ਦੁਨੀਆਂ ਭਰ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਜੋ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਉਹ ਕਰੋਨਾ ਵਾਇਰਸ ਦਾ ਹੈ। ਕਰੋਣਾ ਵਾਇਰਸ ਨੇ ਹੁਣ ਤੱਕ 192 ਦੇ ਕਰੀਬ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਜਿੱਥੇ ਕਿ ਹੁਣ ਤੱਕ ਪੰਦਰਾਂ ਹਜ਼ਾਰ ਦੇ ਕਰੀਬ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਬੇਸ਼ੱਕ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਲਈ ਦੁਨੀਆਂ ਭਰ ਦੇ ਵਿਗਿਆਨੀ ਪੂਰੀ ਵਾਹ ਲਗਾ ਰਹੇ ਹਨ, ਪਰ ਦੂਜੇ ਪਾਸੇ ਅੰਧ ਵਿਸ਼ਵਾਸ ਦੇ ਕਦਰ ਬੋਲਬਾਲਾ ਹੈ, ਕਿ ਕੋਈ ਕਹਿਣ ਦੀ ਹੱਦ ਨਹੀਂ। ਦੱਸ ਦਈਏ ਕਿ ਦੁਨੀਆਂ ਦੇ ਬਹੁਤ ਸਾਰੇ ਐਸੇ ਦੇਸ਼ ਹਨ ਜਿੱਥੇ ਕਿ ਅੰਧ ਵਿਸ਼ਵਾਸ ਬੜਾਵਾ ਦਿੱਤਾ ਜਾਂਦਾ ਹੈ ਅਤੇ ਵਿਗਿਆਨਕ ਸੋਚ ਨੂੰ ਪਿਛਾਂਹ ਰੱਖਿਆ ਜਾਂਦਾ ਹੈ। ਭਾਰਤ ਉਨ੍ਹਾਂ ਦੇਸ਼ਾਂ ਦੇ ਵਿੱਚੋਂ ਇੱਕ ਹੈ ਜਿੱਥੇ ਹਮੇਸ਼ਾਂ ਹੀ ਅੰਧ ਵਿਸ਼ਵਾਸ ਦਾ ਹੀ ਰਾਜ ਰਿਹਾ ਹੈ। ਕਿਉਂਕਿ ਭਾਰਤ ਦੇ ਅੰਦਰ ਬਹੁਤ ਸਾਰੇ ਲੋਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਅਜਿਹੀਆਂ ਗੱਲਾਂ 'ਤੇ ਯਕੀਨ ਅਤੇ ਵਿਸ਼ਵਾਸ ਕਰ ਲੈਂਦੇ ਹਨ ਜੋ ਹੁੰਦੀਆਂ ਹੀ ਨਹੀਂ। ਵੇਖਿਆ ਜਾਵੇ ਤਾਂ ਭਾਰਤ ਦੇ ਅੰਦਰ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਪਾਕਿਸਤਾਨ ਦੇ ਨਾਲੋਂ ਘੱਟ ਹੈ, ਪਰ ਫਿਰ ਵੀ ਸਾਡੇ ਦੇਸ਼ ਦੇ ਅੰਦਰ ਅੰਧ ਵਿਸ਼ਵਾਸ ਦਾ ਬੋਲਬਾਲਾ ਹੈ। ਦੱਸ ਦਈਏ ਕਿ ਕੁਝ ਕੁ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਹੋਰ ਬਾਬੇ ਅਤੇ ਪਾਖੰਡੀ ਸਾਧਾਂ ਦੇ ਵੱਲੋਂ ਕਰੋਨਾ ਵਾਇਰਸ ਨੂੰ ਭਜਾਉਣ ਦੇ ਲਈ ਕਈ ਪ੍ਰਕਾਰ ਦੇ ਸ਼ੋਸ਼ੇ ਰਚਾਏ ਜਾ ਰਹੇ ਹਨ। ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਿੱਥੇ ਆਰਥਿਕ ਲੁੱਟ ਹੋ ਰਹੀ ਹੈ, ਉੱਥੇ ਉਨ੍ਹਾਂ ਦੀ ਮਾਨਸਿਕ ਲੁੱਟ ਵੀ ਉਕਤ ਬਾਬਿਆਂ ਦੇ ਵੱਲੋਂ ਕੀਤੀ ਜਾ ਰਹੀ ਹੈ।ਭਾਰਤ ਦੇ ਅੰਦਰ ਫਿਲਹਾਲ ਜਨਤਾ ਕਰਫਿਊ ਸਰਕਾਰ ਦੇ ਵੱਲੋਂ ਲਗਾਇਆ ਗਿਆ ਹੈ, ਜਿਸ ਦੇ ਚਲਦਿਆਂ ਕੋਈ ਵੀ ਲੋਕ ਸੜਕਾਂ 'ਤੇ ਵਿਖਾਈ ਨਹੀਂ ਦੇ ਰਿਹਾ। ਜਿਹੜੇ ਲੋਕ ਸੜਕਾਂ 'ਤੇ ਆ ਰਹੇ ਹਨ, ਉਨ੍ਹਾਂ ਨੂੰ ਪੁਲਿਸ ਕੰਟਰੋਲ ਕਰ ਰਹੀ ਹੈ ਅਤੇ ਉਨ੍ਹਾਂ ਨੇ ਵਿਰੁੱਧ ਕਾਰਵਾਈ ਕਰਨ ਵਿੱਚ ਵੀ ਰੁੱਝੀ ਹੋਈ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਦੇਸ਼ ਤੋਂ ਇਲਾਵਾ ਦੁਨੀਆਂ ਤਾਂ ਪਹਿਲੋਂ ਹੀ ਆਰਥਿਕ ਸੰਕਟ ਦੇ ਨਾਲ ਜੂਝ ਰਹੀ ਹੈ, ਉੱਤੋਂ ਸਰਕਾਰਾਂ ਦੇ ਵੱਲੋਂ ਅਜਿਹੀਆਂ ਕੋਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਸ ਦੇ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਲੋਕ ਕਾਫੀ ਜ਼ਿਆਦਾ ਆਪਣੇ ਆਪ ਨੂੰ ਠੱਗਿਆ ਹੋਇਆ ਵੀ ਮਹਿਸੂਸ ਕਰ ਰਹੇ ਹਨ। ਕਿਉਂਕਿ ਦੋ ਵਕਤ ਦੀ ਰੋਟੀ ਜਿਹੜਾ ਕਿ ਮਜ਼ਦੂਰ ਦਿਹਾੜੀ ਕਰਕੇ ਖਾਂਦਾ ਸੀ, ਉਹ ਮਜ਼ਦੂਰ ਅੱਜ ਘਰੇ ਬੈਠ ਗਿਆ ਹੈ। ਕਿਉਂਕਿ ਸਰਕਾਰ ਵੱਲੋਂ ਜਨਤਾ ਕਰਫਿਊ ਲਗਾ ਦਿਤਾ ਗਿਆ ਹੈ। ਜਨਤਾ ਕਰਫਿਊ ਦੇ ਕਾਰਨ ਨਾ ਤਾਂ ਕੋਈ ਨਾਗਰਿਕ ਸੜਕ ਤੇ ਆ ਜਾ ਸਕਦਾ ਹੈ ਅਤੇ ਨਾ ਜੋ ਕਿਸੇ ਪ੍ਰਕਾਰ ਦਾ ਕੋਈ ਕੰਮ ਕਰ ਸਕਦਾ ਹੈ। ਕਹਿੰਦੇ ਹਨ ਕਿ ਕਰੋਨਾ ਵਾਇਰਸ ਦੀ ਬੀਮਾਰੀ ਜੋ ਇੱਕ ਮਰੀਜ਼ ਤੋਂ ਦੂਜੇ ਮਰੀਜ਼ ਤੱਕ ਛੂਹਣ ਦੇ ਨਾਲ ਫੈਲਦੀ ਹੈ, ਇਸ ਲਈ ਵਿਗਿਆਨੀਆਂ ਦੇ ਵੱਲੋਂ ਇਹ ਸਲਾਹ ਦਿੱਤੀ ਗਈ ਹੈ ਕਿ ਆਮ ਲੋਕਾਂ ਤੋਂ ਇਲਾਵਾ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਤੋਂ ਦੂਰੀ ਹੀ ਬਣਾਈ ਰੱਖੀ ਜਾਵੇ। ਇੱਥੇ ਦੱਸ ਦਈਏ ਕਿ ਅੰਧਵਿਸ਼ਵਾਸ ਦੇ ਕਾਰਨ ਜਿੱਥੇ ਸਾਡੇ ਲੋਕ ਲੁੱਟੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਗਰੀਬ ਮਜ਼ਦੂਰ ਦੇ ਲਈ ਤਾਂ ਦੋ ਵਕਤ ਦੀ ਰੋਟੀ ਬਣਾਉਣੀ ਵੀ ਔਖੀ ਹੋਈ ਪਈ ਹੈ। ਬੇਸ਼ੱਕ ਆਉਣ ਵਾਲੇ ਦਿਨਾਂ ਵਿੱਚ ਵਿਗਿਆਨੀਆਂ ਦੇ ਵੱਲੋਂ ਕਰੋਨਾ ਵਾਇਰਸ ਦਾ ਇਲਾਜ ਪੂਰਨ ਤੌਰ ਤੇ ਕਰ ਦਿੱਤਾ ਜਾਵੇਗਾ, ਪਰ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਦੇ ਅੰਦਰ ਅੰਧ ਵਿਸ਼ਵਾਸੀ ਅਤੇ ਆਪਣੇ ਆਪ ਨੂੰ ਵਿਗਿਆਨੀ ਤੇ ਗਿਆਨੀ ਕਹਾਉਣ ਵਾਲੇ ਬਾਬਿਆਂ ਤੇ ਪਾਖੰਡੀ ਸਾਧਾਂ ਦੇ ਵੱਲੋਂ ਜੋ ਢੋਂਗ ਰਚਾਹਿਆ ਜਾ ਰਿਹਾ ਹੈ ਅਤੇ ਕਰੋਨਾ ਵਾਇਰਸ ਦਾ ਇਲਾਜ ਕਰਨ ਦੇ ਬੇਫਜੂਲ ਦਾਅਵੇ ਕੀਤੇ ਜਾ ਰਹੇ ਹਨ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ਹੀ ਇੱਕ ਐਸਾ ਵਿਦੇਸ਼ ਹੈ ਜਿੱਥੇ ਵਿਗਿਆਨ ਤੋਂ ਪਹਿਲੋਂ ਬਾਬਿਆਂ ਅਤੇ ਧਰਮ ਨੂੰ ਪਹਿਲ ਦਿੱਤੀ ਜਾਂਦੀ ਹੈ, ਜਦੋਂਕਿ ਦੂਜੇ ਦੇਸ਼ਾਂ ਵਿੱਚ ਇਸ ਦੇ ਉਲਟ ਚੱਲਿਆ ਜਾਂਦਾ ਹੈ। ਦੂਜੇ ਦੇਸ਼ਾਂ ਦੇ ਵਿੱਚ ਵਿਗਿਆਨ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਧਰਮ ਨੂੰ ਪਿੱਛੇ ਰੱਖਿਆ ਜਾਂਦਾ ਹੈ, ਪਰ ਭਾਰਤ ਵਰਗੇ ਦੇਸ਼ ਦੇ ਅੰਦਰ ਅਜਿਹਾ ਨਹੀਂ ਹੋ ਰਿਹਾ। ਪਿਛਲੇ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਵਿੱਚ ਇੱਕ ਅਜਿਹਾ ਡਰਾਮਾ ਹੋਇਆ ਸੀ ਜਿਸ ਨੂੰ ਵੇਖ ਕੇ ਅਤੇ ਸੁਣ ਕੇ ਸਾਨੂੰ ਸਾਰਿਆਂ ਨੂੰ ਸ਼ਰਮ ਆਈ ਕਿ ਅਸੀਂ ਅਜਿਹੇ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਕਿ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਦਿਨ ਪ੍ਰਤੀ ਦਿਨ ਗਿਣਤੀ ਵਧ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਵਾਇਰਸ ਨੂੰ ਭਜਾਉਣ ਦੇ ਲਈ ਕਈ ਅੰਧ ਵਿਸ਼ਵਾਸੀ ਲੋਕਾਂ ਦੇ ਵੱਲੋਂ ਥਾਲੀਆਂ ਤੋਂ ਇਲਾਵਾ ਤਾੜੀਆਂ ਵਜਾਈਆਂ ਜਾ ਰਹੀਆਂ ਹਨ। ਜਦੋਂਕਿ ਸਰਕਾਰ ਦਾ ਸੁਨੇਹਾ ਤਾਂ ਅਜਿਹਾ ਨਹੀਂ ਸੀ। ਜੇਕਰ ਸਰਕਾਰ ਦੇ ਬਿਆਨ 'ਤੇ ਨਿਗਾਹ ਮਾਰੀਏ ਤਾਂ ਸਰਕਾਰ ਦਾ ਬਿਆਨ ਸੀ ਕਿ ਕਰੋਨਾ ਵਾਇਰਸ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਵਿਗਿਆਨੀ ਡਾਕਟਰ ਤੋਂ ਇਲਾਵਾ ਮੀਡੀਆ ਕਰਮੀ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਉਨ੍ਹਾਂ ਦੀ ਪ੍ਰਸੰਸਾ ਦੇ ਵਾਸਤੇ ਅਸੀਂ ਤਾੜੀਆਂ ਵਜਾਈਏ ਤਾਂ ਜੋ ਉਨ੍ਹਾਂ ਦਾ ਹੌਸਲਾ ਵਧ ਸਕੇ, ਪਰ ਸਾਡੇ ਲੋਕਾਂ ਨੇ ਤਾਂ ਉਸ ਨੂੰ ਵੀ ਉਲਟ ਹੀ ਸਮਝ ਲਿਆ। ਦੁਨੀਆਂ ਭਰ ਦੇ ਵਿੱਚ ਤਾਂ ਲੋਕ ਕਰੋਨਾ ਵਾਇਰਸ ਦੇ ਨਾਲ ਪੀੜਤ ਹਨ ਅਤੇ ਉਹ ਇਲਾਜ ਦਵਾਈ ਦੇ ਜ਼ਰੀਏ ਕਰਵਾਉਣ ਦੇ ਲਈ ਉਤਾਵਲੇ ਹੋਏ ਪਏ ਹਨ, ਪਰ ਦੂਜੇ ਪਾਸੇ ਸਾਡੇ ਅੰਧਵਿਸ਼ਵਾਸੀ ਲੋਕ ਕਰੋਨਾ ਨੂੰ ਭਜਾਉਣ ਦੇ ਲਈ ਕਈ ਪ੍ਰਕਾਰ ਦੇ ਜਾਦੂ ਮੰਤਰ ਅਤੇ ਹੋਰ ਢੋਂਗ ਰਚਾ ਰਹੇ ਹਨ। ਦੂਜੇ ਪਾਸੇ ਸਾਥੀਓ ਤੁਹਾਨੂੰ ਦੱਸ ਦਈਏ ਕਿ ਦੁਨੀਆ ਭਰ ਦੇ ਦੇਸ਼ਾਂ ਤੋਂ ਇਲਾਵਾ ਸਾਡੇ ਸੂਬੇ ਪੰਜਾਬ ਤੇ ਦੇਸ਼ ਦੇ ਹੋਰ ਕਈ ਸੂਬਿਆਂ ਦੇ ਕਾਫੀ ਗਿਣਤੀ ਲੋਕ ਕਰੋਨਾ ਨਾਂਅ ਦੀ ਮਹਾਂਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ ਅਤੇ ਹੋਰਨਾਂ ਲੋਕਾਂ ਦੇ ਇਸ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਬਣਿਆ ਹੋਇਆ ਹੈ। ਸਾਡੇ ਸੂਬੇ ਤੇ ਦੇਸ਼ ਦੇ ਲੋਕ ਇਸ ਸਮੇਂ ਬਹੁਤ ਹੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਬਿਮਾਰੀ ਤੋਂ ਪੀੜਤ ਲੋਕਾਂ ਦੇ ਜਿੰਨੇ ਕੁ ਅੰਕੜੇ ਸਾਹਮਣੇ ਆਏ ਹਨ, ਅਸਲ ਹਾਲਾਤ ਇਸ ਤੋਂ ਵੀ ਕਿਤੇ ਵੱਡੀ ਤੇ ਗੰਭੀਰ ਜਾਪ ਰਹੀ ਹੈ। ਇਹ ਵੀ ਬਹੁਤ ਅਫਸੋਸ ਜਨਕ ਪਹਿਲੂ ਹੈ ਕਿ ਹੋਰਨਾਂ ਮੁਲਕਾਂ ਵਿਚ ਇਸ ਬਿਮਾਰੀ ਦੇ ਕਾਫੀ ਸਮਾਂ ਪਹਿਲਾਂ ਭਿਆਨਕ ਤੇ ਤਬਾਹ ਕੁੰਨ ਨਤੀਜੇ ਸਾਹਮਣੇ ਆਉਣ ਦੇ ਬਾਵਜੂਦ ਭਾਰਤ ਤੇ ਸੂਬਾ ਸਰਕਾਰ ਵਲੋਂ ਉਸੇ ਸਮੇਂ ਢੁਕਵੇਂ ਤੇ ਲੋੜੀਂਦੇ ਕਦਮ ਚੁੱਕਣ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਵੀ ਅਫਸੋਸ ਜਨਕ ਗੱਲ ਇਹ ਹੈ ਕਿ ਦੋਵੇਂ ਸਰਕਾਰਾਂ ਵਲੋਂ ਲਾਕਡਾਊਨ ਜਾਂ ਕਰਫਿਊ ਵਰਗੇ ਕਦਮ ਤਾਂ ਚੁੱਕੇ ਜਾ ਰਹੇ ਹਨ, ਪਰ ਸਮੱਸਿਆ ਨਾਲ ਨਜਿੱਠਣ ਲਈ ਲੋੜੀਂਦਾ ਸਮੁੱਚਾ ਢਾਂਚਾ ਉਸਾਰਨ ਲਈ ਲੋੜੀਂਦੇ ਫੰਡ ਜਾਰੀ ਨਹੀਂ ਕੀਤੇ ਜਾ ਰਹੇ। ਇਥੋਂ ਤੱਕ ਕਿ ਪੀੜਤਾਂ ਦੇ ਇਲਾਜ ਤੇ ਲਾਏ ਗਏ ਮੈਡੀਕਲ ਅਮਲੇ ਫੈਲੇ ਦੇ ਬਚਾਅ ਲਈ ਵੀ ਸੁਰੱਖਿਅਤ ਕਿੱਟਾਂ ਤਾਂ ਦੂਰ ਸਾਧਾਰਨ ਮਾਸਕ ਤੇ ਸੈਨੇਟਾਈਜਰਾਂ ਦੀ ਵੀ ਭਾਰੀ ਕਮੀਂ ਪਾਈ ਜਾ ਰਹੀ ਹੈ। ਕਰੋਨਾ ਵਾਇਰਸ ਅਤੇ ਸਰਕਾਰ ਦੇ ਲੇਟ ਲਫੀਤੀ ਪ੍ਰਬੰਧਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੂਬੇ ਅਤੇ ਕੇਦਰ ਦੀਆਂ ਸਰਕਾਰਾਂ ਦੇ ਨਾਂਅ ਤੇ ਮੰਗ ਪੱਤਰ ਭੇਜੇ ਜਾ ਰਹੇ ਹਨ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਭਾਲ ਟੋਲ ਕੀਤੀ ਜਾਵੇ, ਪਿੰਡਾਂ ਤੇ ਕਸਬਿਆਂ 'ਚ ਸਥਾਨਕ ਪੱਧਰ ਤੇ ਟੈਸਟਾਂ ਦਾ ਪ੍ਰਬੰਧ ਕੀਤੇ ਜਾਣ, ਮਰੀਜ਼ਾਂ ਦਾ ਮਿਆਰੀ ਤੇ ਮੁਫਤ ਇਲਾਜ ਕੀਤਾ ਜਾਵੇ, ਢੁਕਵੇਂ ਇਕਾਂਤ ਕੇਂਦਰ ਤੇ ਬੈਡਾਂ ਲਈ ਵੱਡੀ ਪੱਧਰ ਤੇ ਲੋੜੀਂਦੇ ਫੰਡ ਤਰੁੰਤ ਜਾਰੀ ਕੀਤੇ ਜਾਣ। ਇਸ ਬਿਮਾਰੀ ਤੋਂ ਬਚਾਅ ਲਈ ਲੋਕਾਂ ਦੇ ਜਨਤਕ ਸੰਪਰਕ ਦੀ ਕੜੀ ਤੋੜਨ ਨੂੰ ਯਕੀਨੀ ਬਣਾਉਣ ਲਈ ਗ਼ਰੀਬ ਲੋਕਾਂ ਦੇ ਰੋਟੀ ਪਾਣੀ ਅਤੇ ਹੋਰਨਾਂ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਬਜ਼ਟ ਜਾਰੀ ਕੀਤਾ ਜਾਵੇ ਅਤੇ ਉਹਨਾਂ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਨੂੰ ਯਕੀਨੀ ਕੀਤਾ ਜਾਵੇ। ਲੋੜੀਂਦਾ ਸਮੁੱਚਾ ਢਾਂਚਾ ਜਿਵੇਂ ਬਿਲਡਿਗਾਂ, ਬੈਡ, ਦਵਾਈਆਂ, ਵੈਟੀਲੇਟਰਾ ਤੋਂ ਇਲਾਵਾ ਮਾਸਕ, ਸੈਨੇਟਾਈਜਰ ਤੇ ਹੋਰ ਬਚਾਓ ਸਮੱਗਰੀ ਆਦਿ ਦਾ ਪ੍ਰਬੰਧ ਕੀਤਾ ਜਾਵੇ। ਪਿੰਡਾਂ, ਸ਼ਹਿਰਾਂ ਕਸਬਿਆਂ ਦੀਆਂ ਗਲੀਆਂ ਤੇ ਘਰਾਂ ਨੂੰ ਕੀਟਾਣੂ ਮੁਕਤ ਕਰਨ ਲਈ ਵੱਡੀ ਪੱਧਰ ਤੇ ਛਿੜਕਾਅ ਕੀਤਾ ਜਾਵੇ। ਸਾਰੇ ਸਰਕਾਰੀ ਹਸਪਤਾਲਾਂ ਤੇ ਪੇਂਡੂ ਸਿਹਤ ਕੇਂਦਰਾਂ 'ਚ ਬੰਦ ਕੀਤੀ ਓ ਪੀ ਡੀ ਚਾਲੂ ਕੀਤੀ ਜਾਵੇ। ਸਮੂਹ ਮੈਡੀਕਲ ਸਟਾਫ ਤੇ ਸਫਾਈ ਕਰਮਚਾਰੀਆਂ ਵਾਸਤੇ ਬਚਾਓ ਕਿੱਟਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਣ। ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਦੇਖਭਾਲ ਤੇ ਇਲਾਜ ਲਈ ਤਾਇਨਾਤ ਸਮੂਹ ਮੈਡੀਕਲ ਸਟਾਫ 'ਚੋਂ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਹਾਲਤ ਵਿੱਚ ਇਹਨਾਂ ਮੈਂਬਰਾਂ ਦੇ ਢੁਕਵੇਂ ਇਲਾਜ ਅਤੇ ਢੁਕਵੇਂ ਮੁਆਵਜ਼ੇ ਦਾ ਪ੍ਰਬੰਧ ਕੀਤਾ ਜਾਵੇ। ਇਸ ਮਹਾਂਮਾਰੀ ਬਾਰੇ ਦਹਿਸ਼ਤੀ ਪ੍ਰਚਾਰ ਫੈਲਾਉਣ ਨੂੰ ਰੋਕਿਆ ਜਾਵੇ ਅਤੇ ਲੋਕਾਂ 'ਚ ਇਸ ਦੇ ਬਚਾਓ ਸਬੰਧੀ ਵਿਗਿਆਨਕ ਜਾਗਰੂਕਤਾ ਵਿਸ਼ਾਲ ਪੱਧਰ ਤੇ ਫੈਲਾਉਣ ਲਈ ਲੋਕ ਪੱਖੀ ਸੰਸਥਾਵਾਂ ਤੇ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ 'ਚੋਂ ਇੱਕ ਹਿੱਸੇ ਨੂੰ ਟ੍ਰੇਨਿੰਗ ਦੇ ਕੇ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿਚ ਵਲੰਟੀਅਰ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਕਰੋਨਾ ਕਾਰਨ ਮੌਤ ਦੇ ਮੂੰਹ ਪਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਘੱਟ ਘੱਟ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਸਾਡੀ ਸਰਕਾਰ ਤੋਂ ਮੰਗ ਹੈ ਕਿ ਭਾਰਤ ਦੇ ਅੰਦਰ ਜੋ ਅੰਧ ਵਿਸ਼ਵਾਸ਼ ਫੈਲਾਇਆ ਜਾ ਰਿਹਾ ਹੈ, ਉਨ੍ਹਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
1 Comments
ਬਿਲਕੁਲ ਸਹੀ ਕਿਹਾ ਜੀ
ReplyDeleteਕੋਈ ਸ਼ੱਕ ਨਹੀਂ