ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਹਰੇਕ ਪ੍ਰਕਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਅਤੇ ਵਿਭਾਗ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਵੀ ਸਾਰਥਕ ਸਾਹਮਣੇ ਆ ਰਹੇ ਹਨ। ਸਮੇਂ ਸਮੇਂ ਤੇ ਸਰਕਾਰ ਅਤੇ ਵਿਭਾਗ ਵੱਲੋਂ ਚਲਾਈਆਂ ਸਕੀਮਾਂ ਦਾ ਅਧਿਆਪਕ ਅਤੇ ਵਿਦਿਆਰਥੀ ਵਰਗ ਨੂੰ ਬਹੁਤ ਜ਼ਿਆਦਾ ਫਾਇਦਾ ਪ੍ਰਾਪਤ ਹੋ ਰਿਹਾ ਹੈ। ਇਸ ਵੇਲੇ ਜਿੱਥੇ ਪੂਰੀ ਦੁਨੀਆਂ ਕਰੋਨਾ ਦੀ ਚਪੇਟ ਵਿਚ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਇਸ ਕਰੋਨਾ ਵਾਇਰਸ ਤੋਂ ਮੁਕਤੀ ਪਾਉਣ ਦੇ ਲਈ ਕਈ ਪ੍ਰਕਾਰ ਦੀਆਂ ਜਾਗਰੂਕ ਪੋਸਟਾਂ ਅਤੇ ਵੀਡੀਓ ਵਗ਼ੈਰਾ ਸਾਂਝੀਆਂ ਕਰਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ। ਅਧਿਆਪਕ ਵਰਗ ਜਿੱਥੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਹੋਰ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਜਾਗਰੂਕ ਕਰ ਰਿਹਾ ਹੈ, ਉੱਥੇ ਹੀ ਘਰ ਬੈਠੇ ਬੱਚਿਆਂ ਨੂੰ ਪੜਾ ਵੀ ਰਿਹਾ ਹੈ, ਬੱਚੇ ਘਰੇ ਬੈਠ ਕੇ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ।

ਅਧਿਆਪਕ ਆਨਲਾਈਨ ਹੀ ਬੱਚਿਆਂ ਦੇ ਹਰ ਪ੍ਰਸ਼ਨ ਦਾ ਜਵਾਬ ਦੇ ਰਹੇ ਹਨ। ਮਿਲੀ ਜਾਣਕਾਰੀ ਦੇ ਮੁਤਾਬਕ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਅਧਿਆਪਕਾਂ ਦੇ ਵੱਲੋਂ ਆਪਣੀ ਪੂਰੀ ਵਾਹ ਲਾ ਕੇ ਪੜ੍ਹਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਸੌਂਪੀ ਗਈ ਸੇਵਾ ਨੂੰ ਟੀਚਰ ਪੂਰੀ ਤਨਦੇਹੀ ਦੇ ਨਾਲ ਕਰ ਰਹੇ ਹਨ ਅਤੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਰਹੇ ਹਨ।

ਵਿਭਾਗ ਹਮੇਸ਼ਾ ਹੀ ਬੱਚਿਆਂ ਦਾ ਖਿਆਲ ਰੱਖਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਮਦਦਗਾਰ ਰਿਹਾ ਹੈ। ਦੱਸਣਾ ਬਣਦਾ ਹੈ ਕਿ ਜਿੱਥੇ ਪੂਰੀ ਦੁਨੀਆਂ ਵਿੱਚ ਕਰੋਨਾ ਵਾਇਰਸ ਦੇ ਮੱਦੇਨਜ਼ਰ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲ੍ਹੋ ਰਾਜ ਦੇ ਸਮੂਹ ਜ਼ਿਲ੍ਹਿਆਂ 'ਚ ਅਨੇਕਾਂ ਚਣੋਤੀਆਂ ਦੇ ਬਾਵਜ਼ੂਦ ਅਧਿਆਪਕ ਬੱਚਿਆਂ ਨੂੰ ਘਰ ਬੈਠੇ ਹੀ ਸਿੱਖਿਆ ਦੇਣ ਵਿਚ ਡਟੇ ਹੋਏ ਹਨ। ਆਨ ਲਾਈਨ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਦੱਸ ਦਈਏ ਕਿ ਅਧਿਆਪਕ ਜਿੱਥੇ ਮੋਬਾਇਲ ਜ਼ੂਮ ਐਪ, ਵਟਸਐਪ ਅਤੇ ਬੱਚਿਆਂ ਨੂੰ ਪੀ.ਡੀ.ਐਫ. ਫਾਇਲਾਂ ਭੇਜ ਕੇ ਵੀਡੀਓ ਮੀਟਿੰਗਾਂ ਰਾਹੀਂ ਬੱਚਿਆਂ ਦੇ ਰੂ ਬ ਰੂ ਹੋ ਰਹੇ ਹਨ, ਉੱਥੇ ਯੂ-ਟਿਊਬ ਰਾਹੀਂ ਵੀ ਸਿੱਖਿਆ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਵਿਖਾਈ ਜਾ ਰਹੀ ਹੈ। ਏਥੇ ਤੁਹਾਨੂੰ ਦੱਸ ਦਈਏ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਵਾਈ ਜਾ ਰਹੀਂ ਹੈ ਅਤੇ ਉਨਾਂ ਦੇ ਯਤਨਾਂ ਤਹਿਤ ਵਿਦਿਆਰਥੀਆਂ ਲਈ ਹੁਣ ਗਣਿਤ ਵਰਗੇ ਅਹਿਮ ਵਿਸ਼ੇ ਅਤਿ ਰੋਚਕ ਤੇ ਸੌਖੇ ਹੋ ਗਏ ਹਨ।

ਗਣਿਤ ਦੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਉਣ ਲਈ ਯੂ-ਟਿਊਬ ਵੀਡੀਓ ਬਣਾ ਕੇ ਬੱਚਿਆਂ ਦੇ ਸਪੁਰਦ ਕਰ ਦਿੱਤੀਆਂ ਹਨ। ਜਿਸ ਨਾਲ ਵਿਦਿਆਰਥੀਆਂ ਸੌਖੇ ਤਰੀਕੇ ਨਾਲ ਬਿਨਾਂ ਕਿਸੇ ਅਧਿਆਪਕ ਦੀ ਮੱਦਦ ਨਾਲ ਘਰ ਬੈਠੇ ਹੀ ਪੜ੍ਹਾਈ ਕਰ ਸਕਦੇ ਹਨ।ਇਹਨਾਂ ਦੇ ਟੈਲੀਵਿਜ਼ਨ ਚੈਨਲ ਤੇ ਵੀ ਅਹਿਮ ਲੈਕਚਰ ਪ੍ਕਾਸ਼ਿਤ ਹੋ ਰਹੇ ਹਨ। ਏਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਵਲੋਂ ਟੀਚਰਾਂ ਨਾਲ ਜੂਮ ਐਪ ਰਾਹੀ ਮੀਟਿੰਗਾਂ ਕਰਕੇ ਵਿਦਿਆਰਥੀਆਂ ਨੂੰ ਵਟਸਐਪ ਰਾਹੀਂ ਅਤੇ ਯੂ-ਟਿਊਬ ਰਾਹੀਂ ਪਾਠਕ੍ਰਮ ਦੀਆਂ ਵੀਡੀਓ ਬਣਾ ਕੇ ਵਿਦਿਆਰਥੀਆਂ ਦੇ ਸਪੁਰਦ ਕੀਤੀਆਂ ਜਾ ਰਹੀਆਂ ਹਨ।

ਜਿਸ ਕਾਰਨ ਸਿੱਖਿਆ ਸਕੱਤਰ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਕੀਤੀ ਮਿਹਨਤ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ। ਹਰ ਟੀਚਰ ਹਰ ਰੋਜ ਆਪਣੇ-ਆਪਣੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਨਾਲ ਗੱਲ ਕਰਕੇ ਅਤੇ ਆਪਣੇ-ਆਪਣੇ ਵਿਸ਼ੇ ਦਾ ਸਿਲੇਬਸ ਬੱਚਿਆਂ ਤੱਕ ਪਹੁੰਚਾ ਕੇ ਬੱਚਿਆਂ ਦੀ ਪੜਾਈ ਦਾ ਮੁੱਢ ਬੰਨ੍ਹਿਆ ਜਾ ਰਿਹਾ ਹੈ। ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇਣ ਲਈ ਵਿਸ਼ੇਸ਼ ਕਾਰਜ ਕਰ ਰਹੇ ਹਨ।

ਦੱਸਣਾ ਬਣਦਾ ਹੈ ਕਿ ਅਧਿਆਪਕਾਂ ਵੱਲੋਂ ਵਿਖਾਈ ਜਾ ਰਹੀ ਇਹ ਪਹਿਲਕਦਮੀ ਵਿਦਿਆਰਥੀਆਂ ਲਈ ਵਿਸ਼ੇਸ਼ ਲਾਹੇਵੰਦ ਸਾਬਤ ਹੋਵੇਗੀ।  ਆਨ-ਲਾਈਨ ਸਿਸਟਮ ਰਾਹੀਂ ਵੱਡੀ ਪੱਧਰ ਤੇ ਪਾਠਕ੍ਰਮ ਭੇਜ ਕੇ ਅਧਿਆਪਕਾਂ ਨੇ ਹਾਈਟੈਕ ਯੋਜਨਾਬੰਦੀ ਦਾ ਸਬੂਤ ਦਿੱਤਾ ਹੈ। ਇਸ ਨਵੀਂ ਤਕਨੀਕ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਤਾਲਮੇਲ ਵਿੱਚ ਵੀ ਵਾਧਾ ਕੀਤਾ ਹੈ ਤੇ ਪੜਾਈ ਦੇ ਨਾਲ ਨਾਲ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕਰੋਨਾ ਮਹਾਂਮਾਰੀ ਦੇ ਪ੍ਰਭਾਵਾਂ ਅਤੇ ਇਸ ਪ੍ਰਕੋਪ ਤੋਂ ਬਚਨ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਲਈ ਸੁਚੇਤ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੀ ਚੇਨ ਤੋੜਨ ਲਈ ਪੰਜਾਬ ਦੇ ਕਰੀਬ ਸਵਾ ਲੱਖ ਤੋਂ ਵੱਧ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਸੂਬੇ ਭਰ 'ਚ ਸਕੂਲੀ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਸਾਡੇ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਬੀਤੇ ਦਿਨੀਂ ਇਕ ਆਡਿਓ ਜਾਰੀ ਕਰਨ ਤੋਂ ਬਾਅਦ ਉਹ ਖੁਦ ਵੀ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਨਾਲ ਸਿੱਧਾ ਫੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਵਿਸ਼ਵ-ਵਿਆਪੀ ਗੰਭੀਰ ਸੰਕਟ 'ਚ ਆਪਣਾ ਅਹਿਮ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰ ਰਹੇ ਹਨ।

ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਰਿਲੀਫ ਫੰਡ 'ਚ ਪੰਜਾਬ ਭਰ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆਪਣੀ ਸਵੈ-ਇੱਛਾ ਤਹਿਤ ਯੋਗਦਾਨ ਪਾਉਣ ਲਈ ਬੈਂਕ ਖਾਤਾ ਵੀ ਜਾਰੀ ਕੀਤਾ ਹੈ, ਜਿਸ 'ਚ ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਕਾਫੀ ਸਹਿਯੋਗ ਦਿੱਤਾ ਜਾ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਖੁਦ ਵੀ ਲੰਘੇ ਦਿਨਾਂ ਤੋਂ ਸਿੱਖਿਆ ਅਧਿਕਾਰੀਆਂ, ਅਧਿਆਪਕਾਂ, ਮਾਪਿਆਂ, ਵਿਦਿਆਰਥੀਆਂ ਨਾਲ ਸਿੱਧਾ ਫੋਨ ਅਤੇ ਵਟਸ ਗਰੁੱਪਾਂ ਤੇ ਸਭਨਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਸਿੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਧਿਆਪਕ ਵਿਦਿਆਰਥੀਆਂ ਨੂੰ ਨਾਲ-ਨਾਲ ਪੜ੍ਹਾਈ ਪ੍ਰਤੀ ਵੀ ਉਤਸ਼ਾਹਿਤ ਕਰਨ ਦਾ ਵੀ ਕਾਰਜ ਕਰ ਰਹੇ ਹਨ।

ਦੂਜੇ ਪਾਸੇ ਦੱਸ ਦਈਏ ਕਿ ਕੋਰੋਨਾ ਵਾਇਰਸ ਬਿਮਾਰੀ ਇੱਕ ਮਨੁੱਖ ਤੋਂ ਦੂਜੇ ਮਨੁੱਖ ਨੂੰ ਖੰਘ ਨਾਲ, ਛਿੱਕਾਂ, ਵਗਦੀ ਨੱਕ, ਹੱਥ ਮਿਲਾਉਣ ਨਾਲ, ਕਿਸੇ ਨੂੰ ਸਪਰਸ਼ ਨਾਲ, ਖੁੱਲੇ ਵਿੱਚ ਥੁੱਕਣ ਨਾਲ ਫੈਲਦੀ ਹੈ। ਜਦੋਂ ਮਰੀਜ਼ ਖਾਂਸੀ ਕਰਦਾ ਹੈ ਜਾਂ ਛਿੱਕਦਾ ਹੈ ਤਾਂ ਵਾਇਰਸ ਆਸ ਪਾਸ ਮੌਜੂਦ ਵਿਅਕਤੀਆਂ ਤੱਕ ਫੈਲਦਾ ਹੈ ਤੇ ਨਾਲ ਹੀ ਨਜ਼ਦੀਕ ਮੌਜੂਦ ਵਸਤਾਂ ਤੇ ਵੀ ਪਹੁੰਚ ਜਾਂਦਾ ਹੈ। ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਪ੍ਰਹੇਜ਼ ਕੀਤਾ ਜਾਵੇ ਅਤੇ ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰਾਂ ਸਾਫ਼ ਕਰਨੇ ਚਾਹੀਦੇ ਹਨ। ਖੰਘ ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਨਾਲ ਪੀੜਤ ਵਿਅਕਤੀਆਂ ਤੋਂ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ। ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਮਾਲ ਨਾਲ ਢੱਕ ਕੇ ਰੱਖੋ।

ਅਸੀਂ ਦੇਸ਼ ਭਰ ਦੇ ਮੁਲਾਜ਼ਮਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਵੀ ਘਰ ਬੈਠੇ ਬੈਠੇ ਆਪਣੇ ਫੋਨ ਸੰਦੇਸ਼ਾਂ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਲਾਮਬੰਦ ਕਰਨ। ਅਸੀਂ ਘਰਾਂ ਵਿੱਚ ਰਹਿ ਕੇ ਹੀ ਕਰੋਨਾ ਵਾਇਰਸ ਤੋਂ ਮੁਕਤੀ ਪਾ ਸਕਦੇ ਹਾਂ। ਅਸੀਂ ਸਭਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ।


ਲੇਖਕਾ:- ਪਰਮਜੀਤ ਕੌਰ ਸਿੱਧੂ