ਅੱਜ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦੀ ਦੁਹਾਈ ਪਾਈ ਜਾ ਰਹੀ ਹੈ। ਇਸ ਦੇ ਕਹਿਰ ਤੋਂ ਬਚਣ ਲਈ ਸਰਕਾਰ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਹਰੇਕ ਨਾਗਰਿਕ ਜਾਗਰੂਕ ਹੈ ਜਾਂ ਅਣਜਾਣ ਹੈ ਕਿ ਇਸ ਕੋਰੋਨਾ ਵਾਇਰਸ ਤੋਂ ਕਿਵੇਂ ਬਚਿਆ ਜਾ ਸਕੇ। ਸਰਕਾਰਾਂ ਨੇ ਲਾਕ ਡਾਊਨ ਕੀਤਾ ਹੈ। ਵਿਦੇਸ਼ਾਂ ਵਿੱਚ ਤਾਂ ਪਤਾ ਨਹੀਂ ਪਰ ਮੇਰੇ ਭਾਰਤ ਮਹਾਨ ਵਿੱਚ ਤਾਂ ਕਰਫਿਊ ਤੱਕ ਲਗਾਇਆ ਗਿਆ ਹੈ।ਪਹਿਲਾਂ ਪਹਿਲਾਂ ਤਾਂ ਕਰਫਿਊ ਤੋੜਨ ਵਾਲਿਆਂ ਨੂੰ ਪੁਲਿਸ ਨੇ ਖੂਬ ਸਬਕ ਸਿਖਾਇਆ ਸੀ। ਪਰ ਜਦੋਂ ਅੱਤ ਹੀ ਹੋ ਗਈ ਤਾਂ ਫਿਰ ਇੱਕ ਦੋ ਮੁਹੱਲਿਆਂ ਵਿੱਚ ਆਮ ਲੋਕਾਂ ਨੇ ਪੁਲਿਸ ਵਾਲਾ ਵਤੀਰਾ ਅਪਣਾਇਆ ਤਾਂ ਕਿਤੇ ਜਾ ਕੇ ਇਸ ਨੂੰ ਠੱਲ੍ਹ ਪਈ ।ਕੋਰੋਨਾ ਵਾਇਰਸ ਕੀ ਆਇਆ ? ਸਿਆਸੀ ਪਾਰਟੀਆਂ, ਧਾਰਮਿਕ ਅਾਗੂ ਇੱਥੋਂ ਤੱਕ ਕਿ ਕਈ ਅਖੌਤੀ ਸਮਾਜ ਸੇਵਕ ਵੀ ਇਸ ਦੇ ਤਵੇ ਉੱਤੇ ਆਪਣੀਆਂ ਰੋਟੀਆਂ ਸੇਕਣ ਲੱਗ ਪਏ। ਸਵੇਰੇ ਸ਼ਾਮ ਟੈਲੀਵੀਜ਼ਨ ਤੇ ਕਰਫਿਊ, ਇਕਾਂਤਵਾਸ ਅਤੇ ਸਮਾਜਿਕ ਦੂਰੀ ਦੀਆਂ ਧੱਜੀਆਂ ਉੱਡਦੀਆਂ ਤੁਸੀਂ ਅਾਪ ਆਪਣੀਆਂ ਖੁੱਲੀਆਂ ਅੱਖਾਂ ਨਾਲ ਵੇਖ ਸਕਦੇ ਹੋ। ਸਰਕਾਰੀ ਹਸਪਤਾਲ, ਲੰਗਰਾਂ ਦੀ ਸੇਵਾ ਕਰਨ ਵਾਲੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਧਾਰਮਿਕ ਆਗੂਆਂ ਦੀਆਂ ਸਮਾਜਿਕ ਦੂਰੀ ਦਾ ਬਿਨਾ ਕੋਈ ਖਿਆਲ ਰੱਖਿਆਂ ਦੀਆਂ ਫੋਟੋਆਂ ਖਿਚਵਾਉਣ ਦੀ ਲੱਗੀ ਹੌੜ ਕੋਰੋਨਾ ਵਾਇਰਸ ਖਤਮ ਕਰਨ ਜਾਂ ਫਿਰ ਇਸ ਨੂੰ ਫੈਲਾਉਣ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਪੇਸ਼ ਕਰਦੀਆਂ ਹਨ। ਬਿਨਾ ਸ਼ੱਕ ਭਾਰਤ ਮਹਾਨ ਇੱਕ ਗਰੀਬ ਵਿਕਾਸਸ਼ੀਲ ਦੇਸ਼ ਹੈ। ਇੱਥੋਂ ਦੀ 80% ਆਬਾਦੀ ਅਜਿਹੇ ਲੋਕਾਂ ਦੀ ਹੈ ਜਿਹੜੇ ਸ਼ਾਮ ਨੂੰ ਜੋ ਕਮਾ ਕੇ ਲਿਆਉਂਦੇ ਹਨ ਉਸ ਨਾਲ ਹੀ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਤਪਦੇ ਹਨ। ਫਿਰ ਇਹ ਸਰਕਾਰੀ ਹੁਕਮ ਲਾਕ ਡਾਊਨ, ਕਰਫਿਊ ਅਤੇ ਸਮਾਜਿਕ ਦੂਰੀ ਉਨ੍ਹਾਂ ਲਈ ਤਾਂ ਇੱਕ ਮੌਤ ਦਾ ਹੀ ਫੁਰਮਾਨ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਵਿੱਚ ਗਰੀਬੀ ਅਤੇ ਭ੍ਰਿਸ਼ਟਾਚਾਰ ਨੇ ਖੂਬ ਪੈਰ ਪਸਾਰੇ ਹੋਏ ਹਨ। ਭਾਰਤ ਵਿੱਚ ਮੁਫਤ ਅਤੇ ਮੁਆਫ਼ ਦਾ ਬੋਲਬਾਲਾ ਹੈ ਅਤੇ ਸਰਮਾਏਦਾਰ , ਸਿਆਸਤਦਾਨ ਅਤੇ ਧਾਰਮਿਕ ਪਖੰਡੀ ਇਸ ਦਾ ਖੂਬ ਫਾਇਦਾ ਉਠਾ ਰਹੇ ਹਨ।ਭਾਰਤੀਆਂ ਨੂੰ ਆਲਸੀ ਅਤੇ ਮੁਫਤਖੋਰੇ ਬਣਾਇਆ ਜਾ ਰਿਹਾ ਹੈ। ਇਨ੍ਹਾਂ ਲਈ ਕੰਮ ਨੂੰ ਪੂਜਾ ਨਹੀਂ ਸਿਰਫ਼ ਪੂਜਾ ਹੀ ਕੰਮ ਬਣਾਇਆ ਜਾ ਰਿਹਾ ਹੈ। ਇਹ ਸੁਚੇਤ ਨਹੀਂ ਸਗੋਂ ਇਹ ਸੱਚ ਤੋਂ ਅਣਜਾਣ ਹਨ। ਅੱਜ ਕੋਰੋਨਾ ਵਾਇਰਸ ਨੇ ਇਹ ਸੱਚ ਸਾਡੇ ਸਾਹਮਣੇ ਨੰਗਾ ਕਰ ਦਿੱਤਾ ਹੈ। ਕੋਰੋਨਾ ਵਾਇਰਸ ਨੂੰ ਭਜਾਉਣ ਦੀਆਂ ਕੋਸ਼ਿਸ਼ਾਂ ਅਧੀਨ ਪਿੰਡ ਪਿੰਡ ਨੌਜਵਾਨਾਂ ਵੱਲੋਂ ਨਾਕੇ ਲਗਾ ਕੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਰੋਕ ਰੋਕ ਕੇ ਮਾਨਸਿਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਭਾਈਚਾਰਕ ਸਾਂਝ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕੋਰੋਨਾ ਵਾਇਰਸ ਨੇ ਤਾਂ ਰਿਸ਼ਤਿਆਂ ਦਾ ਕੌੜਾ ਸੱਚ ਵੀ ਸਾਡੇ ਸਾਹਮਣੇ ਲਿਆ ਦਿੱਤਾ ਹੈ। ਮਰਨ ਉਪਰੰਤ ਜਿਹੜੇ ਧੀਆਂ ਪੁੱਤਰ, ਰਿਸ਼ਤੇਦਾਰ ਮਰੇ ਹੋਏ ਮਨੁੱਖ ਨੂੰ ਲਿਪਟ ਕੇ ਧਾਹਾਂ ਮਾਰ-ਮਾਰ ਰੋਣ ਦਾ ਵਿਖਾਵਾ ਕਰਦੇ ਸਨ,ਹੁਣ ਉਹੀ ਸਾਰੇ ਆਪਣੇ ਮ੍ਰਿਤਕਾਂ ਦਾ ਆਖਰੀ ਵਾਰ ਮੂੰਹ ਵੇਖਣਾ ਇਕ ਪਾਸੇ ਉਸ ਦੀ ਮ੍ਰਿਤਕ ਦੇਹ ਲੈਣ ਤੋਂ ਵੀ ਇਨਕਾਰੀ ਹਨ ਅਤੇ ਪਹਿਲਾਂ ਪਿੰਡ ਵਾਸੀ ਜ਼ਨਾਜੇ ਨਾਲ ਅੰਤਿਮ ਸਸਕਾਰ ਲਈ ਜਾਂਦੇ ਸਨ ਅੱਜ ਕੋਰੋਨਾ ਵਾਇਰਸ ਦੇ ਨਾਲ ਮਰੇ ਮ੍ਰਿਤਕ ਸਰੀਰ ਨੂੰ ਆਪਣੇ ਸਮਘਾਨਘਾਟ ਵਿੱਚ ਜਲਾਉਣ ਤੋਂ ਵੀ ਰੋਕ ਰਹੇ ਹਨ। ਇਸੇ ਲਈ ਮੈਂ ਇੰਨ੍ਹਾਂ ਨੂੰ ਜਾਗਰੂਕ ਨਹੀਂ ਅਣਜਾਣ ਵਿਅਕਤੀ ਕਹਿ ਰਿਹਾ ਹਾਂ। ਮਰਨਾ ਸਭ ਨੇ ਹੈ।ਚਾਹੇ ਬਿਮਾਰੀ ਨਾਲ ਮਰੋ ਜਾਂ ਭੁੱਖ ਨਾਲ ਮਰੋ ਇਹ ਤੁਹਾਡੀ ਇੱਛਾ ਹੈ। ਵਿਦੇਸ਼ੀ ਮੁਲਕਾਂ ਨੇ ਆਪਣੇ ਨਾਗਰਿਕਾਂ ਨੂੰ ਐਨੀਆਂ ਸਹੂਲਤਾਂ ਅਤੇ ਰੁਜ਼ਗਾਰ ਮੁਹੱਈਆ ਕਰਵਾਇਆ ਹੈ ਕਿ ਕੁਦਰਤੀ ਆਫਤਾਂ ਸਮੇਂ ਉਨ੍ਹਾਂ ਨੂੰ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਉੱਥੇ ਕੋਈ ਵੀ ਵਿਅਕਤੀ ਵਿਹਲਾ ਨਹੀਂ ਬੈਠਦਾ।ਪਰ ਮੇਰੇ ਭਾਰਤ ਮਹਾਨ ਵਿੱਚ ਵਿਹਲੜਾਂ ਦੀਆਂ ਫੌਜਾਂ ਫਿਰਦੀਆਂ ਹਨ। ਘਰ ਦਾ ਇੱਕ ਜੀਅ ਕਮਾਉਂਦਾ ਹੈ ਅਤੇ 10 ਜਣੇ ਵਿਹਲੇ ਬਹਿ ਕੇ ਖਾਣ ਵਾਲੇ ਹਨ। ਅੱਜ ਜੇਕਰ ਕੋਰੋਨਾ ਵਾਇਰਸ ਨੂੰ ਸੱਚਮੁੱਚ ਭਾਰਤ ਵਿੱਚੋਂ ਭਜਾਉਣਾ ਹੈ ਤਾਂ ਸਾਨੂੰ ਅਮਲ ਦੀ ਲੋੜ ਹੈ ਵਿਖਾਵੇ ਦੀ ਨਹੀਂ। ਸੱਭ ਤੋਂ ਪਹਿਲਾਂ ਪਹਿਲਾਂ ਇਹ ਹਰ ਰੋਜ ਲੰਗਰ ਪਕਾ ਕੇ ਵੰਡਣਾ ਬੰਦ ਕੀਤਾ ਜਾਵੇ ਕਿਉਂਕਿ ਜੇ ਲੰਗਰ ਪਕਾਉਣ ਜਾਂ ਵਰਤਾਉਣ ਵਾਲਾ ਇੱਕ ਵੀ ਮਨੁੱਖ ਕੋਰੋਨਾ ਵਾਇਰਸ ਦਾ ਪਾਜੇਟਿਵ ਹੋਇਆ ਤਾਂ ਕੀ ਬਣੇਗਾ ?ਕਦੇ ਸੋਚਿਆ ਕਿਸੇ ਨੇ ਵੀ? ਇਸ ਦੀ ਇੱਕ ਮੂੰਹ ਬੋਲਦੀ ਉਦਾਹਰਣ ਇੱਕ ਲੰਗਰ ਵਰਤਾਉਂਦੇ ਸਰਪੰਚ ਦੀ ਹੈ ਜੋ ਕੋਰੋਨਾ ਵਾਇਰਸ ਦਾ ਪਾਜੇਟਿਵ ਨਿਕਲਿਆ ਸੀ। ਦੂਜਾ ਲੋੜਵੰਦ ਪਰਿਵਾਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਇੱਕ ਮਹੀਨੇ ਦਾ ਜੀਆਂ ਦੀ ਗਿਣਤੀ ਕਰਕੇ ਪ੍ਰਤੀ ਜੀਅ ਦੇ ਹਿਸਾਬ ਨਾਲ਼ ਸੁੱਕਾ ਰਾਸ਼ਨ ਉਹਨਾਂ ਦੇ ਘਰਾਂ ਵਿੱਚ ਪਹੁੰਚਾ ਦਿੱਤਾ ਜਾਵੇ। ਉਹ ਖੁਦ ਘਰ ਵਿਹਲੇ ਬੈਠਣ ਦੀ ਬਜਾਏ ਆਪਣੇ ਹੱਥੀਂ ਬਿਨਾ ਕੋਈ ਡਰ ਭੈਅ ਦੇ ਆਪਣਾ ਭੋਜਨ ਵੀ ਪਕਾਉਣ ਅਤੇ ਆਪਣੇ ਵਿਹਲੇ ਸਮੇਂ ਦੀ ਵਰਤੋਂ ਵੀ ਕਰਨ । ਤਾਂ ਕਿ ਕਰਫਿਊ ਅਤੇ ਸਮਾਜਿਕ ਦੂਰੀ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਸਕੇ। ਜੇਕਰ ਭਾਰਤ ਮਹਾਨ ਵਿੱਚ ਕੋਰੋਨਾ ਵਾਇਰਸ ਦੇ ਦੌਰ ਵਿੱਚ ਜਿਸ ਤਰ੍ਹਾਂ ਹੁਣ ਗਰੀਬਾਂ ਦੀ ਮਦਦ ਦੀ ਆੜ ਹੇਠ ਇਸ਼ਤਿਹਾਰਬਾਜ਼ੀ ਹੋ ਰਹੀ ਇਸ ਵਾਇਰਸ ਦਾ ਕਹਿਰ ਭਾਰਤ ਵਾਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਮਹਾਂਮਾਰੀ ਦਾ ਰੂਪ ਵਿੱਚ ਜਰੂਰ ਝੱਲਣਾ ਪਵੇਗਾ।ਵਿਦੇਸ਼ੀ ਮੁਲਕ ਭਾਵੇਂ ਇਸ ਤੇ ਕਾਬੂ ਪਾ ਲੈਣ ਪਰ ਭਾਰਤ ਮਹਾਨ ਜਿਹੜਾ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਸਿਰ ਤੋਂ ਪੈਰਾਂ ਤੱਕ ਧਸਿਆ ਪਿਆ ਹੈ ਉਹ ਇਸ ਕੋਰੋਨਾ ਵਾਇਰਸ ਤੋਂ ਕਿਸੇ ਵੀ ਤਰ੍ਹਾਂ ਨਿਜਾਤ ਨਹੀਂ ਪਾ ਸਕੇਗਾ ।
ਸੁਖਮਿੰਦਰ ਬਾਗ਼ੀ ਸਮਰਾਲਾ
ਮੋਬਾਈਲ ਨੰਬਰ 9417394805
ਸੁਖਮਿੰਦਰ ਬਾਗ਼ੀ ਸਮਰਾਲਾ
ਮੋਬਾਈਲ ਨੰਬਰ 9417394805


0 Comments