ਬਾਬੇ ਨਾਨਕ ਨੇ ਜਦੋਂ ਇਸ ਧਰਤੀ 'ਤੇ ਅਵਤਾਰ ਧਾਰਿਆ ਤਾਂ ਸਭ ਤੋਂ ਪਹਿਲੋਂ ਉਨ੍ਹਾਂ ਨੇ ਇਹ ਹੀ ਸੰਦੇਸ਼ ਦਿੱਤਾ ਸੀ ਕਿ ਅਮੀਰੀ ਗਰੀਬੀ ਦਾ ਪਾੜਾ ਖ਼ਤਮ ਹੋਵੇ, ਉਚ ਨੀਚ ਦੀ ਭਾਵਨਾ ਖ਼ਤਮ ਹੋਵੇ, ਸਾਰੇ ਮਨੁੱਖ ਹੀ ਹਨ, ਇਸ ਲਈ ਸਭਨਾ ਦੇ ਨਾਲ ਇਕੋਂ ਜਿਹਾ ਬਹੇਵ ਕੀਤਾ ਜਾਵੇ। ਕਿਸੇ ਨਾਲ ਕੋਈ ਵੈਰ ਵਿਰੋਧ ਨਾ ਰੱਖਿਆ ਜਾਵੇ। ਖੌਰੇ ਬਾਬੇ ਨਾਨਕ ਦੁਆਰਾ ਦਿੱਤਾ ਗਿਆ ਸੰਦੇਸ਼ ਹੁਣ ਵੀ ਸਾਡੇ ਸਮਾਜ ਲਾਗੂ ਨਹੀਂ ਕਰ ਸਕਿਆ। ਬਾਬੇ ਨਾਨਕ ਦਾ ਨਾਮ ਭਾਵੇਂ ਹੀ ਸਾਰੇ ਲੈਂਦੇ ਹਨ, ਪਰ ਉਹਦੀਆਂ ਕਹੀਆਂ ਗੱਲਾਂ 'ਤੇ ਕੋਈ ਵਿਰਲਾ ਹੀ ਚੱਲਦਾ ਹੈ। ਬਾਬੇ ਨਾਨਕ ਦੀਆਂ ਗੱਲਾਂ ਤਾਂ ਸੱਚੀਆਂ ਹੀ ਸਨ, ਪਰ ਹੁਣ ਤੱਕ ਉਕਤ ਗੱਲਾਂ ਲਾਗੂ ਨਹੀਂ ਹੋ ਸਕੀਆਂ, ਕਿਉਂਕਿ ਸਾਡੇ ਸਮਾਜ ਵਿਚ ਹਾਲੇ ਵੀ ਊਚ ਨੀਚ, ਅਮੀਰੀ ਗਰੀਬੀ ਦਾ ਪਾੜਾ ਜਾਰੀ ਹੈ ਅਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਪਾੜਾ ਇਸੇ ਤਰ੍ਹਾ ਹੀ ਜਾਰੀ ਰਹੇਗਾ। ਸਾਥੀਓਂ, ਪਿਛਲੇ ਦਿਨੀਂ ਇਕ ਅਮੀਰੀ ਗਰੀਬੀ ਦੀ ਜੋ ਰਿਪੋਰਟ ਸਾਹਮਣੇ ਆਈ, ਉਸ ਨੇ ਸਾਨੂੰ ਸਭ ਨੂੰ ਹੈਰਾਨ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਦੱਸ ਦਈਏ ਕਿ ਭਾਰਤ ਦੇਸ਼ ਦੇ 1 ਪ੍ਰਤੀਸ਼ਤ ਅਮੀਰਾਂ ਦੀ ਦੌਲਤ 95.3 ਕਰੋੜ ਲੋਕਾਂ ਦੀ ਕੁੱਲ ਦੌਲਤ ਯਾਨੀ 70 ਪ੍ਰਤੀਸ਼ਤ ਆਬਾਦੀ ਨਾਲੋਂ ਚਾਰ ਗੁਣਾ ਵਧੇਰੇ ਹੈ। ਕਿਹਾ ਜਾ ਰਿਹਾ ਹੈ ਕਿ ਸਾਰੇ ਭਾਰਤੀ ਅਰਬਪਤੀਆਂ ਦੀ ਦੌਲਤ ਦੇਸ਼ ਦੇ ਇੱਕ ਸਾਲ ਦੇ ਬਜਟ ਤੋਂ ਵੀ ਵੱਧ ਹੈ। ਇਹ ਅੰਕੜੇ ਵਿਸ਼ਵ ਵਿਚ ਗਰੀਬੀ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਸੰਸਥਾ ਆਕਸਫੈਮ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੀ ਗਈ 'ਟਾਈਮ ਟੂ ਕੇਅਰ' ਰਿਪੋਰਟ ਵਿਚ ਸਾਹਮਣੇ ਆਏ ਹਨ। ਦੱਸ ਦਈਏ ਕਿ ਰਿਪੋਰਟ ਵਿਚ ਸਾਫ਼ ਤੌਰ 'ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਬਹੁਤ ਸਾਰੀਆਂ ਗਲੋਬਲ ਅਸਮਾਨਤਾਵਾਂ ਦੀ ਸਥਿਤੀ ਹੈਰਾਨ ਕਰਨ ਵਾਲੀ ਹੈ। ਪਿਛਲੇ 10 ਸਾਲਾਂ ਵਿਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਹਾਲਾਂਕਿ ਪਿਛਲੇ ਸਾਲ ਵਿਚ ਉਨ੍ਹਾਂ ਦੀ ਕੁੱਲ ਜਾਇਦਾਦ ਘਟ ਗਈ ਹੈ। ਸਾਥੀਓ, ਇਥੇ ਤੁਹਾਨੂੰ ਦੱਸ ਦਈਏ ਕਿ ਸਾਡੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਹਾਲਤ ਇੰਨੀਂ ਜ਼ਿਅਦਾ ਖ਼ਰਾਬ ਹੋ ਚੁੱਕੀ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਅੱਜ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ, ਜਦੋਂਕਿ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਹੈ। ਇਸ ਦਾ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਸਮਰਾਏਦਾਰੀ ਢਾਂਚਾ, ਜਿਸ ਦੇ ਕਾਰਨ ਸਾਡੇ ਦੇਸ਼ ਦੀ ਅਰਥ ਵਿਵਸਥਾ ਕਾਫ਼ੀ ਜ਼ਿਆਦਾ ਵਿਗੜੀ ਪਈ ਹੈ। ਦੱਸ ਦਈਏ ਕਿ ਅੱਜ ਦੇਸ਼ ਉਪਰ ਅਡਾਨੀ ਅਮਬਾਨੀ ਹਾਵੀ ਹੋ ਰਹੇ ਹਨ ਅਤੇ ਉਨ੍ਹਾਂ ਨੂੰ ਸਿਆਸਤਦਾਨ ਸ਼ਹਿ ਦੇ ਰਹੇ ਹਨ, ਜਿਸ ਦੇ ਕਾਰਨ ਸਾਡੇ ਦੇਸ਼ ਦਾ ਸਿਸਟਮ ਪੂਰੀ ਤਰ੍ਹਾਂ ਨਾਲ ਹਿੱਲਿਆ ਪਿਆ ਹੈ। ਸਰਕਾਰੀ ਨੌਕਰੀਆਂ ਖ਼ਤਮ ਹੋ ਰਹੀਆਂ ਹਨ। ਮੀਡੀਆ ਵਿਚ ਛਪੀਆਂ ਖ਼ਬਰਾਂ ਦੇ ਮੁਤਾਬਿਕ ਮੋਦੀ ਸਰਕਾਰ ਜਦੋਂ ਦੀ ਸੱਤਾ ਵਿਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ 4 ਕਰੋੜ ਲੋਕਾਂ ਕੋਲੋਂ ਸਰਕਾਰ ਨੇ ਨੌਕਰੀ ਖ਼ੋਹੀ ਹੈ। ਸਾਥੀਓਂ, ਮੁਨਾਫੇ 'ਤੇ ਟਿਕਿਆ ਸਰਮਾਏਦਾਰੀ ਢਾਂਚਾ ਹੈ, ਜਿਸ ਵਿਚ ਇਕ ਪਾਸੇ ਤਾਂ 40 ਪ੍ਰਤੀਸ਼ਤ ਅਨਾਜ਼ ਚਲਿਆ ਜਾਂਦਾ ਹੈ। ਆਸਟਰੇਲੀਆ ਦੀ ਕੁਲ ਉਪਜ ਦੇ ਬਰਾਬਰ ਤਾਂ ਭਾਰਤ ਦੇ ਅੰਦਰ ਅਨਾਜ਼ ਸੜ੍ਹ ਬਲ ਜਾਂਦਾ ਹੈ। ਦੂਜੇ ਪਾਸੇ ਭਾਰਤ 20 ਭੁੱਖੇ ਦੇਸ਼ਾਂ ਵਿਚ ਸ਼ਾਮਲ ਹੋ ਚੁੱਕਿਆ ਹੈ। 37.05 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਵਿਚੋਂ 10 ਲੱਖ ਬੱਚੇ 5 ਸਾਲ ਤੋਂ ਪਹਿਲਾਂ ਹੀ ਮਰ ਜਾਂਦੇ ਹਨ। 19 ਕਰੋੜ ਲੋਕ ਰੋਜ਼ਾਨਾਂ ਹੀ ਭੁੱਖੇ ਸੌਂਦੇ ਹਨ। ਦੇਖੋਂ, ਸਾਡਾ ਦੇਸ਼ ਕਿਹੜੇ ਪਾਸੇ ਨੂੰ ਤੁਰ ਪਿਆ ਹੈ। ਸਾਥੀਓਂ, ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਆਪਣੀ ਆਜ਼ਾਦੀ ਦੀ ਜੰਗ ਸਮੇਂ ਜੋ ਸੰਦੇਸ਼ ਦਿੱਤੇ ਸਨ, ਉਸ ਦੇ ਵਿਚ ਖ਼ਾਸ ਸੰਦੇਸ਼ ਇਹ ਸੀ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਬੰਦ ਕਰਵਾਇਆ ਜਾਵੇ, ਸਭਨਾ ਨੂੰ ਰੁਜ਼ਗਾਰ ਦਿੱਤਾ ਜਾਵੇ, ਅਮੀਰੀ ਗਰੀਬੀ ਦਾ ਪਾੜਾ ਖ਼ਤਮ ਕੀਤਾ ਜਾਵੇ, ਮਿਹਨਤਕਸ਼ ਲੋਕਾਂ 'ਤੇ ਅੱਤਿਆਚਾਰ ਬੰਦ ਕੀਤਾ ਜਾਵੇ। ਪਰ ਹੁਣ ਹੋ ਕੀ ਰਿਹਾ ਹੈ। ਅੱਜ ਕੱਲ੍ਹ ਤਾਂ ਭਗਤ ਸਿੰਘ ਨੂੰ ਕਈ ਭਾਜਪਾ ਵਾਲੇ ਦੇਸ਼ ਭਗਤ ਹੀ ਮੰਨਣ ਨੂੰ ਤਿਆਰ ਨਹੀਂ ਹਨ, ਜਦੋਂਕਿ ਸਾਰਵਕਰ ਵਰਗਿਆਂ ਨੂੰ ਭਾਜਪਾ ਵਾਲੇ ਮੂਹਰੇ ਕਰ ਰਹੇ ਹਨ। ਸਾਥੀਓਂ, ਅੱਜ ਇਹ ਕਹਿੰਦਿਆਂ ਹੋਇਆ ਵੀ ਸ਼ਰਮ ਆਉਦੀ ਹੈ ਕਿ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਹੈ। ਕਿਉਂਕਿ ਮਿਹਨਤ ਮਜ਼ਦੂਰੀ ਕਰਨ ਵਾਲਾ ਕਿਸਾਨ, ਕਿਰਤੀ, ਮਜ਼ਦੂਰ, ਮੁਲਾਜਮ ਆਪਣੇ ਹੱਢ ਭੰਨ ਕੇ ਕਮਾਈ ਕਰਦਾ ਹੈ, ਪਰ ਉਸ ਨੂੰ ਬਚਦਾ ਕੁਝ ਵੀ ਨਹੀਂ, ਜਦੋਂਕਿ ਅਮੀਰ 10 ਮਿੰਟ ਵਿਚ ਇਕ ਘਰੇਲੂ ਮਜ਼ਦੂਰ ਦੀ ਸਾਲ ਭਰ ਦੀ ਆਦਮਨ ਤੋਂ ਵੀ ਵੱਧ ਕਮਾ ਰਿਹਾ ਹੈ। ਸਾਥੀਓਂ, ਜੇਕਰ ਆਪਾ ਆਕਸਫੈਮ ਇੰਡੀਆ ਦੇ ਸੀਈਓ ਅਮਿਤਾਭ ਬਿਹਾਰ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਅਸਮਾਨਤਾ ਨੂੰ ਖ਼ਤਮ ਕਰਨ ਦੀਆਂ ਨੀਤੀਆਂ ਤੋਂ ਬਗੈਰ ਅਮੀਰ ਤੇ ਗਰੀਬ ਵਿਚਾਲੇ ਦੂਰੀਆਂ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਡਬਲਯੂਈਐਫ ਦੀ ਗਲੋਬਲ ਜੋਖਮ ਰਿਪੋਰਟ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਸਾਲ 2019 ਵਿਚ ਜਾਰੀ ਵਿੱਤੀ ਅਸਮਾਨਤਾ ਤੇ ਵਿਸ਼ਾਲ-ਆਰਥਿਕ ਜੋਖਮਾਂ ਦੇ ਕਾਰਨ ਗਲੋਬਲ ਆਰਥਿਕਤਾ 'ਤੇ ਦਬਾਅ ਵਧੇਗਾ। ਸਾਥੀਓਂ, ਜੇਕਰ ਮੈਂ ਪੁਰਾਣੇ ਵੇਲੇ ਦੀ ਇਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਤਾਂ, ਪੁਰਾਣੇ ਜਮਾਨੇ ਵਿਚ ਅਮੀਰ ਗਰੀਬ ਦਾ ਪਾੜਾ ਬਹੁਤ ਜ਼ਿਆਦਾ ਹੁੰਦਾ ਸੀ। ਦਲਿਤਾਂ ਤੋਂ ਇਲਾਵਾ ਗਰੀਬਾਂ ਨੂੰ ਕਦੇ ਵੀ ਅਮੀਰ ਘਰਾਣਿਆਂ ਦੇ ਵਲੋਂ ਵੇਹੜੇ ਨਹੀਂ ਸੀ ਵੜਣ ਦਿੱਤਾ ਜਾਂਦਾ ਅਤ ਜੇਕਰ ਕੋਈ ਦਲਿਤ ਜਾਂ ਫਿਰ ਗਰੀਬ ਕਿਸੇ ਅਮੀਰ ਦੇ ਘਰ ਕਦਮ ਰੱਖ ਵੀ ਲੈਂਦਾ ਸੀ ਤਾਂ, ਉਸ ਨੂੰ ਕਾਫ਼ੀ ਜ਼ਿਆਦਾ ਮਾਰ ਪੈਂਦੀ ਸੀ। ਇਥੋਂ ਤੱਕ ਕਿ ਕਈ ਗਰੀਬਾਂ ਅਤੇ ਦਲਿਤਾਂ ਨੂੰ ਅਮੀਰਾਂ ਦੇ ਵਲੋਂ ਆਪਣਾ ਸਾਰੀ ਉਮਰ ਗੁਲਾਮ ਵੀ ਬਣਾ ਕੇ ਰੱਖਿਆ ਜਾਂਦਾ ਸੀ। ਇਹ ਗੱਲ ਕੋਈ ਬਹੁਤੀ ਪੁਰਾਣੀ ਨਹੀਂ, 1947 ਤੋਂ ਪਹਿਲੋਂ ਇਹ ਸਭ ਕੁਝ ਸਾਡੇ ਦੇਸ਼ ਦੇ ਵਿਚ ਚੱਲਦਾ ਸੀ, ਜੋ ਹੁਣ ਵੀ ਜਾਰੀ ਹੈ। ਲਹਿੰਦੇ ਪੰਜਾਬ ਤੋਂ ਹੁਣ ਵੀ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਸ ਦੇ ਵਿਚ ਦਲਿਤਾਂ ਅਤੇ ਗਰੀਬਾਂਨੂੰ ਅਮੀਰਾਂ ਦੇ ਵਲੋਂ ਕੁੱਟਿਆ ਮਾਰਿਆ ਜਾਂਦਾ ਹੈ ਅਤੇ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਸਾਡੇ ਪੰਜਾਬ ਭਾਰਤ ਦੇ ਵਿਚ ਵੀ ਇਹ ਹੀ ਹਾਲ ਹੈ। ਜੇਕਰ ਕੋਈ ਦਲਿਤ ਜਾਂ ਫਿਰ ਗਰੀਬ ਆਪਣੀ ਅਵਾਜ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਆਪਣੇ ਹੱਕਾਂ ਲਈ ਲੜਦਾ ਹੈ ਤਾਂ ਅਮੀਰ ਲੋਕਾਂ, ਸਰਮਾਏਦਾਰਾਂ ਅਤੇ ਸਿਆਸਤਦਾਨਾਂ ਦੀ ਜੁੰਡਲੀ ਵਲੋਂ ਉਨ੍ਹਾਂ ਨੂੰ ਉਜਾੜ ਦਿੱਤਾ ਜਾਂਦਾ ਹੈ। ਪੰਜਾਬ ਦੇ ਅੰਦਰ ਪਿਛਲੇ ਸਾਲ ਹੀ ਕਈ ਦਲਿਤਾਂ ਦੇ ਕਤਲ ਵੀ ਹੋਏ ਹਨ ਅਤੇ ਇਹ ਕਤਲ ਕਰਵਾਉਣ ਪਿਛਲੇ ਕਿਸੇ ਹੋਰ ਦਾ ਨਹੀਂ, ਬਲਕਿ ਅਮੀਰ ਘਰਾਣਿਆਂ ਦਾ ਹੀ ਹੱਥ ਸੀ, ਜਿਨ੍ਹਾਂ ਦੀ ਲੀਡਰਾਂ ਦੇ ਨਾਲ ਕਾਫ਼ੀ ਜ਼ਿਆਦਾ ਬਣਦੀ ਸੀ। ਬੇਸ਼ੱਕ ਪੰਜਾਬ ਦੇ ਅੰਦਰ ਊਚ ਨੀਚ ਦਾ ਪਾੜਾ ਹੌਲੀ ਹੌਲੀ ਖ਼ਤਮ ਹੁੰਦਾ ਜਾ ਰਿਹਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਭਾਰਤ ਦੇ ਵਿਚ ਇਹ ਪਾੜਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਜੇਕਰ ਕੋਈ ਵੀ ਗਰੀਬ ਕਿਸੇ ਅਮੀਰ ਦੇ ਵਿਰੁੱਧ ਅਵਾਜ ਬੁਲੰਦ ਕਰਦਾ ਹੈ ਜਾਂ ਫਿਰ ਆਪਣੇ ਹੱਕ ਉਹਦੇ ਕੋਲੋਂ ਮੰਗਦਾ ਹੈ ਤਾਂ, ਉਸ ਨੂੰ ਜੇਲ੍ਹ ਦੀ ਹਵਾ ਵੀ ਖ਼ਾਣੀ ਪੈਂਦੀ ਹੈ। ਮੁੱਕਦੀ ਗੱਲ ਤਾਂ ਇਹ ਹੈ ਕਿ ਆਜ਼ਾਦ ਦੇਸ਼ ਦੇ ਅੰਦਰ ਹੀ ਗਰੀਬ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਆਜਾਦ ਦੇਸ਼ ਦੇ ਅੰਦਰ ਜਦੋਂ ਤੱਕ ਲੋਕਾਂ ਨੂੰ ਆਜ਼ਾਦੀ ਨਹੀਂ ਮਿਲਦੀ, ਉਦੋਂ ਤੱਕ ਭਾਰਤ ਦੇ ਇਨਕਲਾਬੀ ਸੜਕਾਂ 'ਤੇ ਹੀ ਰਹਿਣਗੇ। ਸਾਥੀਓਂ, ਜਿਸ ਹਿਸਾਬ ਦੇ ਨਾਲ ਅੱਜ ਅਮੀਰ ਹੋਰ ਅਮੀਰ ਹੋਈ ਜਾ ਰਿਹਾ ਹੈ, ਜਦੋਂਕਿ ਗਰੀਬ ਹੋਰ ਗਰੀਬ ਹੋਈ ਜਾ ਰਿਹਾ ਹੈ। ਇਸ ਲਈ ਸਾਨੂੰ ਸਭ ਨੂੰ ਜਾਗ ਪੈਣਾ ਚਾਹੀਦਾ ਹੈ ਅਤੇ ਉਕਤ ਅਮੀਰਾਂ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਉਕਤ ਅਮੀਰ ਘਰਾਣਿਆਂ ਦੇ ਕੋਲ ਅਜਿਹੀ ਕਿਹੜੀ ਐਸੀ ਗਿੱਦੜ ਸਿੰਙੀ ਹੈ, ਜਿਸ ਦੇ ਨਾਲ ਉਹ ਗਰੀਬਾਂ ਦਾ ਲਹੂ ਚੂਸ ਰਹੇ ਹਨ। ਅੱਜ ਲੋੜ ਹੈ ਸਰਮਾਏਦਾਰੀ ਢਾਂਚੇ ਅਤੇ ਸਰਕਾਰਾਂ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਦੀ, ਤਾਂ ਹੀ ਸਾਡੇ ਦੇਸ਼ ਦੇ ਅੰਦਰ ਅਮੀਰ-ਗਰੀਬ ਵਾਲਾ ਪਾੜਾ ਖ਼ਤਮ ਹੋਵੇਗਾ।

0 Comments