ਭਾਰਤ ਭਰ ਦੇ ਅੰਦਰ ਇਸ ਵੇਲੇ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਵੱਡੇ ਪੱਧਰ ਤੇ ਭਾਰਤੀ ਨਾਗਰਿਕਾਂ ਦੇ ਵਲੋਂ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਵੱਲੋਂ ਇੱਕ ਨਹੀਂ, ਦੋ ਨਹੀਂ ਬਲਕਿ ਭਾਰਤ ਦੇ ਵੱਖ ਵੱਖ ਕੋਨਿਆਂ ਵਿੱਚ ਮੌਜ਼ੂਦਾਂ ਹਕੂਮਤ ਦੇ ਵਿਰੁੱਧ ਧਰਨੇ ਮੁਜ਼ਾਹਰੇ ਅਤੇ ਜਾਮ ਲਗਾਏ ਜਾ ਰਹੇ ਹਨ ਅਤੇ ਮੋਦੀ ਸਰਕਾਰ ਦੇ ਵਿਰੁੱਧ ਜੰਮ ਕੇ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਲੋਕਾਂ ਦੇ ਰੋਹ ਤੋਂ ਕਾਫੀ ਦਾ ਖਫ਼ਾ ਹੋ ਚੁੱਕੀ ਹੈ ਅਤੇ ਉਹ ਵਿਰੋਧ ਪ੍ਰਦਰਸ਼ਨਕਾਰੀਆਂ ਨੂੰ ਦੇਸ਼ ਧਿਰੋਹੀ ਦੇਸ਼ ਵਿਰੋਧੀ ਅਤੇ ਹੋਰ ਕਈ ਨਾਵਾਂ ਦੇ ਨਾਲ ਪੁਕਾਰ ਰਹੀ ਹੈ, ਜਿਸ ਦਾ ਅਸਰ ਇੱਕ ਤਬਕੇ 'ਤੇ ਨਹੀਂ, ਬਲਕਿ ਕਈ ਤਬਕਿਆਂ ਉਪਰ ਪੈ ਰਿਹਾ ਹੈ। ਇੱਕ ਖ਼ਾਸ ਤਬਕੇ ਨੂੰ ਲਾਭ ਪਹੁੰਚਾਉਣ ਦੀ ਖਾਤਰ ਮੋਦੀ ਸਰਕਾਰ ਪਤਾ ਨਹੀਂ ਕਿਉਂ ਭਾਰਤ ਭਰ ਦੇ ਅੰਦਰ ਅਜਿਹੀ ਸਭ ਕੁਝ ਕਰ ਰਹੀ ਹੈ? ਲੋਕਾਂ ਦੇ ਮਨਾਂ ਵਿਚ ਖੌਫ ਪੈਦਾ ਕਰਨ ਵਾਸਤੇ ਸਮੇਂ ਸਮੇਂ 'ਤੇ ਕਈ ਪ੍ਰਕਾਰ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ, ਜਿਸ ਦਾ ਨੁਕਸਾਨ ਸਾਨੂੰ ਸਭ ਭਾਰਤੀਆਂ ਨੂੰ ਹੋ ਰਿਹਾ ਹੈ। ਦੱਸ ਦਈਏ ਕਿ ਭਾਰਤ ਦੇਸ਼ ਦੇ ਅੰਦਰ ਜੋ ਵੀ ਇਸ ਵੇਲੇ ਆਵਾਜ਼ ਬੁਲੰਦ ਕਰ ਰਿਹਾ ਹੈ, ਉਨ੍ਹਾਂ ਉਪਰ ਮੁਕੱਦਮੇ ਦਰਜ ਕਰਕੇ, ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟਿਆ ਜਾ ਰਿਹਾ ਹੈ। ਦੱਸ ਦਈਏ ਪਿਛਲੇ ਦਿਨੀਂ ਜਦੋਂ ਜਾਮੀਆ ਮਿਲੀਆ ਇਸਲਾਮੀਆ ਦੇ ਵਿਦਿਆਰਥੀਆਂ ਵਲੋਂ ਰਾਸ਼ਟਰਪਿਤਾ ਮਹਾਮਤਾ ਗਾਂਧੀ ਦੀ ਸਮਾਧ ਰਾਜਘਾਟ ਵੱਲ ਵਿਰੁੱਧ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਇਕ ਵਿਅਕਤੀ ਪੁਲਿਸ ਦੇ ਸਾਹਮਣੇ ਪਿਸਟਲ ਲਹਿਰਾਉਂਦਾ ਆਇਆ ਅਤੇ ਉਸ ਨੇ ਕਈ ਪ੍ਰਕਾਰ ਦੇ ਅਪਸ਼ਬਦ ਬੋਲਦਿਆ ਹੋਇਆ ਮਾਰਚ ਕਰਨ ਜਾ ਰਹੇ ਵਿਦਿਆਰਥੀਆਂ ਉਪਰ ਗੋਲੀ ਚਲਾ ਦਿੱਤੀ। ਇਸ ਦੌਰਾਨ ਇਕ ਵਿਦਿਆਰਥੀ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਿਆ, ਜਿਸ ਦਾ ਇਲਾਜ਼ ਹਸਪਤਾਲ ਵਿਖੇ ਚੱਲ ਰਿਹਾ ਹੈ। ਹਾਲਾਕਿ ਪਤਾ ਲੱਗਿਆ ਹੈ ਕਿ ਜ਼ਖਮੀ ਵਿਦਿਆਰਥੀ ਦੀ ਪੁਲਿਸ ਨੇ ਜਰਾਂ ਜਿੰਨੀਂ ਵੀ ਮਦਦ ਨਹੀਂ ਕੀਤੀ ਅਤੇ ਨਾ ਹੀ ਗੋਲੀ ਚਲਾਉਣ ਵਾਲੇ ਨੂੰ ਰੋਕਿਆ। ਬੇਸ਼ੱਕ ਕੁਝ ਸਮੇਂ ਬਾਅਦ ਉਕਤ ਗੋਲੀ ਚਲਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ, ਉਸ ਦੇ ਕਬਜੇ ਵਿਚੋਂ ਪਿਸਟਲ ਆਦਿ ਵੀ ਬਰਾਮਦ ਕਰ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਪਰ, ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਕਰੀਬ 72 ਸਾਲ ਪਹਿਲੋਂ ਮਹਾਤਮਾ ਗਾਂਧੀ ਦਾ ਨੱਥੂ ਰਾਮ ਗੌਡਸੇ ਦੇ ਵਲੋਂ ਇਸੇ ਤਰ੍ਹਾਂ ਹੀ ਕਤਲ ਕਰ ਦਿੱਤਾ ਗਿਆ ਸੀ, ਜਿਸ ਤਰ੍ਹਾਂ ਜਾਮੀਆ ਦੇ ਵਿਦਿਆਰਥੀ ਉਪਰ ਸ਼ਰੇਆਮ ਗੋਲੀ ਚਲਾਈ ਗਈ, ਪਰ ਗਾਂਧੀ ਵੇਲੇ ਵੀ ਪੁਲਿਸ ਦੇ ਵਲੋਂ ਕੁਝ ਨਹੀਂ ਸੀ ਮੌਕੇ 'ਤੇ ਕੀਤਾ ਗਿਆ ਅਤੇ ਨਾ ਹੀ ਜਾਮੀਆ ਦੇ ਵਿਦਿਆਰਥੀ ਉਪਰ ਗੋਲੀ ਚਲਾਉਣ ਵਾਲੇ ਦਾ ਕੁਝ ਕੀਤਾ ਗਿਆ ਹੈ। ਹੈਰਾਨੀ ਇਸ ਗੱਲ ਦੀ ਵੀ ਹੋ ਰਹੀ ਹੈ ਕਿ ਗਾਂਧੀ ਦੀ ਬਰਸੀ ਮੌਕੇ ਹੀ ਗੌਡਸੇ ਜ਼ਿੰਦਾ ਕਿਵੇਂ ਹੋ ਗਿਆ? ਕੌਣ ਸੀ ਇਸ ਗੌਡਸੇ ਨੂੰ ਹੱਲਾ ਸ਼ੇਰੀ ਦੇਣ ਵਾਲਾ? ਕਿਉਂ ਨਹੀਂ ਪੁਲਿਸ ਨੇ ਛੇਤੀ ਨਾਲ ਕਾਰਵਾਈ ਕੀਤੀ? ਕੀ ਪੁਲਿਸ ਵੀ ਸਰਕਾਰ ਦੀ ਕਠਪੁਤਲੀ ਬਣ ਗਈ ਹੈ? ਵਿਰੋਧ ਕਰਨਾ ਹੁਣ ਖ਼ਤਰੇ ਤੋਂ ਖਾਲੀ ਨਹੀਂ ਰਿਹਾ? ਕੀ ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਆਪਣੇ ਹੱਕਾਂ ਲਈ ਸੰਘਰਸ਼ ਕਰ ਸਕੀਏ? ਅਜਿਹੇ ਬਹੁਤ ਸਾਰੇ ਸਵਾਲਾਂ ਦੇ ਨਾਲ ਹੀ ਇਕ ਸਵਾਲ ਇਹ ਵੀ ਜੁੜ ਜਾਂਦਾ ਹੈ ਕਿ ਕਦੋਂ ਤੱਕ ਸਾਡੇ ਦੇਸ਼ ਦੇ ਅੰਦਰ ਅਜਿਹੇ ਗੌਡਸੇ ਅੱਗ ਵਰਾਉਂਦੇ ਰਹਿਣਗੇ? ਸਾਥੀਓਂ, ਤੁਹਾਨੂੰ ਦੱਸ ਦਈਏ ਕਿ ਜਾਮੀਆ ਦੇ ਵਿਦਿਆਰਥੀ ਉਪਰ ਗੋਲੀ ਚਲਾਉਣ ਵਾਲੇ ਦੀ ਪੁਲਿਸ ਨੇ ਬੇਸ਼ੱਕ ਪਛਾਣ ਕਰ ਲਈ ਹੈ, ਪਰ ਉਸ ਨੇ ਗੋਲੀ ਚਲਾਉਣ ਤੋਂ ਕੁਝ ਸਮਾਂ ਪਹਿਲੋਂ ਹੀ ਆਪਣੀ ਫੇਸਬੁੱਕ ਉਪਰ ਲਾਈਵ ਹੋ ਕੇ ਆਪਣਾ ਨਾਂਅ ਗੋਪਾਲ ਦੱਸਿਆ ਸੀ ਅਤੇ ਫੇਸਬੁੱਕ 'ਤੇ ਉਸ ਦੀ ਆਈਡੀ ਰਾਮ ਭਗਤ ਗੋਪਾਲ ਨਾਂਅ ਤੋਂ ਹੈ। ਦੱਸ ਦਈਏ ਕਿ ਜਦੋਂ ਹਵਾਲਵਰ ਨੇ ਵਿਦਿਆਰਥੀ ਉਪਰ ਗੋਲੀ ਚਲਾਈ ਤਾਂ, ਗੋਲੀ ਚਲਾਉਂਦਿਆਂ ਸਾਰ ਹੀ ਕਿਹਾ ਕਿ ''ਯੇ ਲੋ ਆਜ਼ਾਦੀ.. ਹਿੰਦੂਸਤਾਨ ਜਿੰਦਾਬਾਦ''। ਅਖਬਾਰੀ ਖ਼ਬਰਾਂ ਦੇ ਮੁਤਾਬਿਕ ਜਦੋਂ ਉਕਤ ਹਮਲਾਵਰ ਨੂੰ ਪੁਲਿਸ ਫੜ ਕੇ ਲਿਜਾ ਰਹੀ ਸੀ ਤਾਂ, ਹਮਲਾਵਰ ਨੇ ਦਿੱਲੀ ਪੁਲਿਸ ਦੇ ਹੱਕ ਵਿਚ ਨਾਅਰੇ ਵੀ ਲਗਾਏ। ਸਾਥੀਓਂ, ਜਿਹੜੇ ਦੇਸ਼ ਦੇ ਵਿਚ ਉਸੇ ਦਿਨ ਹੀ ਦਹਿਸ਼ਤਗਰਦੀ ਦਾ ਮਾਹੌਲ ਬਨਣਾ ਹੋਵੇ, ਜਿਸ ਦਿਨ ਮਹਾਤਮਾ ਗਾਂਧੀ ਦੀ ਬਰਸੀ ਮਨਾਈ ਜਾ ਰਹੀ ਹੋਵੇ ਤਾਂ, ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਦੇਸ਼ ਦੇ ਅੰਦਰ ਅੱਛੇ ਦਿਨ ਆ ਚੁੱਕੇ ਹਨ ਅਤੇ ਹੁਣ ਗੋਲੀਆਂ ਖ਼ਾ ਕੇ ਹੀ ਖੌਰੇ ਇਨਸਾਫ਼ ਮਿਲੇਗਾ? ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਭਾਰਤ ਦੇ ਅੰਦਰ ਹੋ ਰਹੇ ਪ੍ਰਦਰਸ਼ਨ ਤੋਂ ਕੇਂਦਰ ਦੀ ਮੋਦੀ ਸਰਕਾਰ ਕਾਫੀ ਜ਼ਿਆਦਾ ਦੁਖੀ ਹੋਈ ਪਈ ਹੈ, ਪਤਾ ਨਹੀਂ ਕਿਉਂ ਸਰਕਾਰ ਨੂੰ ਇਹ ਲੱਗ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਹੁਣ ਉਨ੍ਹਾਂ ਦਾ ਬੁਰਾ ਹਾਲ ਕਰਨਗੇ। ਹਾਲਾਂਕਿ ਸਰਕਾਰ ਦੇ ਵਲੋਂ ਪੁਲਿਸ ਅਤੇ ਫੌਜ਼ ਦੀ ਮਦਦ ਦੇ ਨਾਲ ਕਈ ਪ੍ਰਕਾਰ ਦੇ ਗਲਤ ਮਲਤ ਕੰਮ ਕਰਵਾਏ ਜਾ ਰਹੇ ਹਨ, ਪਰ ਭਾਰਤ ਦਾ ਕਥਿਤ ਤੌਰ 'ਤੇ ਗੋਦੀ ਮੀਡੀਆ ਸਰਕਾਰ ਦੇ ਗਲਤ ਕੰਮਾਂ ਨੂੰ ਵਿਖਾ ਨਹੀਂ ਰਿਹਾ। ਸਗੋਂ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਮੀਡੀਆ ਕਈ ਪ੍ਰਕਾਰ ਦੇ ਨਾਂਵਾਂ ਦੇ ਨਾਲ ਪੁਕਾਰ ਰਿਹਾ ਹੈ। ਸ਼ਾਹੀਨ ਬਾਗ ਤੋਂ ਲੈ ਕੇ ਦੇਸ਼ ਭਰ ਦੇ ਅੰਦਰ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਗੋਦੀ ਮੀਡੀਆ ਟੁੱਕੜੇ ਟੁੱਕੜੇ ਗੈਂਗ ਦਾ ਨਾਂਅ ਦੇ ਰਿਹਾ ਹੈ, ਜਦੋਂਕਿ ਉਹ ਟੁੱਕੜੇ ਟੁੱਕੜੇ ਗੈਂਗ ਨਹੀਂ ਹੈ, ਬਲਕਿ ਇਨਸਾਫ਼ ਦੀ ਅਵਾਜ਼ ਹੈ, ਜੋ ਕਿ ਮੌਜ਼ੂਦਾਂ ਹਕੂਮਤ ਨੂੰ ਪਾਸੰਦ ਨਹੀਂ ਹੈ। ਦਿੱਲੀ ਦੇ ਵਿਚ ਫਰਵਰੀ ਮਹੀਨੇ ਵਿਚ ਚੋਣਾਂ ਹੋਣ ਜਾ ਰਹੀ ਹੈ, ਪਰ ਚੋਣਾਂ ਤੋਂ ਪਹਿਲੋਂ ਹੀ ਕੇਂਦਰ ਦੀ ਮੋਦੀ ਸਰਕਾਰ ਦੇ ਵਲੋਂ ਅਜਿਹਾ ਮਾਹੌਲ ਦਿੱਲੀ ਦੇ ਅੰਦਰ ਸਿਰਜਿਆ ਜਾ ਰਿਹਾ ਹੈ ਕਿ ਕੇਜਰੀਵਾਲ ਸਰਕਾਰ ਨੂੰ ਧੱਕੇ ਦੇ ਨਾਲ ਕੁਰਸੀ ਤੋਂ ਲਾਹਿਆ ਜਾ ਸਕੇ ਅਤੇ ਆਪਣਾ ਭਗਵਾ ਝੰਡਾ ਦਿੱਲੀ ਦੇ ਵਿਚ ਲਹਿਰਾਇਆ ਜਾ ਸਕੇ। ਦੱਸ ਦਈਏ ਕਿ ਜੋ ਕੰਮ ਸਾਡੇ ਦੇਸ਼ ਦੇ ਅੰਦਰ ਆਜ਼ਾਦੀ ਦੇ ਵੇਲੇ ਅੰਗਰੇਜ਼ ਹਕੂਮਤ ਦੇ ਵਲੋਂ ਕੀਤਾ ਗਿਆ ਸੀ, ਉਸੇ ਕੰਮ ਨੂੰ ਹੀ ਮੌਜੂਦਾਂ ਹਕੂਮਤ ਦੁਰਾਉਣ ਦੇ ਵਿਚ ਲੱਗੀ ਹੋਈ ਹੈ। ਬੇਸ਼ੱਕ ਅੱਜ ਸੱਚ ਦੀ ਅਵਾਜ਼ ਨੂੰ ਦਬਾਉਣ ਦੀ ਪੂਰੀ ਕੋਸ਼ਿਸ ਕੀਤੀ ਜਾ ਰਹੀ ਹੈ, ਪਰ ਸੱਚ ਹਮੇਸ਼ਾਂ ਹੀ ਸੱਚ ਰਹੇਗਾ ਅਤੇ ਦੇਸ਼ ਦੇ ਅਗਲੇ ਇਤਿਹਾਸ ਦੇ ਪੰਨਿਆਂ ਵਿਚ ਸਾਫ਼ ਤੌਰ 'ਤੇ ਇਹ ਗੱਲ ਲਿਖ ਦਿੱਤੀ ਜਾਵੇਗੀ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਵਲੋਂ ਇਕ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਗਿਆ ਸੀ, ਜਿਸ ਦਾ ਇਕੱਲੇ ਭਾਰਤ ਦੇ ਵਿਚ ਹੀ ਨਹੀਂ, ਬਲਕਿ ਬਾਹਰਲੇ ਮੁਲਖ਼ਾਂ ਵਿਚ ਵੀ ਉਸ ਕਾਨੂੰਨ ਦਾ ਵਿਰੋਧ ਹੋਇਆ ਸੀ ਅਤੇ ਇਸ ਕਾਨੂੰਨ ਵਿਚ ਕੋਈ ਇਕ ਤਬਕਾ ਨਹੀਂ, ਬਲਕਿ ਸਾਰੇ ਤਬਕਿਆਂ ਦੇ ਲੋਕ ਸ਼ਾਮਲ ਹੋਏ ਸਨ। ਇਤਿਹਾਸ ਦੇ ਪੰਨਿਆਂ ਵਿਚ ਇਹ ਵੀ ਲਿਖਿਆ ਜਾਵੇਗਾ ਕਿ ਭਾਜਪਾ ਸਰਕਾਰ ਦੇ ਵਲੋਂ ਦੇਸ਼ ਨੂੰ ਸਿਰਫ਼ ਹਿੰਦੂ ਰਾਸ਼ਟਰ ਬਣਾਉਣ ਖ਼ਾਤਰ ਅਜਿਹਾ ਕੁਝ ਕੀਤਾ ਗਿਆ ਸੀ, ਜੋ ਅੰਗਰੇਜ਼ ਨਹੀਂ ਸੀ ਕਰਕੇ ਗਏ। ਦੱਸ ਦਈਏ ਕਿ ਪਿਛਲੇ ਕਰੀਬ ਡੇਢ ਮਹੀਨੇ ਤੋਂ ਸ਼ਾਹੀਨ ਬਾਗ ਤੋਂ ਲੈ ਕੇ ਕੇਰਲ, ਮਹਾਰਾਸ਼ਟਰ, ਪੰਜਾਬ ਸਮੇਤ ਉਤਰ ਭਾਰਤ ਦੇ ਸੂਬਿਆਂ ਵਿਚ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ, ਪਰ ਸਰਕਾਰਾਂ ਦੇ ਵਲੋਂ ਵਿਰੋਧ ਪ੍ਰਦਰਸ਼ਨ ਵਾਲੀਆਂ ਜਗਾਵਾਂ ਨੂੰ 'ਮਿੰਨੀ ਪਾਕਿਤਸਾਨ' ਕਿਹਾ ਜਾ ਰਿਹਾ ਹੈ, ਜੋ ਕਿ ਬਿਲਕੁਲ ਹੀ ਸੰਵਿਧਾਨ ਦੇ ਉਲਟ ਹੈ। ਦੱਸ ਦਈਏ ਕਿ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਇਲਾਵਾ ਦੇਸ਼ ਦੀਆਂ ਹੋਰਨਾਂ ਕਈ ਯੂਨੀਵਰਸਿਟੀਆਂ ਦੇ ਵਿਚ ਵਿਦਿਆਰਥੀਆਂ ਉਪਰ ਹਮਲੇ ਹੋਏ ਅਤੇ ਇਸ ਹਮਲੇ ਦੇ ਦੋਸ਼ ਏਬੀਵੀਪੀ ਦੇ ਆਗੂਆਂ ਤੋਂ ਇਲਾਵਾ ਹਿੰਦੂ ਰੱਖਿਆ ਦਲ, ਪੁਲਿਸ ਆਦਿ ਦੇ ਉਪਰ ਲੱਗੇ, ਪਰ ਹੁਣ ਤੱਕ ਇਨ੍ਹਾਂ ਦੇ ਵਿਰੁੱਧ ਕੋਈ ਵੀ ਐਕਸ਼ਨ ਮੌਜੂਦਾਂ ਹਕੂਮਤ ਦੇ ਵਲੋਂ ਨਹੀਂ ਲਿਆ ਗਿਆ। ਕੁਰਸੀ ਦੀ ਭੁੱਖੀ ਮੌਜੂਦਾਂ ਹਕੂਮਤ ਨੇ ਇਸ ਕਦਰ ਦੇਸ਼ ਨੂੰ ਬਰਬਾਦੀ ਦੇ ਵੱਲ ਤੋਰ ਦਿੱਤਾ ਹੈ ਕਿ ਹੁਣ ਦੇਸ਼ ਭਾਰਤ ਭਾਰਤ ਨਹੀਂ ਰਹੇਗਾ ਲੱਗਦਾ? ਕਿਉਂਕਿ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਭਾਜਪਾ ਦੀ ਜਥੇਬੰਦੀ ਆਰਐਸਐਸ ਪੂਰਾ ਜੋਰ ਲਗਾ ਰਹੀ ਹੈ। ਸਾਥੀਓਂ, ਜਿਸ ਪ੍ਰਕਾਰ ਪਿਛਲੇ ਦਿਨੀਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਉਪਰ ਗਾਂਧੀ ਦੀ ਬਰਸੀ ਮੌਕੇ ਇਕ ਵਿਅਕਤੀ ਦੇ ਵਲੋਂ ਗੋਲੀ ਚਲਾਈ ਗਈ ਸੀ, ਜਿਸ ਦੀ ਹੁਣ ਤੱਕ ਦੀਆਂ ਆਈਆਂ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਪਛਾਣ ਗੋਪਾਲ ਦੇ ਵਜੋਂ ਹੋਈ ਹੈ ਅਤੇ ਉਹ ਹਿੰਦੂ ਧਰਮ ਦੇ ਨਾਲ ਸਬੰਧ ਰੱਖਦਾ ਹੈ ਅਤੇ ਇਸ ਤੋਂ ਇਲਾਵਾ ਉਹ ਭਾਜਪਾ ਸਮਰਥਕ ਵੀ ਹੈ। ਸਾਥੀਓਂ, ਗਾਂਧੀ ਬਰਸੀ ਮੌਕੇ ਗੌਡਸੇ 'ਟਾਈਪ' ਹਮਲਾਵਰ ਜਿਸ ਪ੍ਰਕਾਰ ਮਾਰਨ ਕਰਨ ਜਾ ਰਹੇ ਵਿਦਿਆਰਥੀਆਂ ਉਪਰ ਗੋਲੀ ਚਲਾਉਂਦਾ ਹੈ ਤਾਂ, ਇਸ ਤੋਂ ਸਾਨੂੰ ਸਭ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹਕੂਮਤ ਕਈ ਗੌਡਸੇ ਪਾਲ ਰਹੀ ਹੈ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਇਨਕਲਾਬੀ ਧਿਰਾਂ ਦਾ ਸਾਨੂੰ ਸਾਥ ਦੇ ਕੇ ਦੇਸ਼ ਨੂੰ ਬਚਾਉਣਾ ਚਾਹੀਦਾ ਹੈ ਤਾਂ, ਜੋ ਦੇਸ਼ ਤਰੱਕੀ ਦੇ ਵੱਲ ਵੱਧ ਸਕੇ ਅਤੇ ਦੇਸ਼ ਬਰਬਾਦ ਹੋਣੋ ਬਚ ਸਕੇ।

0 Comments