ਪਿਛਲੇ ਕੁੱਝ ਸਾਲਾਂ ਤੋਂ  ਸਾਡੇ ਭਾਰਤ ਮਹਾਨ ਵਿੱਚ ਦੇਸ਼ ਭਗਤੀ ਦੀ ਆੜ ਹੇਠ ਫਿਰਕਾਪ੍ਰਸਤੀ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਹੈ। ਗੋਡਸੇ ਅਤੇ ਸਾਵਰਕਰ ਨੂੰ ਦੇਸ਼ ਦੇ ਸਭ ਤੋਂ ਵੱਡੇ ਦੇਸ਼ ਭਗਤ ਸਾਬਤ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਭਾਜਪਾ ਅਤੇ ਆਰ ਐਸ ਐਸ  ਇਤਿਹਾਸ ਨੂੰ ਪੁੱਠਾ ਗੇੜ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਰ ਇਤਿਹਾਸ ਕੋਈ ਲੱਕੜੀ ਦਾ ਤਖਤਾ (ਫੱਟਾ) ਨਹੀਂ ਹੈ ਜਿਸ ਨੂੰ ਹਰ ਕੋਈ ਐਰਾ ਗੈਰਾ ਨੱਥੂ ਖੈਰਾ ਜਿਵੇਂ ਚਾਹੇ ਜਦੋਂ ਚਾਹੇ ਆਪਣੀ ਮਰਜ਼ੀ ਨਾਲ ਉਲਟ ਪੁਲਟ ਸਕਦਾ ਹੈ ਜਾਂ ਫਿਰ ਚੰਦ ਕੁ  ਵਿਅਕਤੀਆਂ ਨੂੰ ਨਾਲ ਲੈਕੇ ਇਤਿਹਾਸ ਨੂੰ ਉਲਟਾ  ਗੇੜ ਦੀ ਆਪਣੇ ਅੰਦਰ ਲਾਲਸਾ ਪਾਲ ਸਕਦਾ ਹੈ। ਇਤਿਹਾਸ ਅੱਜ ਜਾਂ ਕੱਲ ਦਾ  ਨਾਂ ਨਹੀਂ ਹੈ  ਇਤਿਹਾਸ ਬਣਨ, ਲਿਖਣ ਲਈ ਸਦੀਆਂ ਲੱਗਦੀਆਂ ਹਨ। ਇਸ ਧਰਤੀ ਤੇ ਬਹੁਤ ਸਾਰੇ ਅਜਿਹੇ ਅੰਨ੍ਹੇ ਵਿਅਕਤੀ ਹਨ ਜਿੰਨ੍ਹਾਂ ਦੇ ਪੈਰ ਥੱਲੇ ਅਚਾਨਕ  ਮਬਟੇਰਾ ਆ ਗਿਆ ਹੈ ਅਤੇ ਉਹ ਆਪਣੇ ਆਪ ਨੂੰ ਸ਼ਿਕਾਰੀ ਸਮਝਣ ਦਾ ਭਰਮ ਪਾਲ ਬੈਠੇ ਹਨ। ਪਰ ਉਹ ਇਹ  ਨਹੀਂ ਜਾਣਦੇ ਹਨ ਕਿ  ਜਿੱਥੇ ਜ਼ੁਲਮ ਕਰਨ ਵਾਲੇ ਔਰੰਗਜ਼ੇਬ, ਹਿਟਲਰ ਅਤੇ ਉਡਵਾਇਰ ਸਨ ਉੱਥੇ ਜ਼ੁਲਮ ਦਾ ਟਾਕਰਾ ਕਰਨ ਵਾਲੇ ਭਗਤ ਸਿੰਘ  ਸਰਾਭੇ, ਦੇਸ਼ ਭਗਤ ਯੋਧੇ, ਗਦਰੀ ਬਾਬੇ ਅਤੇ ਸਰਬੰਸ ਦਾਨੀ ਗੋਬਿੰਦ ਸਿੰਘ ਵਰਗੇ ਮਰਦ ਅਗੰਮੜੇ  ਵੀ ਪੈਦਾ ਹੋਏ ਹਨ। ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅਤੇ ਕਾਲ਼ੇ ਦੋ ਤਰ੍ਹਾਂ ਦੇ ਪੰਨੇ ਹੁੰਦੇ ਹਨ ।ਸਮੇਂ ਦੇ ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਆਪਣਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਜਾਂ ਫਿਰ ਆਪਣੀਆਂ ਕੋਝੀਆਂ ਹਰਕਤਾਂ ਕਾਰਨ ਕਾਲ਼ੇ ਪੰਨਿਆਂ ਤੇ ਲਿਖਵਾਉਣਾ  ਹੈ। ਜਿਸ ਤਰ੍ਹਾਂ ਕੁਦਰਤ ਆਜ਼ਾਦ ਅਤੇ ਅਜਿੱਤ ਹੈ ਉਸੇ ਤਰ੍ਹਾਂ ਕਲਮ ਵੀ ਆਜ਼ਾਦ ਅਤੇ ਅਜਿੱਤ  ਹੈ। ਜਿਵੇਂ ਬੱਦਲ਼ ਅਤੇ ਧੁੰਦ  ਸੂਰਜ ਨੂੰ  ਥੋੜ੍ਹੇ ਸਮੇਂ ਲਈ ਹੀ ਢੱਕ ਕੇ ਰੱਖ ਸਕਦੇ ਹਨ ਸਦਾ ਲਈ ਨਹੀਂ। ਇਸੇ ਤਰ੍ਹਾਂ  ਕਲਮ ਨੂੰ ਕੈਦ ਕਰਨ ਦੀਆਂ ਤੁਹਾਡੀਆਂ ਕੋਝੀਆਂ ਚਾਲਾਂ ਕੁੱਝ ਸਮੇਂ ਲਈ ਤਾਂ ਕਾਮਯਾਬ ਹੋ ਸਕਦੀਆਂ ਹਨ ਪਰ ਸਦਾ ਲਈ ਨਹੀਂ। ਭਗਤ ਸਰਾਭੇ ਦੇ ਵਾਰਿਸ ਅਜੇ ਖਿੰਡੇ ਪੁੰਡੇ ਪਏ ਹਨ ਪਰ ਅਜਿਹਾ ਸਮਾਂ ਵੀ ਆਏਗਾ ਜਦੋਂ ਉਹ ਇਕੱਠੇ ਹੋ ਕੇ ਜ਼ਬਰ ਦਾ ਟਾਕਰਾ ਕਰਨ ਲਈ ਤਿਆਰ ਹੋਣਗੇ। ਅੱਖਾਂ ਖੋਲ੍ਹ ਕੇ ਵੇਖ ਲਵੋ ਅਖੌਤੀ ਸੁਪਰ ਪਾਵਰ ਦਾ ਭਰਮ ਪਾਲੀ ਬੈਠੇ ਅਮਰੀਕਾ ਦਾ ਅੱਜ ਕੀ  ਹਾਲ ਹੈ?  ਕੋਰੋਨਾ ਵਾਇਰਸ ਦੀ ਆੜ ਵਿੱਚ ਜੋ ਜ਼ਹਿਰ  ਫਿਰਕਾਪ੍ਰਸਤੀ ਦਾ ਫੈਲਾਇਆ ਜਾ ਰਿਹਾ ਹੈ  ਇਸ ਤੋਂ ਬਾਜ ਆਉਣ ਦੀ ਲੋੜ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਨੇ ਤਾਂ 30 ਜਨਵਰੀ ਤੋਂ ਲੈ ਕੇ ਹੁਣ ਤੱਕ  ਸਿਰਫ਼ 400 ਜਾਂ 500 ਵਿਅਕਤੀਆਂ ਦੀ ਜਾਨ ਲਈ ਹੈ ਪਰ ਜਿਸ ਫਿਰਕਾਪ੍ਰਸਤੀ ਦਾ ਨੰਗਾ ਨਾਚ ਤੁਸੀਂ ਕਰਨ ਦੀ ਕੋਸ਼ਿਸ਼ ਵਿੱਚ ਹੋ ਉਹ ਨਾਚ ਕੁੱਝ  ਘੰਟਿਆਂ ਵਿੱਚ ਹੀ ਸਾਰੇ ਭਾਰਤ ਨੂੰ ਤਬਾਹ ਕਰ ਸਕਦਾ ਹੈ। ਇਹ ਵੀ ਯਾਦ ਰੱਖਣਾ ਇੱਕ ਮਾਚਿਸ ਦੀ ਤੀਲ੍ਹੀ ਉਨਾ ਚਿਰ ਅੱਗ ਨਹੀਂ  ਲਗਾ ਸਕਦੀ ਜਿੰਨਾ ਚਿਰ ਉਹ  ਮਾਚਿਸ ਦੀ ਡੱਬੀ ਵਿੱਚ ਬੰਦ ਹੈ ।ਜਦੋਂ ਉਹ ਬਾਹਰ ਆ ਗਈ  ਫਿਰ ਉਸ ਨੂੰ ਅੱਗ ਲਗਾਉਣ ਤੋਂ ਕੋਈ ਨਹੀਂ ਰੋਕ ਸਕਦਾ। ਇਹ ਅਖੌਤ ਵੀ ਤੁਸੀਂ ਸੁਣੀ ਹੋਵੇਗੀ ਕਿ ਜੋ ਮਨੁੱਖ ਦੂਜਿਆਂ ਲਈ ਟੋਇਆ ਪੁੱਟਦਾ ਹੈ ਕਈ ਵਾਰ ਗ਼ਲਤੀ ਨਾਲ ਉਹ ਖੁਦ ਹੀ ਉਸ ਟੋਏ ਵਿੱਚ  ਡਿੱਗ ਪੈਂਦਾ ਹੈ। ਜਦੋਂ ਜੰਗਲ਼ ਨੂੰ  ਅੱਗ  ਲੱਗਦੀ ਹੈ ਉਹ ਨਾ ਖ਼ਰਗੋਸ਼ ਅਤੇ ਨਾ ਹੀ ਜੰਗਲ਼ ਦਾ ਰਾਜਾ ਸ਼ੇਰ ਵੇਖਦੀ ਹੈ। ਉਹ  ਵੱਡੇ ਵੱਡੇ ਬੋਹੜ ਵੀ ਨਹੀਂ ਦੇਖਦੀ ਜੋ ਸੂਰਜ ਦੀਆਂ ਕਿਰਨਾਂ ਧਰਤੀ ਤੇ ਨਹੀਂ ਪੈਣ ਦਿੰਦਾ ਤਾਂ ਕਿ ਉਸ ਦੇ ਥੱਲੇ ਛੋਟੇ ਛੋਟੇ ਬੂਟੇ ਨਾ ਪੁੰਗਰ  ਪੈਣ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਣੇ ਆਪ ਨੂੰ ਕਈ  ਲੇਖਕ ਸਾਹਿਤ ਦਾ ਬਾਬਾ ਬੋਹੜ ਸਮਝ ਕੇ ਨਵੇਂ ਲੇਖਕਾਂ ਨਾਲ ਵਿਵਹਾਰ ਕਰਦੇ ਹਨ  ਪਰ ਉਹ ਵੀ ਨਾਨਕ ਸਿੰਘ ਨਾਵਲਿਸਟ ਦੇ  ਨਾਵਲ ਕੋਈ ਹਰਿਆ ਬੂਟ ਰਹਿਓ ਰੀ ਨੂੰ ਅੱਜ ਦੇ ਸਿਆਸਤਦਾਨਾਂ ਵਾਂਗ ਭੁੱਲ ਜਾਂਦੇ ਹਨ। ਮੇਰੀ ਗੱਦੀਆਂ ਸਾਂਭੀ ਬੈਠੇ ਲੁਟੇਰਿਆਂ ਨੂੰ ਅਤੇ ਲੁੱਟ ਖਸੁੱਟ ਖਿਲਾਫ਼ ਡਟਣ ਵਾਲਿਆਂ ਨੂੰ ਬੇਨਤੀ ਤੇ ਸਲਾਹ ਵੀ ਹੈ  ":::"ਸਿਆਸਤਦਾਨੋ ਸਮਝ ਜਾਓ।ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਅਜੇ ਵੀ ਸੁਧਰ ਜਾਉ ਲੰਘਿਆ ਵੇਲ਼ਾ ਹੱਥ ਨਹੀਂ ਆਉਣਾ ਫਿਰ ਪਛਤਾਉਣ ਲਈ ਤੁਹਾਡਾ ਨਾਮੋ ਨਿਸ਼ਾਨ ਤੱਕ ਵੀ  ਨਹੀਂ ਰਹਿਣਾ। ਫਿਰਕਾਪ੍ਰਸਤੀ ਦੇ ਇਸ ਦੈਂਤ ਨੂੰ ਉਸ ਜਿੰਨ੍ਹ ਦੀ ਤਰ੍ਹਾਂ ਬੋਤਲ ਵਿੱਚ ਬੰਦ ਹੀ ਰਹਿਣ ਦਿਓ ਜੋ ਬਾਹਰ ਆ ਕੇ ਸਿਰਫ਼ ਤਬਾਹੀ ਹੀ ਮਚਾਉਂਦਾ ਹੈ। ਭਗਤ ਸਰਾਭੇ ਦੇ ਵਾਰਸੋ ਤੁਸੀਂ ਵੀ ਫ਼ੋਕੇ ਜੈਕਾਰੇ ਲਾਉਣੇ ਛੱਡੋ, ਉਸ ਸਾਨ੍ਹ ਦੀ ਤਰ੍ਹਾਂ ਜੋ ਬੜ੍ਹਕਾਂ ਤੇ ਮੋਕ ਵੀ ਮਾਰਦਾ ਸੀ ਜਦੋਂ ਉਸ ਨੂੰ ਇਸ ਦਾ ਕਾਰਨ ਪੁੱਛਿਆ  ਤਾਂ ਉਸ ਨੇ ਕਿਹਾ ਕਿ ਬੜ੍ਹਕ ਇਸ ਲਈ ਮਾਰਦਾ ਹਾਂ ਕਿ ਮੈਂ ਸਾਨ੍ਹ ਹਾਂ ਮੋਕ ਇਸ ਲਈ ਕਿਉਂਕਿ ਮੈਨੂੰ? ਉਨ੍ਹਾਂ ਨੇ  ਛੱਡਿਆ ਹੈ। ਇਹ ਪੇਤਲੇ ਲਲਕਾਰੇ ਮਾਰਨੇ ਛੱਡ ਕੇ ਅਤੇ ਆਪਣੇ ਹੀ ਵਰਗ ਚੇਤਨਾ ਦੇ ਕਾਫ਼ਲੇ  ਵਿੱਚ ਲਕੀਰਾਂ ਤੇ ਸੁਰਖ਼ ਰੇਖਾਵਾਂ ਖਿੱਚਣਾ ਬੰਦ ਕਰੋ ਅਤੇ ਸਾਰੇ ਕਿਰਤੀ ਕਾਮਿਆਂ ਨੂੰ ਇਕੱਠੇ ਕਰ ਕਰਕੇ ਉਨ੍ਹਾਂ ਦੇ ਰੋਹਲੇ ਬਾਣ ਤਰਕਸ਼ਾਂ ਤੇ ੳਸੇ ਤਰ੍ਹਾਂ ਚੜ੍ਹਾਓ ਜਿਸ ਤਰ੍ਹਾਂ ਕੋਰੋਨਾ ਵਾਇਰਸ ਨੂੰ ਭਜਾਉਣ ਲਈ ਪੂਰੇ ਵਿਸ਼ਵ  ਵਿੱਚ ਲਾਕ ਡਾਊਨ ਕੀਤਾ ਗਿਆਹੈ ਤਾਂ ਕਿ ਅਸੀਂ ਕੋਰੋਨਾ ਵਾਇਰਸ ਵਾਂਗ ਇਸ ਫਿਰਕਾਪ੍ਰਸਤੀ ਦੇ ਦੈਂਤ ਨੂੰ ਬੋਤਲ ਵਿੱਚੋਂ ਲਿਕਲ ਕੇ ਤਬਾਹੀ ਮਚਾਉਣ ਤੋਂ ਪਹਿਲਾਂ ਹੀ ਆਪਣੇ ਰੋਹਲੇ ਬਾਣਾਂ ਨਾਲ਼ ਵਿੰਨ੍ਹ ਸਕੀਏ ****ਅੱਗੇ ਤੁਹਾਡੀ ਮਰਜ਼ੀ ਹੈ?

ਸੁਖਮਿੰਦਰ ਬਾਗ਼ੀ ਸਮਰਾਲਾ
ਮੋਬਾਈਲ ਨੰ 9417394805