ ਚੱਲਦੇ ਬਣਦੇ ਹਨ। ਸਮਝਣ ਸੋਚਣ ਦੀ ਜ਼ਰੂਰਤ ਹੈ। ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਹੀ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਮੁਲਾਜ਼ਮਾਂ ਨੂੰ ਹੀ ਮੁਖ਼ਬਰੀ ਕਰਨ ਦੀ ਜਾਂਚ ਸਿਖਾਏ ਤਾਂ ਜੋ ਸਹੀ ਜਾਣਕਾਰੀ ਪੁਲਿਸ ਤੱਕ ਮੁਹੱਈਆ ਹੋ ਸਕੇ।

ਗੁਰਪ੍ਰੀਤ
ਮੁੱਖ ਸੰਪਾਦਕ
ਪੰਜਾਬ ਨੈੱਟਵਰਕ