ਮੋਦੀ ਸਰਕਾਰ ਵਲੋਂ ਇਸ ਪਾਸੇ ਤਾਂ ਦੇਸ਼ ਦੇ ਗਰੀਬਾਂ ਨੂੰ ਕਰੋਨਾ ਕਰਫਿਊ ਦੇ ਦੌਰਾਨ ਰਾਸ਼ਨ ਤੋਂ ਇਲਾਵਾ ਹੋਰ ਲੋੜੀਂਦਾ ਸਮਾਨ ਦੇਣ ਦਾ ਐਲਾਨ ਕੀਤਾ ਹੋਇਆ ਹੈ, ਪਰ ਦੂਜੇ ਪਾਸੇ ਗਰੀਬ ਲੋਕਾਂ ਨੂੰ ਰਾਸ਼ਨ ਨਾ ਮਿਲਣ ਦੇ ਕਾਰਨ ਗਰੀਬ ਤਬਕ਼ਾ ਭੁੱਖ ਦੇ ਨਾਲ ਮਰ ਰਿਹਾ ਹੈ। ਸਰਕਾਰ ਦੇ ਦਾਅਵੇ ਪਹਿਲੋ ਵਾਂਗ ਹੀ ਹਵਾਈ ਸਾਬਤ ਹੋ ਰਹੇ ਹਨ। ਅਸੀਂ ਪਹਿਲੋਂ ਵੀ ਲਿਖ ਚੁੱਕੇ ਹਾਂ ਕਿ ਲੋਕਾਂ ਨੇ ਕਰੋਨਾ ਨਾਲ ਘੱਟ ਅਤੇ ਭੁੱਖ ਦੇ ਨਾਲ ਜਿਆਦਾ ਮਰ ਜਾਣਾ। ਕਿਉਂਕਿ ਭਾਰਤ ਦੇ ਅੰਦਰ ਹਰ ਸਾਲ ਹੋਰਨਾਂ ਬਿਮਾਰੀਆਂ ਨਾਲੋਂ ਵੱਧ ਲੋਕ ਭੁੱਖਮਰੀ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਭਾਰਤ ਭਰ ਵਿਚ ਕੀਤੇ ਲਾਕਡਾਉਨ ਕਰਕੇ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਹੈ। ਗਰੀਬ ਮਜ਼ਦੂਰਾਂ ਦਾ ਕੰਮਕਾਰ ਬੰਦ ਹੋਣ ਕਰਕੇ ਉਨ੍ਹਾਂ ਨੂੰ ਘਰ ਚਲਾਉਣ ਮੁਸ਼ਕਲ ਹੈ, ਘਰਾਂ ਵਿਚ ਰਾਸ਼ਨ ਦਾ ਸਮਾਨ ਖਤਮ ਹੋ ਚੁੱਕਿਆ ਹੈ। ਸਰਕਾਰਾਂ ਵੱਲੋਂ ਭਾਵੇਂ ਇਹ ਦਾਅਵੇਂ ਕੀਤੇ ਜਾ ਰਹੇ ਹਨ ਕਿ ਲੋਕਾਂ ਤਾਂ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ, ਪਰ ਇਹ ਸਿਰਫ ਕਾਗਜ਼ੀ ਦਾਅਵੇ ਹਨ। ਜਾਣਕਾਰੀ ਅਨੁਸਾਰ ਰਾਸ਼ਨ ਨਾ ਮਿਲਣ ਕਰਕੇ ਪ੍ਰੇਸ਼ਾਨ ਚਲਦਿਆ ਲੁਧਿਆਣਾ ਵਿਚ ਇਕ ਮਜ਼ਦੂਰ ਨੇ ਖੁਦਕੁਸ਼ੀ ਕਰ ਲਈ। ਪਰ ਅਸੀਂ ਇਸ ਨੂੰ ਖ਼ੁਦਕੁਸ਼ੀ ਨਹੀਂ ਮੰਨਦੇ, ਅਸੀਂ ਇਸ ਨੂੰ ਕਤਲ ਆਖਾਂਗੇ, ਜੋ ਹਕੂਮਤ ਵੱਲੋਂ ਕੀਤਾ ਗਿਆ ਹੈ। ਹਕੂਮਤ ਜੇ ਗਰੀਬਾਂ ਨੂੰ ਸਮੇਂ ਸਿਰ ਰਾਸ਼ਨ ਅਤੇ ਹੋਰ ਜਰੂਰੀ ਵਸਤਾਂ ਦਿੰਦੀ ਰਹਿ ਤਾਂ ਕਦੇ ਵੀ ਗਰੀਬ ਅਜਾਈ ਮੌਤ ਨਹੀਂ ਮਰਦੇ। ਦੱਸ ਦਈਏ ਕਿ ਰਾਸ਼ਨ ਨਾ ਮਿਲਣ ਕਾਰਨ ਖ਼ੁਦਕੁਸ਼ੀ ਕਰਨ ਵਾਲਾ 38 ਸਾਲਾ ਮ੍ਰਿਤਕ ਫੋਕਲ ਪੁਆਇੰਟ ਦੇ ਰਾਜੀਵ ਗਾਂਧੀ ਕੋਲੋਨੀ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿਤਾ ਰੋਜ਼ਾਨਾ ਰਾਸ਼ਨ ਲੈਣ ਲਈ ਪੁਲਿਸ ਚੌਕੀ ਜਾਂਦਾ ਸੀ, ਪਰ ਉਸ ਨੂੰ ਰੋਜ਼ ਖਾਲੀ ਹੱਥ ਮੋੜ ਦਿੱਤਾ ਜਾਂਦਾ ਸੀ, ਜਿਸ ਕਾਰਨ ਉਸ ਨੇ ਇਹ ਵੱਡਾ ਕਦਮ ਚੁੱਕਿਆ ਹੈ। ਉਥੇ ਹੀ ਆਲੇ ਦੁਆਲੇ ਦੇ ਲੋਕਾਂ ਨੇ ਵੀ ਇਸੇ ਗੱਲ ਨੂੰ ਕਾਰਨ ਦੱਸਿਆ ਕਿ ਰਾਸ਼ਨ ਨਾ ਮਿਲਣ ਤੇ ਉਹ ਬਹੁਤ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਅਜਿਹਾ ਕੀਤਾ ਹੈ। ਦੂਜੇ ਪਾਸੇ ਥਾਣਾ ਮੁਖੀ ਮੁਹੰਮਦ ਜਲੀਲ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।(ਹਿੰ.ਸ.)