ਸਰਕਾਰ ਦੇ ਵੱਲੋਂ ਹਮੇਸ਼ਾਂ ਹੀ ਕਿਸਾਨਾਂ ਦੇ ਵਿਰੋਧੀ ਫ਼ਰਮਾਨ ਜਾਰੀ ਕੀਤੇ ਜਾਂਦੇ ਰਹੇ ਹਨ। ਜਿਸ ਦੇ ਕਾਰਨ ਕਿਸਾਨਾਂ ਵਿੱਚ ਭਾਰੀ ਜਿਆਦਾ ਰੋਸ ਰਿਹਾ ਹੈ ਅਤੇ ਹੁਣ ਵੀ ਸਰਕਾਰ ਦੇ ਵੱਲੋਂ ਲਾਕਡਾਊਨ ਦੌਰਾਨ ਅਜਿਹੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ, ਜਿਸ ਕਾਰਨ ਕਿਸਾਨ ਕਾਫ਼ੀ ਜ਼ਿਆਦਾ ਗੁੱਸੇ ਵਿੱਚ ਹਨ। ਕਿਸਾਨ ਹੁਣ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋ ਚੁੱਕੇ ਹਨ। ਦੱਸ ਦਈਏ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਵੱਲੋਂ ਕਿਸਾਨੀ ਮੰਗਾਂ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਗੁਰਭੇਜ ਸਿੰਘ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਜ਼ਿਲਾ ਜਨਰਲ ਸਕੱਤਰ ਰਣਜੀਤ ਸਿੰਘ ਮੋਹੜੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਅੱਜ ਦੀ ਮੀਟਿੰਗ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਦੇ ਭਾਅ ਵਿੱਚੋਂ ਪੈਸੇ ਕੱਟਣ ਵਾਲਾ ਫ਼ਰਮਾਨ ਵਾਪਸ ਲਿਆ ਜਾਵੇ, ਖੇਤ ਨੂੰ ਇਕਾਈ ਮੰਨ ਕੇ ਗੜੇਮਾਰੀ ਨਾਲ ਪ੍ਰਭਾਵਿਤ ਹੋਈ ਫ਼ਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ , ਕਣਕ ਦੇ ਨਾੜ ਨੂੰ ਵਿੱਚ ਗਾਲਣ ਵਾਸਤੇ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਅਤੇ ਨਹਿਰੀ ਅਤੇ ਬਿਜਲੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ , ਲਾਕ ਡਾਉਨ ਅਤੇ ਲੇਬਰ ਦੀ ਸਮੱਸਿਆ ਨੂੰ ਦੇਖਦੇ ਹੋਇਆਂ ਝੋਨੇ ਦੀ ਲਵਾਈ ਦੀ ਤਰੀਕ 1 ਜੂਨ ਕੀਤੀ ਜਾਵੇ, ਸਿੱਧੀ ਬਿਜਾਈ ਕਰਨ ਦੇ ਚਾਹਵਾਨ ਕਿਸਾਨਾਂ ਲਈ ਬੀਜ ਅਤੇ ਖੇਤੀਬਾੜੀ ਸੰਦ ਸਬਸਿਡੀ ਉੱਪਰ ਤੁਰੰਤ ਮੁਹੱਈਆ ਕਰਵਾਏ ਜਾਣ ।ਆਗੂਆਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਕਿਸਾਨੀ ਕਰਜ਼ੇ ਉਪਰ ਲਕੀਰ ਮਾਰਨ ਅਤੇ ਫ਼ਸਲਾਂ ਦੇ ਭਾਅ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲਾਗੂ ਕਰਵਾਉਣ ਲਈ 11 ਮਈ ਨੂੰ ਐਸਡੀਐਮ ਗੁਰੂਹਰਸਹਾਏ ਰਾਹੀਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ ।

0 Comments