ਭਾਰਤ ਦੇ ਅੰਦਰ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਹਨ, ਹਰ ਸਰਕਾਰ ਨੇ ਹੀ ਆਪਣੇ ਨਿੱਜੀ ਫਾਇੰਦੇ ਦੀ ਖ਼ਾਤਰ ਦੇਸ਼ ਨੂੰ ਬਰਬਾਦੀ ਦੇ ਵੱਲ ਤੋਰਿਆ ਹੈ। ਬੇਸ਼ੱਕ ਦੇਸ਼ ਦੀ ਸੱਤਾ 'ਤੇ ਸਭ ਤੋਂ ਵੱਧ ਰਾਜ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਹੀ ਕੀਤਾ ਹੈ, ਪਰ ਇਨ੍ਹਾਂ ਦੋਵਾਂ ਪਾਰਟੀਆਂ ਨੇ ਦੇਸ਼ ਨੂੰ ਅਜਿਹੇ ਮੋੜ 'ਤੇ ਲਿਆ ਕੇ ਖ਼ੜਾ ਕੀਤਾ ਹੈ, ਜਿਥੋਂ ਕਿ ਦੇਸ਼ ਦਾ ਵਿਕਾਸ ਨਹੀਂ ਬਲਕਿ ਬਰਬਾਦੀ ਸ਼ੁਰੂ ਹੋਈ ਹੈ। ਦੇਸ਼ ਦੀ ਜਨਤਾ ਜਿਹੜੀ ਕਿ ਹਮੇਸ਼ਾਂ ਹੀ ਆਪਣਾ ਬਣਦਾ ਟੈਕਸ ਦਿੰਦੀ ਹੈ, ਪਰ ਹਕੂਮਤ ਦੇ ਵਲੋਂ ਹਰ ਵਾਰ ਹੀ ਜਨਤਾ ਦੇ ਪੈਸੇ ਨਾਲ ਇਨ੍ਹਾਂ ਜ਼ਿਆਦਾ ਮਜ਼ਾਕ ਕੀਤਾ ਜਾਂਦਾ ਹੈ, ਜਿਵੇਂ ਜਨਤਾ ਨੇ ਚੋਰੀ ਕਰਕੇ ਪੈਸਾ ਲਿਆਂਦਾ ਹੋਵੇ। ਦੇਸ਼ ਦੀ ਜਨਤਾ ਉਪਰ ਹਰ ਹਕੂਮਤ ਹੀ ਭਾਰੀ ਪਈ ਹੈ। ਜਨਤਾ ਦੇ ਕਰੋੜਾਂ ਰੁਪਇਆ ਨੂੰ ਹਕੂਮਤ ਨੇ ਹਰ ਵਾਰ ਹੀ ਪਾਣੀ ਵਾਂਗ ਵਹਾ ਕੇ ਹੋਰਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ, ਰਾਸ਼ਟਰਪਤੀਆਂ ਦੇ ਅੱਗੇ ਵਾਹ ਵਾਹ ਤਾਂ ਖੱਟ ਲਈ ਹੈ, ਪਰ ਇਹ ਵਾਹ ਵਾਹ ਦੇਸ਼ ਦੀ ਜਨਤਾ 'ਤੇ ਭਾਰੀ ਪੈ ਰਹੀ ਹੈ। ਭਾਰਤ ਦੇਸ਼ ਦੇ ਅੰਦਰ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਇੰਨੀਂ ਜ਼ਿਆਦਾ ਵੱਧ ਚੁੱਕੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਦੱਸ ਦਈਏ ਕਿ 24 ਫਰਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾਂ ਦੌਰੇ 'ਤੇ ਭਾਰਤ ਆਏ। ਭਾਵੇਂ ਹੀ ਟਰੰਪ ਦੀ ਫੇਰੀ ਨੂੰ ਲੈ ਕੇ ਭਾਰਤ ਸਰਕਾਰ ਦੇ ਵਲੋਂ ਕਾਫੀ ਤਿਆਰੀਆਂ ਕੀਤੀਆਂ ਗਈਆਂ, ਪਰ ਇਹ ਤਿਆਰੀਆਂ ਉਦੋਂ ਵਿਅਰਥ ਚਲੀਆਂ ਜਾਂਦੀਆਂ ਹਨ, ਜਦੋਂ ਦੇਸ਼ ਦਾ ਇਕ ਹਿੱਸਾ ਤਾਂ ਭੁੱਖ ਦੇ ਨਾਲ ਮਰ ਰਿਹਾ ਹੋਵੇ ਅਤੇ ਦੂਜੇ ਪਾਸੇ ਲੀਡਰ ਫੋਕੀ ਵਾਹ ਵਾਹ ਖੱਟਣ ਵਾਸਤੇ ਕਰੋੜਾਂ ਰੁਪਇਆ ਖ਼ਰਚ ਕਰ ਰਹੇ ਹੋਣ। ਦੱਸ ਦਈਏ ਕਿ ਟਰੰਪ 24 ਫਰਵਰੀ ਨੂੰ ਗੁਜਰਾਤ ਦੇ ਅਹਿਮਦਾਬਾਦ ਦੀ ਯਾਤਰਾ ਕਰਨਗੇ। ਅਜਿਹੀ ਸਥਿਤੀ ਵਿੱਚ, ਗੁਜਰਾਤ ਸਰਕਾਰ ਉਸ ਦੀ ਖ਼ਾਤਰ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਸੀ। ਇਥੇ ਵਿਸੇਸ਼ ਤੌਰ 'ਤੇ ਦੱਸਣਯੋਗ ਇਹ ਗੱਲ ਹੈ ਕਿ ਗੁਜਰਾਤ ਸਰਕਾਰ ਟਰੰਪ ਦੀ ਮੇਜ਼ਬਾਨੀ 3 ਘੰਟੇ ਦੀ ਯਾਤਰਾ 'ਤੇ 100 ਕਰੋੜ ਰੁਪਏ ਤੋਂ ਵੱਧ ਖਰਚੇ। ਪਿਛਲੇ ਦਿਨੀਂ ਛਪੀ ਇਕ ਅਖਬਾਰ ਦੇ ਵਿਚ ਰਿਪੋਰਟ ਦੇ ਮੁਤਾਬਿਕ ਟਰੰਪ ਦੀ ਮੇਜ਼ਬਾਨੀ ਕਰਨ ਵਿੱਚ ਸ਼ਾਮਲ ਅਧਿਕਾਰੀਆਂ ਮੁਤਾਬਕ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਸਵਾਗਤ ਵਿਚ ਬਜਟ ਦੀ ਰੁਕਾਵਟ ਨਹੀਂ ਹੋਣੀ ਚਾਹੀਦੀ। ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਤੇ ਅਹਿਮਦਾਬਾਦ ਅਰਬਨ ਡਿਵੈਲਪਮੈਂਟ ਅਥਾਰਟੀ, ਜੋ ਸੜਕਾਂ ਦੀ ਮੁਰੰਮਤ 'ਤੇ ਟਰੰਪ ਦਾ ਦੌਰਾ ਕਰਨ ਲਈ ਸ਼ਹਿਰ ਨੂੰ ਸੁੰਦਰ ਬਣਾ ਰਹੀ ਹੈ ਤੇ ਸਾਂਝੇ ਤੌਰ 'ਤੇ ਲਗਪਗ 100 ਕਰੋੜ ਰੁਪਏ ਖ਼ਰਚ ਕਰਨਗੇ। ਕਹਿੰਦੇ ਹਨ ਕਿ 60 ਕਰੋੜ ਰੁਪਏ ਦਾ ਬਜਟ ਤਾਂ ਭਾਰਤ ਸਰਕਾਰ ਦੇ ਵਲੋਂ 17 ਸੜਕਾਂ ਦੀ ਮੁਰੰਮਤ ਲਈ ਹੀ ਖ਼ਰਚ ਕਰ ਦਿੱਤਾ ਕਿ ਟਰੰਪ ਨੂੰ ਇਹ ਨਾ ਲੱਗੇ ਕਿ ਗੁਜਰਾਤ ਦੀਆਂ ਸੜਕਾਂ ਮਾੜੀਆਂ ਹਨ। ਇਸ ਤੋਂ ਇਲਾਵਾ 1.5 ਸੜਕਾਂ ਦੀ ਮੁਰੰਮਤ ਲਈ 6 ਕਰੋੜ ਦਾ ਬਜਟ ਵੱਖਰੇ ਤੌਰ 'ਤੇ ਤੈਅ ਕੀਤਾ ਗਿਆ, ਜਿਸ ਰਾਹੀਂ ਟਰੰਪ ਨੇ ਹਵਾਈ ਅੱਡੇ ਤੋਂ ਮੋਤੇਰਾ ਸਟੇਡੀਅਮ ਤੱਕ ਸਫ਼ਰ ਕਰਨਾ ਹੈ। ਇਸ ਤੋਂ ਇਲਾਵਾ ਵਿਕਾਸ ਅਥਾਰਟੀ ਨੇ ਸੜਕਾਂ ਲਈ 20 ਕਰੋੜ ਦਾ ਬਜਟ ਰੱਖਿਆ ਗਿਆ। ਦੱਸ ਦਈਏ ਕਿ ਭਾਰਤ ਸਰਕਾਰ ਵਿਦੇਸ਼ੀ ਮਹਿਮਾਨ 'ਤੇ ਇਨ੍ਹਾਂ ਕੁ ਜ਼ਿਆਦਾ ਮਿਹਰਬਾਨ ਹੋ ਰਹੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਇਸ ਪ੍ਰਕਾਰ ਟਰੰਪ ਦੀ ਫੇਰੀ ਉਪਰ ਪੈਸਾ ਵਹਾਇਆ ਗਿਆ, ਜਿਵੇਂ ਇਹ ਪੈਸਾ ਜਨਤਾ ਦਾ ਨਾ ਹੋਵੇ। ਦੱਸ ਦਈਏ ਕਿ ਭਾਰਤ ਦੀ ਭੋਲੀ ਭਾਲੀ ਜਨਤਾ ਕੋਲੋਂ ਮੋਟੇ ਰੂਪ ਵਿਚ ਟੈਕਸ ਮੋਦੀ ਸਰਕਾਰ ਦੇ ਵਲੋਂ ਲੈ ਕੇ ਉਸ ਦੀ ਕਥਿਤ ਤੌਰ 'ਤੇ ਦੁਰਵਰਤੋਂ ਕੀਤੀ ਗਈ ਹੈ। ਟਰੰਪ ਦੇ ਸਵਾਗਤ ਉਪਰ ਕਰੋੜਾਂ ਰੁਪਏ ਖ਼ਰਚ ਕਰਨਾ ਮਾਨਸਿਕ ਗੁਲਾਮੀ ਨਹੀਂ ਤਾਂ ਹੋਰ ਕੀ ਹੋ ਸਕਦੀ ਹੈ? ਸਾਥੀਓ, ਤੁਹਾਨੂੰ ਦੱਸ ਦਈਏ ਕਿ ਟਰੰਪ ਦੇ ਸਵਾਗਤ ਖ਼ਾਤਰ ਸੈਂਕੜਿਆਂ ਦੀ ਗਿਣਤੀ ਵਿਚ ਝੁੱਗੀਆਂ ਨੂੰ ਲੁਕੋਂ ਦਿੱਤਾ ਗਿਆ, ਉਹ ਵੀ ਕਰੋੜਾਂ ਰੁਪਏ ਦੀ ਕੰਧ ਬਣਾ ਕੇ। ਕਹਿੰਦੇ ਹਨ ਕਿ ਜਿਹੜੀ ਸੜਕ ਰਾਹੀਂ ਟਰੰਪ ਨੇ ਅੱਗੇ ਵੱਧਣਾ ਹੈ, ਉਸ ਸੜਕਾਂ ਦੇ ਕਿਨਾਰੇ ਵੱਡੀ ਗਿਣਤੀ ਵਿਚ ਝੁੱਗੀਆਂ ਸਨ, ਜਿਸ ਨੂੰ ਲੁਕਾਉਣ ਦੇ ਲਈ ਸਰਕਾਰ ਦੇ ਵਲੋਂ ਇੰਨੀਂ ਵੱਡੀ ਕੰਧ ਬਣਾ ਦਿੱਤੀ ਗਈ, ਕਿ ਝੁੱਗੀਆਂ ਪੂਰੀ ਤਰ੍ਹਾਂ ਨਾਲ ਲੁੱਕ ਗਈਆਂ। ਮੇਰੇ ਮੁਤਾਬਿਕ ਜਿਨਾਂ ਪੈਸਾ ਸਰਕਾਰ ਦੇ ਵਲੋਂ ਇਕ ਕੰਧ ਨੂੰ ਤਿਆਰ ਕਰਨ ਦੇ ਵਾਸਤੇ ਲਗਾਇਆ ਗਿਆ ਹੈ, ਜੇਕਰ ਇਨ੍ਹਾਂ ਪੈਸਾ ਗਰੀਬ ਲੋਕਾਂ ਦੇ ਲਈ ਪੱਕੇ ਘਰ ਬਣਾਉਣ ਦੇ ਲਗਾਇਆ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ। ਸਾਥੀਓ, ਜੇਕਰ ਟਰੰਪ ਦੇ ਆਉਣ ਦੇ ਨਾਲ ਦੇਸ਼ ਦੇ ਅੰਦਰ ਸਾਫ ਸਫ਼ਾਈ ਹੋ ਰਹੀ ਹੈ ਤਾਂ, ਸਿੱਧਾ ਹੀ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਦੋਂ ਹੀ ਦੇਸ਼ ਦਾ ਵਿਕਾਸ ਕਰਵਾਉਂਦੇ ਹਨ, ਜਦੋਂ ਕਿਸੇ ਮਹਿਮਾਨ ਨੇ ਉਨ੍ਹਾਂ ਨੂੰ ਮਿਲਣ ਆਉਣਾ ਹੁੰਦਾ ਹੈ। ਸਾਥੀਓ, ਡੋਨਾਲਡ ਟਰੰਪ ਦੇ ਸਵਾਗਤ ਤੋਂ ਪਹਿਲਾਂ ਗੁਜਰਾਤ ਦੇ ਅਹਿਮਦਾਬਾਦ ਨਗਰ ਨਿਗਮ ਨੇ ਸਰਦਾਰ ਵੱਲਭਭਾਈ ਪਟੇਲ ਏਅਰਪੋਰਟ ਤੋਂ ਇੰਦਰਾ ਬ੍ਰਿਜ ਨੂੰ ਜੋੜਦੀ ਸੜਕ ਕਿਨਾਰੇ ਝੁੱਗੀਆਂ ਦੇ ਸਾਹਮਣੇ ਇੱਕ ਕੰਧ ਬਣਾਈ ਹੈ। ਮਨੋਰਥ ਸਾਫ਼ ਹੈ ਕਿ ਕੰਧ ਦੇ ਨਿਰਮਾਣ ਨਾਲ ਲੋਕ ਇਨ੍ਹਾਂ ਖੇਤਰਾਂ ਵਿਚ ਝੌਪੜੀਆਂ ਅਤੇ ਕੱਚੇ ਮਕਾਨਾਂ ਨੂੰ ਨਹੀਂ ਦੇਖ ਸਕਣਗੇ। ਇੱਥੇ ਤਕਰੀਬਨ ਦੋ ਹਜ਼ਾਰ ਲੋਕ ਰਹਿੰਦੇ ਹਨ। ਛਪੀ ਰਿਪੋਰਟ ਦੇ ਅਨੁਸਾਰ ਟਰੰਪ ਦੀ ਯਾਤਰਾ ਲਗਪਗ 45 ਪਰਿਵਾਰਾਂ ਲਈ ਕਿਸੇ ਸਦਮੇ ਤੋਂ ਘੱਟ ਨਹੀਂ। ਟਰੰਪ ਦੇ ਦੌਰੇ ਕਾਰਨ ਅਹਿਮਦਾਬਾਦ ਦੇ ਮੋਤੇਰਾ ਸਟੇਡੀਅਮ ਨੇੜੇ ਝੁੱਗੀਆਂ ਵਿਚ ਰਹਿਣ ਵਾਲੇ 45 ਪਰਿਵਾਰ ਬੇਘਰ ਹੋਣ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਅਹਿਮਦਾਬਾਦ ਨਗਰ ਨਿਗਮ ਨੇ 45 ਪਰਿਵਾਰਾਂ ਨੂੰ ਆਪਣੀ ਰਿਹਾਇਸ਼ ਖਾਲੀ ਕਰਨ ਲਈ ਨੋਟਿਸ ਦਿੱਤਾ ਹੈ। ਜਦਕਿ ਨਗਰ ਨਿਗਮ ਨੇ ਅਜਿਹਾ ਨੋਟਿਸ ਦੇਣ ਦੀ ਖ਼ਬਰ ਤੋਂ ਇਨਕਾਰ ਕੀਤਾ ਹੈ। ਸਾਥੀਓ, ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੂੰ ਕਿਸੇ ਪਾਸਿਓ ਬਦਬੂ ਨਾ ਆਏ, ਇਸ ਦੇ ਨਹੀ ਯਮੁਲਾ ਵਿਚ ਗੰਗਾ ਦਾ ਪਾਣੀ ਮਿਲਾ ਦਿੱਤਾ ਗਿਆ ਹੈ। ਦੱਸ ਦਈਏ ਕਿ ਗਰੀਬ ਅਤੇ ਗਰੀਬੀ ਨੂੰ ਛੁਪਾਉਣ ਦੇ ਲਈ ਮੋਦੀ ਸਰਕਾਰ ਦੇ ਵਲੋਂ ਹਰ ਪ੍ਰਕਾਰ ਦੇ ਹੱਥ ਕੰਡੇ ਅਪਣਾਏ ਜਾ ਰਹੇ ਹਨ ਅਤੇ ਉਹ ਵੀ ਮਹਿਜ਼ ਕੁਝ ਘੰਟਿਆਂ ਦੇ ਵਾਸਤੇ ਹੀ ਸ਼ੋਸ਼ੇ ਹੋ ਰਹੇ ਹਨ। ਦੂਜੇ ਪਾਸੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਇਕ ਬਿਆਨ ਪਿਛਲੇ ਦਿਨੀਂ ਇਕ ਅਖ਼ਬਾਰ ਦੇ ਵਿਚ ਪ੍ਰਕਾਸ਼ਿਤ ਹੋਇਆ ਸੀ ਕਿ ਯਮੁਨਾ ਦੀ ਸਫਾਈ ਅਜੇ ਤੱਕ ਨਹੀਂ ਕੀਤੀ ਗਈ ਇਹ ਇੱਕ ਤੱਥ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਉਹ ਯਮੁਨਾ ਵਿਚ ਬੁਲੰਦਸ਼ਹਿਰ ਦੀ ਗੰਗਾ ਨਹਿਰ ਵਿੱਚੋਂ 500 ਕਿਉਸਿਕ ਪਾਣੀ ਛੱਡਿਆ ਜਾਵੇਗਾ ਤਾਂ ਜੋ ਯਮੁਨਾ ਥੋੜੀ ਸਾਫ ਦਿਖਾਈ ਦੇਵੇ ਤੇ ਵਹਿੰਦੇ ਪਾਣੀ ਨਾਲ ਮੁਸ਼ਕ ਘਟੇਗੀ। ਸਾਥੀਓ, ਤੁਹਾਨੂੰ ਦੱਸ ਦਈਏ ਕਿ ਦੱਸ ਦਈਏ ਕਿ ਜਦੋਂ ਤੋਂ ਦੇਸ਼ ਦੀ ਸੱਤਾ 'ਤੇ ਮੋਦੀ ਹਕੂਮਤ ਆਈ ਹੈ, ਉਦੋਂ ਤੋਂ ਲੈ ਕੇ ਹੀ ਦੇਸ਼ ਦੀ ਆਰਥਿਕ ਦਸ਼ਾ ਇੰਨੀਂ ਜ਼ਿਆਦਾ ਕਮਜੋਰ ਹੋ ਗਈ ਹੈ ਕਿ ਦੇਸ਼ ਦੀ ਜਨਤਾ ਨੂੰ ਦੋ ਵੇਲੇ ਦੀ ਰੋਟੀ ਵੀ ਚੰਗੀ ਨਸੀਬ ਨਹੀਂ ਹੋ ਰਹੀ। ਮੋਦੀ ਸਰਕਾਰ ਦੇ ਵਲੋਂ ਹਰ ਵਾਰ ਹੀ ਜਨਤਾ ਵਿਰੋਧੀ ਫੈਸਲੇ ਲਏ ਜਾਂਦੇ ਹਨ, ਜਿਸ ਦਾ ਨੁਕਸਾਨ ਹੀ ਨੁਕਸਾਨ ਹੁੰਦਾ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਦੇ ਵਲੋਂ ਪਹਿਲੋਂ ਨੋਟਬੰਦੀ ਕੀਤੀ ਗਈ, ਫਿਰ ਜੀਟੀਐਸ ਲਗਾ ਦਿੱਤੀ ਗਈ ਅਤੇ ਉਸ ਤੋਂ ਬਾਅਦ ਦੇਸ਼ ਦੇ ਅੰਦਰ ਅਜਿਹੇ ਪੁੱਠੇ ਸਿੱਧੇ ਕੰਮ ਕੀਤੇ ਗਏ, ਜਿਸ ਦਾ ਭਾਰਤ ਨੂੰ ਰਤਾ ਵੀ ਫਾਇੰਦਾ ਪ੍ਰਾਪਤ ਨਹੀਂ ਹੋਇਆ। ਮੋਦੀ ਸਰਕਾਰ ਬੇਸ਼ੱਕ ਜਨਤਾ ਦੇ ਮੂਹਰੇ ਇਹ ਕਹਿੰਦੀ ਨਹੀਂ ਥੱਕਦੀ ਕਿ ਅਸੀਂ ਵਿਕਾਸ ਕਰਵਾ ਰਹੇ ਹਨ, ਪਰ ਅਸਲ ਸਚਾਈ ਤਾਂ ਇਹ ਹੈ ਕਿ ਮੋਦੀ ਸਰਕਾਰ ਸਿਰਫ਼ ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਸਰਕਾਰ ਦੇ ਵਲੋਂ ਦੇਸ਼ ਦੇ ਅਸਲ ਮੁੱਦਿਆਂ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਦੇਸ਼ ਦੇ ਅੰਦਰ ਬੇਰੁਜ਼ਗਾਰੀ ਇਸ ਕਦਰ ਵੱਧ ਚੁੱਕੀ ਹੈ ਕਿ ਨੌਜਵਾਨ ਮੁੰਡੇ ਕੁੜੀਆਂ ਹੁਣ ਗਲਤ ਰਸਤੇ ਅਪਣਾ ਰਹੇ ਹਨ। ਪਰ ਸਾਡੀ ਮੋਦੀ ਸਰਕਾਰ ਦੇ ਵਲੋਂ ਵਿਦੇਸ਼ਾਂ ਤੋਂ ਆਏ ਮਹਿਮਾਨਾਂ ਦੀ ਇਸ ਪ੍ਰਕਾਰ ਸੇਵਾ ਕੀਤੀ ਜਾ ਰਹੀ ਹੈ, ਜਿਵੇਂ ਉਨ੍ਹਾਂ ਨੇ ਆਪਣਾ ਦੇਸ਼ ਵੀ ਮੋਦੀ ਦੇ ਨਾਂਅ ਹੀ ਕਰ ਜਾਣਾ ਹੋਵੇ। ਮੋਦੀ ਸਰਕਾਰ ਨੂੰ ਦੇਸ਼ ਦਾ ਰਤਾ ਵੀ ਫਿਕਰ ਨਹੀਂ ਜਾਪ ਰਿਹਾ, ਜੇਕਰ ਦੇਸ਼ ਦਾ ਰਤਾ ਵੀ ਫਿਕਰ ਹੁੰਦਾ ਤਾਂ ਟਰੰਪ ਦੀ ਫੇਰੀ ਤੋਂ ਪਹਿਲੋਂ ਲੋਕਾਂ ਦੇ ਕੱਚੇ ਘਰ ਬਣਵਾਉਂਦਾ, ਤਾਂ ਆਪਣੀ ਅਸਲੀਅਤ ਛੁਪਾਉਣ ਦੇ ਲਈ ਕੰਧ ਨਾ ਕਰਨੀ ਪੈਂਦੀ। ਦੂਜੀ ਗੱਲ ਯਮੁਨਾ ਨੂੰ ਪਹਿਲੋਂ ਚੰਗੀ ਤਰ੍ਹਾ ਸਾਫ਼ ਕਰਵਾਇਆ ਜਾਂਦਾ, ਨਾ ਕਿ ਗੰਗਾ ਦਾ ਪਾਣੀ ਉਹਦੇ ਵਿਚ ਪਾਇਆ ਜਾਂਦਾ। ਮੋਦੀ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਜਦੋਂ ਵੀ ਵਿਦੇਸ਼ੀ ਮਹਿਮਾਨ ਨੂੰ ਭਾਰਤ ਦੇ ਅੰਦਰ ਬੁਲਾਇਆ ਜਾਵੇ, ਉਸ ਤੋਂ ਪਹਿਲੋਂ ਹੀ ਦੇਸ਼ ਦਾ ਇਨ੍ਹਾਂ ਜ਼ਿਆਦਾ ਵਿਕਾਸ ਕਰ ਦਿੱਤਾ ਜਾਵੇ ਤਾਂ, ਜੋ ਬਾਹਰੋਂ ਆਏ ਲੋਕਾਂ ਨੂੰ ਵਾਕਿਆਂ ਹੀ ਇਹ ਲੱਗ ਸਕੇ ਕਿ ਭਾਰਤ ਬੁਲੰਦੀਆਂ ਨੂੰ ਛੋਹ ਰਿਹਾ ਹੈ। ਜੇਕਰ ਟਰੰਪ ਨੇ ਲੋਕਾਂ ਦੀਆਂ ਝੁੱਗੀਆਂ ਵੇਖ ਲਈਆਂ ਤਾਂ, ਫਿਰ ਕੀ ਬਣੇਗਾ?

0 Comments