
ਭਾਵੇਂ ਕਿ ਲੀਡਰਾਂ ਮੁਤਾਬਿਕ ਭਾਰਤ ਨੇ ਕਾਫ਼ੀ ਜ਼ਿਆਦਾ ਤਰੱਕੀ ਕਰ ਲਈ ਹੈ ਅਤੇ ਦੇਸ਼ ਦੇ ਅੱਛੇ ਦਿਨ ਚੱਲ ਰਹੇ ਹਨ। ਪਰ ਵੇਖਿਆ ਜਾਵੇ ਤਾਂ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਹੁਣ ਤੱਕ ਭਾਰਤ ਦੇ ਅੰਦਰ ਨਾ ਤਾਂ ਚੰਗੀਆਂ ਸਰਕਾਰੀ ਸਿਹਤ ਸੁਵਿਧਾਵਾਂ ਲੋਕਾਂ ਨੂੰ ਪ੍ਰਾਪਤ ਹੋ ਰਹੀਆਂ ਹਨ ਅਤੇ ਨਾ ਹੀ ਕਿਧਰੇ ਹੋਰ ਵਿਕਾਸ ਵਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਅਰ ਇੰਡੀਆ ਤੋਂ ਇਲਾਵਾ ਹੋਰ ਕਈ ਸਰਕਾਰੀ ਦਫ਼ਤਰ ਵੇਚਣ ਦੀ ਤਿਆਰੀ ਖਿੱਚੀ ਬੈਠਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਕਰਨ 'ਤੇ ਹੀ ਜ਼ੋਰ ਦੇ ਰਿਹਾ ਹੈ। ਦੱਸ ਦਈਏ ਕਿ ਸਰਕਾਰੀ ਦੀ ਬਜਾਏ, ਸਰਕਾਰ ਦੇ ਵੱਲੋਂ ਹੀ ਪ੍ਰਾਈਵੇਟ ਅਦਾਰਿਆਂ/ਕੰਪਨੀਆਂ ਨੂੰ ਜ਼ਿਆਦਾ ਸ਼ਹਿ ਦਿੱਤੀ ਜਾ ਰਹੀ ਹੈ। ਜਿਸ ਦੇ ਕਾਰਨ ਦੇਸ਼ ਦਾ ਢਾਂਚਾ ਕੁੱਲ ਮਿਲਾ ਕੇ ਵਿਗੜਿਆ ਪਿਆ ਹੈ। ਦੱਸ ਇਹ ਵੀ ਦਈਏ ਕਿ ਸਰਕਾਰੀ ਹਸਪਤਾਲਾਂ ਦਾ ਤਾਂ ਪੂਰੇ ਭਾਰਤ ਦੇ ਅੰਦਰ ਹੀ ਕਾਫ਼ੀ ਜ਼ਿਆਦਾ ਬੁਰਾ ਹਾਲ ਹੈ, ਲੋਕਾਂ ਨੂੰ ਸਿਹਤ ਸੁਵਿਧਾਵਾਂ ਚੰਗੀਆਂ ਪ੍ਰਾਪਤ ਨਹੀਂ ਹੋ ਰਹੀਆਂ। ਪਰ ਦੂਜੇ ਪਾਸੇ ਸਰਕਾਰ ਦੇ ਮੰਤਰੀ, ਵਿਧਾਇਕ ਸਰਕਾਰੀ ਹਸਪਤਾਲਾਂ ਦੀ ਹਾਲਤ ਨੂੰ ਸੁਧਾਰਨ ਦੀ ਬਿਜਾਏ, ਪ੍ਰਾਈਵੇਟ ਹਸਪਤਾਲਾਂ ਨੂੰ ਖ਼ੂਬਸੂਰਤ ਬਣਾਉਣ 'ਤੇ ਜ਼ੋਰ ਲਗਾ ਰਹੇ ਹਨ। ਇੱਕ ਜਾਣਕਾਰੀ ਦੇ ਮੁਤਾਬਿਕ ਫ਼ਿਰੋਜ਼ਪੁਰ ਛਾਉਣੀ ਦੇ 70 ਸਾਲ ਪੁਰਾਣੇ ਹਸਪਤਾਲ ਧਰਮਾਰਥ ਔਸ਼ਧਾਲਿਆਂ ਨੂੰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਵੱਲੋਂ 2 ਲੱਖ ਰੁਪਏ ਦਿੱਤੇ ਗਏ, ਜਦੋਂਕਿ ਫ਼ਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਦੇ ਅੰਦਰ ਦਵਾਈਆਂ ਅਤੇ ਡਾਕਟਰਾਂ ਦੀ ਘਾਟ ਇੰਨੀ ਜ਼ਿਆਦਾ ਹੈ ਕਿ ਮਰੀਜ਼ਾਂ ਨੂੰ ਫ਼ਰੀਦਕੋਟ ਰੈਫ਼ਰ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ 70 ਸਾਲ ਪੁਰਾਣੇ ਫ਼ਿਰੋਜ਼ਪੁਰ ਛਾਉਣੀ ਦੇ ਧਰਮਾਰਥ ਔਸ਼ਧਾਲਿਆਂ ਹਸਪਤਾਲ ਦੀ ਮਦਦ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅੱਗੇ ਆਏ ਹਨ, ਜਿਨ੍ਹਾਂ ਨੇ ਹਸਪਤਾਲ ਪ੍ਰਬੰਧਨ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਇਸ ਤੋਂ ਇਲਾਵਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਹਸਪਤਾਲ ਨੂੰ ਦਵਾਈਆਂ ਸਰਕਾਰੀ ਤੌਰ 'ਤੇ ਮੁਫ਼ਤ ਵਿੱਚ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਇਸ ਦਾ ਲਾਭ ਇੱਥੇ ਇਲਾਜ ਦੇ ਲਈ ਆਉਣ ਵਾਲੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਦੋਸਤੋ, ਬੇਸ਼ੱਕ ਵਿਧਾਇਕ ਪਿੰਕੀ ਦੇ ਵੱਲੋਂ 2 ਲੱਖ ਰੁਪਏ ਦੀ ਧਰਮਾਰਥ ਔਸ਼ਧਾਲਿਆਂ ਹਸਪਤਾਲ ਨੂੰ ਗ੍ਰਾਂਟ ਜਾਰੀ ਕਰਕੇ ਕਾਫ਼ੀ ਵਾਹ-ਵਾਹ ਖੱਟੀ ਜਾ ਰਹੀ ਹੈ, ਪਰ ਅਸਲੀਅਤ ਤਾਂ ਇਹ ਹੈ ਕਿ ਪਿੰਕੀ ਸਭ ਕੁਝ ਵੋਟਾਂ ਖ਼ਾਤਰ ਹੀ ਕਰ ਰਹੇ ਹਨ। ਛਾਉਣੀ ਵਾਸੀਆਂ ਕੋਲੋਂ ਅਗਾਮੀ ਚੋਣਾਂ ਵਿੱਚ ਵੋਟਾਂ ਬਟੋਰਨ ਦੇ ਮਕਸਦ ਤਹਿਤ ਪਿੰਕੀ ਦੇ ਵੱਲੋਂ ਸ਼ੋਸ਼ੇਬਾਜ਼ੀ ਕੀਤੀ ਜਾ ਰਹੀ ਹੈ, ਜਦੋਂਕਿ ਦੂਜੇ ਪਾਸੇ ਸਰਕਾਰੀ ਹਸਪਤਾਲ ਨੂੰ ਕੱਖ ਵੀ ਨਹੀਂ ਦਿੱਤਾ ਜਾ ਰਿਹਾ। ਜਨਤਾ ਦੇ ਟੈਕਸ 'ਤੇ ਪਲਣ ਵਾਲੇ ਲੀਡਰ ਪ੍ਰਾਈਵੇਟ ਹਸਪਤਾਲਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ, ਜੋ ਕਿ ਜਨਤਾ ਦੇ ਨਾਲ ਸਰਾਸਰ ਧੋਖਾ ਹੈ।
0 Comments