ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਲਿਆ ਕੇ, ਜਿਥੇ ਪੂਰੇ ਭਾਰਤ ਦੇ ਲੋਕਾਂ ਨੂੰ ਹੀ ਇਸ ਕਾਨੂੰਨ ਦਾ ਵਿਰੋਧ ਕਰਨ ਦੇ ਲਈ ਮਜ਼ਬੂਰ ਕਰ ਦਿੱਤਾ ਹੈ, ਉਥੇ ਹੀ ਇਸ ਕਾਨੂੰਨ ਦੇ ਵਿਰੁੱਧ ਵਿਦੇਸ਼ਾਂ ਦੇ ਵਿਚ ਵੀ ਮਤੇ ਪੈਣੇ ਸ਼ੁਰੂ ਹੋ ਗਏ ਹਨ। ਨਾਗਰਿਕਤਾ ਕਾਨੂੰਨ ਕਿਸੇ ਪਾਸਿਓਂ ਵੀ ਭਾਰਤ ਦੇ ਲੋਕਾਂ ਦੇ ਹਿੱਤ ਵਿਚ ਜਾਪਦਾ ਨਜ਼ਰੀ ਨਹੀਂ ਆ ਰਿਹਾ ਅਤੇ ਖ਼ੌਰੇ ਤਾਂ, ਹੀ ਭਾਰਤ ਦੇ ਲੋਕ ਇਸ ਵੇਲੇ ਸੜਕਾਂ 'ਤੇ ਉਤਰੇ ਹੋਏ ਹਨ। ਦੱਸ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਚ ਪਿਛਲੇ ਕਰੀਬ ਡੇਢ ਪੌਣੇ ਦੋ ਮਹੀਨਿਆਂ ਤੋਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮੁਜ਼ਾਹਰਾ ਚੱਲ ਰਿਹਾ ਹੈ। ਇਸ ਮੁਜ਼ਾਹਰੇ ਦੇ ਵਿਚ ਵੱਡੀ ਪੱਧਰ 'ਤੇ ਔਰਤਾਂ ਸ਼ਾਮਲ ਹੋ ਰਹੀਆਂ ਹਨ, ਪਰ ਮੌਜ਼ੂਦਾਂ ਹਕੂਮਤ ਦੇ ਵਲੋਂ ਉਕਤ ਔਰਤਾਂ ਉਪਰ ਹੀ ਵੰਨ ਸਵੰਨੇ ਕੁਮੈਂਟ ਕੀਤੇ ਜਾ ਰਹੇ ਹਨ। ਜਿਹੜੀ ਹਕੂਮਤ ਇਹ ਕਹਿੰਦੀ ਨਹੀਂ ਥੱਕਦੀ ਕਿ ਉਹ ਔਰਤ ਦੇ ਹੱਕ ਵਿਚ ਹਮੇਸ਼ਾਂ ਹੀ ਪ੍ਰਚਾਰ ਕਰਦੇ ਹਨ, ਉਹ ਹਕੂਮਤ ਹੀ ਔਰਤ ਦੇ ਵਿਰੁੱਧ ਜ਼ਹਿਰ ਉਗਲਾ ਰਹੀ ਹੈ। ਲਗਾਤਾਰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਜਿਸ ਪ੍ਰਕਾਰ ਮੁਜ਼ਾਹਰੇ, ਧਰਨੇ ਅਤੇ ਝੜਪਾਂ ਹੋ ਰਹੀਆਂ ਹਨ, ਇਸ ਤੋਂ ਸਾਫ਼ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਕਾਨੂੰਨ ਦੇ ਵਿਰੁੱਧ ਕੋਈ ਇਕ ਜਨਾਂ ਅਵਾਜ ਨਹੀਂ ਚੁੱਕ ਰਿਹਾ, ਸਗੋਂ ਭਾਰਤ ਦੀ ਜ਼ਿਆਦਾਤਰ ਆਬਾਦੀ ਇਸ ਕਾਨੂੰਨ ਦੇ ਵਿਰੁੱਧ ਆਜ਼ਾਦ ਬੁਲੰਦ ਕਰ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਜਿਸ ਪ੍ਰਕਾਰ ਕੇਂਦਰ ਦੀ ਮੋਦੀ ਸਰਕਾਰ ਦੇ ਵਲੋਂ ਭਾਰਤੀ ਲੋਕਾਂ ਦੇ ਉਪਰ ਥੋਪਿਆ ਗਿਆ ਹੈ, ਉਸ ਤੋਂ ਤਾਂ ਇਹ ਹੀ ਜਾਪਦਾ ਹੈ ਕਿ ਸਰਕਾਰ ਆਪਣੀ ਮਰਜ਼ੀ ਮੁਤਾਬਿਕ ਦੇਸ਼ ਦਾ ਮੂੰਹ ਮੱਥਾ ਬਦਲਣਾ ਚਾਹੁੰਦੀ ਹੈ। ਜਿਸ ਪ੍ਰਕਾਰ ਮੁਸਲਮਾਨ ਭਾਈਚਾਰੇ ਨੂੰ ਇਸ ਕਾਨੂੰਨ ਦੇ ਵਿਚ ਸ਼ਾਮਲ ਨਹੀਂ ਕੀਤਾ ਗਿਆ, ਉਸ ਤੋਂ ਸਪੱਸ਼ਟ ਇਹ ਹੀ ਹੁੰਦਾ ਹੈ ਕਿ ਇਹ ਕਾਨੂੰਨ ਭਾਰਤ ਦੇ ਇਕੱਲੇ ਮੁਸਲਮਾਨਾਂ ਦੇ ਹੀ ਨਹੀਂ, ਬਲਕਿ ਹਿੰਦੂਆਂ ਨੂੰ ਛੱਡ ਕੇ, ਬਾਕੀ ਸਭ ਧਰਮਾਂ ਅਤੇ ਜਾਤਾਂ ਦੇ ਵਿਰੋਧੀ ਕਾਨੂੰਨ ਹੈ। ਸਾਥੀਓਂ, ਹੁਣ ਤਾਂ ਇੰਝ ਜਾਪਣ ਲੱਗ ਪਿਆ ਹੈ ਕਿ ਜਿਵੇਂ ਅਸੀਂ ਭਾਰਤ ਵਿਚ ਰਹਿ ਹੀ ਨਹੀਂ ਰਹੇ। ਕਿਉਂਕਿ ਭਾਰਤ ਦੇ ਵਿਚ ਜੋ ਕੁਝ ਵੀ ਹੁਣ ਹੋ ਰਿਹਾ ਹੈ, ਉਹ ਤਾਂ ਸੰਨ '47 ਤੋਂ ਪਹਿਲੋਂ ਜਿਹੜਾ ਅੰਗਰੇਜ਼ ਸਾਡੇ ਨਾਲ ਕਰਦੇ ਹੁੰਦੇ ਸੀ, ਉਸ ਤੋਂ ਵੀ ਕਿਤੇ ਵੱਧ ਖ਼ਤਰਨਾਕ ਹੋ ਰਿਹਾ ਹੈ। ਕਹਿੰਦੇ ਹਨ ਕਿ ਭਾਰਤ ਜਦੋਂ ਤੋਂ ਆਜ਼ਾਦ ਹੋਇਆ ਹੈ, ਉਦੋਂ ਤੋਂ ਲੈ ਕੇ ਹੀ ਭਾਰਤ ਉਪਰ ਇਕ ਨਹੀਂ, ਦੋ ਨਹੀਂ ਬਲਕਿ ਅਨੇਕਾਂ ਕਸ਼ਟ ਆਏ ਹਨ। ਭਾਰਤ ਬੇਸ਼ੱਕ ਆਜ਼ਾਦ 1947 ਵਿਚ ਹੋ ਗਿਆ, ਪਰ ਇਹ ਦੇਸ਼ ਪੂਰਨ ਤੌਰ 'ਤੇ ਆਜ਼ਾਦ ਨਹੀਂ ਹੋਇਆ। ਕੁਝ ਕੁ ਖ਼ਾਸ ਤਬਕੇ ਹਨ, ਜਿਨ੍ਹਾਂ ਨੂੰ ਇਸ ਦੇਸ਼ ਦੇ ਅੰਦਰ ਆਜ਼ਾਦੀ ਮਿਲੀ ਹੈ ਅਤੇ ਉਹ ਇਸ ਆਜ਼ਾਦੀ ਦਾ ਨਿੱਘ ਖੁੱਲ੍ਹ ਕੇ ਮਾਣ ਰਹੇ ਹਨ। ਜੇਕਰ ਇਹ ਆਜ਼ਾਦੀ ਕੋਈ ਹੋਰ ਲੈਣਾ ਵੀ ਚਾਹੁੰਦਾ ਹੈ ਤਾਂ, ਉਸ ਨੂੰ ਦੇਸ਼ ਧਿਰੋਹੀ ਅਤੇ ਦੇਸ਼ ਵਿਰੋਧੀ ਆਖ ਕੇ ਪੁਰਾਕਿਆ ਜਾਣ ਲੱਗ ਗਿਆ ਹੈ। ਕੁਲ ਮਿਲਾ ਕੇ ਕਹਿ ਲਓ ਕਿ ਭਾਰਤ ਦੇ ਵਿਚ ਰਹਿਣਾ ਹੈ ਤਾਂ, ਇਸ ਖ਼ਾਸ ਤਬਕੇ ਦੇ ਗੁਲਾਮ ਬਣ ਕੇ ਹੀ ਰਿਹਾ ਜਾ ਸਕਦਾ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਹੋ ਰਹੇ ਭਾਰਤ ਦੇ ਵੱਖ ਵੱਖ ਕੋਨਿਆਂ ਵਿਚ ਹੋ ਰਹੇ ਮੁਜ਼ਾਹਰਿਆਂ ਅਤੇ ਪ੍ਰਦਰਸ਼ਨਾਂ ਵਿਚ ਗੂੰਜ ਰਹੇ ਆਜ਼ਾਦੀ ਦੇ ਨਾਅਰਿਆਂ ਨੇ ਸਰਕਾਰ ਦੀ ਬੋਲਤੀ ਬੰਦ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਕ ਪਾਸੇ ਤਾਂ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮੁਜ਼ਾਹਰਾ ਭਾਰਤੀ ਲੋਕ ਕਰ ਰਹੇ ਹਨ, ਪਰ ਦੂਜੇ ਪਾਸੇ ਭਾਰਤ ਸਰਕਾਰ ਦੇ ਵਿਚ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਦੇ ਉੱਚ ਲੀਡਰ ਹੀ ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਅੱਤਵਾਦੀ, ਵੱਖਵਾਦੀ ਅਤੇ ਹੋਰ ਕਈ ਨਾਵਾਂ ਦੇ ਨਾਲ ਪੁਕਾਰ ਰਹੇ ਹਨ। ਸਾਥੀਓਂ, ਲੰਘੇ ਦਿਨੀਂ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਇਕ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਸ਼ਾਹੀਨ ਬਾਗ ਹੁਣ ਉਹ ਪਹਿਲੋਂ ਵਾਲਾ ਸ਼ਾਹੀਨ ਬਾਗ ਨਹੀਂ ਰਿਹਾ, ਇਹ ਬਾਗ ਹੁਣ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਬਣ ਗਿਆ ਹੈ। ਬੇਸ਼ੱਕ ਤਰੁਣ ਚੁੱਘ ਨੇ ਸ਼ਹੀਨ ਬਾਗ ਨੂੰ 'ਸ਼ੈਤਾਨ ਬਾਗ' ਵੀ ਦੱਸਿਆ, ਪਰ ਕੀ ਕਦੇ ਇਸ ਭਾਜਪਾਈ ਨੇ ਆਪਣਾ ਪਿਛੋਕੜ ਫਰੋਲਣ ਦੀ ਕੋਸ਼ਿਸ ਕੀਤੀ ਹੈ? ਸਾਥੀਓਂ, ਤੁਹਾਨੂੰ ਦੱਸ ਦਈਏ ਕਿ ਸਲੀਮ ਖਾਨ ਨੇ ਸ਼ਾਹੀਨ ਬਾਗ ਇਲਾਕੇ ਨੂੰ ਮਸ਼ਹੂਰ ਸ਼ਾਇਰ ਅਲਾਮਾ ਇਕਬਾਲ ਦੇ ਨਾਂਅ 'ਤੇ ਅਲਾਮਾ ਇਕਬਾਲ ਕਲੌਨੀ ਰੱਖਣ ਦੀ ਇੱਛਾ ਪ੍ਰਗਟਾਈ ਸੀ, ਪਰ ਉਥੇ ਰਹਿਣ ਵਾਲੇ ਲੋਕਾਂ ਨੇ ਇਸ ਨੂੰ ਵੀ ਨਾ-ਮਨਜੂਰ ਕਰ ਦਿੱਤਾ। ਇਸ ਤੋਂ ਬਾਅਦ ਸਲੀਮ ਖਾਨ ਨੇ ਅਲਾਮਾ ਇਕਬਾਲ ਦਾ ਸ਼ੇਅਰ ਪੇਸ਼ ਕੀਤਾ, ਜਦੋਂ ਸ਼ਾਹੀਨ ਬਾਗ ਦਾ ਨਾਂਅ ਕਿਸੇ ਸ਼ਾਹੀਨ ਬਾਗ ਹੈ ਹੀ ਨਹੀਂ ਸੀ। ਦਰਅਸਲ, ਉਸ ਸ਼ੇਅਰ ਦੀਆਂ ਸਤਰਾਂ ਸਨ ਕਿ ''ਨਹੀਂ ਤੇਰਾ ਨਸ਼ੇਮਨ ਕਸਰ-ਏ-ਸੁਲਤਾਨੀ ਕੇ ਗੁੰਬਦ ਪਰ, ਤੂ ''ਸ਼ਾਹੀਨ'' ਹੈ ਬਸੇਰਾ ਕਰ ਪਹਾੜੋਂ ਕੀ ਚੱਟਾਨੋਂ ਪਰ।'' ਇਸ ਸ਼ੇਅਰ ਦੇ ''ਸ਼ਾਹੀਨ'' ਸ਼ਬਦ ਨੂੰ ਵੱਖਰਾ ਕੱਢ ਲਿਆ ਗਿਆ ਸੀ। ਦੱਸ ਦਈਏ ਕਿ 'ਸ਼ਾਹੀਨ' ਦਾ ਮਤਲਬ ਹੁੰਦਾ ਹੈ ਕਿ 'ਬਾਜ ਦੀ ਤਰਾਂ ਦਾ ਇਕ ਪੰਛੀ', ਜੋ ਪਹਾੜਾਂ ਉਪਰ ਰਹਿੰਦਾ ਹੈ ਅਤੇ ਇਸੇ ਤਰ੍ਹਾਂ ਨਾਲ ਇਸ ਇਲਾਕੇ ਦਾ ਨਾਮ ਸ਼ਾਹੀਨ ਬਾਗ ਪਿਆ। ਸ਼ਾਹੀਨ ਬਾਗ ਵਿਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੀ ਇੰਨੀਂ ਵੱਡਾ ਮੁਜਾਹਰਾ ਕਿਸੇ ਸਰਕਾਰ ਦੇ ਖਿਲਾਫ਼ ਹੋਇਆ ਹੈ। ਕਿਉਂਕਿ ਇਸ ਤੋਂ ਪਹਿਲੋਂ ਕਦੇ ਵੀ ਸਰਕਾਰ ਦੇ ਵਿਰੁੱਧ ਸ਼ਾਹੀਨ ਬਾਗ ਦੇ ਵਿਰੁੱਧ ਇੰਨੀਂ ਵੱਡੀ ਪੱਧਰ 'ਤੇ ਮੁਜਾਹਰੇ ਆਦਿ ਨਹੀਂ ਹੋਏ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਚੱਲ ਰਹੇ ਮੁਜ਼ਾਹਰਿਆਂ ਨੂੰ ''ਗੋਦੀ ਮੀਡੀਆ'' ਹੋਰ ਹੀ ਕੁਝ ਦੱਸ ਰਿਹਾ ਹੈ ਅਤੇ ਔਰਤ ਵਿਰੋਧੀ ਬਿਆਨ ਆਪਣੇ ਅਦਾਰਿਆਂ ਵਿਚ ਪੇਸ਼ ਕਰ ਰਿਹਾ ਹੈ। ਹਮੇਸ਼ਾਂ ਹੀ ਸਰਕਾਰ ਦੀ ਬੋਲੀ ਬੋਲਣ ਵਾਲੇ ਗੋਦੀ ਮੀਡੀਆ ਨੂੰ ਇਹ ਨਹੀਂ ਪਤਾ, ਕਿ ਸਮੇਂ ਦੀ ਸਰਕਾਰ ਦੇ ਵਿਰੁੱਧ ਮੁਜ਼ਾਹਰਾ ਕਰਨ ਦਾ ਸਭ ਨੂੰ ਅਧਿਕਾਰ ਹੈ ਅਤੇ ਇਹ ਅਧਿਕਾਰ ਸਾਨੂੰ ਸਾਡਾ ਸਵਿਧਾਨ ਹੀ ਬਖਸ਼ਿਸ਼ ਕਰਦਾ ਹੈ। ਜੇਕਰ ਸਾਡਾ ਸਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ ਕਿ ਮੌਜ਼ੂਦਾਂ ਹਕੂਮਤ ਦੇ ਵਿਰੁੱਧ ਅਸੀਂ ਬੋਲ ਸਕਦੇ ਹਾਂ ਤਾਂ, ਮੋਦੀ ਸਰਕਾਰ ਅਤੇ ਗੋਦੀ ਮੀਡੀਆ ਕੌਣ ਹੁੰਦਾ ਹੈ ਕਿ ਮੁਜ਼ਾਹਰਾਕਾਰੀਆਂ ਨੂੰ ਰੋਕਣ ਵਾਲਾ ਅਤੇ ਦੇਸ਼ ਧਿਰੋਹੀ ਅਤੇ ਦੇਸ਼ ਵਿਰੋਧੀ ਦੱਸਣ ਵਾਲਾ? ਸ਼ਾਹੀਨ ਬਾਗ ਦੇ ਵਿਚ ਵੱਡੇ ਪੱਧਰ 'ਤੇ ''ਦਾਦੀਆਂ ਨੇ ਡੇਰੇ'' ਲਗਾਏ ਹੋਏ ਹਨ। ਇਹ ਦਾਦੀਆਂ ਨੇ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਹਨ, ਕਿਉਂਕਿ ਮੋਦੀ ਸਰਕਾਰ ਦੇ ਕੋਲ ਦਾਦੀਆਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ। ਬੁੱਢੀਆਂ ਮਾਈਆਂ, ਔਰਤਾਂ, ਭੈਣਾਂ ਦੇ ਵਲੋਂ ਸਰਕਾਰ ਦੇ ਵਿਰੁੱਧ ਖੋਲ੍ਹੇ ਮੁਜ਼ਾਹਰੇ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਸਲਾਹਿਆ ਜਾ ਰਿਹਾ ਹੈ, ਪਰ ਭਾਜਪਾਈ ਇਸ ਮੁਜ਼ਾਹਰੇ ਨੂੰ ਅਵੱਲੇ ਹੀ ਨਾਵਾਂ ਦੇ ਨਾਲ ਪੁਕਾਰ ਰਹੇ ਹਨ। ਮੇਰੇ ਮੁਤਾਬਿਕ ਤਾਂ, ਸ਼ਾਹੀਨ ਬਾਗ ਦੀ ਤੁਲਨਾ ਇਸਲਾਮਿਕ ਸਟੇਟ ਨਾਲ ਕਰਨ ਵਾਲੇ ਭਾਜਪਾਈ ਸਕੱਤਰ ਵਿਰੁੱਧ ਪਰਚਾ ਦਰਜ ਹੋਣਾ ਚਾਹੀਦਾ ਹੈ। ਸਾਥੀਓਂ, ਸ਼ਾਹੀਨ ਬਾਗ ਦੇ ਵਿਚ ਹੀ ਲੰਘੇ ਦਿਨੀਂ ਇਕ ਵਿਅਕਤੀ ਨੇ ਪਿਸਤੌਲ ਲਹਿਰਾਈ ਸੀ, ਜਿਸ ਨੇ ਸਟੇਜ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ। ਹੱਥ ਵਿੱਚ ਪਿਸਤੌਲ ਫੜੇ ਵਿਅਕਤੀ ਨੇ ਪ੍ਰਦਰਸ਼ਨਕਾਰੀਆਂ ਨੂੰ ਮਿੰਟਾਂ ਵਿੱਚ ਸਟੇਜ ਖਾਲੀ ਕਰਨ ਦੀ ਚੇਤਾਵਨੀ ਦਿੱਤੀ। ਇਸ ਦੇ ਨਾਲ ਹਫੜਾ-ਦਫੜੀ ਦਾ ਮਾਹੌਲ ਹੋ ਗਿਆ। ਜਿਸ ਤੋਂ ਮਗਰੋਂ ਉਥੇ ਮੌਜੂਦ ਲੋਕਾਂ ਨੇ ਉਕਤ ਸਰਕਾਰ ਦੇ ਭਗਤ ਨੌਜਵਾਨ ਨੂੰ ਸਟੇਜ ਤੋਂ ਥੱਲੇ ਲਾਹਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਵਿਚ ਪ੍ਰਦਰਸ਼ਨਕਾਰੀਆਂ ਦਾ ਦੋਸ਼ ਲਗਾਇਆ ਸੀ ਕਿ ਜਿਸ ਵਿਅਕਤੀ ਨੇ ਪਿਸਤੌਲ ਤਾਣੀ ਸੀ, ਉਹ ਰਾਜਨੀਤਿਕ ਪਾਰਟੀ ਨਾਲ ਸਬੰਧਤ ਹੈ। ਦੂਜੇ ਪਾਸੇ ਸ਼ਾਹੀਨ ਬਾਗ ਪੁਲਿਸ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਪਿਸਤੌਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ, ਪ੍ਰਦਰਸ਼ਨ ਵਿੱਚ ਪਿਸਤੌਲ ਲਹਿਰਾਉਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਭਾਜਪਾ ਦੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦਿੱਲੀ ਦੀ ਰਿਥਲਾ ਸੀਟ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨਾਲ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ 'ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋਂ' ਦੇ ਨਾਅਰੇ ਲਗਾਏ ਸਨ। ਇਸ ਦੇ ਨਾਲ ਹੀ ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ 40 ਦਿਨਾਂ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਸ਼ਾਹੀਨ ਬਾਗ ਖੇਤਰ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਟਿੱਪਣੀ ਕੀਤੀ ਸੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਦਿੱਲੀ ਦੇ ਮਾਡਲ ਟਾਊਨ ਤੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ 'ਤੇ ਭੜਕਾਉ ਭਾਸ਼ਣ ਦੇਣ ਦੇ ਮਾਮਲੇ ਵਿਚ 48 ਘੰਟਿਆਂ ਲਈ ਮੁਹਿੰਮ 'ਤੇ ਰੋਕ ਲਗਾ ਦਿੱਤੀ ਸੀ। ਅਖਬਾਰੀ ਖ਼ਬਰਾਂ ਮੁਤਾਬਿਕ ਇਸ ਭਾਸ਼ਣ 'ਤੇ ਮਾਡਲ ਟਾਉਨ ਥਾਣੇ ਵਿਚ ਇੱਕ ਮਾਮਲਾ ਦਰਜ ਵੀ ਕੀਤਾ ਗਿਆ ਸੀ। ਦਰਅਸਲ, ਭਾਜਪਾਈ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਟਵਿੱਟਰ 'ਤੇ ਜੰਗ ਛੇੜਦਿਆ ਹੋਇਆ ਕਿਹਾ ਸੀ ਕਿ ਸ਼ਾਹੀਨ ਬਾਗ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮਿੰਨੀ ਪਾਕਿਸਤਾਨ ਬਣਾਇਆ ਹੈ। ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਇਹ ਵੀ ਕਿਹਾ ਸੀ ਕਿ ''ਲੱਖਾਂ ਲੋਕ ਉੱਥੇ (ਸ਼ਾਹੀਨ ਬਾਗ) ਇਕੱਠੇ ਹੁੰਦੇ ਹਨ। ਦਿੱਲੀ ਦੇ ਲੋਕਾਂ ਨੂੰ ਸੋਚ-ਸਮਝ ਕੇ ਫੈਸਲਾ ਲੈਣਾ ਹੋਵੇਗਾ। ਉਹ ਤੁਹਾਡੇ ਘਰਾਂ ਵਿਚ ਵੜ ਕੇ, ਤੁਹਾਡੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨਗੇ, ਉਨ੍ਹਾਂ ਨੂੰ ਮਾਰਨਗੇ। ਅੱਜ ਸਮਾਂ ਹੈ ਮੋਦੀ ਜੀ ਤੇ ਅਮਿਤ ਸ਼ਾਹ ਕੱਲ੍ਹ ਤੁਹਾਨੂੰ ਬਚਾਉਣ ਨਹੀਂ ਆਉਣਗੇ''। ਇੰਨਾ ਹੀ ਨਹੀਂ ਪ੍ਰਵੇਸ਼ ਵਰਮਾ ਨੇ ਕਿਹਾ ਕਿ ''ਜੇਕਰ ਭਾਰਤੀ ਜਨਤਾ ਪਾਰਟੀ ਦਿੱਲੀ ਦੀ ਸੱਤਾ ਵਿਚ ਆਈ ਤਾਂ ਕੁਝ ਹੀ ਮਿੰਟਾਂ ਵਿਚ ਸ਼ਾਹੀਨ ਬਾਗ ਖਾਲੀ ਕਰਵਾ ਦਿਆਂਗੇ''। ਉਨ੍ਹਾਂ ਨੇ ਕਿਹਾ ਕਿ ''ਕਸ਼ਮੀਰ, ਯੂਪੀ, ਹੈਦਰਾਬਾਦ ਵਿਚ ਲੱਗੀ ਅੱਗ ਜਲਦੀ ਹੀ ਦਿੱਲੀ ਦੇ ਲੋਕਾਂ ਦੇ ਘਰ ਵਿਚ ਦਸਤਕ ਦੇ ਸਕਦੀ ਹੈ''। ਇਸ ਦੇ ਨਾਲ ਹੀ ਵਰਮਾ ਨੇ ਕਿਹਾ ਕਿ ਮੈਂ ਆਪਣਾ ਬਿਆਨ ਵਾਪਸ ਨਹੀਂ ਲਵਾਂਗਾ, ਮੈਂ ਜੋ ਕਿਹਾ ਸੱਚ ਕਿਹਾ ਹੈ। ਦਰਅਸਲ, ਅਜਿਹੇ ਬਿਆਨ ਦੇਣ ਵਾਲੇ ਲੀਡਰਾਂ ਨੂੰ ਤਾਂ, ਦੇਸ਼ ਵਿਚੋਂ ਹੀ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਅਜਿਹੇ ਬਿਆਨ ਸਿਰਫ਼ ਤੇ ਸਿਰਫ਼ ਨਫ਼ਰਤ ਹੀ ਫੈਲਾਉਂਦੇ ਹਨ, ਹੋਰ ਕੁਝ ਵੀ ਨਹੀਂ। ਸਾਥੀਓਂ, ਮੋਦੀ ਸਰਕਾਰ ਦੇ ਵਲੋਂ ਇਸ ਕਦਰ ਆਪਣਾ ਗ਼ਦਰ ਦੇਸ਼ ਦੇ ਅੰਦਰ ਮਚਾਇਆ ਜਾ ਰਿਹਾ ਹੈ ਕਿ ਜੇਕਰ ਕੋਈ ਆਪਣੇ ਹੱਕਾਂ ਦੇ ਲਈ ਸੰਘਰਸ਼ ਵੀ ਕਰਦਾ ਹੈ ਤਾਂ, ਉਸ ਨੂੰ ਜੇਲ੍ਹਾਂ ਦੇ ਅੰਦਰ ਸੁੱਟਿਆ ਜਾ ਰਿਹਾ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪਹਿਲੋਂ ਆਸਾਮ ਤੋਂ ਪ੍ਰਦਰਸ਼ਨ ਸ਼ੁਰੂ ਹੋਏ, ਜੋ ਜਾਮੀਆ ਮਿਲੀਆ ਇੰਸਲਾਮੀਆ ਯੂਨੀਵਰਸਿਟੀ ਤੋਂ ਬਾਅਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਹੋਰ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮੁਜ਼ਾਹਰੇ ਹੋਣ ਲੱਗ ਪਏ। ਪਰ ਸਾਰੀਆਂ ਜਗਾਵਾਂ 'ਤੇ ਹੀ ਵਿਦਿਆਰਥੀਆਂ ਉਪਰ ਹਮਲੇ ਹੋਏ ਅਤੇ ਇਸ ਦਾ ਦੋਸ਼ ਪੁਲਿਸ ਅਤੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਏਬੀਵੀਪੀ ਉਪਰ ਲੱਗਿਆ, ਜਿਸ ਦੀ ਭਾਵੇਂ ਹੀ ਜਾਂਚ ਚੱਲ ਰਹੀ ਹੈ। ਪਰ ਜੇਐੱਨਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਦੋਸ਼ ਲਗਾਇਆ ਸੀ ਕਿ ਭਾਜਪਾਈ, ਆਰਐਸਐਸ ਅਤੇ ਏਬੀਵੀਪੀ ਦੇ ਗੁੰਡੇ ਹੀ ਯੂਨੀਵਰਸਿਟੀਆਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਤਾਂ, ਹੀ ਉਹ ਵਿਦਿਆਰਥੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਸੰਘਰਸ਼ ਨੂੰ ਦਬਾ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਦੇ ਅੰਦਰ ਮੁਜ਼ਾਹਰੇ ਜਾਰੀ ਹਨ ਅਤੇ ਲੱਗਦਾ ਹੈ ਕਿ ਇਹ ਮੁਜ਼ਾਹਰੇ ਉਦੋਂ ਤੱਕ ਹੀ ਜਾਰੀ ਰਹਿਣਗੇ, ਜਦੋਂ ਤੱਕ ਮੋਦੀ ਸਰਕਾਰ ਲੋਕਾਂ ਦੇ ਰੋਹ ਅੱਗੇ ਝੁੱਕਦੀ ਨਹੀਂ।

0 Comments