ਤੁਸੀਂ ਜੋ ਵੀ ਹੋ.!! ਇਨਕਲਾਬੀ, ਸੋਧਵਾਦੀ, ਸਮਾਜਵਾਦੀ, ਆਸਤਕ ਨਾਸਤਿਕ, ਸਿੱਖ, ਇਸਾਈ, ਹਿੰਦੂ, ਮੁਸਲਮਾਨ, ਜਾਂ ਕੋਈ ਹੋਰ, ਇਹ ਸਾਡੇ ਸਭ ਲਈ ਜ਼ਰੂਰੀ ਹੈ, ਕਿ ਅੱਜ ਦੁਨੀਆਂ ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਪ੍ਰਭਾਵਿਤ ਹੈ ਅਤੇ ਪੂਰੇ ਵਿਸ਼ਵ ਦੇ ਲਈ ਇਹ ਖਤਰਾ ਬਣੀ ਹੋਈ ਹੈ । ਪੰਜਾਬ ਸਮੇਤ ਪੂਰੇ ਭਾਰਤ ਨੂੰ ਘਰਾਂ ਅੰਦਰ ਬੰਦ ਕਰ ਦਿੱਤਾ ਗਿਆ ਹੈ । ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਹਜ਼ਾਰਾਂ ਦੀ ਗਿਣਤੀ ਦੀਆਂ ਰਿਪੋਰਟਾਂ ਆ ਰਹੀਆਂ ਹਨ । ਕੋਈ ਇਸ ਨੂੰ ਚੀਨ ਵੱਲੋਂ ਫੈਲਾਇਆ ਦੱਸ ਰਿਹਾ ਹੈ ਅਤੇ ਕੋਈ ਅਮਰੀਕਾ ਵੱਲੋਂ , ਕੋਈ ਇਸ ਵਾਇਰਸ ਨੂੰ ਲੈਬ ਵਿੱਚ ਤਿਆਰ ਕੀਤਾ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਸਰੀਰ ਦੇ ਅੰਦਰੋਂ ਹੀ ਉਪਜਣ ਵਾਲਾ । ਪੂਰੀ ਦੁਨੀਆਂ ਇਸ ਨਾਲ ਤ੍ਰਹਿ ਤ੍ਰਹਿ ਕਰ ਉੱਠੀ ਹੈ ਅਖ਼ਬਾਰ, ਟੀ ਵੀ ਚੈਨਲ ਤੇ ਸੋਸ਼ਲ ਮੀਡੀਆ ਇਸ ਨਾਲ ਭਰਿਆ ਪਿਆ ਹੈ । ਹੋਵੇ ਵੀ ਕਿਉਂ ਨਾ ਆਖਰ ਬਿਮਾਰੀ ਜੇਕਰ ਇੰਨੀ ਵੱਡੀ ਹੈ ਤਾਂ ਰੌਲਾ ਵੀ ਉਨਾ ਵੱਡਾ ਹੀ ਪਵੇਗਾ ਅਤੇ ਖਤਰਾ ਵੀ ਓਨਾ ਹੀ ਵੱਡਾ ।
ਪਰ ਇੱਕ ਭਰੋਸੇਯੋਗ ਵੈੱਬਸਾਈਟ ਵਰਲਡ ਓ ਮੀਟਰ ਦੀ ਮੰਨੀਏ ਤਾਂ ਹੁਣ ਤੱਕ ਪਾਜ਼ਟਿਵ ਪਾਏ ਗਏ ਕੇਸਾਂ ਵਿੱਚੋਂ ਮੌਤ ਦਰ ਸਿਰਫ ਚਾਰ ਪ੍ਰਸੈਂਟ ਹੈ । ਜ਼ਿਆਦਾਤਰ ਕੇਸ ਰਿਕਵਰ ਹੋ ਰਹੇ ਹਨ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਦੀ ਹਾਲੇ ਤੱਕ ਕੋਈ ਦਵਾਈ ਨਹੀਂ ਬਣਾਈ ਗਈ ।ਇੰਨੀ ਘੱਟ ਮੌਤ ਦਰ ਅਤੇ ਇੰਨਾ ਵੱਡਾ ਹਊਆ , ਜਦਕਿ ਦੂਜੇ ਪਾਸੇ ਵੇਖੀਏ ਤਾਂ ਇਕੱਲੇ ਅਮਰੀਕਾ ਵਿੱਚ ਹਰ ਸਾਲ ਫਲੂ ਨਾਲ 3.5 ਲੱਖ ਲੋਕ ਹਸਪਤਾਲ ਵਿੱਚ ਦਾਖਲ ਹੁੰਦੇ ਹਨ ਜਿਸ ਵਿੱਚੋਂ 10% ਲੋਕਾਂ ਦੀ ਮੌਤ ਹੁੰਦੀ ਹੈ । ਟੀਬੀ ਦੀ ਬਿਮਾਰੀ ਨਾਲ ਹਰ ਸਾਲ 13 ਲੱਖ ਲੋਕ ਮਰਦੇ ਹਨ ਅਤੇ ਫੇਫੜਿਆਂ ਦੇ ਕੈਂਸਰ ਨਾਲ 17 ਲੱਖ । ਰਿਪੋਰਟਾਂ ਦੀ ਮੰਨੀਏ ਤਾਂ 8500 ਬੰਦਾ ਹਰ ਰੋਜ਼ ਭਾਰਤ ਵਿੱਚ ਭੁੱਖਮਰੀ ਨਾਲ ਮਰਦਾ ਹੈ ਤੇ ਹਰ ਸਾਲ ਲੱਖਾਂ ਲੋਕ ਸੜਕ ਹਾਦਸਿਆਂ ਵਿੱਚ , 4 ਲੱਖ ਦੇ ਕਰੀਬ ਕਿਸਾਨ ਭਾਰਤ ਵਿੱਚ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਹਜ਼ਾਰਾਂ ਵਿਦਿਆਰਥੀ ਹਰ ਸਾਲ ਮੌਤ ਨੂੰ ਗਲ ਲਾਉਂਦੇ ਹਨ । ਅਖ਼ਬਾਰੀ ਰਿਪੋਰਟਾਂ ਅਨੁਸਾਰ ਭਾਰਤੀ ਫ਼ੌਜ ਦੇ ਸਿਪਾਹੀ ਵੀ ਡਿਪਰੈਸ਼ਨ ਕਾਰਨ ਖ਼ੁਦਕੁਸ਼ੀ ਕਰਦੇ ਹਨ ਅਤੇ ਮਜ਼ਦੂਰਾਂ ਦਾ ਖੁਦਕੁਸ਼ੀ ਵਰਤਾਰਾ ਦਾ ਆਮ ਹੋ ਚੁੱਕਾ ਹੈ ।
ਵਿਸ਼ਵ ਪੱਧਰ ਦੀ ਗੱਲ ਕਰੀਏ ਤਾਂ ਫਲਸਤੀਨ, ਇਰਾਕ, ਸੀਰੀਆ ਵਰਗੇ ਮੁਲਕਾਂ ਵਿੱਚ ਲੱਖਾਂ ਲੋਕ ਅਮਰੀਕਾ ਅਤੇ ਉਸਦੇ ਜੋਟੀਦਾਰਾਂ ਨੇ ਬੰਬ ਬਾਰੀ ਨਾਲ ਮਾਰ ਦਿੱਤੇ ਹਨ ਤੇ ਲੱਖਾਂ ਲੋਕ ਬੇਘਰ ਹੋ ਕੇ ਪ੍ਰਵਾਸ ਕਰ ਰਹੇ ਹਨ । ਸਾਰਾ ਪੰਜਾਬ ਬੇਰੁਜ਼ਗਾਰੀ ਦਾ ਭੰਨਿਆ ਵੱਖ ਵੱਖ ਦੇਸ਼ਾਂ ਨੂੰ ਪ੍ਰਵਾਸ ਕਰ ਰਿਹਾ ਹੈ । ਸਾਰੀ ਦੁਨੀਆਂ ਵਿੱਚ ਵੱਖ ਵੱਖ ਦੇਸ਼ ਅੱਤਵਾਦ ਦੇ ਦਹਿਸ਼ਤ ਹੇਠਾਂ ਜਿਉਂ ਰਹੇ ਹਨ ਅਤੇ ਇਸ ਵੱਡੀ ਮਹਾਂਮਾਰੀ ਨੂੰ ਰੋਕਣ ਲਈ ਕਦੇ ਇੰਨੀ ਵੱਡੀ ਪੱਧਰ ਤੇ ਲਾਮਬੰਦੀ ਨਹੀਂ ਕੀਤੀ ਗਈ ।
ਆਓ ਹੁਣ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ ਜੋ ਕਿ ਦਸੰਬਰ ਵਿੱਚ ਹੀ ਸ਼ੁਰੂ ਹੋ ਗਿਆ ਸੀ ਤੇ ਅੱਧ ਮਾਰਚ ਲੰਘ ਜਾਣ ਤੱਕ ਵੀ ਭਾਰਤ ਸਰਕਾਰ ਨੇ ਕੋਈ ਪ੍ਰਬੰਧ ਜਾਂ ਤਿਆਰੀ ਨਹੀਂ ਕੀਤੀ । ਇਸ ਦਾ ਮਤਲਬ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਆਪਣੇ ਲੋਕਾਂ ਨਾਲ ਕੋਈ ਪਿਆਰ ਨਹੀਂ ਪਰ ਜਦੋਂ ਡਬਲਿਊ ਐੱਚ ਓ ਦਾ ਪ੍ਰੋਟੋਕਾਲ ਜਾਰੀ ਹੋਇਆ ਤਾਂ ਸਾਰੇ ਦੇਸ਼ ਦੇ ਲੋਕਾਂ ਨੂੰ ਇਕ ਦਮ ਅੰਦਰ ਤਾੜ ਦਿੱਤਾ ਗਿਆ ਉਹ ਵੀ ਡਾਂਗ ਦੇ ਜੋਰ ( ਇੱਥੇ ਇੱਕ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਜੋ ਤਰੀਕਾ ਪੰਜਾਬ ਪੁਲਿਸ ਵਰਤ ਰਹੀ ਹੈ, ਉਹੀ ਸਾਰੇ ਭਾਰਤ ਦੇ ਵੱਖ ਵੱਖ ਸੂਬਿਆਂ ਦੀ ਪੁਲਸ ਵਰਤ ਰਹੀ ਹੈ! ਕਿਤੇ ਸਾਰੇ ਸੂਬਿਆਂ ਦੀ ਪੁਲਸ ਨੂੰ ਇੱਕੋ ਜਿਹਾ ਅਦੇਸ਼ ਤਾਂ ਨਹੀਂ ਪ੍ਰਾਪਤ ਹੋਇਆ ਲੋਕਾਂ ਨੂੰ ਜ਼ਲੀਲ ਕਰਨ ਦਾ ? ) ਯਾਦ ਰਹੇ ਜੇਕਰ ਬਿਮਾਰੀ ਇੰਨੀ ਭਿਅੰਕਰ ਅਤੇ ਵਿਸ਼ਵ ਪੱਧਰੀ ਸੀ ਤਾਂ ਪਹਿਲਾਂ ਤੋਂ ਹੀ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਪਿਛਲੇ ਦਿਨੀ ਟਰੰਪ ਦੀ ਭਾਰਤ ਫੇਰੀ ਦੌਰਾਨ ਅਰਬਾਂ ਰੁਪਏ ਦਾ ਹਥਿਆਰ ਖ਼ਰੀਦਣ ਦਾ ਸਮਝੌਤਾ ਕੀਤਾ ਗਿਆ ਅਤੇ ਲੌਕ ਡਾਉਨ ਤੋਂ ਫੌਰੀ ਪਹਿਲਾਂ ਇਜ਼ਰਾਇਲ ਦੇ ਨਾਲ 880 ਕਰੋੜ ਰੁਪਏ ਦਾ ਹਥਿਆਰ ਖ਼ਰੀਦਣ ਦਾ ਸਮਝੌਤਾ ਕੀਤਾ ਗਿਆ । ਜੇਕਰ ਬਿਮਾਰੀ ਸੱਚ ਮੁੱਚ ਇੰਨੀ ਭਿਆਨਕ ਹੈ ਤਾਂ ਇਹ ਸਮਝੌਤੇ ਫੌਰੀ ਰੱਦ ਕਰਕੇ ਬਿਮਾਰੀ ਨਾਲ ਲੜਨ ਦਾ ਕੋਈ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ?
ਹੁਣ ਸਾਰੀ ਦੁਨੀਆਂ ਵਿੱਚ ਲੌਕ ਡਾਊਨ ਹੋ ਗਿਆ ਹੈ ਪਰ ਇਸ ਲੌਕਡਾਊਨ ਅੰਦਰ ਜਦੋਂ ਸਾਰਾ ਕੁਝ ਬੰਦ ਹੈ ਤਾਂ ਕੁਝ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਰਾਤੋ ਰਾਤ ਉਛਾਲ ਕਿਵੇਂ ਆਇਆ ਹੈ ?
ਹੁਣ ਜੇਕਰ ਇੱਕ ਵਾਰ ਕਰੋਨਾ ਵਾਇਰਸ ਤੋਂ ਗੱਲ ਹਟਾ ਕੇ ਆਰਥਿਕ ਮੰਦਵਾੜੇ ਉੱਪਰ ਕਰੀਏ ਤਾਂ ਅਸੀਂ ਵੇਖਦੇ ਹਾਂ ਕਿ ਦੁਨੀਆਂ ਦੀਆਂ ਲੁਟੇਰੀਆਂ ਤਾਕਤਾਂ ਨੇ ਆਪਣੇ ਉੱਪਰ ਪਏ ਆਰਥਿਕ ਸੰਕਟ ਨੂੰ ਕੱਢਣ ਲਈ ਹੋਰਨਾਂ ਦੇਸ਼ਾਂ ਤੇ ਕੌਮਾਂ ਉੱਪਰ ਜਬਰ ਢਾਹ ਕੇ ਉਨ੍ਹਾਂ ਦੀ ਲੁੱਟ ਤੇਜ਼ ਕੀਤੀ ਹੈ । ਇਸ ਤਰ੍ਹਾਂ ਨਾਲ ਉਨ੍ਹਾਂ ਨੇ ਇਸ ਲੁੱਟ ਉੱਪਰ ਅੱਤਵਾਦ ਵਿਰੁੱਧ ਕਾਰਵਾਈ ਦਿਖਾ ਕੇ ਇਸ ਲੁੱਟ ਤੇ ਪਰਦਾ ਵੀ ਪਾਇਆ ਹੈ ।
ਗੱਲ ਭਾਰਤ ਦੀ ਕਰੀਏ ਤਾਂ ਇੱਥੇ ਸਾਮਰਾਜੀਆਂ ਤੇ ਭਾਰਤੀ ਦਲਾਲ ਸਰਮਾਏਦਾਰਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਭਾਜਪਾ ਰਾਹੀਂ ਕਸ਼ਮੀਰ ਵਿੱਚ ਧਾਰਾ 370 ਅਤੇ 35 ਏ ਨੂੰ ਖ਼ਤਮ ਕਰਕੇ , ਰਾਮ ਮੰਦਰ ਜਮੀਨ ਦਾ ਪੱਖਪਾਤੀ ਫੈਸਲਾ ਕਰਕੇ , ਸੀ ਏ ਏ , ਅੈੱਨ ਆਰ ਸੀ , ਦਿੱਲੀ ਦੰਗਿਆਂ ਦੇ ਉਹਲੇ ਭਾਰਤ ਦੇ ਦਰਜਨਾਂ ਜਨਤਕ ਅਦਾਰੇ ਅਤੇ ਬੈੰਕਾ ਦਾ ਪੈਸਾ ਕਾਰਪੋਰੇਟ ਨੂੰ ਦੇ ਕੇ ਕੱਢਣ ਦੀ ਕੋਸ਼ਿਸ਼ ਕੀਤੀ ਹੈ । ਵਿਸ਼ਵ ਪੱਧਰ ਤੇ ਵੀ ਵੱਖ ਵੱਖ ਦੇਸ਼ਾਂ ਵਿੱਚ ਕੁਝ ਅਜਿਹਾ ਹੀ ਹੋ ਰਿਹਾ ਹੈ ।
ਪਰ ਇਸ ਸਭ ਦੇ ਬਾਵਜੂਦ ਵੀ ਲੁਟੇਰੀਆਂ ਜਮਾਤਾਂ ਆਰਥਿਕ ਮੰਦਵਾੜੇ ਵਿੱਚੋਂ ਨਹੀਂ ਨਿਕਲ ਸਕੀਆਂ ਤੇ ਸਗੋਂ ਹੋਰ ਬੁਰੇ ਤਰੀਕੇ ਨਾਲ ਫਸਦੀਆਂ ਗਈਆਂ ਹਨ । ਹੁਣ ਜਦੋਂ ਸੰਕਟ ਵਿਸ਼ਵ ਪੱਧਰ ਹੈ ਤਾਂ ਲੌਕ ਡਾਊਨ ਵੀ ਵਿਸ਼ਵ ਪੱਧਰਾ ਹੋ ਗਿਆ ਹੈ ਪੂਰੇ ਵਿਸ਼ਵ ਵਿੱਚ ਲੋਕ ਪੂੰਜੀਵਾਦੀ ਸਿਸਟਮ ਤੋਂ ਅੱਕੇ ਪਏ ਹਨ । ਅਜਿਹੇ ਵਿੱਚ ਇੰਝ ਕਿਉਂ ਲੱਗਦਾ ਹੈ ਕਿ ਆਮ ਲੋਕਾਂ ਲਈ ਵੱਡੀ ਤਬਾਹੀ ਲੈ ਕੇ ਆਇਆ ਕਰੋਨਾ ਵਾਇਰਸ, ਜਿਸ ਦਾ ਬਹਾਨਾ ਬਣਾ ਕੇ ਲੁਟੇਰੀਆਂ ਤਾਕਤਾਂ ਸਾਰੇ ਕੁੱਝ ਤੋਂ ਧਿਆਨ ਹਟਾਉਣ ਅਤੇ ਸੰਕਟ ਵਿੱਚੋਂ ਨਿਕਲਣ ਦਾ ਕੋਈ ਨਵਾਂ ਹੱਲ ਲੱਭ ਰਹੀਆਂ ਹਨ ਜਾਂ ਲੈ ਕੇ ਆ ਰਹੀਆਂ ਹਨ ।
ਇੱਕ ਵਾਰ ਜ਼ਰਾ ਸੋਚੋ ਛੋਟੇ ਮੋਟੇ ਸ਼ਹਿਰਾਂ ਨੂੰ ਛੱਡ ਕੇ ਵੱਡੇ ਸ਼ਹਿਰਾਂ ਦੀਆਂ ਪਿੰਡਾਂ ਵਿੱਚੋਂ ਸਪਲਾਈ ਲਾਈਨਾਂ ਨੂੰ ਤੋੜ ਦਿੱਤਾ ਗਿਆ ਹੈ । ਸਾਰੀਆਂ ਹੀ ਛੋਟੀਆਂ ਮੋਟੀਆਂ ਦੁਕਾਨਾਂ ਬੰਦ ਪਈਆਂ ਹਨ ਪਰ ਵੱਡੇ ਮਾਲਜ਼ ਨੂੰ ਖੋਲ੍ਹਣ ਦੇ ਹੁਕਮ ਦਿੱਤੇ ਜਾ ਰਹੇ ਹਨ । ਸ਼ਹਿਰਾਂ ਵਿੱਚ ਜੋ ਮੱਧ ਵਰਗ ਲੋਕੀਂ ਬੈਠੇ ਹਨ ਉਨ੍ਹਾਂ ਨੂੰ ਜੋ ਖਾਦ ਪਦਾਰਥ ਚਾਹੀਦੇ ਹਨ ਉਨ੍ਹਾਂ ਦੀ ਹੋਮ ਡਲਿਵਰੀ ਲਈ ਕੰਪਨੀਆਂ ਤਿਆਰੀ ਵੱਟੀ ਬੈਠੀਆਂ ਹਨ । ਇਸ ਦੇ ਨਾਲ ਹੀ ਬੜੇ ਲੰਮੇ ਸਮੇਂ ਤੋਂ ਡਬਲਯੂ ਟੀ ਓ ਭਾਰਤ ਸਰਕਾਰ ਉੱਪਰ ਦਬਾਅ ਬਣਾ ਰਹੀ ਹੈ ਕਿ ਕਿਸਾਨਾਂ ਦੀ ਫ਼ਸਲਾਂ ਖਰੀਦਣੀਆਂ ਬੰਦ ਕਰੋ ਤੇ ਵਿਦੇਸ਼ਾਂ ਤੋਂ ਖਾਦ ਪਦਾਰਥ ਮੰਗਵਾ ਕੇ ਵੇਚੋ । ਜਿਸ ਦੇ ਤਹਿਤ ਪਹਿਲਾਂ ਵੀ ਆਰ. ਸੀ. ਈ. ਪੀ. ਦਾ ਸਮਝੌਤਾ ਭਾਰਤ ਸਰਕਾਰ ਕਰਨ ਜਾ ਰਹੀ ਸੀ ਜੋ ਹਾਲ ਦੀ ਘੜੀ ਅਧਵਾਟੇ ਤੇ ਹੀ ਰੁਕ ਗਿਆ ਸੀ । ਕੇਂਦਰ ਸਰਕਾਰ ਵੱਲੋਂ ਆਪਣੇ ਬਜਟ ਵਿੱਚ ਐੱਫਸੀਆਈ ਦਾ ਕੋਟਾ ਬਿਲਕੁਲ ਘੱਟ ਕਰ ਦਿੱਤਾ ਗਿਆ ਹੈ ਅਤੇ ਰਾਜਾਂ ਨੂੰ ਕਿਸਾਨਾਂ ਦੀਆਂ ਫਸਲਾਂ ਖਰੀਦਣੀਆਂ ਬੰਦ ਕਰਨ ਲਈ ਕਿਹਾ ਗਿਆ ਹੈ । ਇੱਥੇ ਇਹ ਸ਼ੱਕ ਉਪਜਦਾ ਹੈ ਕਿ ਕਿਤੇ ਕਰੋਨਾ ਦੀ ਦਹਿਸ਼ਤ ਥੱਲੇ ਇਹ ਵਰਤਾਰਾ ਤਾਂ ਨਹੀਂ ਵਾਪਰਨ ਜਾ ਰਿਹਾ? ਕਿਉਂਕਿ ਜੇਕਰ ਲੋਕ ਬਾਹਰ ਹੁੰਦੇ ਹਨ ਤੇ ਵਿਰੋਧ ਕਰਦੇ ਹਨ ਪਰ ਹੁਣ ਡਰਾ ਕੇ ਅੰਦਰ ਬੰਦ ਕੀਤੇ ਹੋਏ ਨੇ । ਅਗਰ ਅਜਿਹਾ ਵਾਪਰਦਾ ਹੈ ਤਾਂ ਕਿਸਾਨਾਂ ਦੀ ਫਸਲ ਖਰੀਦਣ ਵਾਲਾ ਕੋਈ ਨਹੀਂ ਰਹੇਗਾ ਅਤੇ ਕਿਸਾਨੀ ਤੇ ਸੰਕਟ ਹੋਰ ਵਧੇਗਾ ਜਿਸ ਨਾਲ ਕਿਸਾਨ ਖੇਤੀ ਸੈਕਟਰ ਵਿੱਚੋਂ ਬਾਹਰ ਹੋਣਗੇ ਅਤੇ ਮਜਦੂਰਾਂ ਵਿੱਚ ਵੱਟ ਜਾਣਗੇ । ਕੰਪਨੀਆਂ ਕਿਸਾਨਾਂ ਦੀ ਜ਼ਮੀਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇੱਥੇ ਹੀ ਖੇਤੀ ਕਰਨ ਲੱਗ ਜਾਣਗੀਆਂ । ਇਸ ਤਰ੍ਹਾਂ ਨਾਲ ਭਾਰਤ ਅੰਦਰ ਛੋਟੇ ਛੋਟੇ ਦੁਕਾਨਦਾਰ ਖਤਮ ਹੋ ਜਾਣਗੇ ਅਤੇ ਭਾਰਤ ਅੰਦਰ ਬਚਿਆ ਖੁੱਚਿਆ ਛੋਟਾ ਅਤੇ ਘਰੇਲੂ ਵਪਾਰ ਬਿਲਕੁਲ ਤਹਿਸ ਨਹਿਸ ਹੋ ਜਾਵੇਗਾ ਅਤੇ ਪਹਿਲਾਂ ਤੋਂ ਹੀ ਮਜ਼ਦੂਰੀ ਵਿੱਚ ਘੱਟ ਕੰਮ ਦੇ ਚੱਲਦਿਆਂ ਜੋ ਆਰਥਿਕ ਸੰਕਟ ਵੱਧ ਰਿਹਾ ਹੈ ਜੋ ਕਿ ਕਿਸਾਨਾਂ, ਦੁਕਨਦਾਰਾਂ ਅਤੇ ਛੋਟੇ ਵਪਾਰੀਆਂ ਦੇ ਮਜ਼ਦੂਰਾਂ ਵਿੱਚ ਵੱਟ ਜਾਣ ਨਾਲ ਇਹ ਮਜ਼ਦੂਰਾਂ ਉੱਪਰ ਹੋਰ ਸੰਕਟ ਵਧੇਗਾ । ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਸਾਮਰਾਜੀਆਂ ਦੀ ਸੰਸਾਰੀਕਰਨ ਅਤੇ ਖੁੱਲ੍ਹੀ ਮੰਡੀ ਦੀ ਨੀਤੀ ਸਿਰੇ ਚੜ੍ਹ ਜਾਵੇਗੀ ਅਤੇ ਆਮ ਲੋਕਾਂ ਤੇ ਸੰਕਟ ਹੋਰ ਗਹਿਰਾ ਹੋ ਜਾਵੇਗਾ । ਆਓ ਹੁਣ ਕਰੋਨਾ ਵਾਇਰਸ ਤੇ ਵਾਪਸ ਆਉਂਦੇ ਹਾਂ । ਜੇਕਰ ਇਹ ਸੱਚਮੁੱਚ ਮਹਾਂਮਾਰੀ ਹੈ ਤਾਂ ਇਸ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਲੋਕਾਂ ਨੂੰ ਸਿਰਫ ਘਰਾਂ ਅੰਦਰ ਤਾੜ ਕੇ ਲੋਕਾਂ ਸਿਰ ਸਾਰੀ ਜ਼ਿੰਮੇਵਾਰੀ ਸੁੱਟ ਦਿੱਤੀ ਗਈ ਹੈ । ਦੇਸ਼ ਦੇ ਨੇਤਾਵਾਂ ਦੇ ਸਿਰਫ ਭਾਸ਼ਣ ਹੀ ਆ ਰਹੇ ਹਨ ਲੋਕਾਂ ਨੂੰ ਹੀ ਲੋਕਾਂ ਦੀ ਮਦਦ ਕਰਨ ਲਈ ਕਿਹਾ ਜਾ ਰਿਹਾ ਹੈ । ਠੀਕ ਹੈ ਲੋਕ ਹੀ ਲੋਕਾਂ ਦੀ ਮਦਦ ਕਰ ਲੈਣਗੇ ਅਤੇ ਰਾਸ਼ਨ ਪਾਣੀ ਵੀ ਪਹੁੰਚਾ ਦੇਣਗੇ ਪਰ ਅਜਿਹੇ ਵਿੱਚ ਇੱਕ ਸਵਾਲ ਬਣਦਾ ਹੈ ਕਿ ਸਾਡੇ ਵੱਲੋਂ ਦਿੱਤੇ ਜਾ ਰਹੇ ਅਰਬਾਂ ਰੁਪਏ ਦੇ ਟੈਕਸਾਂ ਨੂੰ ਸਿਰਫ ਕਾਰਪੋਰੇਟ ਘਰਾਣਾ ਨੂੰ ਲੁਟਾਉਣ ਲਈ ਹੀ ਰੱਖਿਆ ਹੋਇਆ ਹੈ ? ਜੇਕਰ ਇਹ ਵੀ ਮੰਨੀਏ ਕਿ ਇਹ ਵਾਇਰਸ ਚੀਨ ਵੱਲੋਂ ਜਾਂ ਕਿਸੇ ਹੋਰ ਮੁਲਕ ਵੱਲੋਂ ਫੈਲਾਇਆ ਗਿਆ ਹੈ ਅਤੇ ਉਹ ਇਸ ਦੇ ਇਲਾਜ ਲਈ ਆਪਣੇ ਵੱਲੋਂ ਕੱਢੀਆਂ ਦਵਾਈਆਂ ਵੇਚਣਾ ਚਾਹੁੰਦੇ ਹਨ ਤਾਂ ਇਹ ਹੋਰ ਵੀ ਖ਼ਤਰਨਾਕ ਗੱਲ ਹੈ । ਇਸ ਨਾਲ ਸਾਡੇ ਦੇਸ਼ ਦੇ ਲੋਕਾਂ ਦੀ ਆਰਥਿਕ ਲੁੱਟ ਦਾ ਨਵਾਂ ਰਾਹ ਖੁੱਲ੍ਹੇਗਾ । ਪਰ ਗੱਲ ਇਸ ਤੋਂ ਅੱਗੇ ਹੈ ਕਿ ਕਰੋਨਾ ਵਾਇਰਸ ਦੇ ਨਾਂ ਹੇਠ ਭਾਰਤ ਅਤੇ ਵਿਸ਼ਵ ਦੀਆਂ ਸਾਮਰਾਜੀ ਸ਼ਕਤੀਆਂ ਸਾਡੇ ਲੋਕਾਂ ਦੀ ਮਾਨਸਿਕਤਾ ਨੂੰ ਕੰਟਰੋਲ ਤਾਂ ਨਹੀਂ ਕਰ ਰਹੀਆਂ ? ਪ੍ਰਸਿੱਧ ਵਿਚਾਰਕ ਅਤੇ ਲਿਖਾਰੀ ਹਰਾਰੀ ਦੇ ਅਨੁਸਾਰ 14ਵੀਂ ਸਦੀ ਵਿੱਚ ਪਲੇਗ ਫੈਲੀ ਸੀ ਉਦੋਂ ਨਾ ਤਾਂ ਰੇਲ ਗੱਡੀਆਂ ਸਨ ਅਤੇ ਨਾ ਹੀ ਜਹਾਜ਼ ਸਨ । ਉਦੋਂ ਇਹ ਪਲੇਗ ਵਰਗੀ ਮਹਾਂਮਾਰੀ ਏਸ਼ੀਆ ਤੋਂ ਸ਼ੁਰੂ ਹੋ ਕੇ ਪੂਰੇ ਯੂਰਪ ਤੱਕ ਫੈਲ ਗਈ ਸੀ ਜਿਸ ਨੇ 7 ਕਰੋੜ ਲੋਕਾਂ ਦੀ ਜਾਨ ਲਈ ਸੀ । ਇਸ ਲਈ 21ਵੀਂ ਸਦੀ ਵਿੱਚ ਸਾਨੂੰ ਇਹ ਭੁੱਲ ਜਾਣਾ ਚਾਹੀਦਾ ਹੈ ਕਿ ਲੋਕਾਂ ਨੂੰ ਘਰਾਂ ਵਿੱਚ ਬੰਦ ਕਰਕੇ ਇਸ ਬਿਮਾਰੀ ਉੱਪਰ ਕਾਬੂ ਪਾਇਆ ਜਾ ਸਕਦਾ ਹੈ ਜਾਂ ਇਹ ਰੁਕ ਜਾਵੇਗੀ । ਉਹ ਕਹਿੰਦੇ ਹਨ ਕਿ ਸਾਨੂੰ ਖੁੱਲ੍ਹਣਾ ਚਾਹੀਦਾ ਹੈ ਅਤੇ ਮਿਲ ਕੇ ਇਸ ਦਾ ਹੱਲ ਲੱਭਣਾ ਚਾਹੀਦਾ ਹੈ । ਅੱਗੇ ਉਹ ਕਹਿੰਦੇ ਹਨ ਕਿ ਕਰੋਨਾ ਵਾਇਰਸ ਤੋਂ ਬਚਣ ਵਾਲੇ ਮਨੁੱਖਾਂ ਲਈ ਇਹ ਵੀ ਚੁਣੌਤੀ ਹੋਵੇਗੀ ਕਿ ਉਨ੍ਹਾਂ ਨੇ ਭਵਿੱਖ ਵਿੱਚ ਕਿਸ ਤਰ੍ਹਾਂ ਜਿਊਣਾ ਹੈ ਕਿਉਂਕਿ ਦੁਨੀਆਂ ਨੂੰ ਕੰਟਰੋਲ ਕਰਨ ਲਈ ਸਾਮਰਾਜੀ ਤਾਕਤਾਂ ਨੇ ਤਕਨਾਲੋਜੀ ਨੂੰ ਬਹੁਤ ਵੱਡੀ ਪੱਧਰ ਤੇ ਵਿਕਸਿਤ ਕਰ ਲਿਆ ਹੈ ਖਾਸਕਰ ਚੀਨ ਨੇ । ਪੁਰਾਣੇ ਸਮਿਆਂ ਵਿੱਚ ਸਟੇਟ ਕੋਲ ਇਨੇ ਉਪਕਰਨ ਨਹੀ ਸਨ ਤੇ ਹਰੇਕ ਬੰਦੇ ਪਿੱਛੇ ਖੁਫੀਆ ਤੰਤਰ ਲਾਉਣਾ ਵੱਸ ਦੀ ਗੱਲ ਨਹੀ ਸੀ ਪਰ ਅੱਜ ਹਾਲ਼ਤ ਬਹੁਤ ਉਲਟ ਹਨ । ਤਕਨੌਲਜੀ ਦੀ ਵਰਤੋ ਨਾਲ ਵੱਡੀ ਗਿਣਤੀ ਜਨਤਾ ਉੱਪਰ ਕਾਬੂ ਪਇਆ ਜਾ ਸਕਦਾ ਹੈ ( ਜਿਨਾਂ ਵਿੱਚ ਦੂਰ ਸੰਚਾਰ ਦੇ ਸਾਧਨ ਵੀ ਮੁੱਖ ਹਨ ) ਚੀਨ ਨੇ ਕੁੱਛ ਕੈਮਰਿਆਂ ਦੀ ਵਰਤੋਂ ਕਰਕੇ ਵੱਡੀ ਪੱਧਰ ਤੇ ਲੋਕਾਂ ਦੇ ਚਿਹਰਿਆਂ ਤੋਂ ਹੀ ਉਨ੍ਹਾਂ ਦਾ ਸਾਰਾ ਡਾਟਾ ਕੁਲੈਕਟ ਕਰਨ ਦੀ ਵਿਧੀ ਅਪਣਾਈ ਹੈ । ਆਪਣੇ ਨਾਗਰਿਕਾਂ ਦੀ ਨਿਗਰਾਨੀ ਲਈ ਬਾਇਓਮੈਟ੍ਰਿਕ ਬ੍ਰੈਸਲੈੱਟ ਬਣਾਏ ਜਾ ਰਹੇ ਹਨ ਜੋ ਤੁਹਾਡੇ ਸਰੀਰ ਬਾਰੇ ਸਾਰੀ ਜਾਣਕਾਰੀ ਮਾਨੀਟਰ ਤੇ ਅਪਲੋਡ ਕਰਦੇ ਰਹਿਣਗੇ । ਤੁਹਾਨੂੰ ਕੀ ਬਿਮਾਰੀ ਹੈ, ਤੁਸੀਂ ਕਿਸ ਕਿਸ ਨੂੰ ਮਿਲੇ ਹੋ, ਕਿੱਥੇ ਕਿੱਥੇ ਗਏ, ਉਹ ਤੁਹਾਡੀ ਚਮੜੀ ਹੇਠਲਾ ਤਾਪਮਾਨ ਵੀ ਜਾਣ ਸਕਣਗੇ, ਇਸ ਦੇ ਨਾਲ ਹੀ ਇਹ ਟੈਕਨਾਲੋਜੀ ਤੁਹਾਨੂੰ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਤੋਂ ਦੂਰ ਰਹਿਣ ਬਾਰੇ ਵੀ ਆਪਣੇ ਆਪ ਦੱਸੇਗੀ । ਉਨ੍ਹਾਂ ਇਹ ਵੀ ਖਦਸ਼ਾ ਜ਼ਾਹਰ ਕੀਤਾ ਕਿ ਇਹ ਬ੍ਰੈਸਲੇਟ ਤੁਹਾਡੀ ਖੁਸ਼ੀ ਗਮੀ ਅਤੇ ਸੋਚਣ ਉੱਪਰ ਵੀ ਨਿਗਾਹ ਰੱਖੇਗਾ ।ਜਿਸ ਨਾਲ ਤੁਹਾਡੀ ਨਿੱਜਤਾ ਬਿਲਕੁਲ ਹੀ ਖ਼ਤਮ ਹੋ ਜਾਵੇਗੀ । ਜੇਕਰ ਇਹ ਪ੍ਰਬੰਧ ਡਾਟਾ ਕੰਪਨੀਆਂ ਦੇ ਹੱਥ ਵਿੱਚ ਚਲਾ ਜਾਂਦਾ ਹੈ ਤਾਂ ਉਹ ਤੁਹਾਡੀ ਭਾਵਨਾ ਦਾ ਤੁਹਾਡੇ ਤੋਂ ਬਿਹਤਰ ਅੰਦਾਜ਼ਾ ਲਗਾ ਸਕਦੇ ਹਨ ਅਤੇ ਤੁਹਾਡੀਆਂ ਭਾਵਨਾਵਾਂ ਨਾਲ ਖਿਲਵਾੜ ਵੀ ਕਰ ਸਕਦੇ ਹਨ । ਉਹ ਜੋ ਚਾਹੁਣ ਤੁਹਾਨੂੰ ਵੇਚ ਸਕਣਗੇ ਚਾਹੇ ਉਹ ਕੋਈ ਉਤਪਾਦ ਹੋਵੇ ਜਾਂ ਕੋਈ ਰਾਜਨੀਤੀ - ।
ਮਤਲਬ ਅਸੀਂ ਪੂਰੀ ਤਰ੍ਹਾਂ ਨਾਲ ਟੈਕਨਾਲੋਜੀ ਦੇ ਅਧੀਨ ਹੋਵਾਂਗੇ ਅਤੇ ਟੈਕਨਾਲੋਜੀ ਰਾਜ ਕਰਦੀਆਂ ਜਮਾਤਾਂ ਦੇ ਹੱਥ ਹੋਵੇਗੀ । ਅਜਿਹੇ ਵਿੱਚ ਕਲਪਨਾ ਕਰੋ ਕਿ ਉੱਤਰ ਕੋਰੀਆ ਵਰਗੇ ਦੇਸ਼ਾਂ ਵਿੱਚ ਜੇਕਰ ਹਰ ਨਾਗਰਿਕ ਨੂੰ ਬਾਇਓਮੈਟ੍ਰਿਕ ਬ੍ਰੈਸਲੇਟ ਪਹਿਣਾ ਦਿੱਤਾ ਗਿਆ ਹੈ ਅਤੇ ਮਹਾਨ ਲੀਡਰ ਦਾ ਭਾਸ਼ਣ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬ੍ਰੈਸਲੇਟ ਦੱਸੇਗਾ ਕਿ ਉਨ੍ਹਾਂ ਨੂੰ ਗੁੱਸਾ ਆ ਰਿਹਾ ਸੀ ਤਾਂ ਉਨ੍ਹਾਂ ਦਾ ਤਾਂ ਹੋ ਗਿਆ ਕੰਮ ਤਮਾਮ ।
ਇਨ੍ਹਾਂ ਸਾਰੀਆਂ ਹਾਲਤਾਂ ਵਿੱਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਕਰੋਨਾ ਵਾਇਰਸ ਦੀਆਂ ਸਮੱਸਿਆਵਾਂ ਦੇ ਨਾਲ - ਨਾਲ ਰਾਜਨੀਤਕ ਢਾਂਚੇ ਦੀਆਂ ਸਮੱਸਿਆ ਨਾਲ ਵੀ ਅਸੀਂ ਨਜਿੱਠਣਾ ਹੈ ? ਸੋ ਆਓ ਇਨ੍ਹਾਂ ਬਾਰੇ ਸੋਚੀਏ ਅਤੇ ਹੱਲ ਵੱਲ ਨੂੰ ਤੁਰੀਏ ਕਿਤੇ ਅਜਿਹਾ ਨਾ ਹੋਵੇ ਕਿ ਕੋਈ ਬ੍ਰੈਸਲੈਟ ਸਾਡੇ ਪੈਰਾਂ ਦੀ ਬੇੜੀ ਬਣ ਜਾਵੇ ਤੇ ਅਸੀਂ ਕਦੇ ਨਾ ਮੁੱਕਣ ਵਾਲੀ ਗੁਲਾਮੀ ਵਿੱਚ ਹੋਰ ਡੂੰਘੇ ਜਕੜੇ ਜਾਈਏ ?
ਅਵਤਾਰ ਮਹਿਮਾ
ਸੂਬਾਈ ਆਗੂ ਕਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ

0 Comments