ਮਾਪੇ ਬਣਨਾ ਜਿੰਦਗੀ ਦਾ ਸਭ ਤੋਂ ਖੂਬਸੂਰਤ ਅਤੇ ਅਹਿਮ ਪਲ ਹਨ। ਜਿਸ ਅੱਗੇ ਜਿੰਦਗੀ ਦੀਆਂ ਸਾਰੀਆਂ ਘਟਨਾਵਾਂ (ਤੁੱਛ) ਜਾਪਣ ਲੱਗ ਜਾਂਦੀਆਂ ਹਨ ਅਤੇ ਸਾਨੂੰ ਜੱਦੋਂ ਜਹਿਦ ਭਰੇ ਸਮੇਂ ਤੋਂ ਵੀ ਨਜ਼ਾਤ ਦਿਵਾਉਂਦੀਆਂ ਹਨ, ਜੋ ਅਸੀਂ ਜਿੰਦਗੀ ਭਰ ਕੀਤੀ ਹੈ। ਮਾਂ ਬਣਨ ਦਾ ਪਲ ਇਕ ਅਜਿਹਾ ਪਲ ਹੁੰਦਾ ਹੈ, ਜਦੋਂ ਮਾਂ ਨੂੰ ਸੰਪੂਰਨ ਆਨੰਦ ਦੀ ਅਨਭੂਤੀ ਹੁੰਦੀ ਹੈ, ਉਹ ਆਪਣੇ ਨਵਜਾਤ ਬੱਚੇ ਨੂੰ ਆਪਣੇ ਨਾਲ ਲਗਾ ਕੇ ਮਾਣ ਮਹਿਸੂਸ ਕਰਦੀ ਹੈ ਤੇ ਆਪਣੇ ਆਪ ਨੂੰ ਸੰਪੂਰਨ ਔਰਤ ਮੰਨਣ ਲੱਗਦੀ ਹੈ। ਔਰਤ ਔਲਾਂਦ ਤੋਂ ਬਿਨ੍ਹਾਂ ਅਧੂਰੀ ਹੈ। ਭਾਵੇਂ ਅਜੌਕੀ ਨੌਜ਼ਵਾਨ ਪੀੜ੍ਹੀ ਜਿੰਨਾਂ ਮਰਜ਼ੀ ਕਹਿ ਲਵੇ, ਕਿ ਸੰਤਾਨ ਦੀ ਕੋਈ ਲੋੜ ਨਹੀਂ। ਪਰ ਫਿਰ ਵੀ ਕਿਤੇ ਨਾ ਕਿਤੇ ਮਾਂ ਨਾ ਬਣਨ ਦਾ ਦੁੱਖ ਕਿਸੇ ਨਾ ਕਿਸੇ ਕੋਨੇ ਵਿਚ ਰਹਿੰਦਾ ਹੀ ਹੈ ਤੇ ਔਰਤ ਮਾਂ ਬਣਨ ਲਈ ਹਰ ਤਰ੍ਹਾਂ ਦੇ ਯਤਨ ਕਰਦੀ ਹੈ। ਜਿਵੇਂ ਸੈਰੋਗੇਟ ਮਦਰਜ਼, ਟੈਸਟ ਟਿਊਬ ਬੇਬੀ ਜਾਂ ਆਪਣੇ ਹੀ ਘਰ ਕੰਮ ਕਰਦੀ ਔਰਤ ਦੀ ਕੁੱਖੋਂ ਬੱਚੇ ਦੀ ਪ੍ਰਾਪਤੀ ਅਤੇ ਉਸ ਦੇ ਮਾਂ ਬਣਨ ਤੱਕ ਸਭ ਕੁਝ ਖਾਣ ਪੀਣ, ਪਹਿਨਣ, ਸਿਹਤ ਸੰਭਾਲ ਦੀ ਜਿੰਮੇਵਾਰੀ ਸਾਰਾ ਕੁਝ ਸਬੰਧਿਤ ਪਰਿਵਾਰ ਹੀ ਚੁੱਕਦਾ ਹੈ ਅਤੇ ਔਰਤ ਮਾਂ ਕਹਾਉਣ ਦੇ ਯੋਗ ਹੋ ਜਾਂਦੀ ਹੈ। 
ਪਰ ਪਿਛਲੇ ਦਿਨ ਸਾਡੇ ਦੇਸ਼ ਵਿਚ ਹੋਈਆਂ ਅਹਿਮ ਘਟਨਾਵਾਂ ਨੇ ਦਿਲ ਦਹਿਲਾ ਕੇ ਰੱਖ ਦਿੱਤਾ ਹੈ। ਭਾਵੇਂ ਇਹ ਤਿੰਨੋਂ ਘਟਨਾਵਾਂ ਦੇਸ਼ ਦੇ ਵੱਖੋਂ ਵੱਖਰੇ ਰਾਜਾਂ ਨਾਲ ਸਬੰਧਤ ਹਨ, ਪਰ ਉਹ ਕਿਹੜੀ ਅੱਖ ਹੈ, ਜੋ ਨਹੀਂ ਤੇ ਉਹ ਕਿਹੜਾ ਦਿਲ ਹੈ, ਜੋ ਬੇਚੈਨ ਨਹੀਂ ਹੋਇਆ। 

ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਔਲਾਦ ਦਾ ਹੋਣਾ ਜਿੰਨਾਂ ਜਰੂਰੀ ਹੈ। ਉਸ ਤੋਂ ਵੀ ਜ਼ਿਆਦਾ ਜਰੂਰੀ ਹੈ, ਉਸ ਦੀ ਸਾਂਭ ਸੰਭਾਲ। ਔਰਤ ਜਦੋਂ ਤੱਕ ਕਿਸੇ ਬੱਚੇ ਨੂੰ ਜਨਮ ਨਹੀਂ ਦਿੰਦੀ, ਉਦੋਂ ਤੱਕ ਉਸ ਨੂੰ ਮਨਹੂਸ ਮੰਨਿਆ ਜਾਂਦਾ ਹੈ, ਪਰ ਜੇਕਰ ਔਰਤ ਬੱਚੇ ਨੂੰ ਜਨਮ ਦੇ ਕੇ ਵੀ, ਕਿਸੇ ਕਾਰਨ ਵੱਸ ਉਸ ਬੱਚੇ ਤੋਂ ਦੂਰ ਹੋ ਜਾਵੇ ਤਾਂ ਉਸ ਮਾਂ ਦਾ ਕੀ ਕਸੂਰ, ਜਦੋਂ ਸਾਰਾ ਘਟਨਾਕ੍ਰਮ ਹੀ ਉਸ ਦੇ ਵੱਸੋ ਬਾਹਰ ਹੋ ਜਾਵੇ। ਉਹ ਆਪਣੀ ਜਾਨ ਕੇ ਵੀ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹ ਕਿਹੜੀ ਥਾਂ ਲੱਭੇ, ਜਿਥੇ ਜਾਨ ਦੇ ਦੇਵੇ ਤੇ ਬੱਚਾ ਬਚ ਜਾਵੇ। ਅੰਤ ਵਿਚ ਬੱਚੇ ਦੇ ਟੋਟੇ ਟੋਟੇ ਕਰਕੇ ਅੱਧਾ ਅਧੂਰਾ ਬੱਚਾ ਉਸ ਦੇ ਸਾਹਮਣੇ ਰੱਖ ਦਿੱਤਾ ਜਾਵੇ ਤਾਂ ਕੀ ਬੀਤਦੀ ਹੋਵੇਗੀ। ਉਸ ਮਾਂ ਉਪਰ, ਜਿਸ ਨੇ 9 ਮਹੀਨੇ ਆਪਣੇ ਬੱਚੇ ਨੂੰ ਆਪਣੀ ਕੁੱਖ ਵਿਚ ਰੱਖ ਕੇ ਸੈਂਕੜੇ ਝੱਖੜਾਂ, ਤੁਫ਼ਾਨਾਂ ਦਾ ਸਾਹਮਣਾ ਕਰਦੇ ਹੋਏ ਵੀ ਜਨਮ ਦਿੱਤਾ। 

ਪਿਛਲੇ ਦਿਨੀਂ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਇਕ ਕਸਬੇ ਵਿਚ ਡਿੱਗੇ ਮਾਸੂਮ ਬੱਚੇ ਫਹਿਤਵੀਰ ਸਿੰਘ ਦੀ ਮਾਂ ਦਾ ਹਾਲ ਜਾਨਣ ਦੀ ਕਿਸ ਨੇ ਕੋਸ਼ਿਸ਼ ਕੀਤੀ? ਭਾਵੇਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਦਿਨ ਰਾਤ ਇਕ ਕੀਤੇ ਗਏ, ਪਰ ਨਤੀਜ਼ਾ ਨਾਕਾਮੀ। ਕੀ ਸਮਾਂ ਰਹਿੰਦੇ ਕੋਈ ਕੰਮ ਠੀਕ ਢੰਗ ਨਾਲ ਨਹੀਂ ਕੀਤਾ ਜਾ ਸਕਦਾ? ਕੀ ਪ੍ਰਬੰਧਾਂ ਵਿਚ ਕਮੀ ਦਾ ਸੁਧਾਰ ਨਹੀਂ ਕੀਤਾ ਜਾ ਸਕਦਾ? ਦੁਨੀਆਂ ਜ਼ਿਆਦਾ ਅਬਾਦੀ ਕਾਰਨ ਚਰਚਾ ਵਿਚ ਆਉਣ ਵਾਲਾ ਦੇਸ਼ ਅਜਿਹੀ ਟੈਕਨਾਲੋਜੀ ਨਹੀਂ ਲਿਆ ਸਕਿਆ, ਜੋ ਧਰਤੀ ਦੇ ਪੇਟ ਨੂੰ ਸਕੈਨ ਕਰਕੇ ਬੱਚਾ ਕੱਢ ਲੈਂਦੀ। ਕੀ 1.5 ਜੀਬੀ ਡਾਟਾ ਸਾਡੇ ਦੇਸ਼ ਦੇ ਨੌਜ਼ਵਾਨਾਂ ਨੂੰ ਉਨ੍ਹਾਂ ਦੇ ਸਹੀ ਨਿਸ਼ਾਨੇ ਤੇ ਪਹੁੰਚ ਕਰਨ ਤੋਂ ਰੋਕਣ ਲਈ ਹੈ? ਕੀ ਡਾਟਾ ਜਿੰਦਗੀਆਂ ਰੋਲਣ ਲਈ ਤੇ ਬਲਾਤਕਾਰ ਤੇ ਤੇਜ਼ਾਬੀ ਘਟਨਾਵਾਂ ਤੇ ਦੇਸ਼ ਵਿਚ ਵੱਧ ਰਹੀ ਨਿੱਤ ਪ੍ਰਤੀ ਦਿਨ ਦੀ ਦਾਦਾਗਿਰੀ ਨੂੰ ਉਤਸਾਹਿਤ ਕਰਨ ਲਈ ਹੈ ਕਿ ਨੌਜ਼ਵਾਨ ਫਿਲਮਾਂ ਦੇਖ ਦੇਖ ਕੇ ਤੇ ਹਥਿਆਰਾਂ ਦੀ ਵੱਧ ਰਹੀ ਵਰਤੋਂ ਵਾਲੇ ਗਾਣੇ ਸੁਣ ਸੁਣ ਕੇ ਆਪਣੇ ਆਪ ਨੂੰ ਅਮੀਰਜਾਦੇ ਸਮਝਣ ਤੇ ਆਮ ਆਦਮੀ ਉਨ੍ਹਾਂ ਨੂੰ ਕੀੜੇ ਮਕੌੜੇ ਜਾਪਣ ਲੱਗਣ ਲੱਗ ਜਾਂਦਾ ਹੈ ਅਤੇ ਉਹ ਬੋਰਵੈੱਲ ਜਾਂ ਹੋਰ ਘਟਨਾਵਾਂ ਵਿਚ ਮਦਦ ਕਰਨ ਦੀ ਥਾਂ ਉਥੇ ਖੜ ਕੇ ਵੀਡੀਓਜ਼ ਬਣਾਉਣ ਤੇ ਆਪਣੀ ਵੀਡੀਓ ਸਭ ਤੋਂ ਪਹਿਲਾਂ ਤੇ ਅਸਲੀ ਹੋਣ ਦਾ ਦਾਅਵਾ ਕਰ ਸਕਣ। ਕੀ ਇਨ੍ਹਾਂ ਚੀਜ਼ਾਂ ਜੋਗਾ ਹੀ ਰਹਿ ਗਿਆ ਮੇਰਾ ਮਹਾਨ ਭਾਰਤ? 

ਹੁਣ ਤਾਂ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਜਦੋਂ ਕੁੱਖ ਵਿਚ ਪਏ ਬੱਚੇ ਦਾ ਲਿੰਗ ਨਿਧਾਰਣ ਹੋ ਸਕਦਾ ਹੈ ਕਿ ਕੀ ਉਹ ਮੁੰਡਾ ਹੈ ਜਾਂ ਕੁੜੀ? ਤਾਂ ਕੀ ਕੁੜੀ ਪਤਾ ਲੱਗਣ ਤੇ ਉਸ ਨੂੰ ਅੰਦਰ ਹੀ (ਮਾਂ ਦੇ ਗਰਭ ਵਿਚ) ਟੋਕਰਾ ਭਰ ਕੇ ਰੱਖੇ ਔਜ਼ਾਰਾ ਨਾਲ ਖ਼ਤਮ ਕਰ ਦਿੱਤਾ ਜਾਂਦਾ ਹੈ। ਪਰ ਫਤਿਹਵੀਰ ਸਿੰਘ ਤਾਂ ਇਕ ਲੜਕਾ ਸੀ, ਜਿਹੜਾ ਬੋਰਵੈਲ ਵਿਚ ਡਿੱਗ ਗਿਆ ਸੀ, ਉਸ ਸਮੇਂ ਦੇਸ਼ ਦੀ ਐਂਡਵਾਂਸ ਟੈਕਨਾਲੌਜੀ ਕਿਥੇ ਗਈ? ਧਰਤੀ ਵੀ ਤਾਂ ਮਾਂ ਹੀ ਹੁੰਦੀ ਹੈ, ਜੇਕਰ ਮਾਂ ਦੇ ਗਰਭ ਦਾ ਅਲਟਾਸਾਊਡ ਹੋ ਸਕਦਾ ਹੈ ਤਾਂ ਧਰਤੀ ਦਾ ਅਲਟਰਾਸਾਊਡ ਕਿਉਂ ਨਹੀਂ ਕੀਤਾ ਗਿਆ? ਬੱਚਾ ਵੀ ਲੜਕਾ ਸੀ, ਕੰਮ ਵੀ ਲੀਗਲ ਸੀ, ਕਰਨ ਵਾਲ ਵੀ ਪ੍ਰੋਫੈਸ਼ਨਲ ਸਨ। ਪਰ ਹੋਇਆ ਕੀ? ਸਿਰਫ਼ ਕੁਝ ਅੜੀਆਂ, ਜਿੰਦਾ ਠੰਡੇ ਬਸਤੀ ਵਿਚ ਪੈ ਗਏ। ਫੈਸਲਿਆਂ ਦੀ ਭੇਟ ਚੜ ਗਿਆ, ਉਹ ਮਾਸੂਮ। 

ਇਹ ਵੀ ਜਾਣਕਾਰੀ ਮਿਲੀ ਸੀ ਕਿ ਕੋਈ ਬਾਜੀਗਰ ਵੀ ਆਇਆ ਸੀ, ਉਥੇ ਆਪਣੀ ਬੱਚੀ ਨੂੰ ਨਾਲ ਲੈ ਕੇ, ਜਦੋਂ ਉਸ ਨੂੰ ਪਤਾ ਲੱਗਾ ਕਿ ਬੱਚੇ ਦੇ ਸਾਹ ਹਾਲੇ ਚੱਲ ਰਹੇ ਸੀ, ਉਸ ਨੇ ਆਪਣੀ ਬੱਚੀ ਨੂੰ ਬੋਰਵੈੱਲ ਵਿਚ ਭੇਜ ਕੇ ਉਸ ਬੱਚੇ ਨੂੰ ਬਾਹਰ ਕੱਢਣ ਦੀ ਸਿਫਾਰਸ਼ ਵੀ ਕੀਤੀ ਸੀ ਤੇ ਹਰ ਤਰ੍ਹਾਂ ਦੇ ਨਤੀਜੇ ਦੀ ਜਿੰਮੇਵਾਰੀ ਵੀ ਆਪਣੇ ਜਿੰਮੇ ਲਈ ਸੀ ਕਿ ਉਹ ਫਤਿਹਵੀਰ ਸਿੰਘ ਨੂੰ ਬਾਹਰ ਲੈ ਆਵੇਗੀ, ਪਰ ਨਹੀਂ... ਕਿਉਂ ਕਿ ਅਗਰ ਉਸ ਬੱਚੀ ਨੂੰ ਕੁਝ ਹੋ ਜਾਂਦਾ ਤਾਂ ਇਥੇ ਅਵਾਮ ਨੇ ਇਹ ਦੋਸ਼ ਅੱਗੇ ਆਉਣਾ ਸੀ ਕਿ ਉਹ ਬੱਚਾ ਕੁੜੀ ਸੀ, ਜੋ ਜਾਣ ਬੁੱਝ ਕੇ ਭੇਜ ਦਿੱਤੀ ਗਈ। ਇਕ ਮੁੰਡੇ ਦੀ ਜਿੰਦਗੀ ਬਚਾਉਣ ਲਈ ਤੇ ਉਸ ਨਾਲ ਇਹ ਸਭ ਕੁਝ ਹੋ ਗਿਆ। ਭਾਵੇਂ ਉਹ ਬੱਚੀ ਫਤਿਹਵੀਰ ਨੂੰ ਜਿਉਦਾ ਜਾਗਦਾ ਬਾਹਰ ਕੱਢ ਕੇ ਲੈ ਆਉਂਦੀ, ਪਰ ਉਥੇ ਖੜੀ ਭਾਂਤ ਭਾਂਤ ਦੇ ਵਿਚਾਰ ਰੱਖਣ ਵਾਲੀ ਜਨਤਾ ਨੇ ਕੁਝ ਹੋਣ ਹੀ ਨਹੀਂ ਦਿੱਤਾ। ਸਾਡੇ ਪੰਜਾਬ ਵਿਚ ਇਕ ਕੰਮ ਕਰਨ ਲੱਗਦਾ ਹੈ ਅਤੇ ਦਸ ਜਣੇ, ਉਸਨੂੰ ਰੋਕਣ ਲਈ ਆ ਖੜ੍ਹਦੇ ਹਨ। ਇਸ ਤਰ੍ਹਾਂ ਸਭ ਕੁਝ ਕਿਵੇਂ ਚੱਲੇਗਾ.........

ਪਿਛਲੇ ਹਫ਼ਤੇ ਜੋ ਘਟਨਾ ਦਿੱਤੀ ਦੀਆਂ ਸੜਕਾਂ 'ਤੇ ਸ਼ਰੇਆਮ ਦਿਨ ਦਿਹਾੜੇ ਵਾਪਰੀ, ਉਹ ਵੀ ਤਾਂ ਕਿਸੇ ਦਾ ਬੇਟਾ ਹੀ ਸੀ। ਕੀ ਸਾਡੇ ਵੇਦ, ਸ਼ਾਸ਼ਤਰ ਸਾਨੂੰ ਇਹ ਹੀ ਸਿਖਾਉਂਦੇ ਹਨ ਕਿ ਪਿਤਾ ਦਾ ਅਪਮਾਨ ਹੋ ਰਿਹਾ ਹੋਵੇ ਅਤੇ ਬੇਟਾ ਉਸ ਨੂੰ ਉਕਤ ਜਗ੍ਹਾ 'ਤੇ ਖੜਾ ਦੇਖ ਰਿਹਾ ਹੋਵੇ? ਭਾਵੇਂ ਉਸ ਲੜਕੇ ਨੂੰ ਪਹਿਲਾਂ ਆਪਣੇ ਪਿਤਾ ਨੂੰ ਹੀ ਰੋਕਣ ਦਾ ਯਤਨ ਕੀਤਾ, ਪਰ ਆਪਣੇ ਪਿਤਾ ਨੂੰ ਆਪਣੇ ਬਚਾਅ ਤੋਂ ਨਾਕਾਮ ਹੁੰਦਾ ਵੇਖ ਕੇ ਆਪ ਖੁਦ ਆਪਣਾ ਤੇ ਆਪਣੇ ਪਿਤਾ ਦਾ ਬਚਾਅ ਕਰਦਾ ਹੋਇਆ ਨਿਹੱਥਾ ਹੋ ਗਿਆ ਤੇ ਉਸ ਨੂੰ ਵੀ ਕਿਸੇ ਹਮਲੇ ਦੇ ਦੋਸ਼ੀ ਵਾਂਗ ਹੀ ਸ਼ਰੇਆਮ ਕੁੱਟਿਆ ਮਾਰਿਆ ਗਿਆ ਤੇ ਸੜਕ ਤੇ ਘੜੀਸਿਆ ਗਿਆ। 

ਜੇਕਰ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚੇ ਮਜ਼ਦੂਰੀ ਨਹੀਂ ਕਰ ਸਕਦੇ, ਆਪਣਾ ਤੇ ਆਪਣੇ ਪਰਿਵਾਰ ਦੇ ਗੁਜਾਰੇ ਲਈ ਆਪਣੇ ਪਿਤਾ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਕੰਮ ਨਹੀਂ ਕਰ ਸਕਦੇ ਤਾਂ, ਇਹ ਜਾਇਜ਼ ਨਹੀਂ... ਇਹ ਕਾਨੂੰਨ ਦੇ ਵਿਰੁੱਧ ਹੈ ਤਾਂ ਇਹ ਕਿਥੋਂ ਤੱਕ ਜਾਇਜ਼ ਹੈ ਕਿ 14 ਸਾਲ ਦਾ ਬੱਚਾ ਆਪਣੇ ਪਿਤਾ ਦੀ ਬੇਇੱਜਤੀ ਕੋਲ ਖੜਾ ਬਰਦਾਸ਼ਤ ਕਰੇ? ਹੋ ਸਕਦਾ ਉਸ ਦਾ ਪਿਤਾ ਉਸ ਦਿਨ ਮਾਰਿਆਂ ਵੀ ਜਾਂਦਾ ਤਾਂ ਫਿਰ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਘੱਟ ਉਮਰ 14 ਦਾ ਹੋਣ ਕਰਕੇ ਕੰਮ ਤਾਂ ਕੋਈ ਕਰ ਨਹੀਂ ਸਕਦਾ ਸੀ। ਪਰ ਜਿਉਂਦੇ ਜੀ ਪਿਤਾ ਨੂੰ ਬਚਾ ਤਾਂ ਸਕਦਾ ਸੀ, ਪਿਤਾ ਨੂੰ ਬਚਾਉਣ ਦੀ ਕੀਮਤ ਉਸ ਨੂੰ ਇੰਨੀਂ ਵੱਡੀ ਚਕਾਉਣੀ ਪਈ ਕਿ ਉਸ ਨਿਰਦੋਸ਼ ਨੂੰ ਵੀ ਸੜਕਾਂ ਉਪਰ ਘੜੀਸਿਆਂ ਗਿਆ। ਉਸ ਦੀ ਮਾਂ ਵੀ ਉਸ ਦਿਨ ਟੀਵੀ ਵਿਚ ਦੇਖਦੀ ਹੋਵੇਗੀ, ਉਨ੍ਹਾਂ ਦਾ ਹਰਸ਼.. ਉਸ ਲਈ ਤਾਂ ਪੁੱਤਰ ਅਤੇ ਪਤੀ ਦੋਨੋਂ ਹੀ ਜਰੂਰੀ ਸਨ। ਪਰ ਉਹ ਕੀ ਕਰ ਸਕਦੀ ਸੀ... ਪਤੀ ਤੇ ਪੁੱਤਰ ਉਪਰ ਹੋ ਰਹੇ ਅੱਤਿਆਚਾਰ ਨੂੰ ਦੇਖ ਰਹੀ ਸੀ, ਪਰ ਬੱਚੇ ਨੂੰ ਇਥੇ ਸਜ਼ਾ ਦਾ ਭਾਗੀਦਾਰ ਬਣਾਇਆ ਜਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਸੀ।

ਇਸੇ ਤਰ੍ਹਾਂ ਝਾਰਖੰਡ ਦੀ ਇਕ ਘਟਨਾ ਨੇ ਤਾਂ ਮਨੁੱਖੀ ਮਨ ਨੂੰ ਦਹਿਲਾ ਕੇ ਰੱਖ ਦਿੱਤਾ ਹੈ ਤੇ ਭਾਰਤ ਦੇ ਵਿਕਾਸਸ਼ੀਲ ਦੇਸ਼ ਹੋਣ ਤੇ ਇਕ ਪ੍ਰਸ਼ਨਚਿੰਨ ਲੱਗ ਗਿਆ ਹੈ? ਬਹੁਤ ਸੋਹਣੀ ਤਸਵੀਰ ਭਾਰਤ ਦੀ ਚਿੱਤਰੀ ਜਾਂਦੀ ਹੈ, ਪਰ ਲੱਖ ਲਾਹਨਤਾਂ ਸਿਹਤ ਵਿਭਾਗ ਉਪਰ.. ਸਾਡੇ ਦੇਸ਼ ਵਿਚ ਪਸ਼ੂ ਮਰੇ ਤਾਂ ਲੱਖ ਸ਼ੋਰ ਸ਼ਰਾਬਾ, ਅੱਗਾਂ ਲਗਾਉਣਾ, ਭਾਰਤ ਬੰਦ, ਤੋੜ ਫੋੜ, ਪਰ ਇਕ ਆਦਮੀ ਬਿਨ੍ਹਾਂ ਇਲਾਜ਼ ਖੁਣੋਂ ਮਰੇ ਤਾਂ ਕੁੱਤੇ ਦੇ ਮਰਨ ਜਿੰਨੀਂ ਵੀ ਕਦਰ ਨਹੀਂ ਪੈਂਦੀ। 

ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਆਦਿਵਾਸੀ ਨਕਸਲੀ ਹੁੰਦੇ ਹਨ। ਇਹ ਅਫ਼ਵਾਹਾਂ ਫੈਲਾਈਆਂ ਜਾਂਦੀਆਂ ਹਨ। ਪਰ ਇਹ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਕਿ ਉਹ ਬਣਦੇ ਕਿਉਂ ਹਨ? ਕਿਉਂ ਨਹੀਂ ਉਨ੍ਹਾਂ ਲਈ ਸਹੂਲਤਾਂ? ਕਿਉਂ ਨਹੀਂ ਉਨ੍ਹਾਂ ਲਈ ਐਬੂਲੈਂਸ? ਕਿਉਂ ਨਹੀਂ ਡਾਕਟਰ? ਕਿਉਂ ਨਹੀਂ ਨਰਸਾਂ? ਜਦੋਂ ਅਸੀਂ ਹਰ ਚੀਜ਼ ਲਈ ਟੈਕਸ ਦਿੰਦੇ ਹਾਂ। ਜੀਐਸਟੀ, ਸੈਂਟਰ ਤੇ ਸਟੇਟ ਦੋਨਾਂ ਦਾ ਨਿੱਜੀ ਤੌਰ ਤੇ ਵੀ ਭਰਦੇ ਹਾਂ, ਪਹਿਲਾਂ ਖਰੀਦਣ ਵੇਲੇ ਟੈਕਸ ਤੇ ਫਿਰ ਵਰਤਣ ਵੇਲੇ ਟੈਕਸ, ਫਿਰ ਸੜਕਾਂ ਤੇ ਚਲਾਉਣ ਵੇਲੇ ਟੋਲ ਪਲਾਜੇ, ਟੁੱਟੀਆਂ ਸੜਕਾਂ ਠੀਕ ਕਰਵਾਉਣ ਲਈ ਟੈਕਸ ਸਾਰਾ ਕੁਝ ਸਾਡੇ ਪੈਸੇ ਦਾ। ਟੈਕਸ ਉਪਰ ਟੈਕਸ, ਫਿਰ ਟੈਕਸ ਉਪਰ ਟੈਕਸ, ਪਰ ਕੀ ਸਾਡਾ ਪੈਸਾ ਸਹੀ ਵਰਤਿਆ ਜਾ ਰਿਹਾ..........? 

ਸ਼ੋਸਲ ਮੀਡੀਆ ਤੇ ਇਕ ਤਸਵੀਰ ਸਾਹਮਣੇ ਆਈ, ਇਕ ਆਦਿਵਾਸੀ ਲੜਕੀ ਜਿਹੜੀ ਕਿ ਗਰਭਵਤੀ ਸੀ, ਜਣੇਪਾ ਸਮਾਂ ਪੂਰਾ ਹੋਣ ਕਰਕੇ ਹਸਪਤਾਲ ਜਾਣ ਲਈ ਐਬੂਲੈਂਸ ਦੀ ਉਡੀਕ ਕਰ ਰਹੀ ਸੀ, ਪਰ ਉਡੀਕਦੇ ਉਡੀਕਦੇ ਜਣੇਪਾ ਪੀੜ੍ਹਾਂ ਬਰਦਾਸ਼ਤ ਨਾ ਕਰਦੀ ਹੋਈ ਨੇ ਸੜਕ ਉਪਰ ਹੀ ਬੱਚੇ ਨੂੰ ਜਨਮ ਦੇ ਦਿੱਤਾ ਤੇ ਉਸ ਬੱਚੇ ਨੂੰ ਮੈਡੀਕਲ ਸਹੂਲਤਾਂ ਨਾ ਮਿਲਣ ਕਰਕੇ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਬੱਚੇ ਦੀ ਖੂਨ ਨਾਲ ਲਿਬੜੀ ਲਾਸ਼ ਨੂੰ ਸੜਕ ਤੇ ਪਾ ਕੇ ਆਪ ਕੋਲ ਬੈਠੀ.. ਅੱਛੇ ਦਿਨਾਂ ਦਾ ਇੰਤਜਾਰ ਕਰ ਰਹੀ ਸੀ। 

ਇਹ ਨਵਾਂ ਜੰਮਿਆਂ ਬੱਚਾ ਇਕ ਸੁਪਨਿਆਂ ਦਾ ਸੰਭਾਵਨਾਵਾਂ ਦਾ, ਆਸਾ ਦਾ ਪ੍ਰਤੀਕ ਹੁੰਦਾ ਹੈ, ਉਸ ਦੇ ਲਈ ਮਾਂ 9 ਮਹੀਨੇ ਇੰਤਜ਼ਾਰ ਕਰਦੀ ਹੈ, ਪਰ ਜਦੋਂ ਮਾਂ ਕਿਸੇ ਵੀ ਅਣਗਹਿਲੀ ਕਰਕੇ ਆਪਣੀ ਝੋਲੀ ਝਾੜ ਕੇ ਉੱਠਦੀ ਹੈ ਤਾਂ ਉਸ ਦੇ ਜੀਵਨ ਵਿਚ ਬਚਦਾ ਵੀ ਕੱਖ ਨਹੀਂ। ਸਾਡੇ ਦੇਸ਼ ਵਿਚ ਪਸ਼ੂਆਂ ਦੇ ਲਈ ਐਂਬੂਲੈਂਸ ਸਿਹਤ ਸਹੂਲਤਾਂ, ਖੁਰਾਕ ਦਵਾਈਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ, ਪਰ ਕੀ ਇਕ ਆਦਿਵਾਸੀ ਔਰਤ ਦੀ ਕੋਈ ਸੁਣਵਾਈਂ ਨਹੀਂ? ਕੀ ਇਕ ਮਨੁੱਖ ਦਾ ਇਕ ਮਨੁੱਖ ਦੀ ਔਲਾਦ ਨੂੰ ਬਚਾਉਣ ਦਾ ਕੋਈ ਫਰਜ਼ ਨਹੀਂ? ਕੀ ਸਾਡੀ ਆਉਣ ਵਾਲੀ ਪੀੜ੍ਹੀ ਸਿਹਤ ਸਹੂਲਤਾਂ ਦੀ ਘਾਟ ਕਰਕੇ, ਕਾਨੂੰਨਾਂ ਵਿਚ ਢਿੱਲ ਕਰਕੇ, ਸੜਕਾਂ ਤੇ ਮਰਨ ਲਈ ਮਜ਼ਬੂਰ ਕੀਤੀ ਜਾਵੇਗੀ? ਜੱਚਾ ਬੱਚਾ ਖੂਨ ਦੀਆਂ ਨਦੀਆਂ ਵਿਚ ਸਹਿਕਦੇ..... ਤੱਪਦੀਆਂ ਧੁੱਪਾਂ.....ਹੱਢ ਚੀਰਵੀਂ ਠੰਡ ਵਿਚ ਸੜਕਾਂ ਦਾ ਸ਼ਿੰਗਾਰ ਬਣਨਗੇ। ਉਨ੍ਹਾਂ ਦੀਆਂ ਇਸ ਤਰ੍ਹਾਂ ਰੁਲਦੀਆਂ ਦੀਆਂ ਤਸਵੀਰਾਂ ਦੂਜੇ ਦੇਸ਼ਾਂ ਵਿਚ ਵਾਇਰਲ ਹੋਣਗੀਆਂ.................ਇਹ ਕਿਸ ਤਰ੍ਹਾ ਦੇ ਅੱਛੇ ਦਿਨ ਆ ਗਏ........


ਲੇਖਿਕਾ: ਪਰਮਜੀਤ ਕੌਰ ਸਿੱਧੂ